ਕੇਂਦਰੀ ਸਿੱਖ ਅਜਾਇਬ ਘਰ ’ਚ ਡਾ. ਮਨਮੋਹਨ ਸਿੰਘ ਦੀ ਤਸਵੀਰ : ਸਿੱਖ ਕੌਮ ਗੰਭੀਰਤਾ ਨਾਲ ਵਿਚਾਰ ਕਰੇ

Thursday, May 29, 2025 - 05:00 PM (IST)

ਕੇਂਦਰੀ ਸਿੱਖ ਅਜਾਇਬ ਘਰ ’ਚ ਡਾ. ਮਨਮੋਹਨ ਸਿੰਘ ਦੀ ਤਸਵੀਰ : ਸਿੱਖ ਕੌਮ ਗੰਭੀਰਤਾ ਨਾਲ ਵਿਚਾਰ ਕਰੇ

ਹਾਲ ਹੀ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਐਲਾਨ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ’ਚ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਫੈਸਲੇ ਦਾ ਸਿੱਖਾਂ ਦੇ ਇਕ ਬਹੁਤ ਵੱਡੇ ਤਬਕੇ ਨੇ ਸਵਾਗਤ ਕੀਤਾ ਕਿਉਂਕਿ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਡਾਕਟਰ ਮਨਮੋਹਨ ਸਿੰਘ ਨੇ ਇਮਾਨਦਾਰੀ, ਸਾਦਗੀ ਅਤੇ ਬੁੱਧੀਮਾਨੀ ਆਸਰੇ ਜਿੱਥੇ ਸਿੱਖਾਂ ਦੇ ਅਕਸ ਨੂੰ ਦੁਨੀਆ ਭਰ ’ਚ ਸ਼ਿੰਗਾਰਿਆ ਹੈ ਉੱਥੇ ਸਿੱਖਾਂ ਦੀ ਪਛਾਣ ਦਸਤਾਰ ਦਾ ਮਾਣ ਵੀ ਵਧਾਇਆ ਹੈ। ਪਰ ਇਸਦੇ ਨਾਲ-ਨਾਲ ਸਿੱਖਾਂ ਦੇ ਇਕ ਨਿਗੂਣੇ ਤਬਕੇ ਵੱਲੋਂ ਇਸ ਫੈਸਲੇ ਦਾ ਵਿਰੋਧ ਕਰਦਿਆਂ ਤਰਕ ਦਿੱਤਾ ਗਿਆ ਕਿ ਡਾਕਟਰ ਮਨਮੋਹਨ ਸਿੰਘ ਦੀ ਸਿੱਖਾਂ ਪ੍ਰਤੀ ਕੋਈ ਦੇਣ ਨਹੀਂ ਸੀ ਅਤੇ ਉਹ ਉਸ ਕਾਂਗਰਸ ਪਾਰਟੀ ਦੇ ਮੈਂਬਰ ਸਨ ਜਿਸ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਪਰ ਹਮਲਾ ਕੀਤਾ ਸੀ। ਸਿੱਖ ਕੌਮ ਲਈ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨਾ ਬੜਾ ਜ਼ਰੂਰੀ ਹੈ ਕਿਉਂਕਿ ਇਸ ਮਸਲੇ ’ਚ ਸਿੱਖ ਪਛਾਣ ਦਾ ਭਵਿੱਖ ਲੁਕਿਆ ਹੋਇਆ ਹੈ। ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਅਸੀਂ ਕਿਹੋ ਜਿਹੇ ਦ੍ਰਿਸ਼ਟਾਂਤ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੇਣਾ ਚਾਹੁੰਦੇ ਹਾਂ ? 21ਵੀਂ ਸਦੀ ’ਚ ਸਿੱਖਾਂ ਦੇ ਮਾਰਗਦਰਸ਼ਕ ਕਿਹੋ ਜਿਹੀਆਂ ਸ਼ਖਸੀਅਤਾਂ ਹੋਣੀਆਂ ਚਾਹੀਦੀਆਂ ਹਨ ? ਕਿਉਂਕਿ ਆਪਣੇ ਨਾਇਕਾਂ ਅਤੇ ਦ੍ਰਿਸ਼ਟਾਂਤ ਨੂੰ ਦੇਖ ਕੇ ਹੀ ਇਕ ਪੀੜ੍ਹੀ ਅੱਗੇ ਵਧਦੀ ਹੈ।

