ਅਮਰੀਕਾ ਵਿਚ ਟਰੰਪ ਦੀ ‘ਮਾੜੀ ਸ਼ੁਰੂਆਤ’, ਹੋ ਰਹੇ ਅਗਨੀਕਾਂਡ ਅਤੇ ਜਹਾਜ਼ ਹਾਦਸੇ
Tuesday, Feb 04, 2025 - 03:48 AM (IST)
ਡੋਨਾਲਡ ਟਰੰਪ ਨੂੰ 6 ਨਵੰਬਰ, 2024 ਨੂੰ ਅਮਰੀਕੀ ਰਾਸ਼ਟਰਪਤੀ ਚੋਣ ਦਾ ਜੇਤੂ ਐਲਾਨਿਆ ਗਿਆ ਸੀ। ਉਨ੍ਹਾਂ ਨੇ 20 ਜਨਵਰੀ, 2025 ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਅਤੇ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਅਤੇ ਬਾਅਦ ਵਿਚ ਅਮਰੀਕਾ ਬਹੁਤ ਸਾਰੀਆਂ ਦੁਖਦਾਈ ਘਟਨਾਵਾਂ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ ਜੋ ਹੇਠ ਲਿਖੇ ਅਨੁਸਾਰ ਦਰਜ ਹਨ :
* 2 ਜਨਵਰੀ ਨੂੰ ਦੱਖਣੀ ਕੈਲੀਫੋਰਨੀਆ ਵਿਚ ਇਕ ਜਹਾਜ਼ ਦੇ ਇਕ ਇਮਾਰਤ ਨਾਲ ਟਕਰਾਉਣ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 18 ਜ਼ਖਮੀ ਹੋ ਗਏ।
* 7 ਜਨਵਰੀ ਨੂੰ ਕੈਲੀਫੋਰਨੀਆ ਰਾਜ ਦੇ ਲਾਸ ਏਂਜਲਸ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਜੰਗਲਾਂ ਸਮੇਤ 7 ਵੱਖ-ਵੱਖ ਖੇਤਰਾਂ ਵਿਚ ਲੱਗੀ ਭਿਆਨਕ ਅੱਗ ਕਾਰਨ ਘੱਟੋ-ਘੱਟ 24 ਲੋਕ ਮਾਰੇ ਗਏ। ਹਜ਼ਾਰਾਂ ਘਰ ਅਤੇ ਇਮਾਰਤਾਂ ਜਿਨ੍ਹਾਂ ਵਿਚ ਵੱਡੇ ਫਿਲਮੀ ਸਿਤਾਰਿਆਂ ਅਤੇ ਉੱਥੇ ਰਹਿਣ ਵਾਲੇ ਅਮੀਰ ਲੋਕਾਂ ਦੇ ਘਰ ਵੀ ਸ਼ਾਮਲ ਸਨ, ਤਬਾਹ ਹੋ ਗਏ ਅਤੇ ਉਨ੍ਹਾਂ ਨੂੰ ਆਪਣੀਆਂ ਜਾਨਾਂ ਬਚਾ ਕੇ ਸੁਰੱਖਿਅਤ ਥਾਵਾਂ ’ਤੇ ਭੱਜਣਾ ਪਿਆ।
