ਕੀ ਤਰਨਤਾਰਨ ਜ਼ਿਮਨੀ-ਚੋਣ ਦੇ ਨਤੀਜੇ ਅਕਾਲੀ ਧੜਿਆਂ ਲਈ ਰੈਫਰੈਂਡਮ ਮੰਨੇ ਜਾਣਗੇ?
Friday, Nov 14, 2025 - 05:40 PM (IST)
ਤਰਨਤਾਰਨ ਦੀ ਜ਼ਿਮਨੀ ਚੋਣ, ਜਿਸ ਦਾ ਨਤੀਜਾ ਅੱਜ ਦੁਪਹਿਰ ਤੋਂ ਪਹਿਲਾਂ ਤੱਕ ਆ ਜਾਣ ਦੀ ਉਮੀਦ ਹੈ, ’ਤੇ ਪੰਜਾਬ ਦੇ ਵਸਨੀਕਾਂ ਦੇ ਨਾਲ-ਨਾਲ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ, ਖਾਸ ਕਰ ਕੇ ਸਿੱਖਾਂ ਤੋਂ ਇਲਾਵਾ ਪੂਰੇ ਦੇਸ਼ ਦੇ ਸਿਆਸੀ ਮਾਹਿਰਾਂ ਦੀਆਂ ਨਜ਼ਰਾਂ ਵੀ ਲੱਗੀਆਂ ਹੋਈਆਂ ਹਨ। ਇਸ ਵਿਧਾਨ ਸਭਾ ਹਲਕੇ ਨੂੰ ਪੰਥਕ ਹਲਕਾ ਕਿਹਾ ਜਾਂਦਾ ਹੈ ਕਿਉਂਕਿ ਜੇਕਰ 1966 ’ਚ ਪੰਜਾਬੀ ਸੂਬੇ ਦੇ ਹੋਂਦ ’ਚ ਆਉਣ ਤੋਂ ਬਾਅਦ ਹੋਣ ਵਾਲੀਆਂ ਚੋਣਾਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਇਸ ਹਲਕੇ ਵਿਚ 14 ਵਾਰ ਹੋਈਆਂ ਚੋਣਾਂ ’ਚ 8 ਵਾਰ ਅਕਾਲੀ, ਤਿੰਨ ਵਾਰ ਕਾਂਗਰਸ, ਦੋ ਵਾਰ ਆਜ਼ਾਦ ਉਮੀਦਵਾਰ ਅਤੇ ਇਕ ਪੰਥਕ ਹਲਕਾ ਮੰਨੇ ਜਾਣ ਦੇ ਬਾਵਜੂਦ ਵੀ ਇਸ ਹਲਕੇ ’ਚ 2017 ਅਤੇ 2022 ’ਚ ਹੋਈਆਂ ਦੋ ਵਿਧਾਨ ਸਭਾ ਚੋਣਾਂ ’ਚ ਇਕ ਵਾਰ ਕਾਂਗਰਸ ਅਤੇ ਇਕ ਵਾਰ ਆਮ ਆਦਮੀ ਪਾਰਟੀ ਨੇ ਪੰਥਕ ਪਾਰਟੀ ਨੂੰ ਲਗਾਤਾਰ ਦੋ ਵਾਰ ਹਰਾਉਣ ’ਚ ਕਾਮਯਾਬੀ ਹਾਸਲ ਕੀਤੀ।
ਪਾਠਕਾਂ ਦੇ ਮਨ ਵਿਚ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਤਰਨਤਾਰਨ ਦੀ ਚੋਣ ਵਿਚ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਹਿੱਸਾ ਲੈ ਰਹੀਆਂ ਹਨ ਅਤੇ ਅਕਾਲੀ ਦਲ ਦੇ ਨਾਲ- ਨਾਲ ਹੋਰ ਪਾਰਟੀਆਂ ਵੀ ਇਥੋਂ ਜਿੱਤਦੀਆਂ ਰਹੀਆਂ ਹਨ ਤਾਂ ਫਿਰ ਇਸ ਚੋਣ ਦੇ ਨਤੀਜੇ ਨੂੰ ਅਕਾਲੀ ਦਲ ਦੇ ਧੜਿਆਂ ਲਈ ਹੀ (ਰੈਫਰੈਂਡਮ ) ਜਨਮਤ ਸੰਗ੍ਰਹਿ ਕਿਵੇਂ ਕਿਹਾ ਜਾ ਸਕਦਾ ਹੈ।
