Doctor ਅਤੇ ED ਅਧਿਕਾਰੀ ਵੀ ਨਕਲੀ ! ਦੇਸ਼ ’ਚ ਫਰਜ਼ੀ ਦਾ ‘ਬੋਲਬਾਲਾ’

Sunday, Dec 08, 2024 - 03:33 AM (IST)

Doctor ਅਤੇ ED ਅਧਿਕਾਰੀ ਵੀ ਨਕਲੀ ! ਦੇਸ਼ ’ਚ ਫਰਜ਼ੀ ਦਾ ‘ਬੋਲਬਾਲਾ’

ਦੇਸ਼ ’ਚ ਨਕਲੀ ਖਾਣ-ਪੀਣ ਵਾਲੀਆਂ ਵਸਤਾਂ, ਦਵਾਈਆਂ, ਖਾਦਾਂ, ਕੀਟਨਾਸ਼ਕਾਂ, ਕਰੰਸੀ ਆਦਿ ਦੀਆਂ ਗੱਲਾਂ ਤਾਂ ਸੁਣੀਆਂ ਜਾਂਦੀਆਂ ਸਨ ਪਰ ਹੁਣ ਇਹ ਬੀਮਾਰੀ ਨਕਲੀ ਡਾਕਟਰਾਂ, ਨਕਲੀ ਈ. ਡੀ. ਅਧਿਕਾਰੀਆਂ ਅਤੇ ਨਕਲੀ ਪੁਲਸ ਅਧਿਕਾਰੀਆਂ ਆਦਿ ਤੱਕ ਪਹੁੰਚ ਗਈ ਹੈ, ਜਿਸ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 12 ਸਤੰਬਰ ਨੂੰ ਮਥੁਰਾ (ਉੱਤਰ ਪ੍ਰਦੇਸ਼) ਦੀ ਪੁਲਸ ਨੇ ‘ਰਾਧਾ ਆਰਚਿਡ’ ਕਾਲੋਨੀ ’ਚ ਸਰਵੇਖਣ ਕਰਨ ਦੇ ਬਹਾਨੇ ਲੁੱਟ ਦੇ ਇਰਾਦੇ ਨਾਲ ਇਕ ਸਰਾਫਾ ਕਾਰੋਬਾਰੀ ਦੇ ਘਰ ’ਚ ਖੁਦ ਨੂੰ ਈ. ਡੀ. ਦੇ ਅਧਿਕਾਰੀ ਦੱਸ ਕੇ ਦਾਖਲ ਹੋਏ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਫਰਜ਼ੀ ਸਰਚ ਵਾਰੰਟ, ਵਾਹਨ ਦੀ ਫਰਜ਼ੀ ਨੰਬਰ ਪਲੇਟ ਆਦਿ ਬਰਾਮਦ ਕੀਤੀਆਂ।

* 8 ਅਕਤੂਬਰ ਨੂੰ ਭਰਤਪੁਰ (ਰਾਜਸਥਾਨ) ਪੁਲਸ ਨੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਇਕ ਫਰਜ਼ੀ ਪੁਲਸ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਠੱਗੀ ਦੀਆਂ 20 ਘਟਨਾਵਾਂ ਨੂੰ ਅੰਜਾਮ ਦੇਣਾ ਮੰਨਿਆ।

* 13 ਅਕਤੂਬਰ ਨੂੰ ਨੋਇਡਾ (ਉੱਤਰ ਪ੍ਰਦੇਸ਼) ਿਵਖੇ ਨਕਲੀ ਮਾਈਨਿੰਗ ਅਧਿਕਾਰੀ ਬਣ ਕੇ ਲਗਭਗ 2 ਦਰਜਨ ਲੋਕਾਂ ਨਾਲ ਠੱਗੀ ਕਰਨ ਵਾਲੇ ਦੋ ਸ਼ਾਤਿਰ ਫੜੇ ਗਏ।

