ਸੁਪਨੇ ਪੂਰੇ ਕਰਨ ਦਾ ਰਾਹ ‘ਡੰਕੀ ਰੂਟ’ ਨਹੀਂ

Tuesday, Mar 04, 2025 - 02:49 PM (IST)

ਸੁਪਨੇ ਪੂਰੇ ਕਰਨ ਦਾ ਰਾਹ ‘ਡੰਕੀ ਰੂਟ’ ਨਹੀਂ

90 ਦੇ ਦਹਾਕੇ ਤੋਂ ਪੰਜਾਬੀਆਂ ਦੀ ਵਿਦੇਸ਼ ਜਾਣ ਦੀ ਇੱਛਾ ਘੱਟ ਨਹੀਂ ਹੋਈ ਹੈ। ਬਿਹਤਰ ਜੀਵਨਸ਼ੈਲੀ ਲਈ ਵਿਦੇਸ਼ ਜਾ ਕੇ ਆਪਣੇ ਸੁਪਨੇ ਪੂਰੇ ਕਰਨਾ ਕੋਈ ਗਲਤ ਗੱਲ ਨਹੀਂ ਪਰ ਜੋ ਗੈਰ-ਕਾਨੂੰਨੀ ਰਸਤਿਆਂ ਭਾਵ ‘ਡੰਕੀ ਰੂਟ’ ਰਾਹੀਂ ਜਾਣ ਦੀ ਆਪਣੇ ਬਜ਼ੁਰਗਾਂ ਦੀ ਜ਼ਮੀਨ-ਜਾਇਦਾਦ, ਇੱਜ਼ਤ-ਮਾਣ ਅਤੇ ਇੱਥੋਂ ਤੱਕ ਕਿ ਆਪਣੀ ਜਾਨ ਵੀ ਦਾਅ ’ਤੇ ਲਾਉਣ ਵਾਲਿਆਂ ਦੀ ਹੱਡ-ਬੀਤੀ ਦਿਲ ਦਹਿਲਾਉਣ ਵਾਲੀ ਹੈ। ਅਮਰੀਕਾ ਵੱਲੋਂ ਹਾਲ ਹੀ ਵਿਚ ਅੰਮ੍ਰਿਤਸਰ ਹਵਾਈ ਅੱਡੇ ’ਤੇ ਹੱਥਕੜੀਆਂ ਅਤੇ ਬੇੜੀਆਂ ਲਾ ਕੇ ਵਾਪਸ ਭੇਜੇ ਗਏ 332 ਗੈਰ-ਕਾਨੂੰਨੀ ਪ੍ਰਵਾਸੀਆਂ ਵਿਚੋਂ 128 ਪੰਜਾਬੀ ਹਨ।

ਪਿਛਲੇ ਤਿੰਨ ਦਹਾਕਿਆਂ ਵਿਚ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਵੱਲ ਪ੍ਰਵਾਸ ਕਰਨ ਵਾਲੇ ਬਹੁਤ ਸਾਰੇ ਪੰਜਾਬੀਆਂ ਨੇ ਇਨ੍ਹਾਂ ਦੇਸ਼ਾਂ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ ਪਰ ਬਦਲੇ ਹੋਏ ਹਾਲਾਤ ਵਿਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ ਦੇ ਝਾਂਸੇ ’ਚ ਫਸੇ ਘੱਟ ਪੜ੍ਹੇ-ਲਿਖੇ ਅਤੇ ਗੈਰ-ਹੁਨਰਮੰਦ ਲੋਕਾਂ ਵਲੋਂ ਡੰਕੀ ਰੂਟ ਦਾ ਖਤਰਨਾਕ ਰੁਝਾਨ ਤੇਜ਼ੀ ਨਾਲ ਵਧਿਆ ਹੈ। ਡੰਕੀ ਰੂਟ ਰਾਹੀਂ ਵਿਦੇਸ਼ ਜਾਣ ਵਾਲੇ ਹਜ਼ਾਰਾਂ ਨੌਜਵਾਨ ਹਰ ਸਾਲ ਲਾਪਤਾ ਹੋ ਜਾਂਦੇ ਹਨ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਮਨੁੱਖੀ ਸਮੱਗਲਰਾਂ ਦਾ ਸ਼ਿਕਾਰ ਹੋ ਜਾਂਦੇ ਹਨ। 2022 ਵਿਚ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ 60,000 ਭਾਰਤੀਆਂ ਵਿਚੋਂ ਲਗਭਗ 30,000 ਪੰਜਾਬੀ ਸਨ।