ਡਾਕਟਰ ਮਨਮੋਹਨ ਸਿੰਘ ਦੇ ਜੀਵਨ ਅਤੇ ਚਰਿੱਤਰ ਵੱਲ ਝਾਤ ਮਾਰੀਏ ਤਾਂ ਇਸ ਗੱਲ ਤੋਂ ਮੁਨੱਕਰ ਨਹੀਂ ਹੋਇਆ ਜਾ ਸਕਦਾ ਕਿ ਉਨ੍ਹਾਂ ਦਾ ਕਿਰਦਾਰ ਸਿੱਖ ਕਦਰਾਂ ਕੀਮਤਾਂ ਨੂੰ ਪ੍ਰਣਾਇਆ ਹੋਇਆ ਸੀ। ਉਨ੍ਹਾਂ ਨੇ ਆਪਣੇ ਨਿੱਜੀ ਜੀਵਨ ’ਚ ਸਾਦਗੀ, ਹੰਕਾਰ ਤੋਂ ਨਿਰਲੇਪਤਾ ਅਤੇ ਉੱਚ ਵਿਚਾਰ ਦੀ ਭਾਵਨਾ ਨੂੰ ਜਿਉਂ ਕੇ ਦਿਖਾਇਆ। ਉਨ੍ਹਾਂ ਨੇ ਸੱਚਾਈ ਇਮਾਨਦਾਰੀ ਅਤੇ ਨੇਕਨੀਅਤੀ ਦਾ ਪੱਲਾ ਆਪਣੇ ਆਖਰੀ ਸਾਹ ਤੱਕ ਕਦੇ ਵੀ ਨਹੀਂ ਛੱਡਿਆ। ਇਕ ਲੰਬਾ ਸਮਾਂ ਸਿਆਸੀ ਜੀਵਨ ’ਚ ਰਹਿਣ ਦੇ ਬਾਵਜੂਦ ਅਤੇ ਰਿਜ਼ਰਵ ਬੈਂਕ ਦੇ ਗਵਰਨਰ ਅਤੇ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਵੀ ਉਨ੍ਹਾਂ ’ਤੇ ਕਦੇ ਵੀ ਕਿਸੇ ਕਿਸਮ ਦਾ ਨਿਜੀ ਭ੍ਰਿ੍ਸ਼ਟਾਚਾਰ ਦਾ ਦੋਸ਼ ਨਹੀਂ ਲੱਗਿਆ। ਉਨ੍ਹਾਂ ਨੇ ਕਦੇ ਵੀ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਨਿੱਜੀ ਜਾਇਦਾਦ ਇਕੱਠੀ ਨਹੀਂ ਕੀਤੀ, ਜੇ ਗੱਲ ਉੱਚ ਵਿਦਿਆ ਦੀ ਕਰੀਏ ਤਾਂ ਉਨ੍ਹਾਂ ਨੇ ਬਹੁਤ ਹੀ ਗਰੀਬੀ ’ਚੋਂ ਉੱਠ ਕੇ ਉੱਚ ਵਿੱਦਿਆ ਹਾਸਿਲ ਕੀਤੀ ਜਿਸ ’ਚ ਵਿਦੇਸ਼ਾਂ ਦੀਆਂ ਸੰਸਾਰ ਪ੍ਰਸਿੱਧ ਯੂਨੀਵਰਸਿਟੀਆਂ ਤੋਂ ਡਿਗਰੀਆਂ ਸ਼ਾਮਿਲ ਹਨ। ਵਿੱਤ ਮੰਤਰੀ ਹੁੰਦਿਆਂ ਉਨ੍ਹਾਂ ਨੇ ਭਾਰਤ ਨੂੰ ਉਦੋਂ ਇਕ ਬਹੁਤ ਵੱਡੇ ਵਿੱਤੀ ਸੰਕਟ ’ਚੋਂ ਕੱਢ ਕੇ ਤਰੱਕੀ ਦੀਆਂ ਨਵੀਆਂ ਲੀਹਾਂ ’ਤੇ ਤੋਰਿਆ ਜਦੋਂ ਪੂਰਾ ਸੰਸਾਰ ਆਰਥਿਕ ਮੰਦੀ ਨਾਲ ਜੂਝ ਰਿਹਾ ਸੀ ਤੇ ਇਹੀ ਕਾਰਨ ਸੀ ਕਿ ਵਿਸ਼ਵ ਦੇ ਉੱਚ ਕੋਟੀ ਦੇ ਲੀਡਰ ਇਸ ਦਸਤਾਰਧਾਰੀ ਸਿੱਖ ਦੀ ਸਿਆਣਪ ਦਾ ਲੋਹਾ ਮੰਨਦੇ ਸਨ ਅਤੇ ਆਪਣੇ-ਆਪਣੇ ਦੇਸ਼ਾਂ ਨੂੰ ਆਰਥਿਕ ਸੰਕਟ ’ਚੋਂ ਕੱਢਣ ਲਈ ਡਾ. ਸਿੰਘ ਤੋਂ ਸਲਾਹਾਂ ਲੈਂਦੇ ਸਨ। ਜੇ ਗੱਲ ਉਨ੍ਹਾਂ ਦੀ ਪੰਜਾਬ ਅਤੇ ਸਿੱਖਾਂ ਪ੍ਰਤੀ ਦੇਣ ਦੀ ਕਰੀਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦਿਆਂ ਉਨ੍ਹਾਂ ਨੇ ਪੰਜਾਬ ਤੋਂ ਕਦੇ ਵੀ ਮੂੰਹ ਨਹੀਂ ਮੋੜਿਆ ਸੀ। ਜਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਕੋਈ ਮੰਗ ਲੈ ਕੇ ਪ੍ਰਧਾਨ ਮੰਤਰੀ ਕੋਲ ਗਏ ਤਾਂ ਉਸ ਮੰਗ ਦੇ ’ਤੇ ਉਚੇਚਾ ਧਿਆਨ ਦਿੱਤਾ ਗਿਆ ਅਤੇ ਉਸ ਦਾ ਹੱਲ ਵੀ ਕਰਵਾਇਆ ਗਿਆ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਡਾਕਟਰ ਮਨਮੋਹਨ ਸਿੰਘ ਦਾ ਜੀਵਨ ਸਿੱਖੀ ਕਦਰਾਂ-ਕੀਮਤਾਂ ਦੀ ਇਕ ਜਿਉਂਦੀ ਜਾਗਦੀ ਮਿਸਾਲ ਸੀ ਅਤੇ ਪੰਜਾਬ ਪ੍ਰਤੀ ਉਨ੍ਹਾਂ ਦੇ ਮਨ ’ਚ ਇਕ ਅਹਿਮ ਸਥਾਨ ਸੀ।