ਇਹ ਸਮਝਣ ਲਈ ਸਾਨੂੰ ਅਕਾਲੀ ਦਲ ਦੇ ਪਿਛਲੇ ਸਮੇਂ ਦੇ ਘਟਨਾਕ੍ਰਮ ਨੂੰ ਜਾਣਨਾ ਪਵੇਗਾ। ਜਦੋਂ ਅਕਾਲੀ ਦਲ ਬਾਦਲ ਪਿੱਛਲੇ ਤਿੰਨ ਦਹਾਕੇ ਤੋਂ ਪੰਜਾਬ ਦੀਆਂ ਪੰਥਕ ਸਫਾਂ ਵਿਚ ਇਕ ਚੁਣੌਤੀ ਰਹਿਤ ਪਾਰਟੀ ਵਜੋਂ ਵਿਚਰ ਰਿਹਾ ਸੀ ਪਰ ਇਸ ਦਹਾਕੇ ’ਚ ਅਕਾਲੀ ਦਲ ਨੂੰ ਲਗਾਤਾਰ ਦੋ ਵਿਧਾਨ ਸਭਾ ਅਤੇ ਇਕ ਲੋਕ ਸਭਾ ਚੋਣ ’ਚ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ। 2024 ’ਚ ਲੋਕ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਪਾਰਟੀ ਦੀ ਦੂਜੀ ਕਤਾਰ ਦੀ ਲੀਡਰਸ਼ਿਪ ਇਨ੍ਹਾਂ ਹਾਰਾਂ ਦੀ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੰਮੇ ਪਾ ਕੇ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ਾ ਮੰਗਣ ਲੱਗੀ ਅਤੇ ਸੁਖਬੀਰ ਸਿੰਘ ਬਾਦਲ ਨੇ ਅਸਤੀਫ਼ਾ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ।
ਅਸਤੀਫ਼ਾ ਮੰਗਣ ਵਾਲੇ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫ਼ਾ ਨਾ ਦੇਣ ਤੋਂ ਨਾਰਾਜ਼ ਹੋ ਕੇ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕੀਤੀ ਤੇ ਸੁਖਬੀਰ ਸਿੰਘ ਬਾਦਲ ’ਤੇ ਕਈ ਗੰਭੀਰ ਦੋਸ਼ ਲਾ ਕੇ ਅਕਾਲ ਤਖ਼ਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ, ਜਿਸ ਕਾਰਨ ਅਕਾਲ ਤਖਤ ਦੇ ਉਸ ਸਮੇਂ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਦੋ ਦਸੰਬਰ ਨੂੰ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੇ ਸਾਥੀਆਂ ਅਤੇ ਸ਼ਿਕਾਇਤ ਕਰਨ ਵਾਲੇ ਆਗੂਆਂ ਨੂੰ ਵੀ ਧਾਰਮਿਕ ਅਤੇ ਸਿਆਸੀ ਸਜ਼ਾ ਸੁਣਾਈ। ਧਾਰਮਿਕ ਸਜ਼ਾ ਤਾਂ ਸਭ ਨੇ ਭੁਗਤ ਲਈ ਪਰ ਸਿਆਸੀ ਸਜ਼ਾ ਭੁਗਤਣ ਤੋਂ ਅਕਾਲੀ ਦਲ ਬਾਦਲ ਵੱਲੋਂ ਟਾਲਾ ਵੱਟ ਲਿਆ ਗਿਆ।
