ਅਕਾਲੀ ਲੀਡਰਾਂ ਦੀ ਧੜੇਬੰਦੀ ਅਕਾਲ ਤਖਤ ਦੀ ਸਰਬਉੱਚਤਾ ’ਤੇ ਸਵਾਲ ਉਠਾ ਰਹੀ

Friday, Apr 18, 2025 - 06:23 PM (IST)

ਅਕਾਲੀ ਲੀਡਰਾਂ ਦੀ ਧੜੇਬੰਦੀ ਅਕਾਲ ਤਖਤ ਦੀ ਸਰਬਉੱਚਤਾ ’ਤੇ ਸਵਾਲ ਉਠਾ ਰਹੀ

12 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 567 ਵਿਚੋਂ ਹਾਜ਼ਰ 524 ਪ੍ਰਤੀਨਿਧੀਆਂ (ਡੈਲੀਗੇਟ) ਨੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸੱਦੇ ਗਏ ਇਜਲਾਸ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਇਕ ਵਾਰ ਫਿਰ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ। ਇਸ ਚੋਣ ਲਈ ਪ੍ਰਧਾਨਗੀ ਲਈ ਸੁਖਬੀਰ ਬਾਦਲ ਦਾ ਨਾਂ ਉਸ ਵੇਲੇ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪੇਸ਼ ਕੀਤਾ ਤੇ ਤਾਈਦ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕੀਤੀ। ਪ੍ਰਧਾਨਗੀ ਦੀ ਇਸ ਚੋਣ ਨੂੰ ਅਕਾਲੀ ਦਲ ਬਾਦਲ ਇਕ ਵੱਡੀ ਜਿੱਤ ਵਜੋਂ ਪੇਸ਼ ਕਰ ਰਿਹਾ ਹੈ ਤੇ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਵਿਰੋਧੀ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਸਖਤ ਹਮਲਾਵਰ ਰੁਖ਼ ਅਖਤਿਆਰ ਕਰ ਲਿਆ ਹੈ। ਇਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਨੇ ਅਹੁਦੇ ਤੋਂ ਫਾਰਗ ਕੀਤੇ ਗਏ ਜਥੇਦਾਰਾਂ ਦੇ ਖਿਲਾਫ ਵੀ ਮੋਰਚਾ ਖੋਲ੍ਹ ਦਿੱਤਾ ਹੈ। ਇਸ ਕਾਰਨ ਅਕਾਲੀ ਦਲ ਦੇ ਦੋਵਾਂ ਧੜਿਆਂ ਦੀ ਨੇੜ ਭਵਿੱਖ ਵਿਚ ਏਕਤਾ ਹੋਣ ਦੀ ਥੋੜ੍ਹੀ-ਬਹੁਤੀ ਆਸ ਦੀ ਕਿਰਨ ਵੀ ਅਲੋਪ ਹੋ ਗਈ ਲੱਗਦੀ ਹੈ।

ਸੁਖਬੀਰ ਸਿੰਘ ਬਾਦਲ ਤੋਂ ਵੱਖ ਹੋਏ ਧੜੇ ਨੇ, ਜਿਸ ਨੇ ਖੁਦ ਨੂੰ ਅਕਾਲੀ ਦਲ ਸੁਧਾਰ ਲਹਿਰ ਦਾ ਨਾਂ ਦਿੱਤਾ ਸੀ, ਅਕਾਲ ਤਖਤ ’ਤੇ ਪੇਸ਼ ਹੋ ਕੇ ਅਕਾਲੀ ਦਲ ਦੀ ਸਰਕਾਰ ਵੇਲੇ ਸੁਖਬੀਰ ਸਿੰਘ ਬਾਦਲ ਵਲੋਂ ਸਿੱਖ ਸਿਧਾਂਤਾਂ ਖਿਲਾਫ ਕੀਤੇ ਗਏ ਫੈਸਲੇ ਅਤੇ ਹੋਰ ਗਲਤੀਆਂ ਲਈ ਅਕਾਲ ਤਖਤ ਦੇ ਜਥੇਦਾਰ ਨੂੰ ਲਿਖਤੀ ਸ਼ਿਕਾਇਤ ਕਰ ਕੇ ਮੰਗ ਕੀਤੀ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਸਮੇਂ ਸੁਖਬੀਰ ਬਾਦਲ, ਉਨ੍ਹਾਂ ਦੇ ਸਾਥੀਆਂ ਅਤੇ ਉਨ੍ਹਾਂ ਦੀਆਂ ਗਲਤੀਆਂ ਵਿਚ ਸ਼ਾਮਲ ਜਾਂ ਉਨ੍ਹਾਂ ਦਾ ਸਾਥ ਦੇਣ ਵਾਲੇ ਅਕਾਲੀ ਸੁਧਾਰ ਲਹਿਰ ਦੇ ਆਗੂਆਂ ਨੂੰ ਤਨਖਾਹ ਲਾਈ ਜਾਵੇ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਪੰਜ ਜਥੇਦਾਰਾਂ ਨੇ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਧਾਰਮਿਕ ਤੇ ਸਿਆਸੀ ਤਨਖਾਹ ਸੁਣਾ ਦਿੱਤੀ, ਜਿਸ ਨੂੰ ਉਸ ਵੇਲੇ ਸਾਰੀਆਂ ਧਿਰਾਂ ਨੇ ਪ੍ਰਵਾਨ ਕੀਤਾ ਅਤੇ ਅਕਾਲ ਤਖਤ ਦੇ ਹੁਕਮ ਅਨੁਸਾਰ ਸਾਰੀਆਂ ਧਿਰਾਂ ਨੇ ਧਾਰਮਿਕ ਤਨਖਾਹ ਪੂਰੀ ਕੀਤੀ।