ਇਹ ਸਵਾਲ ਹੁਣ ਸਿੱਖ ਭਾਈਚਾਰੇ ਅੱਗੇ ਖੜ੍ਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਉਦਾਹਰਣ ਦੇਣਾ ਚਾਹੁੰਦੇ ਹਨ ਕਿ ਸਿੱਖ ਬੱਚੇ ਮਨਮੋਹਨ ਸਿੰਘ ਵੱਲ ਵੇਖ ਕੇ ਵੱਡੇ ਅਰਥਸ਼ਾਸਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਵੇਖਣ ਜਾਂ ਫਿਰ ਅਸਾਲਟ ਰਾਈਫਲਾਂ ਫੜਨ ਅਤੇ ਮਨੁੱਖੀ ਬੰਬ ਬਣਾਉਣ ਵਿਚ ਮੁਹਾਰਤ ਹਾਸਲ ਕਰਨ। ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਦਾ ਵਿਰੋਧ ਕਰਨ ਵਾਲੇ ਅਖੌਤੀ ਪੰਥਕ ਲੋਕ ਉਸ ਵੇਲੇ ਕਿਉਂ ਖਾਮੋਸ਼ ਰਹੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੱਤਾ ’ਚ ਸਨ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 5 ਦਸੰਬਰ 2011 ਨੂੰ ਫਖ਼ਰ-ਏ-ਕੌਮ ਦਾ ਖਿਤਾਬ ਦਿੱਤਾ ਗਿਆ ਸੀ। ਜਿੰਨਾ ਚਿਰ ਸ. ਬਾਦਲ ਸੱਤਾ ’ਚ ਸਨ ਤਾਂ ਇਸ ਖਿਤਾਬ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ ਪਰ ਉਨ੍ਹਾਂ ਦੇ ਸੱਤਾ ’ਚੋਂ ਬਾਹਰ ਹੋਣ ਤੋਂ ਬਾਅਦ ਅਖੌਤੀ ਪੰਥਕ ਲੋਕਾਂ ਨੂੰ ਬਾਦਲ ਦਾ ਵਿਰੋਧ ਕਰਨਾ ਵੀ ਯਾਦ ਆ ਗਿਆ ਜਦੋਂਕਿ ਜੱਗ ਜਾਣਦਾ ਹੈ ਕਿ ਇਹ ਉਹੀ ਬਾਦਲ ਹੈ ਜਿਸ ਤੋਂ ਵਿਰੋਧ ਕਰਨ ਵਾਲੇ ਵੱਖ-ਵੱਖ ਤਰ੍ਹਾਂ ਦੇ ਫਾਇਦੇ ਲੈਂਦੇ ਰਹੇ ਸਨ।