ਇਸ ਕਾਰਨ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਵਿਚ ਇਕ ਨਵਾਂ ਅਕਾਲੀ ਦਲ, ਅਕਾਲੀ ਦਲ ਪੁਨਰ ਸੁਰਜੀਤ ਹੋਂਦ ਵਿਚ ਆ ਗਿਆ, ਜਿਸ ਕਾਰਨ ਅਕਾਲੀ ਦਲ ਬਾਦਲ ਦੇ ਕ਼ਈ ਵੱਡੇ ਲੀਡਰ ਇਸ ਅਕਾਲੀ ਦਲ ਦੇ ਆਗੂ ਬਣ ਗਏ। ਇਸ ਤੋਂ ਇਲਾਵਾ ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਖਡੂਰ ਸਾਹਿਬ ਤੋਂ ਜਿੱਤੇ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਅਾਜ਼ਾਦ ਉਮੀਦਵਾਰ ਵਜੋਂ ਜਿੱਤੇ ਸਰਬਜੀਤ ਸਿੰਘ ਖਾਲਸਾ ਵੱਲੋਂ ਮਿਲ ਕੇ ਨਵਾਂ ਅਕਾਲੀ ਦਲ ‘‘ਅਕਾਲੀ ਦਲ ਵਾਰਿਸ ਪੰਜਾਬ ਦੇ’’ ਬਣਾ ਕੇ ਤਰਨਤਾਰਨ ਵਿਖੇ ਹੋ ਰਹੀ ਜ਼ਿਮਨੀ ਚੋਣ ਲਈ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਸੁਧੀਰ ਕੁਮਾਰ ਸੂਰੀ ਅਤੇ ਸੂਬਾ ਸਿੰਘ ਨੂੰ ਮਾਰਨ ਦੇ ਇਲਜ਼ਾਮ ਅਧੀਨ ਜੇਲ ਵਿਚ ਬੰਦ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਅਤੇ ਇਸ ਉਮੀਦਵਾਰ ਨੂੰ ਅਕਾਲੀ ਦਲ ਪੁਨਰ ਸੁਰਜੀਤ, ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਪੰਥਕ ਧਿਰਾਂ ਵੱਲੋਂ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ। ਦੂਜੇ ਪਾਸੇ ਅਕਾਲੀ ਦਲ ਬਾਦਲ ਨੇ ਵੀ ਇਕ ਧਰਮੀ ਫੌਜੀ ਦੀ ਪਤਨੀ ਸੁਖਵਿੰਦਰ ਕੌਰ ਨੂੰ ਉਮੀਦਵਾਰ ਬਣਾਇਆ ਅਤੇ ਅਕਾਲੀ ਦਲ ਬਾਦਲ ਨੇ ਉਸ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ।
