ਮਹਾਰਾਸ਼ਟਰ ’ਚ ‘ਅਧਿਆਪਕ-ਅਧਿਆਪਿਕਾਵਾਂ’ ਲਈ ਨਵਾਂ ‘ਡ੍ਰੈੱਸ ਕੋਡ’

Sunday, Mar 17, 2024 - 02:41 AM (IST)

ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ ਵੱਖ-ਵੱਖ ਕੰਮਾਂ ਨਾਲ ਜੁੜੇ ਲੋਕਾਂ ਲਈ ਇਕ ਡ੍ਰੈੱਸ ਕੋਡ ਬਣਿਆ ਹੋਇਆ ਹੈ। ਉਦਾਹਰਣ ਵਜੋਂ ਹਸਪਤਾਲਾਂ ’ਚ ਡਾਕਟਰ ਚਿੱਟਾ ਕੋਟ ਪਹਿਨਦੇ ਹਨ ਅਤੇ ਅਦਾਲਤਾਂ ’ਚ ਵਕੀਲ ਕਾਲਾ ਕੋਟ ਪਹਿਨਦੇ ਹਨ।

ਚਿੱਟਾ ਕੋਟ ਡਾਕਟਰ ਦੇ ਸ਼ਾਂਤੀਪੂਰਨ ਸੁਭਾਅ ਨੂੰ ਦਰਸਾਉਂਦਾ ਹੈ ਅਤੇ ਰੋਗੀ ਦੀਆਂ ਅੱਖਾਂ ਨੂੰ ਵੀ ਸਕੂਨ ਦਿੰਦਾ ਹੈ। ਇਸ ’ਚ ਇਕ ਵੱਡੀ ਜੇਬ ਵੀ ਹੁੰਦੀ ਹੈ ਜਿਸ ’ਚ ਉਹ ਤੱਤਕਾਲ ਲੋੜ ਪੈਣ ’ਤੇ ਮੈਡੀਕਲ ਨਾਲ ਸਬੰਧਤ ਸਾਮਾਨ ਰੱਖ ਸਕਦੇ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਚਿੱਟੇ ਕੱਪੜੇ ’ਤੇ ਗੰਦਗੀ ਦਾ ਤੁਰੰਤ ਪਤਾ ਲੱਗ ਜਾਂਦਾ ਹੈ, ਜਦ ਕਿ ਡਾਕਟਰੀ ਦੇ ਪੇਸ਼ੇ ’ਚ ਸਫਾਈ ਦਾ ਬਹੁਤ ਮਹੱਤਵ ਹੈ।

ਜਿੱਥੋਂ ਤਕ ਵਕੀਲਾਂ ਦੇ ਕਾਲੇ ਰੰਗ ਦੇ ਕੋਟ ਦਾ ਸਬੰਧ ਹੈ, ਦੱਸਿਆ ਜਾਂਦਾ ਹੈ ਕਿ ਇਹ ਡ੍ਰੈੱਸ ਕੋਡ ਵਕੀਲਾਂ ’ਚ ਅਨੁਸ਼ਾਸਨ ਲਿਆਉਂਦਾ ਹੈ ਅਤੇ ਨਿਆਂ ਪ੍ਰਤੀ ਉਨ੍ਹਾਂ ’ਚ ਵਿਸ਼ਵਾਸ ਨੂੰ ਵਧਾਉਂਦਾ ਹੈ। ਕਈ ਧਰਮ ਸਥਾਨਾਂ ’ਚ ਦਾਖਲੇ ਲਈ ਵੀ ਡ੍ਰੈੱਸ ਕੋਡ ਨਿਰਧਾਰਤ ਹੈ।

ਇਸੇ ਤਰ੍ਹਾਂ ਕਿਉਂਕਿ ਅਧਿਆਪਨ ਨਾਲ ਜੁੜੇ ਵਿਅਕਤੀ ’ਚ ਵੀ ਬੁੱਧੀਮਤਾ ਅਤੇ ਅਨੁਸ਼ਾਸਨ ਦੀ ਝਲਕ ਦਿਖਾਈ ਦੇਣੀ ਚਾਹੀਦੀ ਹੈ, ਇਸ ਲਈ ਇਸੇ ਲੜੀ ’ਚ ਹੁਣ ਮਹਾਰਾਸ਼ਟਰ ’ਚ ਅਧਿਆਪਕਾਂ ਲਈ ਨਵਾਂ ਡ੍ਰੈੱਸ ਕੋਡ ਲਾਗੂ ਕੀਤਾ ਗਿਆ ਹੈ।

ਇਸ ਦੇ ਤਹਿਤ 15 ਮਾਰਚ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਔਰਤ ਅਧਿਆਪਕ ਸਾੜ੍ਹੀ, ਸਲਵਾਰ-ਸੂਟ ਪਹਿਨ ਸਕਦੀਆਂ ਹਨ। ਮਰਦ ਅਧਿਆਪਕਾਂ ਨੂੰ ਸ਼ਰਟ ਅਤੇ ਟ੍ਰਾਊਜ਼ਰ ਪਹਿਨਣਾ ਹੋਵੇਗਾ ਅਤੇ ਜੀਨਸ ਤੇ ਟੀ-ਸ਼ਰਟ ਪਹਿਨਣ ਦੀ ਆਗਿਆ ਨਹੀਂ ਹੋਵੇਗੀ।

ਇਹ ਫੈਸਲਾ ਪੂਰੇ ਮਹਾਰਾਸ਼ਟਰ ’ਚ ਵਿਦਿਆਰਥੀਆਂ ਵਿਚਾਲੇ ਅਧਿਆਪਕ-ਅਧਿਆਪਿਕਾਵਾਂ ਦੇ ਅਕਸ ਨੂੰ ਬਿਹਤਰ ਬਣਾਉਣ ਲਈ ਕੀਤਾ ਗਿਆ ਹੈ। ਸੂਬੇ ਦੇ ਸਿੱਖਿਆ ਵਿਭਾਗ ਨੇ ਇਸ ਨੂੰ ਸਾਰੇ ਅਧਿਆਪਕਾਂ ਲਈ ਲਾਜ਼ਮੀ ਕਰ ਦਿੱਤਾ ਹੈ।

ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਅਧਿਆਪਕ-ਅਧਿਆਪਿਕਾਵਾਂ ਪ੍ਰਤੀ ਵਿਦਿਆਰਥੀਆਂ ’ਚ ਆਦਰ ਭਾਵ ਵਧੇਗਾ, ਉੱਥੇ ਹੀ ਵਿਦਿਆਰਥੀਆਂ ’ਚ ਵੀ ਸ਼ਾਲੀਨ ਡ੍ਰੈੱਸ ਪਹਿਨਣ ਦੀ ਭਾਵਨਾ ਪੈਦਾ ਹੋਵੇਗੀ। ਹੋਰ ਸੂਬਿਆਂ ’ਚ ਵੀ ਮਹਾਰਾਸ਼ਟਰ ਵਾਂਗ ਅਧਿਆਪਕ-ਅਧਿਆਪਿਕਾਵਾਂ ਲਈ ਇਸੇ ਤਰ੍ਹਾਂ ਦਾ ਡ੍ਰੈੱਸ ਕੋਡ ਜਲਦ ਲਾਗੂ ਕੀਤਾ ਜਾਣਾ ਚਾਹੀਦਾ ਹੈ।

-ਵਿਜੇ ਕੁਮਾਰ


Harpreet SIngh

Content Editor

Related News