ਦਿੱਲੀ ਅਤੇ ਸ਼੍ਰੀਨਗਰ ’ਚ ਸੰਵਾਦ ਜ਼ਰੂਰੀ
Thursday, Jul 02, 2026 - 05:52 PM (IST)
ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਸ਼ਸ਼ੀ ਥਰੂਰ ਹਾਲ ਹੀ ’ਚ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਦੌਰੇ ’ਤੇ ਸਨ। ਸ਼੍ਰੀਨਗਰ ’ਚ ਇਸੇ ਦੌਰਾਨ ਉਨ੍ਹਾਂ ਦਾ ਇਕ ਬਿਆਨ ਚਰਚਾ ’ਚ ਆਇਆ, ਜਿਸ ’ਚ ਉਨ੍ਹਾਂ ਨੇ ਵਾਦੀ ’ਚ ਤੇਜ਼ੀ ਨਾਲ ਆਮ ਹੋ ਰਹੇ ਹਾਲਾਤ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੇ ਨਾਲ-ਨਾਲ ਮੋਦੀ ਸਰਕਾਰ ਦੇ ਸ਼ਾਂਤੀ ਯਤਨਾਂ ਦੀ ਸ਼ਲਾਘਾ ਕੀਤੀ ਸੀ। ਸ਼ਸ਼ੀ ਥਰੂਰ ਦੇ ਬਿਆਨ ਨੂੰ ਗਲਤ ਦੱਸਦਿਆਂ ਕਾਂਗਰਸ ਨੇ ਇਸ ਨੂੰ ਪਾਰਟੀ ਲਾਈਨ ਦੇ ਉਲਟ ਕਰਾਰ ਦਿੱਤਾ ਸੀ ਅਤੇ ਇਸ ਤੋਂ ਕਿਨਾਰਾ ਕਰ ਲਿਆ ਸੀ। ਕਾਂਗਰਸ ਦੇ ਸੂਬਾ ਪ੍ਰਧਾਨ ਦਾ ਕਹਿਣਾ ਸੀ ਕਿ ਸ਼ਸ਼ੀ ਥਰੂਰ ਨੂੰ ਪਹਿਲਾਂ ਆਮ ਜਨਤਾ ਨਾਲ ਗੱਲ ਕਰਨੀ ਚਾਹੀਦੀ ਸੀ।
ਸੰਯੋਗ ਨਾਲ ਇਸ ਬਿਆਨਬਾਜ਼ੀ ਤੋਂ 2 ਦਿਨ ਪਹਿਲਾਂ ਹੀ ਮੈਂ ਕਸ਼ਮੀਰ ’ਚ ਕਰੀਬ 10 ਦਿਨ ਬਿਤਾ ਕੇ ਆਇਆ ਸੀ। ਸ਼੍ਰੀਨਗਰ ਸ਼ਹਿਰ, ਗਾਂਦਰਬਲ, ਸੋਨਮਰਗ, ਗੁਲਮਰਗ, ਪਹਿਲਗਾਮ, ਚਰਾਰ-ਏ-ਸ਼ਰੀਫ਼, ਬਡਗਾਮ, ਦੂਧਪਥਰੀ, ਯੂਸਮਰਗ, ਹਜ਼ਰਤਬਲ ਦਰਗਾਹ, ਸ਼ੰਕਰਾਚਾਰੀਆ ਮੰਦਰ ਆਦਿ ਇਲਾਕਿਆਂ ’ਚ ਘੁੰਮਣ, ਉੱਥੋਂ ਦੇ ਸਥਾਨਕ ਦੁਕਾਨਦਾਰਾਂ ਤੋਂ ਲੈ ਕੇ ਟੈਕਸੀ ਚਾਲਕਾਂ, ਘੋੜਾ ਮਾਲਕਾਂ ਨਾਲ ਗੱਲ ਕਰਨ ਤੋਂ ਬਾਅਦ ਦਾ ਨਿਚੋੜ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ।