ਜਦੋਂ ਵਿਸ਼ਵ ਪੱਧਰ ਉਤੇ ਕੌਮਾਂ ਵਿਚਾਰ ਕਰਦੀਆਂ ਨੇ ਤੇ ਰਲ ਕੇ ਬੈਠਦੀਆਂ ਨੇ ਉਸ ਵੇਲੇ ਉਹ ਆਪੋ ਆਪਣੇ ਕੌਮੀ ਨਾਇਕਾਂ ਅਤੇ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਦੀ ਉਦਾਹਰਣ ਦਿੰਦੀਆਂ ਹਨ। ਯਹੂਦੀ ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਯਹੂਦੀਆਂ ਦੀ ਉਦਾਹਰਣ ਦਿੰਦੇ ਹਨ, ਅੰਗਰੇਜ਼ ਆਪਣੇ ਵਿਦਵਾਨਾਂ ਤੇ ਚਿੰਤਕਾਂ ਦੀ ਉਦਾਹਰਣ ਦਿੰਦੇ ਹਨ। ਮੇਰਾ ਸਿੱਖਾਂ ਨੂੰ ਇਹ ਸਵਾਲ ਹੈ ਕਿ ਜਦੋਂ ਸਿੱਖ ਕੌਮ ਦੁਨੀਆ ਪੱਧਰ ਉਤੇ ਗੱਲ ਕਰੇਗੀ ਤਾਂ ਕੀ ਉਹ ਸਿੱਖਾਂ ’ਚ ਡਾਕਟਰ ਮਨਮੋਹਨ ਸਿੰਘ ਅਤੇ ਨਰਿੰਦਰ ਸਿੰਘ ਕਪਾਨੀ ਵਰਗੀਆਂ ਸ਼ਖਸੀਅਤਾਂ ਦੀ ਉਦਾਹਰਣ ਦੇਵੇਗੀ ਜਾਂ ਫਿਰ ਮਨੁੱਖੀ ਬੰਬ ਬਣਨ ਤੇ ਬਣਾਉਣ ਵਾਲੇ ਅਤੇ ਅਸਾਲਟਾਂ ਚੁੱਕਣ ਵਾਲਿਆਂ ਦੀ ਉਦਾਹਰਣ ਦੇਵੇਗੀ। ਮੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਹ ਅਪੀਲ ਹੈ ਕਿ ਕਿਸੇ ਵੀ ਦਬਾਅ ਹੇਠ ਆਏ ਬਿਨਾਂ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨੂੰ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ ਕੀਤਾ ਜਾਵੇ, ਕਿਉਂਕਿ ਕਦੇ ਹਾਂ ਤੇ ਕਦੇ ਨਾਂਹ ਦੀ ਪ੍ਰਵਿਰਤੀ ਕਾਰਨ ਸੰਸਥਾ ਅਤੇ ਪ੍ਰਧਾਨ ਦੇ ਅਹੁਦੇ ਪ੍ਰਤੀ ਸਿੱਖਾਂ ’ਚ ਬੇਭਰੋਸਗੀ ਵਧਦੀ ਹੈ। ਇਹ ਸੱਚ ਹਰ ਚਿੰਤਕ ਸਿੱਖ ਮੰਨਦਾ ਹੈ ਕਿ ਜਿੱਥੇ ਕੇਂਦਰੀ ਸਿੱਖ ਅਜਾਇਬ ਘਰ ਉੱਤੇ ਸਿੱਖ ਸੰਘਰਸ਼ ’ਚ ਸ਼ਹੀਦ ਹੋਣ ਵਾਲੇ ਜੁਝਾਰੂ ਸਿੰਘਾਂ ਦਾ ਹੱਕ ਹੈ ਉਥੇ ਹੀ ਬਰਾਬਰੀ ਦਾ ਹੱਕ ਹੋਰ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਸਿੱਖਾਂ ਦਾ ਵੀ ਹੈ, ਜਿਨ੍ਹਾਂ ’ਚ ਡਾਕਟਰ ਮਨਮੋਹਨ ਸਿੰਘ, ਡਾਕਟਰ ਨਰਿੰਦਰ ਸਿੰਘ ਕਪਾਨੀ ਅਤੇ ਹੋਰ ਸਿਰਕੱਢ ਸਿੱਖ ਸ਼ਾਮਲ ਹਨ।

-ਮਨਿੰਦਰ ਸਿੰਘ ਗਿੱਲ (ਮੈਨਜਿੰਗ ਡਾਇਰੈਕਟਰ, ਰੇਡੀਓ ਇੰਡੀਆ, ਸਰੀ, ਕੈਨੇਡਾ)


author

Harpreet SIngh

Content Editor

Related News