ਦਿਵਿਆਂਗਾਂ ਨੂੰ ਹੋਰ ਉਤਸ਼ਾਹ ਵਧਾਉਣ ਦੀ ਲੋੜ ਹੈ

Thursday, Sep 12, 2024 - 01:32 PM (IST)

ਦਿਵਿਆਂਗਾਂ ਨੂੰ ਹੋਰ ਉਤਸ਼ਾਹ ਵਧਾਉਣ ਦੀ ਲੋੜ ਹੈ

ਪੈਰਿਸ ਪੈਰਾਲੰਪਿਕ ’ਚ ਭਾਰਤੀ ਟੀਮ ਦਾ ਪ੍ਰਦਰਸ਼ਨ ਦੇਸ਼ ਦੀ ਸਲਾਮੀ ਦਾ ਹੱਕਦਾਰ ਹੈ। ਪੈਰਿਸ ਓਲੰਪਿਕ ਦੇ ਮੁਕਾਬਲੇ ਪੈਰਾਲੰਪਿਕ ਵਿਚ ਭਾਗ ਲੈਣ ਵਾਲਿਆਂ ਵਲੋਂ ਜਿੱਤੇ ਗਏ ਤਮਗਿਆਂ ਦੀ ਗਿਣਤੀ ਹੀ ਜ਼ਿਆਦਾ ਨਹੀਂ ਸੀ, ਸਗੋਂ ਮੁਸ਼ਕਲ ਅਤੇ ਸਹਿਣਸ਼ੀਲਤਾ ਦਾ ਪੱਧਰ ਵੀ ਬਹੁਤ ਜ਼ਿਆਦਾ ਸੀ। ਫਿਰ ਵੀ ਬਦਕਿਸਮਤੀ ਨਾਲ ਮੀਡੀਆ ਦੇ ਵੱਡੇ ਹਿੱਸੇ ਨੇ ਉਸ ਤਰ੍ਹਾਂ ਦੀ ਕਵਰੇਜ ਨਹੀਂ ਦਿੱਤੀ ਜਿਸ ਤਰ੍ਹਾਂ ਦੀ ਕਵਰੇਜ ਨਿਯਮਤ ਓਲੰਪਿਕ ਨੂੰ ਦਿੱਤੀ ਜਾਂਦੀ ਸੀ ਅਤੇ ਇੱਥੋਂ ਤੱਕ ਕਿ ਸਰਕਾਰ ਨੇ ਵੀ ਓਲੰਪਿਕ ਤਮਗਾ ਜੇਤੂਆਂ ਪ੍ਰਤੀ ਉਹੋ ਜਿਹੀ ਉਦਾਰਤਾ ਨਹੀਂ ਦਿਖਾਈ, ਜਿਹੋ ਜਿਹੀ ਉਸ ਨੇ ਦਿਖਾਈ ਸੀ।

ਉਨ੍ਹਾਂ ਦਾ ਉਸ ਤਰ੍ਹਾਂ ਦਾ ਸੁਆਗਤ ਵੀ ਨਹੀਂ ਹੋਇਆ ਜਿਸ ਤਰ੍ਹਾਂ ਦਾ ਓਲੰਪਿਕ ਤਮਗਾ ਜਿੱਤਣ ਵਾਲਿਆਂ ਦਾ ਲੋਕਾਂ ਅਤੇ ਸਰਕਾਰ ਵੱਲੋਂ ਹੋਇਆ ਸੀ। ਖੇਡ ਮੰਤਰੀ ਮਨਸੁਖ ਮੰਡਾਵੀਆ ਨੇ ਸੋਨ ਤਮਗਾ ਜੇਤੂਆਂ ਨੂੰ 75 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ, ਜਦਕਿ ਚਾਂਦੀ ਦਾ ਤਮਗਾ ਜੇਤੂਆਂ ਨੂੰ 50-50 ਲੱਖ ਰੁਪਏ ਅਤੇ ਕਾਂਸੀ ਦਾ ਤਮਗਾ ਜੇਤੂਆਂ ਨੂੰ 30-30 ਲੱਖ ਰੁਪਏ ਦਿੱਤੇ ਗਏ। ਇਹ ਰਕਮ ਪੈਰਿਸ ਓਲੰਪਿਕ ਦੇ ਜੇਤੂਆਂ ਨੂੰ ਦਿੱਤੀ ਗਈ ਰਾਸ਼ੀ ਤੋਂ ਬਹੁਤ ਘੱਟ ਹੈ। ਓਲੰਪਿਕ ਤਮਗਾ ਜੇਤੂਆਂ ਦੇ ਉਲਟ, ਕਿਸੇ ਵੀ ਸੂਬੇ ਨੇ ਉਨ੍ਹਾਂ ਲਈ ਕਿਸੇ ਵਿਸ਼ੇਸ਼ ਪੁਰਸਕਾਰ ਦਾ ਐਲਾਨ ਨਹੀਂ ਕੀਤਾ ਹੈ।

