‘ਦੇਸ਼ ਦੇ ਕਈ ਹਿੱਸਿਆਂ ’ਚ ਸਰਗਰਮ’ ਲੁਟੇਰਨ ਲਾੜੀਆਂ ਦੇ ਗਿਰੋਹ!
Wednesday, Oct 15, 2025 - 05:49 AM (IST)

ਕੁਝ ਸੂਬਿਆਂ ’ਚ ਲਿੰਗ ਅਨੁਪਾਤ ਵਿਗੜ ਜਾਣ ਕਾਰਨ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਘਟ ਗਈ ਹੈ। ਇਸ ਕਾਰਨ ਮੁੰਡਿਆਂ ਦੇ ਵਿਆਹਾਂ ’ਚ ਮੁਸ਼ਕਲ ਆ ਰਹੀ ਹੈ। ਇਸੇ ਦਾ ਬੇਲੋੜਾ ਲਾਭ ਉਠਾਉਂਦੇ ਹੋਏ ਦੇਸ਼ ’ਚ ਲੋੜਵੰਦਾਂ ਨੂੰ ਫਸਾ ਕੇ ਆਪਣੇ ਗਿਰੋਹ ਦੀਆਂ ਔਰਤਾਂ ਨਾਲ ‘ਨਕਲੀ ਵਿਆਹ’ ਕਰਵਾਉਣ ਵਾਲੇ ਠੱਗਾਂ ਦੇ ਗਿਰੋਹ ਕਾਇਮ ਹੋ ਗਏ ਹਨ।
ਇਨ੍ਹਾਂ ਗਿਰੋਹਾਂ ਨਾਲ ਕੰਮ ਕਰਨ ਵਾਲੀਆਂ ‘ਲੁਟੇਰਨ ਲਾੜੀਆਂ’ ‘ਵਿਆਹ’ ਤੋਂ ਕੁਝ ਹੀ ਦਿਨਾਂ ਅੰਦਰ ਆਪਣੇ ‘ਸਹੁਰੇ ਪਰਿਵਾਰ ਵਾਲਿਆਂ’ ਦੀ ਜਮ੍ਹਾਪੂੰਜੀ ’ਤੇ ਹੱਥ ਸਾਫ ਕਰ ਕੇ ਫਰਾਰ ਹੋ ਜਾਂਦੀਆਂ ਹਨ। ਇਸ ਦੀਅਾਂ ਇਸੇ ਸਾਲ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 21 ਮਈ ਨੂੰ ‘ਸਵਾਈ ਮਾਧੋਪੁਰ’ (ਰਾਜਸਥਾਨ) ਜ਼ਿਲੇ ਦੀ ‘ਮਾਨ ਟਾਊਨ’ ਥਾਣਾ ਪੁਲਸ ਨੇ ‘ਅਨੁਰਾਧਾ’ ਨਾਮੀ ਇਕ 23 ਸਾਲਾ ‘ਲੁਟੇਰਨ ਲਾੜੀ’ ਨੂੰ ਘੱਟੋ-ਘੱਟ 25 ਲੋਕਾਂ ਨੂੰ ਵਿਆਹ ਦੇ ਨਾਂ ’ਤੇ ਠੱਗਣ ਦੇ ਦੋਸ਼ ਹੇਠ ‘ਭੋਪਾਲ’ (ਮੱਧ ਪ੍ਰਦੇਸ਼) ਤੋਂ ਗ੍ਰਿਫਤਾਰ ਕੀਤਾ। ਉਹ ਲੋੜਵੰਦ ਲੋਕਾਂ ਨਾਲ ਵਿਆਹ ਦਾ ਨਾਟਕ ਕਰਦੀ ਅਤੇ ਕੁਝ ਹੀ ਦਿਨਾਂ ’ਚ ਉਨ੍ਹਾਂ ਦੇ ਗਹਿਣਿਆਂ ਅਤੇ ਨਕਦੀ ਆਦਿ ’ਤੇ ਹੱਥ ਸਾਫ ਕਰ ਕੇ ਫਰਾਰ ਹੋ ਜਾਂਦੀ ਸੀ।
* 14 ਜੁਲਾਈ ਨੂੰ ‘ਫਿਰੋਜ਼ਾਬਾਦ’ (ਉੱਤਰ ਪ੍ਰਦੇਸ਼) ਪੁਲਸ ਨੇ ਵਿਆਹ ਦੇ ਨਾਂ ’ਤੇ ਲੁੱਟ-ਮਾਰ ਕਰਨ ਵਾਲੇ ਅੰਤਰਰਾਜੀ ਗੈਂਗ ਨੂੰ ਬੇਨਕਾਬ ਕਰ ਕੇ 2 ਲੁਟੇਰਨ ਲਾੜੀਆਂ ਸਮੇਤ 5 ਸ਼ਾਤਿਰਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ। ਇਹ ਗੈਂਗ ਵੱਖ-ਵੱਖ ਸੂਬਿਆਂ ’ਚ ਹੁਣ ਤੱਕ ਇਨ੍ਹਾਂ ਦੋਹਾਂ ਲੁਟੇਰਨ ਲਾੜੀਆਂ ਦਾ 8 ਲਾੜਿਆਂ ਨਾਲ ‘ਨਕਲੀ ਵਿਆਹ’ ਕਰਵਾ ਕੇ ਉਨ੍ਹਾਂ ਨੂੰ ਲੁੱਟ ਚੁੱਕਾ ਹੈ।
