ਲੋਕਾਂ ਨੂੰ ਠੱਗ ਕੇ ਤਿਜੋਰੀਆਂ ਭਰ ਰਹੇ ਇਹ ਫਰਜ਼ੀ ਕਾਲ ਸੈਂਟਰਾਂ ਵਾਲੇ

Wednesday, Dec 18, 2024 - 03:45 AM (IST)

ਤਕਨੀਕੀ ਸਹਾਇਤਾ ਦੇਣ, ਨੌਕਰੀ ਆਦਿ ਦਿਵਾਉਣ ਦੇ ਨਾਂ ’ਤੇ ਫਰਜ਼ੀ ਮੈਸੇਜ ਅਤੇ ਲਿੰਕ ਭੇਜ ਕੇ ਲੋਕਾਂ ਨੂੰ ਫਰਜ਼ੀ ਕਾਲ ਸੈਂਟਰਾਂ ਰਾਹੀਂ ਠੱਗਣ ਵਾਲੇ ਗਿਰੋਹ ਦੇਸ਼ ਵਿਚ ਤੇਜ਼ੀ ਨਾਲ ਵਧ ਰਹੇ ਹਨ, ਜਿਸ ਦੀਆਂ ਚੰਦ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :

* 8 ਅਗਸਤ ਨੂੰ ਰਾਜਪੁਰ (ਉੱਤਰਾਖੰਡ) ਪੁਲਸ ਨੇ ਵਿਦੇਸ਼ੀ ਨਾਗਰਿਕਾਂ ਨੂੰ ਠੱਗਣ ਵਾਲੇ ਇਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰ ਕੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਖੁਦ ਨੂੰ ‘ਇੰਟਰਨੈਸ਼ਨਲ ਐਂਟੀ ਹੈਕਿੰਗ ਡਿਪਾਰਟਮੈਂਟ’ ਦੇ ਸੀਨੀਅਰ ਅਧਿਕਾਰੀ ਦੱਸ ਕੇ ਅਮਰੀਕਾ ਅਤੇ ਕੈਨੇਡਾ ਦੇ ਨਾਗਰਿਕਾਂ ਨਾਲ ਠੱਗੀ ਕਰ ਰਹੇ ਸਨ। ਛਾਪੇ ਦੌਰਾਨ ਇਨ੍ਹਾਂ ਕੋਲੋਂ 81 ਲੈਪਟਾਪ ਅਤੇ 42 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ।

* 25 ਅਗਸਤ ਨੂੰ ਸਾਈਬਰ ਪੁਲਸ ਨੇ ਸੋਹਨਾ (ਹਰਿਆਣਾ) ਵਿਚ 2 ਫਲੈਟਾਂ ਵਿਚੋਂ ਚਲਾਏ ਜਾ ਰਹੇ ਫਰਜ਼ੀ ਕਾਲ ਸੈਂਟਰ ਦਾ ਭਾਂਡਾ ਭੰਨ ਕੇ ਤਕਨੀਕੀ ਸਹਾਇਤਾ ਦੇਣ ਦੇ ਨਾਂ ’ਤੇ ਮੁੱਖ ਤੌਰ ’ਤੇ ਵਿਦੇਸ਼ੀ ਨਾਗਰਿਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਦੇ ਦੋਸ਼ ’ਚ 4 ਔਰਤਾਂ ਸਮੇਤ 20 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਥੋਂ 16 ਲੈਪਟਾਪ, 25 ਮੋਬਾਈਲ ਫੋਨ ਅਤੇ ਹਜ਼ਾਰਾਂ ਰੁਪਏ ਦੀ ਨਕਦ ਰਾਸ਼ੀ ਬਰਾਮਦ ਕੀਤੀ।

* 8 ਸਤੰਬਰ ਨੂੰ ਨੋਇਡਾ ਪੁਲਸ ਨੇ ਲੋਕਾਂ ਨੂੰ ਕੈਨੇਡਾ ਅਤੇ ਸਰਬੀਆ ਸਮੇਤ ਵੱਖ-ਵੱਖ ਦੇਸ਼ਾਂ ਵਿਚ ਭੇਜਣ ਅਤੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰਕੇ 6 ਔਰਤਾਂ ਸਮੇਤ 9 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ, ਜੋ ਹੁਣ ਤਕ 300 ਤੋਂ ਵੱਧ ਲੋਕਾਂ ਨੂੰ ਠੱਗ ਚੁੱਕੇ ਹਨ। ਪੁਲਸ ਨੇ ਉਥੋਂ 24 ਲੈਪਟਾਪ, ਸਵਾਈਪ ਮਸ਼ੀਨ, 10 ਮੋਬਾਈਲ ਫੋਨ ਅਤੇ ਹੋਰ ਸਾਮਾਨ ਬਰਾਮਦ ਕੀਤਾ।