* 10 ਨਵੰਬਰ ਨੂੰ ਜੈਪੁਰ ’ਚ ਖੁਦ ਨੂੰ ਆਈ. ਆਰ. ਐੱਸ. ਦੇ ਅਧਿਕਾਰੀ ਅਤੇ ‘ਨਾਰਕੋਟਿਕਸ ਕੰਟਰੋਲ ਬਿਊਰੋ’ (ਐੱਨ. ਸੀ. ਬੀ.) ਦਾ ਜ਼ੋਨਲ ਡਾਇਰੈਕਟਰ ਦੱਸ ਕੇ ਸਰਕਾਰੀ ਨੌਕਰੀ ਦੀਆਂ ਇੱਛੁਕ ਕੁੜੀਆਂ ਨੂੰ ਆਪਣੇ ਜਾਲ ’ਚ ਫਸਾਉਣ, ਉਨ੍ਹਾਂ ਨਾਲ ਅਸ਼ਲੀਲ ਚੈਟ ਕਰਨ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਇਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਿਗਆ।

* 21 ਨਵੰਬਰ ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਜ਼ਿਲੇ ਦੇ ਸਾਹਿਬਾਬਾਦ ਥਾਣਾ ਦੀ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਹ ਆਪਣੇ ਆਪ ਨੂੰ ਮਣੀਪੁਰ ਦਾ 1979 ਬੈਚ ਦਾ ਆਈ. ਪੀ. ਐੱਸ. ਅਧਿਕਾਰੀ ਅਤੇ ਡੀ. ਜੀ. ਰੈਂਕ ਤੋਂ ਰਿਟਾਇਰ ਦੱਸ ਕੇ ਵੱਖ-ਵੱਖ ਅਧਿਕਾਰੀਆਂ ’ਤੇ ਦਬਾਅ ਪਾਉਂਦਾ ਅਤੇ ਉਨ੍ਹਾਂ ਕੋਲੋਂ ਮਨਪਸੰਦ ਦੇ ਕੰਮ ਕਰਵਾਉਂਦਾ ਸੀ।

* 26 ਨਵੰਬਰ ਨੂੰ ਅਹਿਮਦਾਬਾਦ ਪੁਲਸ ਦੀ ਅਪਰਾਧ ਸ਼ਾਖਾ ਨੇ ਖੁਦ ਨੂੰ ਮਾਲੀਆ ਵਿਭਾਗ ਦਾ ਸੀਨੀਅਰ ਅਧਿਕਾਰੀ ਦੱਸ ਕੇ ਲੋਕਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਦੇ ਦੋਸ਼ ਹੇਠ ‘ਮੇਹੁਲ ਸ਼ਾਹ’ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਫਰਜ਼ੀ ਸਰਕਾਰੀ ਪਛਾਣ ਪੱਤਰ ਆਦਿ ਬਰਾਮਦ ਕੀਤੇ।

* 4 ਦਸੰਬਰ ਨੂੰ ਮੁਲੁੰਡ (ਮਹਾਰਾਸ਼ਟਰ) ਪੁਲਸ ਨੇ ਖੁਦ ਨੂੰ ਨਗਰ ਨਿਗਮ ਦਾ ਅਧਿਕਾਰੀ ਦੱਸ ਕੇ ਦੁਕਾਨਦਾਰਾਂ ਨੂੰ ਠੱਗਣ ਵਾਲੇ 2 ਬਦਮਾਸ਼ਾਂ ‘ਹਨੀਫ ਸਈਅਦ’ ਅਤੇ ‘ਵਿਜੇ ਗਾਇਕਵਾੜ’ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਫਰਜ਼ੀ ਪਛਾਣ ਪੱਤਰ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ।

* 5 ਦਸੰਬਰ ਨੂੰ ਕੱਛ (ਗੁਜਰਾਤ) ਵਿਖੇ ਅਧਿਕਾਰੀਆਂ ਨੇ ਇਕ ਫਰਜ਼ੀ ਈ. ਡੀ. ਟੀਮ ਨੂੰ ਬੇਨਕਾਬ ਕਰ ਕੇ ਇਕ ਜੌਹਰੀ ਦੀ ਫਰਮ ’ਤੇ ਛਾਪਾ ਮਾਰ ਕੇ 25.25 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਇਕ ਔਰਤ ਸਮੇਤ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਦੋਂ ਕਿ ਉਨ੍ਹਾਂ ਦਾ ਇਕ ਸਾਥੀ ਫਰਾਰ ਹੈ। ਪੁਲਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਕੁੱਲ 45.82 ਲੱਖ ਰੁਪਏ ਦਾ ਸੋਨਾ ਅਤੇ ਕਾਰਾਂ ਬਰਾਮਦ ਕੀਤੀਆਂ ਹਨ।