ਇਸ ਗੈਂਗ ਦੇ ਮੈਂਬਰ ‘ਅਜੇ ਪ੍ਰਕਾਸ਼’ ਅਤੇ ‘ਅਮਰ’ ਖੁਦ ਨੂੰ ਲਾੜੀਆਂ ਦੇ ਰਿਸ਼ਤੇਦਾਰ ਦੱਸ ਕੇ ਆਪਣੇ ਗਿਰੋਹ ਦੀਆਂ ਕੁੜੀਆਂ ਨਾਲ ‘ਨਕਲੀ ਵਿਆਹ’ ਕਰਵਾ ਕੇ ਮੁੰਡੇ ਵਾਲਿਆਂ ਕੋਲੋਂ ਮੋਟੀ ਰਕਮ ਵਸੂਲਦੇ ਸਨ ਅਤੇ ਇਹ ਕੁੜੀਆਂ ‘ਵਿਆਹ’ ਤੋਂ ਕੁਝ ਦਿਨ ਬਾਅਦ ਹੀ ਆਪਣੇ ਸਹੁਰੇ ਪਰਿਵਾਰ ਦੇ ਪੈਸਿਆਂ ’ਤੇ ਹੱਥ ਸਾਫ ਕਰ ਕੇ ਫਰਾਰ ਹੋ ਜਾਂਦੀਆਂ ਸਨ।
ਇਸ ਗੈਂਗ ਨੇ ‘ਚਿਤੌੜਗੜ੍ਹ’ (ਰਾਜਸਥਾਨ) ਵਿਖੇ 3, ਹਰਿਆਣਾ ’ਚ 2 ਅਤੇ ਉੱਤਰ ਪ੍ਰਦੇਸ਼ ’ਚ 3 ਅਜਿਹੇ ਹੀ ਵਿਆਹ ਕਰਵਾਏ ਸਨ। ਇਹ ਗੈਂਗ ਇਕ ਸੂਬੇ ’ਚ 1-2 ਵਿਆਹਾਂ ਨੂੰ ਅੰਜਾਮ ਦੇਣ ਪਿੱਛੋਂ ਦੂਜੇ ਸੂਬੇ ’ਚ ਚਲਾ ਜਾਂਦਾ ਸੀ।
* 1 ਅਗਸਤ ਨੂੰ ‘ਨਾਗਪੁਰ’ (ਮਹਾਰਾਸ਼ਟਰ) ’ਚ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਰਹਿਣ ਵਾਲੇ ਘੱਟੋ-ਘੱਟ 8 ਵਿਆਹੇ ਮਰਦਾਂ ਨਾਲ ਵਿਆਹ ਕਰ ਕੇ ਉਨ੍ਹਾਂ ਨੂੰ ਠੱਗਣ ਦੇ ਦੋਸ਼ ’ਚ ਡੇਢ ਸਾਲ ਤੋਂ ਫਰਾਰ ਚੱਲ ਰਹੀ ‘ਲੁਟੇਰਨ ਲਾੜੀ’ ‘ਸਮੀਰਾ ਫਾਤਿਮਾ’ ਨੂੰ ਗ੍ਰਿਫਤਾਰ ਕੀਤਾ। ਉੱਚ ਸਿੱਖਿਆ ਪ੍ਰਾਪਤ ਅਤੇ ਸਕੂਲ ’ਚ ਅਧਿਆਪਿਕਾ ਰਹਿ ਚੁੱਕੀ ‘ਸਮੀਰਾ’ ਸੋਸ਼ਲ ਮੀਡੀਆ ਰਾਹੀਂ ਵਿਆਹੇ ਮਰਦਾਂ ਨੂੰ ਆਪਣੇ ਪ੍ਰੇਮ ਜਾਲ ’ਚ ਫਸਾਉਂਦੀ ਸੀ।
ਉਹ ਖੁਦ ਨੂੰ ਤਲਾਕਸ਼ੁਦਾ ਦੱਸ ਕੇ ਹਮਦਰਦੀ ਹਾਸਲ ਕਰਦੀ ਅਤੇ ਕਹਿੰਦੀ, ‘‘ਮੈਨੂੰ ਸਹਾਰਾ ਦਿਓ, ਮੈਂ ਦੂਜੀ ਪਤਨੀ ਬਣ ਕੇ ਰਹਾਂਗੀ।’’ ਇਸ ਬਹਾਨੇ ਉਹ ਮਰਦ ਨਾਲ ਵਿਆਹ ਕਰਦੀ ਅਤੇ ਫਿਰ ਜਲਦੀ ਹੀ ਝਗੜਾ ਕਰ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੀ ਸੀ।