ਸ਼੍ਰੀਨਗਰ ਸ਼ਹਿਰ ’ਚ ਜੇਹਲਮ ਨਦੀ ’ਤੇ ਅਬਦੁੱਲਾ ਪੁਲ ਦੇ ਸਮਾਨਾਂਤਰ ਬਣੇ ਲੱਕੜ ਦੇ ਪੁਲ ’ਤੇ ਚਾਹ-ਕੌਫੀ ਅਤੇ ਖਾਣ-ਪੀਣ ਦੇ ਸਟਾਲ ਹਨ। ਇੱਥੇ ਹੀ ਫਿਸ਼-ਟਿੱਕਾ ਅਤੇ ਚਿਕਨ-ਟਿੱਕਾ ਦਾ ਵੀ ਸਟਾਲ ਹੈ, ਜਿੱਥੇ ਓਡਿਸ਼ਾ ਦਾ ਰਮੇਸ਼ ਅਤੇ ਬਿਹਾਰ ਦਾ ਸੁਰੇਸ਼ (ਦੋਵੇਂ ਬਦਲੇ ਹੋਏ ਨਾਂ) ਕੰਮ ਕਰਦੇ ਹਨ। ਸ਼ਾਮ ਦਾ ਸਮਾਂ ਸੀ। ਮੈਂ ਸਟਾਲ ਦੇ ਕੋਲ ਖੜ੍ਹਾ ਜੇਹਲਮ ਨਦੀ ਅਤੇ ਪਹਾੜਾਂ ਨੂੰ ਦੇਖ ਰਿਹਾ ਸੀ। ਉਦੋਂ ਹੀ ਦੋ ਕਸ਼ਮੀਰੀ ਮੁਟਿਆਰਾਂ ਉੱਥੇ ਆਉਂਦੀਆਂ ਹਨ। ਰਮੇਸ਼ ਨੂੰ ‘ਰਮੇਸ਼ ਚਾਚਾ’ ਕਹਿੰਦਿਆਂ ਹਾਲ-ਚਾਲ ਪੁੱਛਦੀਆਂ ਹਨ। ਆਪਣਾ ਪੈਕ ਕਰਵਾਇਆ ਹੋਇਆ ਫਿਸ਼ ਟਿੱਕਾ ਲੈ ਕੇ ਚਲੀਆਂ ਜਾਂਦੀਆਂ ਹਨ। ਕਰੀਬ 55 ਸਾਲ ਦੇ ਰਮੇਸ਼ ਦੱਸਦੇ ਹਨ ਕਿ ਦੋਵੇਂ ਧੀਆਂ ਉਨ੍ਹਾਂ ਦਾ ਬਹੁਤ ਧਿਆਨ ਰੱਖਦੀਆਂ ਹਨ ਅਤੇ ਕਦੇ-ਕਦੇ ਤਾਂ ਖੁਦ ਮੱਛੀ ਸੇਕਣ ਲੱਗਦੀਆਂ ਹਨ। ਅੱਗੇ ਦੱਸਿਆ ਗਿਆ ਕਿ ਦਹਿਸ਼ਤਗਰਦੀ ਜਦੋਂ ਸਿਖਰਾਂ ’ਤੇ ਸੀ ਤਾਂ ਇਹ ਪੁਲ ਪੂਰੀ ਤਰ੍ਹਾਂ ਵੀਰਾਨ ਹੋ ਗਿਆ ਸੀ ਪਰ ਹੁਣ ਰਾਤ 9-10 ਵਜੇ ਤੱਕ ਰੌਣਕ-ਮੇਲਾ ਬਣਿਆ ਰਹਿੰਦਾ ਹੈ।