ਕਈ ਦਿਨਾਂ ਤੱਕ ਧੁਖ-ਧੁਖ ਕੇ ਬਲਦੀ ਰਹੀ ਇਸ ਅੱਗ ਨੇ 45 ਕਿਲੋਮੀਟਰ ਤੋਂ ਵੱਧ ਦੇ ਖੇਤਰ ਨੂੰ ਤਬਾਹ ਕਰ ਦਿੱਤਾ ਅਤੇ ਲਾਸ ਏਂਜਲਸ ਦੇ ਪੱਛਮ ਵਿਚ ਸਥਿਤ ‘ਸੈਂਟਾ ਮੋਨਿਕਾ ਸ਼ਹਿਰ’ ਵਿਚ ਐਮਰਜੈਂਸੀ ਦਾ ਐਲਾਨ ਕਰ ਕੇ ਕਰਫਿਊ ਲਾ ਦਿੱਤਾ ਗਿਆ।
ਇੰਨੇ ਦਿਨਾਂ ਤੱਕ ਇਸ ਅੱਗ ’ਤੇ ਕਾਬੂ ਨਾ ਪਾ ਸਕਣ ਕਾਰਨ ਅਮਰੀਕੀ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਅੰਦਾਜ਼ਾ ਹੈ ਕਿ ਇਸ ਅੱਗ ਵਿਚ ਘੱਟੋ-ਘੱਟ 20 ਲੱਖ ਕਰੋੜ ਰੁਪਏ ਦੀ ਜਾਇਦਾਦ ਤਬਾਹ ਹੋ ਗਈ ਹੈ। ਲਾਸ ਏਂਜਲਸ ਦੇ ਸ਼ੈਰਿਫ਼ ‘ਰੌਬਰਟ ਲੂਨਾ’ ਨੇ ਕਿਹਾ ਕਿ ‘‘ਕਾਉਂਟੀ ਵਿਚ ਜੰਗਲ ਦੀ ਅੱਗ ਨਾਲ ਇਹ ਇੰਝ ਲੱਗ ਰਿਹਾ ਸੀ ਜਿਵੇਂ ਇਨ੍ਹਾਂ ਖੇਤਰਾਂ ’ਤੇ ਕੋਈ ਪ੍ਰਮਾਣੂ ਬੰਬ ਡਿੱਗ ਗਿਆ ਹੋਵੇ।’’
ਉਪਰੋਕਤ ਅਗਨੀਕਾਂਡ ਦੀ ਘਟਨਾ ਦਾ ਇਕ ਸ਼ਰਮਨਾਕ ਪਹਿਲੂ ਇਹ ਸੀ ਕਿ ਇਸ ਆਫ਼ਤ ਦਾ ਫਾਇਦਾ ਉਠਾਉਣ ਲਈ ਸਮਾਜ ਵਿਰੋਧੀ ਅਨਸਰਾਂ ਨੇ ਆਫ਼ਤ ਪ੍ਰਭਾਵਿਤ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਇਸ ਸਬੰਧ ਵਿਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
* 23 ਜਨਵਰੀ ਨੂੰ ਕੈਲੀਫੋਰਨੀਆ ਵਿਚ ਪਿਛਲੇ ਕਈ ਹਫ਼ਤਿਆਂ ਤੋਂ ਸੁਲਗ ਰਹੀ ਅੱਗ ਇਕ ਵਾਰ ਫਿਰ ਭੜਕ ਉੱਠੀ। ਇਸ ਵਾਰ ਅੱਗ ਨੇ ਲਾਸ ਏਂਜਲਸ ਦੇ ਉੱਤਰੀ ਇਲਾਕੇ ਵਿਚ ਸਥਿਤ ਇਕ ਇਲਾਕੇ ‘ਹਿਊਜੇਸ’ ਨੂੰ ਆਪਣੀ ਲਪੇਟ ’ਚ ਲਿਆ ਜਿਸ ਦੇ ਨਤੀਜੇ ਵਜੋਂ 10,000 ਏਕੜ ਇਲਾਕਾ ਸੜ ਕੇ ਸੁਆਹ ਹੋ ਗਿਆ ਅਤੇ 50,000 ਤੋਂ ਵੱਧ ਲੋਕਾਂ ਨੂੰ ਬੇਘਰ ਹੋਣਾ ਪਿਆ।