* 26 ਸਤੰਬਰ ਨੂੰ ‘ਨਾਗੌਰ’ (ਰਾਜਸਥਾਨ) ’ਚ ਪੁਲਸ ਨੇ ਵਿਆਹ ਦੇ ਨਾਂ ’ਤੇ ਲੋਕਾਂ ਕੋਲੋਂ ਲੱਖਾਂ ਰੁਪਏ ਠੱਗਣ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰ ਕੇ ਇਕ ‘ਲੁਟੇਰਨ ਲਾੜੀ’ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ‘ਨਾਗੌਰ’ ਦੇ ‘ਸ਼ਾਂਤੀ ਲਾਲ ਦਰਜੀ’ ਨਾਮੀ ਵਿਅਕਤੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਕੁਝ ਲੋਕਾਂ ਨੇ ਉਸ ਦੇ ਬੇਟੇ ਦਾ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 2.50 ਲੱਖ ਰੁਪਏ ਠੱਗ ਲਏ।
* ਅਤੇ ਹੁਣ 9-10 ਅਕਤੂਬਰ ਦੀ ਰਾਤ ਨੂੰ ‘ਅਲੀਗੜ੍ਹ’ (ਉੱਤਰ ਪ੍ਰਦੇਸ਼) ’ਚ ਬਿਹਾਰ ਤੋਂ ਲਿਆਂਦੀਆਂ ਗਈਆਂ 12 ‘ਲੁਟੇਰਨ ਲਾੜੀਆਂ’ ਜਿਨ੍ਹਾਂ ਦੇ 12 ਵੱਖ-ਵੱਖ ਨੌਜਵਾਨਾਂ ਨਾਲ ਵਿਆਹ ਕਰਵਾਏ ਗਏ ਸਨ, ਕਰਵਾਚੌਥ ਦਾ ਵਰਤ ਅਤੇ ਪੂਜਾ ਕਰਨ ਦਾ ਨਾਟਕ ਕਰਨ ਤੋਂ ਬਾਅਦ ਆਪਣੇ ‘ਸਹੁਰੇ ਪਰਿਵਾਰ ਵਾਲਿਆਂ’ ਦੇ ਘਰਾਂ ’ਚੋਂ ਕੁੱਲ 30 ਲੱਖ ਰੁਪਏ ਤੋਂ ਵੱਧ ਦੇ ਗਹਿਣੇ ਅਤੇ ਨਕਦੀ ਲੈ ਕੇ ਗਾਇਬ ਹੋ ਗਈਆਂ।
ਇਸ ਸੰਬੰਧੀ ਹੁਣ ਤੱਕ 4 ਪਰਿਵਾਰਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ, ਜਿਨ੍ਹਾਂ ’ਚ ਦੱਸਿਆ ਗਿਆ ਹੈ ਕਿ ‘ਲਾੜੀਆਂ’ ਰਾਤ ਨੂੰ ਖਾਣਾ ਬਣਾਉਣ ਪਿੱਛੋਂ ਫਰਾਰ ਹੋ ਗਈਆਂ। ਪੁਲਸ ਦਲਾਲ ‘ਮੁਕੇਸ਼’ ਅਤੇ ਉਸ ਦੀ ਪਤਨੀ ਕੋਲੋਂ ਪੁੱਛਗਿੱਛ ਅਤੇ ਦੌੜੀਆਂ ਲਾੜੀਆਂ ਦੇ ਟਿਕਾਣਿਆਂ ਦੀ ਜਾਣਕਾਰੀ ਇਕੱਠੀ ਕਰਨ ਤੋਂ ਇਲਾਵਾ 8 ਹੋਰਨਾਂ ਪਰਿਵਾਰਾਂ ਨਾਲ ਸੰਪਰਕ ਕਰਨ ਦਾ ਯਤਨ ਕਰ ਰਹੀ ਹੈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਲੋੜਵੰਦ ਲੋਕਾਂ ਨੂੰ ਵਿਆਹ ਕਰਵਾਉਣ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਲੁੱਟਣ ਵਾਲੀਆਂ ‘ਲੁਟੇਰਨ ਲਾੜੀਆਂ’ ਦੇ ਗਿਰੋਹ ਸਰਗਰਮ ਹਨ। ਇਸ ਲਈ ਵਿਆਹ ਕਰਵਾਉਣ ਦੇ ਚੱਕਰ ’ਚ ਇਸ ਤਰ੍ਹਾਂ ਦੇ ਗਿਰੋਹਾਂ ਤੋਂ ਬਚ ਕੇ ਰਹਿਣ ਅਤੇ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ ਤੋਂ ਬਾਅਦ ਹੀ ਰਿਸ਼ਤਾ ਕਰਨਾ ਚਾਹੀਦਾ ਹੈ।
–ਵਿਜੇ ਕੁਮਾਰ