ਸਿਆਸੀ ਤਨਖਾਹ ਵਿਚ ਸੁਧਾਰ ਲਹਿਰ ਨੂੰ ਆਪਣਾ ਧੜਾ ਖਤਮ ਕਰਨ ਅਤੇ ਕਾਬਜ਼ ਧਿਰ ਨੂੰ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਦਿੱਤੇ ਅਸਤੀਫੇ ਪ੍ਰਵਾਨ ਕਰਨ ਅਤੇ ਅਕਾਲ ਤਖਤ ਵਲੋਂ ਐਲਾਨੀ ਗਈ ਸੱਤ ਮੈਂਬਰੀ ਕਮੇਟੀ ਰਾਹੀਂ ਅਕਾਲੀ ਦਲ ਦੀ ਭਰਤੀ ਕਰ ਕੇ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਪ੍ਰੰਤੂ ਅਕਾਲੀ ਦਲ ਬਾਦਲ ਨੇ ਸਿਆਸੀ ਤਨਖਾਹ ਭੁਗਤਣ ਤੋਂ ਇਹ ਕਹਿ ਕੇ ਪਾਸਾ ਵੱਟ ਲਿਆ ਕਿ ਸੈਕੂਲਰ (ਧਰਮਨਿਰਪੱਖ) ਪਾਰਟੀ ਹੋਣ ਕਾਰਨ ਜੇ ਉਹ ਧਾਰਮਿਕ ਸੰਸਥਾ ਦੇ ਹੁਕਮ ਮੰਨਦੇ ਹਨ ਤਾਂ ਪਾਰਟੀ ਦੀ ਮਾਨਤਾ ਰੱਦ ਹੋ ਸਕਦੀ ਹੈ, ਜਦ ਕਿ ਸੁਧਾਰ ਲਹਿਰ ਦੇ ਆਗੂਆਂ ਨੇ ਆਪਣਾ ਧੜਾ ਖਤਮ ਕਰਨ ਦਾ ਐਲਾਨ ਕਰ ਦਿੱਤਾ।

ਇਸ ਦੌਰਾਨ ਅਕਾਲੀ ਦਲ ਬਾਦਲ ਵਲੋਂ ਆਪਣੇ ਤੌਰ ’ਤੇ 20 ਫਰਵਰੀ ਤੋਂ ਭਰਤੀ ਸ਼ੁਰੂ ਕਰ ਦਿੱਤੀ ਗਈ ਅਤੇ ਸੱਤ ਮੈਂਬਰੀ ਕਮੇਟੀ, ਦੋ ਮੈਂਬਰਾਂ ਦੇ ਅਸਤੀਫਾ ਦੇਣ ਕਾਰਨ ਇਹ ਕਮੇਟੀ ਪੰਜ ਮੈਂਬਰੀ ਹੀ ਰਹਿ ਗਈ ਸੀ, ਨੇ ਵੀ ਉਸ ਵੇਲੇ ਦੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੋਂ ਮਿਲੀ ਇਜਾਜ਼ਤ ਨਾਲ 18 ਮਾਰਚ ਤੋਂ ਅਕਾਲੀ ਦਲ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।