ਮੰਤਰੀ ਨੇ ਕਿਹਾ ਕਿ ਦੇਸ਼ ਦੇ ਪੈਰਾ ਐਥਲੀਟ ਆਪਣੇ ਪ੍ਰਦਰਸ਼ਨ ’ਚ ਲਗਾਤਾਰ ਸੁਧਾਰ ਕਰ ਰਹੇ ਹਨ? 2016 ਵਿਚ 4 ਮੈਡਲ ਸਨ, 2020 ਵਿਚ 19 ਅਤੇ ਹਾਲ ਹੀ ਵਿਚ ਸਮਾਪਤ ਹੋਈਆਂ ਪੈਰਾਲੰਪਿਕਸ ਵਿਚ ਤਮਗਿਆਂ ਦੀ ਗਿਣਤੀ 29 ਹੋ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੀਆਂ ਪੈਰਾਲੰਪਿਕ ਖੇਡਾਂ ਵਿਚ ਮੈਡਲਾਂ ਦੀ ਗਿਣਤੀ ਵਧੇਗੀ ਅਤੇ ਪੈਰਾ ਖਿਡਾਰੀਆਂ ਲਈ ਹੋਰ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ।

29 ਤਮਗਿਆਂ ਵਿਚੋਂ ਐਥਲੈਟਿਕਸ, ਬੈਡਮਿੰਟਨ ਅਤੇ ਤੀਰਅੰਦਾਜ਼ੀ ਵਰਗੀਆਂ ਵਿਭਿੰਨ ਖੇਡਾਂ ਵਿਚ 7 ​​ਸੋਨ ਤਮਗੇ, 9 ਚਾਂਦੀ ਦੇ ਤਮਗੇ ਅਤੇ 13 ਕਾਂਸੀ ਦੇ ਤਮਗੇ ਸ਼ਾਮਲ ਹਨ। ਅਵਨੀ ਲੇਖਰਾ ਇਕਲੌਤੀ ਮਹਿਲਾ ਸੋਨ ਤਮਗਾ ਜੇਤੂ ਸੀ, ਜਦ ਕਿ ਹੋਰ ਸੋਨ ਤਮਗਾ ਜੇਤੂਆਂ ਵਿਚ ਨਿਤੀਸ਼ ਕੁਮਾਰ (ਬੈਡਮਿੰਟਨ), ਹਰਵਿੰਦਰ ਸਿੰਘ (ਤੀਰਅੰਦਾਜ਼ੀ), ਸੁਮਿਤ ਅੰਤਿਲ, ਧਰਮਬੀਰ, ਪ੍ਰਵੀਨ ਕੁਮਾਰ ਅਤੇ ਨਵਦੀਪ ਸਿੰਘ (ਸਾਰੇ ਐਥਲੈਟਿਕਸ) ਸ਼ਾਮਲ ਸਨ।

ਚੀਨ 94 ਸੋਨ ਤਮਗਿਆਂ ਸਮੇਤ 220 ਤਮਗਿਆਂ ਨਾਲ ਸਭ ਤੋਂ ਉੱਪਰ ਰਿਹਾ। ਗ੍ਰੇਟ ਬ੍ਰਿਟੇਨ 124 ਤਮਗਿਆਂ ਨਾਲ ਦੂਜੇ ਅਤੇ ਸੰਯੁਕਤ ਰਾਜ ਅਮਰੀਕਾ 105 ਤਮਗਿਆਂ ਨਾਲ ਤੀਜੇ ਸਥਾਨ ’ਤੇ ਰਿਹਾ। ਭਾਰਤ ਪਿਛਲੇ ਪੈਰਾਲੰਪਿਕ ਵਿਚ 24ਵੇਂ ਸਥਾਨ ਤੋਂ ਵਧ ਕੇ 18ਵੇਂ ਸਥਾਨ ’ਤੇ ਰਿਹਾ। ਚੀਨ ਸਪੱਸ਼ਟ ਤੌਰ ’ਤੇ ਪੈਰਾ ਅਤੇ ਯੋਗ ਖੇਡਾਂ ਦੋਵਾਂ ਵਿਚ ਭਾਰੀ ਨਿਵੇਸ਼ ਕਰ ਰਿਹਾ ਹੈ। ਰਿਪੋਰਟਾਂ ਮੁਤਾਬਕ ਚੀਨ ਨੇ ਪਿਛਲੇ ਸਾਲ ਇਕੱਲੇ ਖੇਡਾਂ ’ਤੇ ਹੀ 3.2 ਬਿਲੀਅਨ ਡਾਲਰ ਖਰਚ ਕੀਤੇ ਸਨ। ਚੀਨ ਦੇ ਕਮਾਲ ਦੇ ਦਬਦਬੇ ਦਾ ਇਕ ਹੋਰ ਕਾਰਨ ਸ਼ੁਰੂਆਤੀ ਸਕਾਊਟਿੰਗ ਹੈ, ਉਹ ਹੈ, ਬਹੁਤ ਛੋਟੀ ਉਮਰ ਵਿਚ ਪ੍ਰਤਿਭਾ ਦੀ ਖੋਜ ਅਤੇ ਲੰਬੇ ਸਮੇਂ ਵਿਚ ਧਿਆਨ ਨਾਲ ਸਿਖਲਾਈ। ਮਾਹਿਰ ਦੱਸਦੇ ਹਨ ਕਿ ਚੀਨ ਵਿਚ ਵੱਡੀ ਗਿਣਤੀ ਵਿਚ ਪੈਰਾ ਐਥਲੀਟ ਪੇਂਡੂ ਪਿਛੋਕੜਾਂ ਤੋਂ ਆਉਂਦੇ ਹਨ ਅਤੇ ਉਨ੍ਹਾਂ ਨੂੰ ਰਾਜ ਦੁਆਰਾ ਸਪਾਂਸਰ ਕੀਤੇ ਸਿਖਲਾਈ ਪ੍ਰੋਗਰਾਮਾਂ ਵਿਚ ਸ਼ਾਮਲ ਕੀਤਾ ਜਾਂਦਾ।