ਬਹੁਤ ਸਾਰੇ ਪਰਿਵਾਰ ਦਲਾਲਾਂ ਦੇ ਝਾਂਸੇ ਵਿਚ ਫਸ ਕੇ ਆਪਣਾ ਸਭ ਕੁਝ ਦਾਅ ’ਤੇ ਲਾ ਦਿੰਦੇ ਹਨ ਪਰ ਬਦਲੇ ਵਿਚ ਉਨ੍ਹਾਂ ਨੂੰ ਸਿਰਫ਼ ਦਰਦ ਅਤੇ ਅਸੁਰੱਖਿਆ ਹੀ ਮਿਲਦੀ ਹੈ। ਬਹੁਤ ਸਾਰੇ ਨੌਜਵਾਨ ਸਾਲਾਂ-ਬੱਧੀ ਘਰ ਵਾਪਸ ਨਹੀਂ ਆ ਸਕਦੇ, ਕੁਝ ਜੇਲਾਂ ਵਿਚ ਬੰਦ ਹੋ ਜਾਂਦੇ ਹਨ ਅਤੇ ਕੁਝ ਇਸ ਸਫਰ ਵਿਚ ਆਪਣੀਆਂ ਜਾਨਾਂ ਤੱਕ ਵੀ ਗੁਆ ਦਿੰਦੇ ਹਨ। ਪਿਛਲੇ ਤਿੰਨ ਸਾਲਾਂ ਵਿਚ ਅਮਰੀਕਾ-ਮੈਕਸੀਕੋ ਸਰਹੱਦ ’ਤੇ 500 ਤੋਂ ਵੱਧ ਭਾਰਤੀਆਂ ਦੀ ਮੌਤ ਦਰਜ ਕੀਤੀ ਗਈ ਹੈ।

ਜਿਹੜੇ ਲੋਕ ਕਿਸੇ ਤਰ੍ਹਾਂ ਉੱਥੇ ਪਹੁੰਚ ਜਾਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਗੁਲਾਮੀ ਤੋਂ ਘੱਟ ਨਹੀਂ ਹੁੰਦੀ। ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚ ਸਖ਼ਤ ਨਿਯਮਾਂ ਕਾਰਨ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸਥਾਈ ਨਿਵਾਸ ਨਹੀਂ ਮਿਲਦਾ। ਜਾਇਜ਼ ਦਸਤਾਵੇਜ਼ਾਂ ਤੋਂ ਬਿਨਾਂ ਉਹ ਜਾਂ ਤਾਂ ਮਜ਼ਦੂਰੀ ਕਰਨ ਲਈ ਮਜਬੂਰ ਹੁੰਦੇ ਹਨ ਜਾਂ ਉਨ੍ਹਾਂ ਨੂੰ ਅਣਮਨੁੱਖੀ ਹਾਲਾਤ ਵਿਚ ਰਹਿਣਾ ਪੈਂਦਾ ਹੈ।

ਅਮਰੀਕਾ ਵਿਚ ਸਾਹਮਣੇ ਆਈ ਇਕ ਤਾਜ਼ਾ ਰਿਪੋਰਟ ਅਨੁਸਾਰ, ‘‘ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਮਹੀਨਿਆਂ ਤੱਕ ਹਿਰਾਸਤ ਕੇਂਦਰਾਂ ਵਿਚ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਿਰਫ 5 ਤੋਂ 7 ਡਾਲਰ ਪ੍ਰਤੀ ਘੰਟਾ ਦੀ ਮਜ਼ਦੂਰੀ ਮਿਲਦੀ ਹੈ ਜੋ ਕਿ ਸਥਾਨਕ ਘੱਟੋ-ਘੱਟ ਉਜਰਤ ਨਾਲੋਂ ਬਹੁਤ ਘੱਟ ਹੈ।’’ ਇਸ ਤੋਂ ਇਲਾਵਾ ਉਨ੍ਹਾਂ ਨੂੰ ਸਿਹਤ ਸੇਵਾਵਾਂ ਅਤੇ ਕਾਨੂੰਨੀ ਸੁਰੱਖਿਆ ਦਾ ਕੋਈ ਅਧਿਕਾਰ ਨਹੀਂ ਹੁੰਦਾ। ਕੁਝ ਮਾਮਲਿਆਂ ਵਿਚ ਗੈਰ-ਕਾਨੂੰਨੀ ਤੌਰ ’ਤੇ ਆਉਣ ਵਾਲਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਨਜ਼ਰਬੰਦੀ ਕੇਂਦਰਾਂ ਵਿਚ ਜਾਨਵਰਾਂ ਵਾਂਗ ਰੱਖਿਆ ਜਾਂਦਾ ਹੈ।

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਅਨੁਸਾਰ 2022 ਵਿਚ 15,000 ਤੋਂ ਵੱਧ ਭਾਰਤੀਆਂ ਨੂੰ ਗੈਰ-ਕਾਨੂੰਨੀ ਤੌਰ ’ਤੇ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਬਹੁਤ ਸਾਰੇ ਨੌਜਵਾਨਾਂ ਨੂੰ ਜੇਲਾਂ ’ਚ ਕੈਦ ਹੋ ਜਾਣ ਕਾਰਨ ਅਤੇ ਸਾਲਾਂ-ਬੱਧੀ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ।