ਸ਼੍ਰੀਨਗਰ ਦੇ ਇਕ ਇਲਾਕੇ ’ਚੋਂ ਲੰਘਦਿਆਂ ਟੈਕਸੀ ਚਾਲਕ ਅਸ਼ਰਫ (ਬਦਲਿਆ ਹੋਇਆ ਨਾਂ) ਦੱਸਣ ਲੱਗਾ ਕਿ ਇਹ ਇਲਾਕਾ ਕਦੇ ਆਪਣੇ ਪੱਥਰਬਾਜ਼ਾਂ ਲਈ ਜਾਣਿਆ ਜਾਂਦਾ ਸੀ। ਅਚਾਨਕ ਪੱਥਰਬਾਜ਼ ਸੜਕ ’ਤੇ ਆ ਜਾਂਦੇ ਸਨ ਅਤੇ ਹਫੜਾ-ਦਫੜੀ ਫੈਲ ਜਾਂਦੀ ਸੀ। ਪੁਲਸ ਅਤੇ ਅਰਧ-ਸੈਨਿਕ ਬਲਾਂ ਦੇ ਨਿਸ਼ਾਨੇ ’ਤੇ ਪੱਥਰਬਾਜ਼ ਹੁੰਦੇ ਸਨ ਅਤੇ ਪੱਥਰਬਾਜ਼ਾਂ ਦੇ ਨਿਸ਼ਾਨੇ ’ਤੇ ਇਹ ਲੋਕ ਪਰ ਦੋਵਾਂ ਦੇ ਵਿਚਾਲੇ ਗਰੀਬ ਰੇਹੜੀ ਵਾਲਿਆਂ, ਟੈਕਸੀ ਚਾਲਕਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਖ਼ਮਿਆਜ਼ਾ ਭੁਗਤਣਾ ਪੈਂਦਾ ਸੀ। ਅਸ਼ਰਫ ਦੀ ਟੈਕਸੀ ’ਤੇ ਹੀ ਦੋ ਵਾਰ ਹਮਲਾ ਹੋਇਆ ਸੀ ਅਤੇ ਅਗਲਾ ਸ਼ੀਸ਼ਾ ਚੂਰ-ਚੂਰ ਹੋ ਗਿਆ ਸੀ। ‘‘ਹੁਣ ਸ਼ਾਂਤੀ ਹੈ,’’ ਕਹਿੰਦਿਆਂ ਅਸ਼ਰਫ ਮੁਸਕਰਾਇਆ ਸੀ।
ਸ਼ਾਮ ਨੂੰ ਲਾਲ ਚੌਕ ’ਚ ਤਾਂ ਗਜ਼ਬ ਦੀ ਭੀੜ ਸੀ। ਕਲਾਕ ਟਾਵਰ ਦੇ ਅੱਗੇ ਨੌਜਵਾਨ ਸੈਲਾਨੀਆਂ ਦਾ ਸੈਲਫੀ ਲੈਣ ਦੀ ਖੇਡ ਚੱਲ ਰਹੀ ਸੀ। ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ। ਅਰਧ-ਸੈਨਿਕ ਬਲ ਦੇ ਜਵਾਨ ਨਿਗਰਾਨੀ ਰੱਖ ਰਹੇ ਸਨ ਪਰ ਆਮ ਸੈਲਾਨੀਆਂ ’ਚ ਕਿਸੇ ਤਰ੍ਹਾਂ ਦਾ ਡਰ ਦਿਖਾਈ ਨਹੀਂ ਦੇ ਰਿਹਾ ਸੀ। ਮੈਨੂੰ ਯਾਦ ਆ ਗਿਆ 2003 ਦਾ ਲਾਲ ਚੌਕ, ਜਿੱਥੇ ਮਾਤਮ ਛਾਇਆ ਸੀ, ਸੰਨਾਟਾ ਸੀ, ਦੁਕਾਨਾਂ ਮਹੀਨੇ ’ਚ 1-2 ਵਾਰ ਹੀ ਖੁੱਲ੍ਹ ਪਾਉਂਦੀਆਂ ਸਨ।