ਗਿਰੋਹ ਦੇ ਮੈਂਬਰ ਫੇਸਬੁੱਕ, ਇੰਸਟਾਗ੍ਰਾਮ ਆਦਿ ਤੋਂ ਵਿਦੇਸ਼ ਜਾਣ ਦੇ ਚਾਹਵਾਨਾਂ ਦਾ ਡਾਟਾ ਕੱਢ ਕੇ ਫੋਨ ਕਾਲ ਅਤੇ ਵ੍ਹਟਸਐਪ ਰਾਹੀਂ ਉਨ੍ਹਾਂ ਨਾਲ ਸੰਪਰਕ ਕਰਦੇ ਅਤੇ ਵਿਦੇਸ਼ ਵਿਚ ‘ਸਟੋਰ ਕੀਪਰ’, ‘ਸਟੋਰ ਸੁਪਰਵਾਈਜ਼ਰ’, ‘ਐਡਮਿਨ’ ਆਦਿ ਅਹੁਦਿਆਂ ’ਤੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗਦੇ ਸਨ।

* 4 ਅਕਤੂਬਰ ਨੂੰ ਜੈਪੁਰ ਪੁਲਸ ਨੇ ‘ਸਮਾਰਟ ਡਿਜੀਟਲ ਸੇਵਾ ਕੇਂਦਰ’ ਦੀ ਆੜ ਵਿਚ ਚਲਾਏ ਜਾ ਰਹੇ ਇਕ ਫਰਜ਼ੀ ਕਾਲ ਸੈਂਟਰ ਦਾ ਭਾਂਡਾ ਭੰਨਿਆ। ਇਹ ਜਾਲਸਾਜ਼ ਫੋਨ ਕਰ ਕੇ ਲੋਕਾਂ ਨੂੰ ‘ਮਿੱਤਰ ਕੇਂਦਰ’ ਜਾਂ ‘ਆਧਾਰ ਕਾਰਡ ਫ੍ਰੈਂਚਾਈਜ਼ੀ’ ਦੇਣ ਦਾ ਝਾਂਸਾ ਦਿੰਦੇ ਅਤੇ ਉਸ ਬਦਲੇ ਉਨ੍ਹਾਂ ਕੋਲੋਂ ਭਾਰੀ ਭਰਕਮ ਰਕਮਾਂ ਵਸੂਲ ਕਰਦੇ ਸਨ।

* 16 ਅਕਤੂਬਰ ਨੂੰ ਭੁਵਨੇਸ਼ਵਰ (ਓਡਿਸ਼ਾ) ਦੇ ‘ਸੁੰਦਰਪਾੜਾ’ ਇਲਾਕੇ ਵਿਚ ਪੁਲਸ ਨੇ ਵਿਦੇਸ਼ ਵਿਚ ਰਹਿਣ ਵਾਲੇ ਪੀੜਤ ਦੀ ਸ਼ਿਕਾਇਤ ’ਤੇ ਇਕ ਫਰਜ਼ੀ ਕਾਲ ਸੈਂਟਰ ਦਾ ਭਾਂਡਾ ਭੰਨ ਕੇ 6 ਲੋਕਾਂ ਨੂੰ ਹਿਰਾਸਤ ਵਿਚ ਲਿਆ।

* 19 ਅਕਤੂਬਰ ਨੂੰ ਲਖਨਊ ਦੇ ਪੀ. ਜੀ. ਆਈ. ਥਾਣਾ ਇਲਾਕੇ ਦੇ ਇਕ ਫਲੈਟ ਵਿਚ ਚੱਲ ਰਹੇ ਫਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦਾ ਕਮਿਸ਼ਨਰੇਟ ਪੁਲਸ ਨੇ ਭਾਂਡਾ ਭੰਨ ਕੇ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

* 25 ਨਵੰਬਰ ਨੂੰ ਗੋਆ ਪੁਲਸ ਨੇ ਲੋੜਵੰਦਾਂ ਨਾਲ, ਜਿਨ੍ਹਾਂ ਵਿਚ ਜ਼ਿਆਦਾਤਰ ਵਿਦੇਸ਼ੀ ਸਨ, ਇਕ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕਰ ਚੁੱਕੇ ‘ਜੁਆਰੀ ਨਗਰ’ ਵਿਚ ਇਕ ਗੈਰ-ਕਾਨੂੰਨੀ ਕਾਲ ਸੈਂਟਰ ਦਾ ਭਾਂਡਾ ਭੰਨ ਕੇ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