ਪੰਜਾਬ ਵਿਚ ਬੇਰੋਜ਼ਗਾਰੀ ਇਕ ਗੰਭੀਰ ਸਮੱਸਿਆ ਹੈ ਪਰ ਵਿਦੇਸ਼ਾਂ ਵਿਚ ਜਾ ਕੇ ਵਸਣ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਰਸਤਾ ਡੰਕੀ ਰੂਟ ਨਹੀਂ ਹੈ। ਕਈ ਸਰਕਾਰੀ ਯੋਜਨਾਵਾਂ ਨੌਜਵਾਨਾਂ ਨੂੰ ਨਿੱਜੀ ਹੁਨਰ ਵਿਕਾਸ ਸੰਸਥਾਵਾਂ ਨਾਲ ਸਾਂਝੇਦਾਰੀ ਵਿਚ ਸਵੈ-ਰੋਜ਼ਗਾਰ ਅਤੇ ਹੁਨਰ ਵਿਕਾਸ ਵਿਚ ਮਦਦ ਕਰ ਸਕਦੀਆਂ ਹਨ। ਜੇਕਰ ਸਹੀ ਦਿਸ਼ਾ ਵਿਚ ਯਤਨ ਕੀਤੇ ਜਾਣ ਤਾਂ ਪੰਜਾਬ ਵਿਚ ਹੀ ਇਕ ਰੌਸ਼ਨ ਭਵਿੱਖ ਸਿਰਜਿਆ ਜਾ ਸਕਦਾ ਹੈ।

ਪੰਜਾਬ ਦੇ ਹੁਨਰ ਵਿਕਾਸ ਮਿਸ਼ਨ ਤਹਿਤ 2021-22 ਵਿਚ ਲਗਭਗ 3.5 ਲੱਖ ਨੌਜਵਾਨਾਂ ਨੂੰ ਵੱਖ-ਵੱਖ ਹੁਨਰ ਵਿਕਾਸ ਪ੍ਰੋਗਰਾਮਾਂ ਤਹਿਤ ਸਿਖਲਾਈ ਦਿੱਤੀ ਗਈ। ਮੁਦਰਾ ਯੋਜਨਾ ਦੇ ਤਹਿਤ 2022 ਵਿਚ ਪੰਜਾਬ ਵਿਚ 1.2 ਲੱਖ ਤੋਂ ਵੱਧ ਲੋਕਾਂ ਨੂੰ ਕਰਜ਼ੇ ਦਿੱਤੇ ਗਏ, ਜਿਸ ਨਾਲ ਉਹ ਆਪਣੇ ਛੋਟੇ ਕਾਰੋਬਾਰ ਸ਼ੁਰੂ ਕਰ ਸਕਣ। ਆਧੁਨਿਕ ਤਕਨੀਕਾਂ ਰਾਹੀਂ ਖੇਤੀ ਵਿਚ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ਨੌਜਵਾਨ ਇਸ ਨੂੰ ਇਕ ਲਾਭਦਾਇਕ ਕਾਰੋਬਾਰ ਬਣਾ ਸਕਦੇ ਹਨ।

ਨਾ ਸਿਰਫ਼ ਡਿਜੀਟਲ ਅਤੇ ਆਈ.ਟੀ. ਖੇਤਰਾਂ ਵਿਚ ਸਗੋਂ ਸੁੰਦਰਤਾ-ਤੰਦਰੁਸਤੀ ਖੇਤਰ ਵਿਚ ਵੀ ਰੋਜ਼ਗਾਰ ਦੇ ਮੌਕੇ ਵਧ ਰਹੇ ਹਨ। 2015 ਤੋਂ ਲੈ ਕੇ ਹੁਣ ਤੱਕ 1.3 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਹੁਨਰ ਵਿਕਾਸ ਪ੍ਰੋਗਰਾਮਾਂ ਤਹਿਤ ਸਿਖਲਾਈ ਦਿੱਤੀ ਗਈ ਹੈ। ਸਿਰਫ਼ ਉੱਚ ਡਿਗਰੀ ਪ੍ਰਾਪਤ ਕਰਨਾ ਸਫਲਤਾ ਦੀ ਗਾਰੰਟੀ ਨਹੀਂ ਦਿੰਦਾ। ਜੇਕਰ ਕੋਈ ਨੌਜਵਾਨ ਡਿਗਰੀ ਲੈਣ ਤੋਂ ਬਾਅਦ ਵੀ ਬੇਰੋਜ਼ਗਾਰ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਵਿਦੇਸ਼ ਜਾਣ ਨਾਲ ਸਮੱਸਿਆ ਹੱਲ ਹੋ ਜਾਵੇਗੀ। ਇਸ ਦੇ ਨਾਲ ਹੀ ਭਾਵੇਂ ਕੋਈ ਘੱਟ ਪੜ੍ਹਿਆ-ਲਿਖਿਆ ਹੈ, ਉਹ ਆਪਣੇ ਹੁਨਰ ਨੂੰ ਮਜ਼ਬੂਤ ​​ਕਰ ਕੇ ਚੰਗੀ ਜ਼ਿੰਦਗੀ ਜਿਊਣ ਦੇ ਮੌਕੇ ਪ੍ਰਾਪਤ ਕਰ ਸਕਦਾ ਹੈ। ਭਾਰਤ ਵਿਚ ਬਹੁਤ ਸਾਰੇ ਅਜਿਹੇ ਹੁਨਰ ਵਿਕਾਸ ਪ੍ਰੋਗਰਾਮ ਚੱਲ ਰਹੇ ਹਨ ਜੋ ਘੱਟ ਪੜ੍ਹੇ-ਲਿਖੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾ ਸਕਦੇ ਹਨ।

ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਹੁਨਰ ਵਿਕਾਸ ਯੋਜਨਾ ਤਹਿਤ ਹਜ਼ਾਰਾਂ ਨੌਜਵਾਨ ਇਲੈਕਟ੍ਰਿਕ, ਪਲੰਬਿੰਗ, ਮਸ਼ੀਨ ਆਪ੍ਰੇਟਰ , ਗ੍ਰਾਫਿਕ ਡਿਜ਼ਾਈਨਿੰਗ, ਡਿਜੀਟਲ ਮਾਰਕੀਟਿੰਗ ਵਰਗੇ ਖੇਤਰਾਂ ਵਿਚ ਸਿਖਲਾਈ ਲੈ ਕੇ ਆਤਮਨਿਰਭਰ ਬਣ ਰਹੇ ਹਨ। 2023 ਵਿਚ ਇਕੱਲੇ ਪੰਜਾਬ ਵਿਚ 50,000 ਤੋਂ ਵੱਧ ਨੌਜਵਾਨਾਂ ਨੇ ਵੱਖ-ਵੱਖ ਹੁਨਰ ਵਿਕਾਸ ਕੋਰਸ ਪੂਰੇ ਕੀਤੇ ਹਨ।

ਜੇਕਰ ਨੌਜਵਾਨ ਕਿਸੇ ਵੀ ਖੇਤਰ ਵਿਚ ਮੁਹਾਰਤ ਹਾਸਲ ਕਰ ਲੈਣ ਤਾਂ ਉਹ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿਚ ਹੀ ਇਕ ਰੌਸ਼ਨ ਭਵਿੱਖ ਬਣਾ ਸਕਦੇ ਹਨ। ਆਈ.ਟੀ., ਸੈਰ-ਸਪਾਟਾ, ਸੁੰਦਰਤਾ-ਤੰਦਰੁਸਤੀ, ਫੂਡ ਪ੍ਰੋਸੈਸਿੰਗ ਅਤੇ ਈ-ਕਾਮਰਸ ਦੇ ਖੇਤਰਾਂ ਵਿਚ ਅਸੀਮ ਸੰਭਾਵਨਾਵਾਂ ਹਨ। ਵਿਦੇਸ਼ਾਂ ਤੋਂ ਵਾਪਸ ਆਏ ਬਹੁਤ ਸਾਰੇ ਪੰਜਾਬੀ ਹੁਣ ਆਪਣੇ ਪਿੰਡਾਂ ਵਿਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਹੇ ਹਨ ਜੋ ਕਿ ਹੋਰ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਡੰਕੀ ਰੂਟ ਰਾਹੀਂ ਵਿਦੇਸ਼ ਜਾਣ ਲਈ ਜਾਨ ਅਤੇ ਲੱਖਾਂ ਰੁਪਏ ਦਾਅ ’ਤੇ ਲਾਉਣ ਦੀ ਬਜਾਏ ਜੇਕਰ ਮਾਮੂਲੀ ਫੀਸ ’ਤੇ ਕੋਈ ਹੁਨਰ ਸਿੱਖੇ ਅਤੇ ਆਪਣਾ ਕਾਰੋਬਾਰ ਸ਼ੁਰੂ ਕਰੇ ਤਾਂ ਇਕ ਬਿਹਤਰ ਭਵਿੱਖ ਯਕੀਨੀ ਬਣਾਇਆ ਜਾ ਸਕਦਾ ਹੈ।

–ਦਿਨੇਸ਼ ਸੂਦ


author

Tanu

Content Editor

Related News