ਕੈਲੀਫੋਰਨੀਆ ਦੇ ਜੰਗਲਾਂ ਵਿਚ ‘ਓਕਸ’ ਅਤੇ ‘ਪਾਈਨ’ ਵਰਗੇ ਖਾਸ ਰੁੱਖ ਅਤੇ ਪੌਦੇ ਵੀ ਅਕਸਰ ਅੱਗ ਫੈਲਾਉਣ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਦੇ ਪੱਤਿਆਂ ਅਤੇ ਟਾਹਣੀਆਂ ਵਿਚ ਮੌਜੂਦ ਤੇਲ ਅੱਗ ਨੂੰ ਤੇਜ਼ੀ ਨਾਲ ਫੈਲਣ ਵਿਚ ਮਦਦ ਕਰਦਾ ਹੈ।
ਅਮਰੀਕਾ ਅਜੇ ਵੀ ਉਪਰੋਕਤ ਅੱਗ ਦੀਆਂ ਘਟਨਾਵਾਂ ਕਾਰਨ ਹੋਏ ਜ਼ਖ਼ਮਾਂ ਨੂੰ ਪਲੋਸ ਹੀ ਰਿਹਾ ਸੀ ਕਿ ਇਕ ਹੋਰ ਆਫ਼ਤ ਉਦੋਂ ਆਈ ਜਦੋਂ 29 ਜਨਵਰੀ ਨੂੰ ਦੇਰ ਰਾਤ ਲਗਭਗ 8.37 ਵਜੇ (ਭਾਰਤੀ ਸਮੇਂ ਅਨੁਸਾਰ ਸਵੇਰੇ) ਅਮਰੀਕਨ ਏਅਰਲਾਈਨਜ਼ ਦਾ ‘ਬੌਂਬਾਰਡੀਅਰ ਜੈੱਟ’ ਵਾਸ਼ਿੰਗਟਨ ਡੀ. ਸੀ. ਦੇ ‘ਰੋਨਾਲਡ ਰੀਗਨ ਹਵਾਈ ਅੱਡੇ’ ’ਤੇ ਲੈਂਡਿੰਗ ਕਰਦੇ ਸਮੇਂ 400 ਫੁੱਟ ਦੀ ਉਚਾਈ ’ਤੇ ਅਮਰੀਕੀ ਫੌਜ ਦੇ ਇਕ ਬਲੈਕ ਹਾਕ (ਐੱਚ-60) ਹੈਲੀਕਾਪਟਰ ਨਾਲ ਟਕਰਾ ਗਿਆ। ਇਸ ਕਾਰਨ ਦੋਵੇਂ ਜਹਾਜ਼ ਪੋਟੋਮੈਕ ਨਦੀ ਵਿਚ ਜਾ ਡਿੱਗੇ, ਜਿਸ ਨਾਲ 67 ਲੋਕਾਂ ਦੀ ਮੌਤ ਹੋ ਗਈ।
ਜਹਾਜ਼ ਵਿਚ 64 ਲੋਕ ਅਤੇ ਹੈਲੀਕਾਪਟਰ ਵਿਚ 3 ਲੋਕ ਸਵਾਰ ਸਨ। ਕਿਹਾ ਜਾਂਦਾ ਹੈ ਕਿ ਫੌਜ ਦੇ ਹੈਲੀਕਾਪਟਰ ਨੇ ਏਅਰ ਟ੍ਰੈਫਿਕ ਕੰਟਰੋਲਰ ਦੀਆਂ ਦੋ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਦੂਜੇ ਜਹਾਜ਼ ਦੇ ਰਸਤੇ ’ਚੋਂ ਨਹੀਂ ਹਟਿਆ।
ਪਿਛਲੇ 24 ਸਾਲਾਂ ਦੌਰਾਨ ਇਹ ਅਮਰੀਕਾ ਵਿਚ ਤੀਜਾ ਵੱਡਾ ਜਹਾਜ਼ ਹਾਦਸਾ ਹੈ। ਇਸ ਤੋਂ ਪਹਿਲਾਂ 12 ਨਵੰਬਰ, 2001 ਨੂੰ ਨਿਊਯਾਰਕ ਵਿਚ ਇਕ ਜਹਾਜ਼ ਹਾਦਸੇ ਵਿਚ 260 ਲੋਕ ਮਾਰੇ ਗਏ ਸਨ ਅਤੇ 2009 ਵਿਚ ‘ਬਫੈਲੋ’ ਵਿਚ ਇਕ ਹੋਰ ਜਹਾਜ਼ ਹਾਦਸੇ ਵਿਚ 50 ਲੋਕ ਮਾਰੇ ਗਏ ਸਨ।