ਹਾਲ ਹੀ ਵਿਚ ਭਾਰਤ ਨੇ ਵੀ ਖੇਡਾਂ ਵਿਚ ਨਿਵੇਸ਼ ਕਰਨਾ ਸ਼ੁਰੂ ਕੀਤਾ ਹੈ ਅਤੇ ਹਰਿਆਣਾ ਵਰਗੇ ਕੁਝ ਰਾਜਾਂ ਨੇ ਸਕੂਲਾਂ ਵਿਚ ਪ੍ਰਤਿਭਾ ਦੀ ਖੋਜ ਕਰਨ ਵਰਗੇ ਵਿਸ਼ੇਸ਼ ਕਦਮ ਚੁੱਕੇ ਹਨ। ਹਾਲਾਂਕਿ, ਖੇਡਾਂ ਦੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਬਦਕਿਸਮਤੀ ਨਾਲ, ਕ੍ਰਿਕਟ ਦੇਸ਼ ਵਿਚ ਇਕ ਜਨੂੰਨ ਬਣਿਆ ਹੋਇਆ ਹੈ ਅਤੇ ਅਨੁਪਾਤਕ ਤੌਰ ’ਤੇ ਇਸ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਅੰਤਰਰਾਸ਼ਟਰੀ ਖੇਡਾਂ ਵਿਚ ਪ੍ਰਦਰਸ਼ਨ ਦੇਸ਼ ਦੇ ਵਿਕਾਸ ਨੂੰ ਦਰਸਾਉਂਦਾ ਹੈ ਅਤੇ ਕੁਝ ਮਾਹਿਰ ਇਸ ਨੂੰ ਜੀ. ਡੀ. ਪੀ. ਨਾਲ ਵੀ ਜੋੜਦੇ ਹਨ।

ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ ਅਤੇ ਇਸ ਲਈ ਅੰਤਰਰਾਸ਼ਟਰੀ ਪੱਧਰ ’ਤੇ ਇਸ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੀ ਵੱਡੀ ਸੰਭਾਵਨਾ ਹੈ। ਦੇਸ਼ ਦੀ ਤਰੱਕੀ ਅਤੇ ਵਿਕਾਸ ਦਾ ਪ੍ਰਤੀਬਿੰਬ ਹੋਣ ਤੋਂ ਇਲਾਵਾ, ਪੈਰਾ ਐਥਲੀਟਾਂ ਅਤੇ ਸਾਰੇ ਦਿਵਿਆਂਗ ਵਿਅਕਤੀਆਂ ’ਤੇ ਵਿਸ਼ੇਸ਼ ਫੋਕਸ ਸ਼ਮੂਲੀਅਤ ਨੂੰ ਦਰਸਾਉਂਦਾ ਹੈ ਅਤੇ ਇਹ ਦਰਸਾਉਂਦਾ ਹੈ ਕਿ ਸਾਡਾ ਸਮਾਜ ਕਿਵੇਂ ਵਿਕਸਿਤ ਹੋਇਆ ਹੈ। ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਇਲਾਵਾ ਅੰਗਹੀਣਾਂ ਪ੍ਰਤੀ ਹਮਦਰਦੀ ਦਿਖਾਉਣਾ ਹਰ ਨਾਗਰਿਕ ਦਾ ਫਰਜ਼ ਹੈ।

- ਵਿਪਿਨ ਪੱਬੀ


author

Tanu

Content Editor

Related News