ਅਕਾਲੀ ਦਲ ਦੇ ਦੋਵੇਂ ਧੜੇ ਆਪਣੇ ਆਪ ਨੂੰ ਅਸਲੀ ਪੰਥਕ ਹੋਣ ਦਾ ਦਾਅਵਾ ਕਰਨ ਦੇ ਨਾਲ-ਨਾਲ ਆਪਣੇ ਆਪਣੇ ਉਮੀਦਵਾਰ ਨੂੰ ਕੁਰਬਾਨੀ ਵਾਲੇ ਪਰਿਵਾਰ ਨਾਲ ਸਬੰਧਤ ਹੋਣ ਦੇ ਦਾਅਵੇ ਕਾਰਨ ਪੰਥਕ ਵੋਟਾਂ ਭੁਗਤਣ ਦੀ ਆਸ ਲਾਈ ਬੈਠੇ ਹਨ।
ਇਸ ਕਰ ਕੇ ਤਰਨਤਾਰਨ ਦੀ ਜ਼ਿਮਨੀ ਚੋਣ ਸਿਰਫ ਅਕਾਲੀ ਧੜਿਆਂ ਦੇ ਭਵਿੱਖ ਲਈ ਹੀ ਨਹੀਂ ਸਗੋਂ ਪੰਜਾਬ ਦੀ ਪੰਥਕ ਸਿਆਸਤ ਦੀ ਦਿਸ਼ਾ ਲਈ ਵੀ ਇਕ ਮਹੱਤਵਪੂਰਨ ਅਤੇ ਨਿਰਣਾਇਕ ਮੋੜ ਮੰਨੀ ਜਾ ਰਹੀ ਹੈ। ਪਿਛਲੇ ਕੁਝ ਸਾਲਾਂ ’ਚ ਧਾਰਮਿਕ ਮੁੱਦਿਆਂ ਅਤੇ ਪੰਥਕ ਪ੍ਰਤੀਕਾਂ ਦੇ ਸਿਆਸੀ ਇਸਤੇਮਾਲ ਕਾਰਨ ਵਧੀਆ ਤਕਰਾਰਾਂ ਨੇ ਸਿੱਖ ਰਾਜਨੀਤੀ ਨੂੰ ਬੁਰੀ ਤਰ੍ਹਾਂ ਵੰਡਿਆ ਹੋਇਆ ਦਿਖਾਇਆ ਹੈ। ਇਨ੍ਹਾਂ ਹਾਲਾਤ ਦੌਰਾਨ ਇਸ ਚੋਣ ਦੇ ਨਤੀਜੇ ਤੋਂ ਇਹ ਸਾਫ ਹੋ ਜਾਵੇਗਾ ਕਿ ਆਮ ਪੰਥਕ ਵੋਟਰ ਕਿਸ ਧਿਰ ਨਾਲ ਖੜਨਾ ਚਾਹੁੰਦਾ ਹੈ,
ਅਕਾਲੀ ਧੜਿਆਂ ਲਈ ਇਹ ਚੋਣ ਜਿਥੇ ਬਾਕੀ ਰਾਸ਼ਟਰੀ ਸਿਆਸੀ ਪਾਰਟੀਆਂ ਤੋਂ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਵਜੋਂ ਦੇਖੀ ਜਾ ਰਹੀ ਹੈ, ਉਥੇ ਦੋਵੇਂ ਅਕਾਲੀ ਧੜਿਆਂ ਲਈ ਆਪਸੀ ਮੁਕਾਬਲੇ ਵਜੋਂ ਜ਼ਿਆਦਾ ਮੰਨੀ ਜਾ ਰਹੀ ਹੈ। ਸਿਆਸੀ ਮਾਹਿਰਾਂ ਦੀ ਰਾਏ ਮੁਤਾਬਿਕ ਤਰਨਤਾਰਨ ਦੀ ਚੋਣ ਦਾ ਨਤੀਜਾ ਅਕਾਲੀ ਦਲਾਂ ਲਈ ਇਕ ਰੈਫਰੈਂਡਮ ਵਜੋਂ ਮੰਨਿਆ ਜਾਵੇਗਾ।
ਇਸ ਚੋਣ ਵਿਚ ਅੱਗੇ ਰਹਿਣ ਵਾਲੇ ਅਕਾਲੀ ਦਲ ਨੂੰ ਹੀ ਪੰਥਕ ਪਾਰਟੀ ਵਜੋਂ ਮਾਨਤਾ ਮਿਲੇਗੀ ਅਤੇ ਉਹੀ ਧੜਾ ਪੰਥਕ ਰਾਜਨੀਤੀ ਦਾ ਕੇਂਦਰ ਬਣੇਗਾ ਪਰ ਜੇ ਨਤੀਜਾ ਮਿਲਿਆ -ਜੁਲਿਆ ਰਿਹਾ ਤਾਂ ਪੰਥਕ ਸਿਆਸਤ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਸ਼ਸ਼ੋਪੰਜ ਦੀ ਸਥਿਤੀ ’ਚ ਰਹੇਗੀ।
ਇਕਬਾਲ ਸਿੰਘ ਚੰਨੀ
