ਨੀਚਤਾ ਦੀ ਹੱਦ: ਪਤੀ ਹੀ ਕਰਵਾਉਂਦਾ ਰਿਹਾ ਆਪਣੀ ਪਤਨੀ ਦਾ ਜਬਰ-ਜ਼ਨਾਹ

Thursday, Sep 05, 2024 - 04:20 AM (IST)

ਨੀਚਤਾ ਦੀ ਹੱਦ: ਪਤੀ ਹੀ ਕਰਵਾਉਂਦਾ ਰਿਹਾ ਆਪਣੀ ਪਤਨੀ ਦਾ ਜਬਰ-ਜ਼ਨਾਹ

ਇਕ ਪਾਸੇ ਜਿਥੇ ਇਨ੍ਹੀਂ ਦਿਨੀਂ ਭਾਰਤ ’ਚ ਔਰਤਾਂ ਦੇ ਸੈਕਸ ਸ਼ੋਸ਼ਣ ਅਤੇ ਉਨ੍ਹਾਂ ਦੇ ਵਿਰੁੱਧ ਹੋਰ ਅਪਰਾਧਾਂ ਦੀ ਹਨੇਰੀ ਜਿਹੀ ਆਈ ਹੋਈ ਹੈ, ਉਥੇ ਫਰਾਂਸ ਦੇ ਪੈਰਿਸ ’ਚ ਵੀ ਇਕ ਔਰਤ ਦੇ ਸ਼ੋਸ਼ਣ ਦਾ ਘਿਨੌਣਾ ਮਾਮਲਾ ਸਾਹਮਣੇ ਆਇਆ ਹੈ।
ਉਥੇ ‘ਡੋਮਿਨਿਕ ਪੇਲੀਕਾਟ’ (71) ਨਾਂ ਦੇ ਇਕ ਵਿਅਕਤੀ ਵਲੋਂ ਆਪਣੀ ਪਤਨੀ (72) ਨੂੰ ਹਰ ਰਾਤ ਨਸ਼ੇ ਦੀਆਂ ਦਵਾਈਆਂ ਦੇ ਕੇ ਖੁਦ ਉਸ ਨਾਲ ਜਬਰ-ਜ਼ਨਾਹ ਕਰਨ ਤੋਂ ਇਲਾਵਾ ਕਈ ਅਣਜਾਣ ਮਰਦਾਂ ਤੋਂ 10 ਸਾਲਾਂ ਤੱਕ ਉਸ ਦਾ ਜਬਰ-ਜ਼ਨਾਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਦਾ ਵਿਆਹ 50 ਸਾਲ ਪਹਿਲਾਂ ਹੋਇਆ ਸੀ ਅਤੇ ਉਹ 3 ਬੱਚਿਆਂ ਦੀ ਮਾਂ ਹੈ। ਹੁਣ ਇਨ੍ਹਾਂ ’ਚ ਤਲਾਕ ਹੋ ਚੁੱਕਾ ਹੈ।
ਇਸ ਸੰਬੰਧ ’ਚ ਪੁਲਸ ਨੇ ਜਬਰ-ਜ਼ਨਾਹ ਦੇ 91 ਮਾਮਲਿਆਂ ’ਚ ਸ਼ਾਮਲ 72 ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ’ਚੋਂ 51 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। 26 ਤੋਂ 73 ਸਾਲ ਦੀ ਉਮਰ ਦਰਮਿਆਨ ਇਨ੍ਹਾਂ ਦੋਸ਼ੀਆਂ ’ਚ ਫਾਇਰਮੈਨ, ਲਾਰੀ ਡਰਾਈਵਰ, ਕੌਂਸਲਰ, ਬੈਂਕ ਕਰਮਚਾਰੀ, ਜੇਲ ਗਾਰਡ, ਨਰਸ (ਮਰਦ) ਅਤੇ ਪੱਤਰਕਾਰ ਤਕ ਸ਼ਾਮਲ ਹਨ। ਇਨ੍ਹਾਂ ’ਚੋਂ ਕਈਆਂ ਨੇ ਇਕ ਵਾਰ ਤਾਂ ਕੁਝ ਨੇ 6-6 ਵਾਰ ਇਹ ਅਪਰਾਧ ਕੀਤਾ।
ਪੁਲਸ ਦੇ ਨੋਟਿਸ ’ਚ ਇਹ ਮਾਮਲਾ ਆਉਣ ਤੋਂ ਬਾਅਦ ਹੁਣ ਇਸ ਦੀ ਅਦਾਲਤ ’ਚ ਜਨਤਕ ਸੁਣਵਾਈ ਸ਼ੁਰੂ ਹੋ ਗਈ ਹੈ ਜੋ 20 ਦਸੰਬਰ ਤਕ ਚੱਲੇਗੀ।