* 4 ਦਸੰਬਰ ਨੂੰ ਗੁਰੂਗ੍ਰਾਮ ਪੁਲਸ ਦੀ ਸਾਈਬਰ ਕ੍ਰਾਈਮ ਟੀਮ ਨੇ ਇਕ ਮਕਾਨ ਵਿਚ ਫਰਜ਼ੀ ਤਰੀਕੇ ਨਾਲ ਕਾਲ ਸੈਂਟਰ ਚਲਾ ਕੇ ਅਮਰੀਕੀ ਨਾਗਰਿਕਾਂ ਨੂੰ ਤਕਨੀਕੀ ਸਹਾਇਤਾ ਅਤੇ ਕਸਟਮਰ ਸਰਵਿਸ ਦੇਣ ਦੇ ਨਾਂ ’ਤੇ, ਧੋਖਾਧੜੀ ਕਰਨ ਦੇ ਦੋਸ਼ ’ਚ ਕਾਲ ਸੈਂਟਰ ਦੇ ਮਾਲਕ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

* ਅਤੇ ਹੁਣ 14 ਦਸੰਬਰ ਨੂੰ ਨੋਇਡਾ ਪੁਲਸ ਨੇ ਵਿਦੇਸੀ ਨਾਗਰਿਕਾਂ ਨੂੰ ਤਕਨੀਕੀ ਸਹਾਇਤਾ ਆਦਿ ਦੇ ਨਾਂ ’ਤੇ ਫਰਜ਼ੀ ਮੈਸੇਜ ਲਿੰਕ ਅਤੇ ਕਾਲ ਰਾਹੀਂ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਗਿਰੋਹ ਦਾ ਭਾਂਡਾ ਭੰਨ ਕੇ 9 ਔਰਤਾਂ ਸਮੇਤ 76 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੈਪਟਾਪ, ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰਿਕ ਉਪਕਰਨ ਬਰਾਮਦ ਕੀਤੇ। ਇਹ ਲੋਕ ਬਦਲ-ਬਦਲ ਕੇ ਲੈਪਟਾਪ ਅਤੇ ਮੋਬਾਈਲ ਦੀ ਵਰਤੋੋਂ ਕਰਦੇ ਸਨ ਤਾਂ ਕਿ ਫੜੇ ਨਾ ਜਾਣ।

ਛਾਪੇਮਾਰੀ ਦੌਰਾਨ ਫੜੇ ਗਏ ਇਹ ਫਰਜ਼ੀ ਕਾਲ ਸੈਂਟਰ ਤਾਂ ਧੋਖਾਧੜੀ ਰੂਪੀ ਸਾਗਰ ਵਿਚ ਇਕ ਬੂੰਦ ਦੇ ਸਮਾਨ ਹਨ, ਜਦ ਕਿ ਦੇਸ਼ ਵਿਚ ਅਜਿਹੇ ਫਰਜ਼ੀ ਕਾਲ ਸੈਂਟਰਾਂ ਦੀ ਭਰਮਾਰ ਹੈ ਜੋ ਲੋਕਾਂ ਨੂੰ ਲੁੱਟ ਕੇ ਆਪਣੀਆਂ ਤਿਜੌਰੀਆਂ ਭਰ ਰਹੇ ਹਨ।

ਇਸ ਲਈ ਜਿਥੇ ਲੋਕਾਂ ਨੂੰ ਅਜਿਹੇ ਧੋਖੇਬਾਜ਼ਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ, ਉਥੇ ਹੀ ਅਜਿਹੀ ਧੋਖਾਧੜੀ ਕਰਨ ਵਾਲਿਆਂ ਨੂੰ ਛੇਤੀ ਅਤੇ ਸਖ਼ਤ ਤੋਂ ਸਖ਼ਤ ਦੰਡ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦਾ ਅੰਜਾਮ ਦੇਖ ਕੇ ਦੂਸਰਿਆਂ ਨੂੰ ਨਸੀਹਤ ਮਿਲੇ ਅਤੇ ਉਹ ਅਜਿਹੀਆਂ ਕਰਤੂਤਾਂ ਤੋਂ ਬਾਜ਼ ਆਉਣ ਅਤੇ ਲੋੜਵੰਦ ਲੋਕ ਠੱਗੇ ਜਾਣ ਤੋਂ ਬਚ ਸਕਣ।

-ਵਿਜੇ ਕੁਮਾਰ


Harpreet SIngh

Content Editor

Related News