ਸ਼੍ਰੀਨਗਰ ਤੋਂ ਕਰੀਬ 50 ਕਿਲੋਮੀਟਰ ਦੂਰ ਯੂਸਮਰਗ ਨਾਂ ਦੀ ਪਹਾੜਾਂ ਨਾਲ ਘਿਰੀ ਖੂਬਸੂਰਤ ਜਗ੍ਹਾ ਹੈ। ਗੁਲਮਰਗ ਵਰਗੀ ਪਰ ਘੱਟ ਹੀ ਸੈਲਾਨੀ ਉੱਥੇ ਜਾਂਦੇ ਹਨ। ਉੱਥੇ ਘੋੜਿਆਂ ਵਾਲੇ ਮਿਲੇ। ਆਮ ਤੌਰ ’ਤੇ 20 ਤੋਂ 30 ਸਾਲ ਦੇ ਨੌਜਵਾਨ। ਜ਼ਿਆਦਾਤਰ 10ਵੀਂ-12ਵੀਂ ਪਾਸ। ਨੌਕਰੀ ਦਾ ਕੋਈ ਜੁਗਾੜ ਨਹੀਂ। ਕੋਈ ਸਥਾਨਕ ਉਦਯੋਗ-ਧੰਦਾ ਨਹੀਂ। ਦੱਸਣ ਲੱਗੇ ਕਿ ਇੰਡੀਆ ਨੇ ਤਾਂ ਸਾਨੂੰ ਆਪਣਾ ਸਮਝਿਆ ਹੀ ਨਹੀਂ। ਇੰਡੀਆ ਤਾਂ ਸਾਨੂੰ ਆਪਣਾ ਮੰਨਦਾ ਹੀ ਨਹੀਂ। ਇੰਡੀਆ ਨੇ ਸਾਡੇ 2 ਟੁਕੜੇ ਕਰ ਦਿੱਤੇ। ਲੱਦਾਖ ਨੂੰ ਵੱਖ ਕਰ ਦਿੱਤਾ। ਪਹਿਲਗਾਮ ’ਤੇ ਹਮਲੇ ਤੋਂ ਬਾਅਦ ਸੈਨਾ ਸੈਲਾਨੀਆਂ ਨੂੰ ਪਹਾੜ ਦੇ ਉਸ ਪਾਸੇ ਜਾਣ ਨਹੀਂ ਦਿੰਦੀ ਅਤੇ ਸਾਡੇ ਰੁਜ਼ਗਾਰ ’ਤੇ ਇਸ ਦਾ ਉਲਟਾ ਅਸਰ ਪੈ ਰਿਹਾ ਹੈ।
ਚਰਾਰ-ਏ-ਸ਼ਰੀਫ਼ ਦਰਗਾਹ ’ਚ ਮੁੱਖ ਖ਼ਾਦਿਮ ਦੱਸਦੇ ਹਨ ਕਿ ਉੱਥੇ 25-30 ਫੀਸਦੀ ਹਿੰਦੂ ਆਉਣ ਲੱਗੇ ਹਨ। ਇਸ ਦਰਗਾਹ ਨੂੰ ਅੱਤਵਾਦ ਦੇ ਦੌਰ ’ਚ 1995 ’ਚ ਪੂਰੀ ਤਰ੍ਹਾਂ ਸਾੜ ਦਿੱਤਾ ਗਿਆ ਸੀ। ਨਵੇਂ ਸਿਰੇ ਤੋਂ ਇਸ ਨੂੰ ਬਣਾਇਆ ਗਿਆ। ਉੱਥੇ ਲੋਕਾਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੇ ਧਾਰਾ 370 ਤਾਂ ਹਟਾ ਦਿੱਤੀ ਪਰ ਵਾਅਦਾ ਨਹੀਂ ਨਿਭਾਇਆ। ਰਾਜ ਦਾ ਦਰਜਾ ਖੋਹ ਲਿਆ ਗਿਆ, ਜੋ ਅਜੇ ਤੱਕ ਬਹਾਲ ਨਹੀਂ ਕੀਤਾ ਗਿਆ ਹੈ। ਕੁਝ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੇ 80,000 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ ਪਰ ਹਾਈਵੇਅ ਅਤੇ ਰੇਲ ’ਤੇ ਪੈਸਾ ਖਰਚ ਹੋਇਆ। ਆਮ ਕਸ਼ਮੀਰੀ ਦੇ ਹਿੱਸੇ ਕੁਝ ਹੱਦ ਤੱਕ ਹੀ ਆ ਸਕਿਆ।