ਪੁਲਸ ਦੇ ਅਨੁਸਾਰ ਦੋਸ਼ੀ ‘ਡੋਮਿਨਿਕ ਪੇਲੀਕਾਟ’ ਇਕ ਵੈੱਬਸਾਈਟ ਦੇ ਜ਼ਰੀਏ ਵੱਖ-ਵੱਖ ਮਰਦਾਂ ਨਾਲ ਸੰਪਰਕ ਕਰਕੇ ਆਪਣੀ ਪਤਨੀ ਨਾਲ ਸੰਬੰਧ ਬਣਾਉਣ ਲਈ ਉਨ੍ਹਾਂ ਨੂੰ ਸੱਦਾ ਦਿੰਦਾ ਸੀ। ਪਤਨੀ ਨੂੰ ਗੂੜ੍ਹੀ ਨੀਂਦ ’ਚ ਸੁਆਉਣ ਲਈ ਉਹ ਉਸ ਦੇ ਖਾਣ-ਪੀਣ ਦੀਆਂ ਚੀਜ਼ਾਂ ’ਚ ਨੀਂਦ ਦੀਆਂ ਗੋਲੀਆਂ ਮਿਲਾ ਦਿੰਦਾ ਅਤੇ ਫਿਰ ਲੋਕਾਂ ਤੋਂ ਆਪਣੀ ਪਤਨੀ ਦਾ ਜਬਰ-ਜ਼ਨਾਹ ਕਰਵਾਉਂਦਾ ਅਤੇ ਇਸ ਗੰਦੀ ਘਟਨਾ ਦੀ ਵੀਡੀਓ ਵੀ ਬਣਾਉਂਦਾ ਸੀ।
ਪੁਲਸ ਨੇ ਉਸ ਦੇ  ਕੰਪਿਊਟਰ ਦੀ ਜਾਂਚ ਕੀਤੀ ਤਾਂ ਉਸ ’ਚ ਉਸ ਦੀ  ਪਤਨੀ ਦੇ ਸੈਂਕੜੇ ਵੀਡੀਓ ਮਿਲੇ ਜਿਨ੍ਹਾਂ ’ਚ ਉਹ ਬੇਹੋਸ਼ ਨਜ਼ਰ ਆ ਰਹੀ ਸੀ ਅਤੇ ਵੀਡੀਓ ’ਚ ਵੱਖ-ਵੱਖ ਮਰਦ ਉਸ ਦਾ ਜਬਰ-ਜ਼ਨਾਹ  ਕਰਦੇ ਦਿਖਾਈ ਦੇ ਰਹੇ ਸਨ।
ਦੋਸ਼ੀ ਵਲੋਂ ਆਪਣੀ ਹੀ ਪਤਨੀ ਦਾ ਦੂਸਰਿਆਂ ਤੋਂ ਜਬਰ-ਜ਼ਨਾਹ ਕਰਵਾਉਣ ਦਾ ਸਿਲਸਿਲਾ 2011 ਤੋਂ 2020 ਤਕ ਚੱਲਦਾ ਰਿਹਾ। ਪੁਲਸ ਨੇ ਦੋਸ਼ੀ ਨੂੰ ਸਤੰਬਰ 2020 ’ਚ ਉਸ ਸਮੇਂ ਫੜਿਆ ਸੀ ਜਦੋਂ ਉਹ ਇਕ ਸ਼ਾਪਿੰਗ ਸੈਂਟਰ ’ਚ ਔਰਤਾਂ ਦਾ ਗੁਪਤ ਰੂਪ ਨਾਲ ਵੀਡੀਓ ਬਣਾ ਰਿਹਾ ਸੀ।
ਹਰ ਧਰਮ ’ਚ ਨਾਰੀ ਨੂੰ ਪੁਰਸ਼ ਦੀ ਅਰਧਾਂਗਿਨੀ (ਬੈਟਰ ਹਾਫ) ਦਾ ਦਰਜਾ ਦੇ ਕੇ ਉਸ ਦੇ ਨਾਲ ਸਨਮਾਨਜਨਕ ਅਤੇ ਬਰਾਬਰੀ ਦਾ ਵਿਵਹਾਰ ਕਰਨ ਦੀ ਗੱਲ ਕਹੀ ਗਈ ਹੈ ਪਰ ਇਸ ਦੇ ਉਲਟ ਮਰਦਾਂ ਵਲੋਂ ਔਰਤਾਂ ਨਾਲ ਇਸ ਤਰ੍ਹਾਂ ਦਾ ਘਿਨੌਣਾ ਆਚਰਣ ਕਿਸੇ ਵੀ ਨਜ਼ਰੀਏ ਤੋਂ ਸਵੀਕਾਰ ਨਹੀਂ ਹੈ ਅਤੇ ਇਸ ਦੇ ਲਈ ਭਾਵੇਂ ਕਿਸੇ ਦੇਸ਼ ’ਚ ਹੋਵੇ, ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।     

–ਵਿਜੇ ਕੁਮਾਰ
 


author

Inder Prajapati

Content Editor

Related News