ਅਕਾਲੀ ਦਲ ਬਾਦਲ ਨੇ ਕਾਹਲੀ ਨਾਲ ਭਰਤੀ ਕਰ ਕੇ ਤਕਰੀਬਨ ਡੇਢ ਮਹੀਨੇ ਦੇ ਸਮੇਂ ਵਿਚ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣ ਲਿਆ, ਜਦ ਕਿ ਭਰਤੀ ਕਮੇਟੀ ਵਲੋਂ ਅਜੇ ਤੱਕ ਭਰਤੀ ਪ੍ਰਕਿਰਿਆ ਜਾਰੀ ਹੈ ਜਿਹੜੀ ਅਜੇ ਕੁਝ ਮਹੀਨੇ ਹੋਰ ਜਾਰੀ ਰਹਿਣ ਦੀ ਉਮੀਦ ਹੈ।

1920 ਵਿਚ ਅਕਾਲ ਤਖਤ ਸਾਹਿਬ ਦੇ ਓਟ ਆਸਰੇ ਅਧੀਨ ਬਣਾਏ ਗਏ ਅਕਾਲੀ ਦਲ ਦੇ ਪਹਿਲਾਂ ਹੀ ਵੱਖ-ਵੱਖ ਨਾਵਾਂ ਹੇਠ ਕਈ ਧੜੇ ਹੋਂਦ ਵਿਚ ਆ ਚੁੱਕੇ ਹਨ ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਧੜਾ, ਮੌਜੂਦ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦਾ ਧੜਾ, ਰਵੀਇੰਦਰ ਸਿੰਘ ਦਾ ਧੜਾ, ਸਾਬਕਾ ਜਥੇਦਾਰ ਰਣਜੀਤ ਸਿੰਘ ਦਾ ਧੜਾ ਅਤੇ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦਾ ਧੜਾ ਸ਼ਾਮਲ ਹਨ। ਹੁਣ ਸ਼੍ਰੋਮਣੀ ਅਕਾਲੀ ਦਲ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਜੋਂ ਜਾਣਿਆ ਜਾਂਦਾ ਹੈ, ਦੇ ਵੀ ਦੋ ਧੜੇ ਬਣ ਗਏ ਹਨ।

ਹਾਲਾਂਕਿ 125 ਸਾਲ ਪਹਿਲਾਂ ਹੋਂਦ ਵਿਚ ਆਏ ਅਕਾਲੀ ਦਲ ਦੀ ਧੜੇਬੰਦੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਸਭ ਤੋਂ ਪਹਿਲੀ ਵਾਰ ਅਕਾਲੀ ਦਲ ਦੀ ਧੜੇਬੰਦੀ 1928 ਵਿਚ ਸਾਹਮਣੇ ਆਈ ਜਦੋਂ ਨਹਿਰੂ ਰਿਪੋਰਟ ’ਤੇ ਮਤਭੇਦ ਹੋਣ ਕਾਰਨ ਅਕਾਲੀ ਦਲ ਬਾਬਾ ਖੜਕ ਸਿੰਘ, ਗਿਆਨੀ ਸ਼ੇਰ ਸਿੰਘ ਅਤੇ ਮੰਗਲ ਸਿੰਘ ਦੀ ਅਗਵਾਈ ਵਿਚ ਤਿੰਨ ਧੜਿਆਂ ਵਿਚ ਵੰਡਿਆ ਗਿਆ। ਇਸ ਤੋਂ ਬਾਅਦ 1939, 1967, 1980, 1986, 1999, 2018 ਅਤੇ 2020 ਦੇ ਸਮੇਂ ਅਕਾਲੀ ਦਲ ’ਚ ਧੜੇਬੰਦੀ ਬਣਨ ਕਾਰਨ ਅਲੱਗ-ਅਲੱਗ ਨਾਂ ’ਤੇ ਅਕਾਲੀ ਦਲ ਬਣੇ।

ਵਰਨਣ ਕੀਤੀਆਂ ਗਈਆਂ ਧੜੇਬੰਦੀਆਂ ਨੂੰ ਖਤਮ ਕਰਵਾਉਣ ਲਈ ਭਾਵੇਂ ਅਕਾਲ ਤਖਤ ਸਾਹਿਬ ਵੱਲੋਂ ਕਈ ਵਾਰ ਕੋਸ਼ਿਸ਼ ਕੀਤੀਆਂ ਜਾਂਦੀਆਂ ਰਹੀਆਂ ਪਰ ਕੋਈ ਸਿੱਧੀ ਭੂਮਿਕਾ ਨਹੀਂ ਸੀ ਨਿਭਾਈ ਜਾਂਦੀ ਸਿਵਾਏ 1994 ਵਿਚ ਜਥੇਦਾਰ ਭਾਈ ਮਨਜੀਤ ਸਿੰਘ ਅਤੇ 1999 ਵਿਚ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਏਕਤਾ ਕਰਵਾਉਣ ਦੇ ਯਤਨ ਦੇ।

ਪਰ ਇਸ ਵਾਰ ਦੋਵੇਂ ਮੁੱਖ ਧਿਰਾਂ ਵਲੋਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦਾ ਲਿਖਤੀ ਵਾਅਦਾ ਕਰਨ ’ਤੇ ਅਕਾਲ ਤਖਤ ਦੇ ਜਥੇਦਾਰ ਖੁੱਲ੍ਹ ਕੇ ਅੱਗੇ ਆਏ ਤੇ ਅਕਾਲੀ ਦਲ ਦੇ ਆਗੂਆਂ ਦੀ ਧੜੇਬੰਦੀ ਖਤਮ ਕਰਨ ਅਤੇ ਸਿੱਖ ਪ੍ਰੰਪਰਾਵਾਂ ਨੂੰ ਲਾਗੂ ਕਰਵਾਉਣ ਲਈ ਬਾਕਾਇਦਾ ਹੁਕਮਨਾਮਾ ਜਾਰੀ ਕੀਤਾ। ਸਿੱਖ ਸੰਗਤ ਦੇ ਇਕ ਬਹੁਤ ਵੱਡੇ ਹਿੱਸੇ ਨੇ ਅਕਾਲ ਤਖਤ ਦੇ ਹੁਕਮਨਾਮੇ ਦਾ ਸਵਾਗਤ ਕੀਤਾ।

ਪਰ ਅਕਾਲੀ ਦਲ ਬਾਦਲ ਵਲੋਂ ਇਸ ਹੁਕਮਨਾਮੇ ਤੋਂ ਟਾਲਾ ਵੱਟ ਕੇ ਆਪਣੇ ਤੌਰ ’ਤੇ ਨਵਾਂ ਪ੍ਰਧਾਨ ਚੁਣਨ ਅਤੇ ਭਰਤੀ ਕਮੇਟੀ ਵਲੋਂ ਆਪਣੀ ਭਰਤੀ ਜਾਰੀ ਰੱਖਣ ਕਾਰਨ ਸਿੱਖ ਸੰਗਤ ਦੋਫਾੜ ਹੋਣ ਵੱਲ ਵਧ ਰਹੀ ਹੈ। ਆਮ ਵਰਕਰ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਇਕੱਠਾਂ ਦਰਮਿਆਨ ਇਕ-ਦੂਜੇ ’ਤੇ ਗੱਦਾਰ ਹੋਣ ਦੀਆਂ ਤੋਹਮਤਾਂ ਤੱਕ ਲਾ ਰਹੇ ਹਨ। ਇਥੋਂ ਤੱਕ ਬਾਦਲ ਦਲ ਦੇ ਆਗੂ ਫਾਰਗ ਕੀਤੇ ਗਏ ਜਥੇਦਾਰਾਂ ’ਤੇ ਸੁਰੱਖਿਆ ਅਤੇ ਸਰਕਾਰੀ ਵਾਹਨਾਂ ਦੇ ਲਾਲਚ ਵੱਸ ਕੇਂਦਰ ਸਰਕਾਰ ਦੇ ਕੰਟਰੋਲ ਥੱਲੇ ਹੋਣ ਦਾ ਦੋਸ਼ ਵੀ ਲਾ ਰਹੇ ਹਨ, ਜਦ ਕਿ ਅਕਾਲ ਤਖਤ ਦੀ ਜਥੇਦਾਰੀ ਤੋਂ ਫਾਰਗ ਕੀਤੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ ਅਜੇ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਅ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜੋ ਆਪਣੇ ਆਪ ਨੂੰ ਅਕਾਲ ਤਖਤ ਨੂੰ ਸਭ ਤੋਂ ਵੱਧ ਸਮਰਪਿਤ ਹੋਣ ਦਾ ਦਾਅਵਾ ਕਰਦੀ ਹੈ ਪਰ ਖੁਦ ਹੀ ਅਕਾਲ ਤਖਤ ਤੋਂ ਜਾਰੀ ਕੀਤੇ ਹੁਕਮ ਨਹੀਂ ਮੰਨੇਗੀ ਅਤੇ ਜਥੇਦਾਰਾਂ ’ਤੇ ਅਜਿਹੇ ਇਲਜ਼ਾਮ ਲਾਵੇਗੀ ਤਾਂ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ’ਤੇ ਸਵਾਲ ਉਠਣਾ ਸੁਭਾਵਿਕ ਹੈ।

ਇਕਬਾਲ ਸਿੰਗ ਚੰਨੀ (ਭਾਜਪਾ ਬੁਲਾਰਾ ਪੰਜਾਬ)


author

Rakesh

Content Editor

Related News