‘ਰੇਲ ਸੇਵਾਵਾਂ ਦਾ ਵਿਸਥਾਰ ਜ਼ਰੂਰੀ’ ਗੱਡੀਆਂ ਦਾ ਲੇਟ ਆਉਣਾ ਵੀ ਰੋਕਿਆ ਜਾਏ!
Thursday, Oct 09, 2025 - 03:54 AM (IST)

ਭਾਰਤ ਰੇਲ ਨੈੱਟਵਰਕ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ ਜੋ ਆਪਣੀਆਂ ਸੇਵਾਵਾਂ ’ਚ ਲਗਾਤਾਰ ਵਿਸਥਾਰ ਕਰ ਰਿਹਾ ਹੈ। ਭਾਰਤੀ ਰੇਲਾਂ ਰੋਜ਼ਾਨਾ 2.40 ਕਰੋੜ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਂਦੀਆਂ ਹਨ।
ਇਸੇ ਸਿਲਸਿਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਹੋਈ ਕੈਬਨਿਟ ਦੀ ਮੀਟਿੰਗ ’ਚ 7 ਅਕਤੂਬਰ ਨੂੰ ਰੇਲ ਯਾਤਰੀਅਾਂ ਲਈ ‘ਦੀਵਾਲੀ’ ਅਤੇ ‘ਛੱਠ’ ਤਿਓਹਾਰਾਂ ’ਤੇ ਅਾਪਣੇ ਰਾਜਾਂ ਨੂੰ ਜਾਣ ਵਾਲੇ ਯਾਤਰੀਅਾਂ ਦੀ ਸਹੂਲਤ ਲਈ 12000 ਸਪੈਸ਼ਲ ਰੇਲ ਗੱਡੀਅਾਂ ਚਲਾਉਣ ਦਾ ਫੈਸਲਾ ਕੀਤਾ ਗਿਅਾ ਹੈ।
ਇਸ ਦੇ ਨਾਲ ਹੀ ਬੈਠਕ ’ਚ 24634 ਕਰੋੜ ਰੁਪਏ ਦੀ ਲਾਗਤ ਵਾਲੇ 4 ਨਵੇਂ ਰੇਲ ਪ੍ਰਾਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਜਿਨ੍ਹਾਂ ਦਾ ਉਦੇਸ਼ ਰੇਲ ਸੇਵਾਵਾਂ ਦਾ ਵਿਸਥਾਰ ਅਤੇ ਅਾਧੁਨਿਕੀਕਰਨ ਕਰਨਾ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਅਨੁਸਾਰ ‘‘ ਇਹ ਸਾਰੇ ਪ੍ਰਾਜੈਕਟ ਤਿੰਨ ਤੋਂ ਪੰਜ ਸਾਲਾਂ ’ਚ ਪੂਰੇ ਕੀਤੇ ਜਾਣਗੇ ਅਤੇ ਇਨ੍ਹਾਂ ਨਾਲ ਭਾਰਤੀ ਰੇਲਵੇ ਦੇ ਨੈੱਟਵਰਕ ’ਚ 894 ਕਿਲੋਮੀਟਰ ਦਾ ਵਾਧਾ ਹੋਵੇਗਾ।’’
ਰੇਲ ਸਹੂਲਤਾਂ ਦਾ ਵਿਸਥਾਰ ਕਰਨ ਦੇ ਨਾਲ-ਨਾਲ ਰੇਲ ਮੰਤਰੀ ਨੂੰ ਮੌਜੂਦਾ ਸਮੇਂ ’ਚ ਚਲਾਈਅਾਂ ਜਾ ਰਹੀਅਾਂ ਯਾਤਰੀ ਰੇਲ ਗੱਡੀਅਾਂ ਦਾ ਲੇਟ ਅਾਉਣਾ ਖਤਮ ਕਰਕੇ ਇਨ੍ਹਾਂ ਦਾ ਸਮੇਂ ਸਿਰ ਚੱਲਣਾ ਵੀ ਯਕੀਨੀ ਕਰਨਾ ਚਾਹੀਦਾ ਹੈ। ਇਸ ਸਮੇਂ ਦੇਸ਼ ’ਚ ਲਗਭਗ 17 ਫੀਸਦੀ ਯਾਤਰੀ ਰੇਲ ਗੱਡੀਅਾਂ ਨਿਰਧਾਰਤ ਸਮੇਂ ਤੋਂ ਕਈ-ਕਈ ਘੰਟੇ ਲੇਟ ਚੱਲ ਰਹੀਅਾਂ ਹਨ।
‘ਸੂਚਨਾ ਦਾ ਅਧਿਕਾਰ’ ਦੇ ਅਧੀਨ ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2022-23 ’ਚ 1,42,897 ਯਾਤਰੀ ਰੇਲ ਗੱਡੀਅਾਂ ਦੇ ਅਾਪਣੇ ਤਹਿ ਸਮੇਂ ’ਤੇ ਨਾ ਅਾਉਣ ਦੇ ਕਾਰਨ ਯਾਤਰੀਅਾਂ ਦੇ 1,10,88,191 ਮਿੰਟ ਤੋਂ ਵੱਧ ਸਮੇਂ ਦਾ ਨੁਕਸਾਨ ਹੋਇਅਾ। ਘੰਟਿਅਾਂਬੱਧੀ ਲੇਟ ਚੱਲ ਰਹੀਅਾਂ ਗੱਡੀਅਾਂ ਦੀ ਉਡੀਕ ’ਚ ਸਰਦੀ-ਗਰਮੀ , ਧੁੱਪ ਅਤੇ ਬਰਸਾਤ ’ਚ ਪਲੇਟਫਾਰਮਾਂ ’ਤੇ ਯਾਤਰੀਅਾਂ ਨੂੰ ਜਿਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਦਾ ਅਨੁਮਾਨ ਉਹੀ ਲਗਾ ਸਕਦੇ ਹਨ ਜਿਨ੍ਹਾਂ ਨੂੰ ਇਸ ਦਾ ਤਜਰਬਾ ਹੋਇਅਾ ਹੋਵੇ।
ਇਸ ਮਾਮਲੇ ’ਚ ਸਾਨੂੰ ਜਾਪਾਨ ਤੋਂ ਸਬਕ ਲੈਣ ਦੀ ਲੋੜ ਹੈ ਜਿੱਥੇ ਇਸੇ ਸਾਲ 9 ਅਗਸਤ ਨੂੰ ‘ਸ਼ਿਵਨਸੇਨ ਲਾਈਨ’ ਅਤੇ ਇਕ ਟਰੇਨ ਦੇ 35 ਸੈਕਿੰਡ ਲੇਟ ਹੋਣ ’ਤੇ ਜਨਤਕ ਤੌਰ ’ਤੇ ਮਾਫੀ ਮੰਗੀ ਗਈ ਸੀ।
-ਵਿਜੇ ਕੁਮਾਰ