* 6 ਦਸੰਬਰ ਨੂੰ ਗੁਜਰਾਤ ਪੁਲਸ ਨੇ ਸੂਰਤ ਤੋਂ ਡਾਕਟਰਾਂ ਦੀਆਂ ਫਰਜ਼ੀ ਡਿਗਰੀਆਂ ਦੇਣ ਵਾਲੇ ਇਕ ਿਗਰੋਹ ਨੂੰ ਬੇਨਕਾਬ ਕੀਤਾ। ਇਹ ਗਿਰੋਹ ਕਈ ਸਾਲਾਂ ਤੋਂ ਘੱਟ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ 70 ਹਜ਼ਾਰ ਰੁਪਏ ’ਚ ਡਾਕਟਰੀ ਦੀਆਂ ਫਰਜ਼ੀ ਿਡਗਰੀਆਂ ਦੇਣ ਦਾ ਕੰਮ ਕਰ ਰਿਹਾ ਸੀ ਅਤੇ ਰਜਿਸਟ੍ਰੇਸ਼ਨ ਦਾ ਨਵੀਨੀਕਰਨ ਕਰਨ ਲਈ 5 ਹਜ਼ਾਰ ਰੁਪਏ ਦੀ ਫੀਸ ਲੈਂਦਾ ਸੀ। ਇਨ੍ਹਾਂ ’ਚੋਂ ਇਕ ਫਰਜ਼ੀ ਡਾਕਟਰ 8ਵੀਂ ਪਾਸ ਵੀ ਨਿਕਲਿਆ।

1200 ਵਿਅਕਤੀਆਂ ਨੂੰ ਡਾਕਟਰੀ ਦੀਆਂ ਫਰਜ਼ੀ ਡਿਗਰੀਆਂ ਦੇ ਚੁੱਕੇ ਇਸ ਗਿਰੋਹ ਦੇ 2 ਮੁੱਖ ਮੁਲਜ਼ਮਾਂ ‘ਡਾਕਟਰ ਰਮੇਸ਼ ਗੁਜਰਾਤੀ’ ਅਤੇ ‘ਬੀ. ਕੇ. ਰਾਵਤ’ ਕੋਲੋਂ ਪੁਲਸ ਨੂੰ ਸੈਂਕੜੇ ਅਰਜ਼ੀਆਂ ਅਤੇ ਸਰਟੀਫਿਕੇਟ ਮਿਲੇ ਹਨ।

* 7 ਦਸੰਬਰ ਨੂੰ ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼) ਿਵਖੇ ਖੁਦ ਨੂੰ ‘ਲੋਕ ਸੇਵਕ’ ਦੱਸ ਕੇ ਵੱਖ-ਵੱਖ ਥਾਣਿਆਂ ਦੇ ਥਾਣਾ ਮੁਖੀਆਂ ਨੂੰ ਫੋਨ ਕਰ ਕੇ ਉਨ੍ਹਾਂ ਨੂੰ ਪੁਲਸ ਮੈਡਲ, ਬਹਾਦਰੀ ਦੇ ਪੁਰਸਕਾਰ ਅਤੇ ਤਰੱਕੀ ਤੋਂ ਇਲਾਵਾ ਮਨਪਸੰਦ ਦੇ ਥਾਣੇ ’ਚ ਤਾਇਨਾਤੀ ਦਾ ਲਾਲਚ ਦੇਣ ਵਾਲੇ ਠੱਗ ‘ਜੈ ਪ੍ਰਕਾਸ਼ ਪਾਠਕ’ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਕਈ ਪੁਲਸ ਥਾਣਿਆਂ ਦੀਆਂ ਫਰਜ਼ੀ ਮੋਹਰਾਂ ਸਮੇਤ ਹੋਰ ਸਮੱਗਰੀ ਵੀ ਬਰਾਮਦ ਕੀਤੀ ਗਈ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਜਾਅਲਸਾਜ਼ੀ ਕਿਸ ਹੱਦ ਤੱਕ ਵਧ ਗਈ ਹੈ। ਇਸ ਲਈ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਦੂਜਿਆਂ ਨੂੰ ਸਬਕ ਮਿਲੇ ਅਤੇ ਇਹ ਬੀਮਾਰੀ ਹੋਰ ਅੱਗੇ ਨਾ ਫੈਲ ਸਕੇ।

–ਵਿਜੇ ਕੁਮਾਰ


author

Harpreet SIngh

Content Editor

Related News