ਪੜ੍ਹੇ-ਲਿਖੇ ਨੌਜਵਾਨ ਵਰਗ ਦਾ ਕਹਿਣਾ ਹੈ ਕਿ ਬਹੁਤ ਰੌਲਾ ਪਾਇਆ ਗਿਆ ਸੀ ਕਿ ਭਾਰਤ ਤੋਂ ਕਾਰਪੋਰੇਟ ਜ਼ਮੀਨ ਖਰੀਦੇਗਾ, ਕਾਰਖਾਨੇ ਖੋਲ੍ਹੇਗਾ, ਸਥਾਨਕ ਨੌਜਵਾਨਾਂ ਨੂੰ ਵੱਡੀ ਗਿਣਤੀ ’ਚ ਰੁਜ਼ਗਾਰ ਦੇਵੇਗਾ ਪਰ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਧਾਰਾ 370 ਹਟਣ ਤੋਂ ਬਾਅਦ 2019 ਤੋਂ ਬਾਅਦ ਜੰਮੂ-ਕਸ਼ਮੀਰ ’ਚ ਕਿੰਨਾ ਨਿਵੇਸ਼ ਹੋਇਆ ਅਤੇ ਕਿੰਨੀਆਂ ਨੌਕਰੀਆਂ ਦਿੱਤੀਆਂ ਗਈਆਂ। ਅੱਤਵਾਦ ਘੱਟ ਹੋਇਆ ਹੈ ਪਰ ਪਹਿਲਗਾਮ ਵਰਗੀ ਘਟਨਾ ਕਦੋਂ ਵਾਪਰ ਜਾਵੇ, ਕੋਈ ਪਤਾ ਨਹੀਂ।
ਕਸ਼ਮੀਰ ਯਾਤਰਾ ਦੌਰਾਨ ਸਿਆਸੀ ਆਗੂਆਂ ਨਾਲ ਵੀ ਗੱਲ ਕਰਨ ਦਾ ਮੌਕਾ ਮਿਲਿਆ। ਇਸ ’ਚ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਨਾਲ-ਨਾਲ ਵਿਰੋਧੀ ਧਿਰਾਂ ਦੇ ਆਗੂ ਵੀ ਸ਼ਾਮਲ ਸਨ। ਆਮ ਤੌਰ ’ਤੇ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਸਥਿਤੀ ਦਿੱਲੀ ਦੇ ਮੁੱਖ ਮੰਤਰੀ ਨਾਲੋਂ ਵੀ ਕਮਜ਼ੋਰ ਹੈ। ਅਜਿਹਾ ਕੇਂਦਰ ਸਰਕਾਰ ਜਾਣਬੁੱਝ ਕੇ ਕਰ ਰਹੀ ਹੈ, ਤਾਂ ਜੋ ਜਨਤਾ ਨੂੰ ਅਪਮਾਨਿਤ ਕੀਤਾ ਜਾ ਸਕੇ। ਰਾਜ ਦਾ ਦਰਜਾ ਦੇਣ ਦਾ ਪ੍ਰਸਤਾਵ ਵਿਧਾਨ ਸਭਾ ’ਚ ਇਕ ਤੋਂ ਵੱਧ ਵਾਰ ਪਾਸ ਕੀਤਾ ਜਾ ਚੁੱਕਾ ਹੈ ਪਰ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਨਾਲ ਕਸ਼ਮੀਰ ਦੇ ਨੌਜਵਾਨ ਖਾਸ ਤੌਰ ’ਤੇ ਨਾਰਾਜ਼ ਹਨ। ਕੁਝ ਦਾ ਕਹਿਣਾ ਹੈ ਕਿ ਲੱਦਾਖ ਵਰਗੇ ਬਹੁਤ ਵੱਡੇ ਭੂ-ਭਾਗ ਨੂੰ ਜੰਮੂ-ਕਸ਼ਮੀਰ ਤੋਂ ਵੱਖ ਕਰ ਦਿੱਤਾ ਗਿਆ ਤਾਂ ਜੋ ਘਾਟੀ ਨੂੰ ਛੋਟਾ ਦਿਖਾਇਆ ਜਾ ਸਕੇ। ਇਕ ਆਗੂ ਦਾ ਕਹਿਣਾ ਸੀ ਕਿ ਕਸ਼ਮੀਰ ਦੀ ਭਾਸ਼ਾ ਤੋਂ ਲੈ ਕੇ ਰੀਤੀ-ਰਿਵਾਜ, ਖਾਣ-ਪੀਣ, ਪਹਿਰਾਵਾ ਸਭ ਕੁਝ ਭਾਰਤ ਨਾਲੋਂ ਵੱਖਰਾ ਹੈ ਅਤੇ ਇਸ ਨੂੰ ਧਿਆਨ ’ਚ ਰੱਖ ਕੇ ਹੀ ਫੈਸਲੇ ਹੋਣੇ ਚਾਹੀਦੇ ਹਨ।
ਕਸ਼ਮੀਰ ਸਮੱਸਿਆ ਦਾ ਸੈਨਿਕ ਹੱਲ ਨਹੀਂ ਹੈ। ਇਸ ਦਾ ਤਾਂ ਸਿਰਫ ਸਿਆਸੀ ਹੱਲ ਹੀ ਹੋ ਸਕਦਾ ਹੈ ਪਰ ਗੱਲਬਾਤ ਕਰੀਬ-ਕਰੀਬ ਬੰਦ ਹੈ। ਹਾਲ ਹੀ ’ਚ ਸੰਘ ਨੇ ਪਾਕਿਸਤਾਨ ਨਾਲ ਗੱਲ ਕਰਨ ਦੀ ਸਲਾਹ ਦਿੱਤੀ, ਜਿਸ ਨੂੰ ਘਾਟੀ ਦੇ ਆਗੂ ਇਕ ਪਹਿਲ ਵਜੋਂ ਦੇਖ ਰਹੇ ਹਨ। ਕੁਝ ਦਾ ਕਹਿਣਾ ਸੀ ਕਿ ਗੈਰ-ਸਿਆਸੀ ਪਹਿਲ ਵੀ ਕਰਨ ਦੀ ਲੋੜ ਹੈ, ਜਿਸ ਦੀ ਅਗਵਾਈ ਸਵੈ-ਸੇਵੀ ਸੰਗਠਨ, ਮਹਿਲਾ ਸੰਗਠਨ, ਮਨੁੱਖੀ ਅਧਿਕਾਰਾਂ ਨਾਲ ਜੁੜੇ ਸੰਗਠਨ, ਲੇਖਕ, ਕਲਾਕਾਰ, ਪੱਤਰਕਾਰ, ਚਿੰਤਕ, ਵਿਚਾਰਕ ਕਰ ਸਕਦੇ ਹਨ ਪਰ ਇਸ ਦਿਸ਼ਾ ’ਚ ਕਿਵੇਂ ਅੱਗੇ ਵਧਿਆ ਜਾਵੇ, ਇਸ ’ਤੇ ਇਕ ਰਾਏ ਨਜ਼ਰ ਨਹੀਂ ਆਉਂਦੀ। ਕੁੱਲ ਮਿਲਾ ਕੇ ਬਹੁਤ ਕੰਮ ਹੋਇਆ ਹੈ ਪਰ ਬਹੁਤ ਕੰਮ ਹੋਣਾ ਬਾਕੀ ਹੈ। ਸਮਾਂ ਤੇਜ਼ੀ ਨਾਲ ਨਿਕਲਦਾ ਜਾ ਰਿਹਾ ਹੈ। ਚੀਨ ਅਤੇ ਪਾਕਿਸਤਾਨ ਨੇੜੇ ਆ ਚੁੱਕੇ ਹਨ। ਅਜਿਹੇ ’ਚ ਦਿੱਲੀ ਅਤੇ ਸ਼੍ਰੀਨਗਰ ’ਚ ਸੰਵਾਦ ਜ਼ਰੂਰੀ ਹੋ ਗਿਆ ਹੈ।
— ਵਿਜੇ ਵਿਦਰੋਹੀ