* 28 ਜਨਵਰੀ ਨੂੰ ਅਲਾਸਕਾ ਦੇ ਆਈਲਸਨ ਏਅਰ ਬੇਸ ’ਤੇ ਉਤਰਦੇ ਸਮੇਂ ਇਕ ਅਮਰੀਕੀ ਐੱਫ-35 ਲੜਾਕੂ ਜਹਾਜ਼ ਅੱਗ ਦੇ ਗੋਲੇ ਵਿਚ ਬਦਲ ਗਿਆ।
* 1 ਫਰਵਰੀ ਨੂੰ ਫਿਲਾਡੈਲਫੀਆ ਵਿਚ ਇਕ ਜਹਾਜ਼ ਦੇ ਉਡਾਣ ਭਰਨ ਤੋਂ 30 ਸਕਿੰਟਾਂ ਅੰਦਰ ਹੀ ਹਾਦਸਾਗ੍ਰਸਤ ਹੋ ਜਾਣ ਨਾਲ 6 ਯਾਤਰੀ ਮਾਰੇ ਗਏ।
* 2 ਫਰਵਰੀ ਨੂੰ ਹਿਊਸਟਨ ਤੋਂ ਨਿਊਯਾਰਕ ਜਾ ਰਹੇ ਇਕ ਜਹਾਜ਼ ਨੂੰ ਉਡਾਣ ਭਰਦਿਆਂ ਹੀ ਅੱਗ ਲੱਗ ਗਈ ਅਤੇ ਉੱਚੀਆਂ-ਉੱਚੀਆਂ ਲਾਟਾਂ ਉੱਠਣ ਲੱਗੀਆਂ।
ਇਸ ਦੌਰਾਨ ਅਮਰੀਕਾ ਵਿਚ ਬੇਘਰ ਲੋਕਾਂ ਦੀ ਗਿਣਤੀ 3.8 ਕਰੋੜ ਦੇ ਖ਼ਤਰਨਾਕ ਪੱਧਰ ’ਤੇ ਪਹੁੰਚ ਗਈ ਹੈ ਜੋ ਭੋਜਨ, ਕੱਪੜੇ ਅਤੇ ਮਕਾਨ ਲਈ ਸੰਘਰਸ਼ ਕਰ ਰਹੇ ਹਨ ਅਤੇ ਸਰਕਾਰ ਲਈ ਉਨ੍ਹਾਂ ਦੀ ਮਦਦ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਇੰਨਾ ਹੀ ਨਹੀਂ ਡੋਨਾਲਡ ਟਰੰਪ ਵਲੋਂ ਚੀਨ, ਕੈਨੇਡਾ ਅਤੇ ਮੈਕਸੀਕੋ ’ਤੇ ਟੈਰਿਫ ਵਧਾਉਣ ਦੇ ਜਵਾਬ ਵਿਚ ਇਨ੍ਹਾਂ ਦੇਸ਼ਾਂ ਵਲੋਂ ਵੀ ਅਮਰੀਕਾ ’ਤੇ ਟੈਰਿਫ ਵਧਾਉਣ ਕਾਰਨ ਅਮਰੀਕਾ ਵਿਚ ਮਹਿੰਗਾਈ ਵਧੇਗੀ, ਜਿਸ ਬਾਰੇ ਟਰੰਪ ਨੇ ਦੇਸ਼ ਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ‘ਆਰਥਿਕ ਦਰਦ’ ਸਹਿਣ ਲਈ ਤਿਆਰ ਰਹਿਣ।
ਭਾਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਾਸ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਕਰਵਾਉਣ ਦਾ ਸਿਹਰਾ ਪ੍ਰਾਪਤ ਕੀਤਾ ਹੈ ਪਰ ਉਪਰੋਕਤ ਘਟਨਾ ਚੱਕਰ ਉਨ੍ਹਾਂ ਲਈ ਅਸ਼ੁੱਭ ਸਾਬਤ ਹੋ ਰਿਹਾ ਹੈ।
-ਵਿਜੇ ਕੁਮਾਰ