ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨਗੀਆਂ ਔਰਤਾਂ

Monday, Mar 10, 2025 - 04:25 PM (IST)

ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨਗੀਆਂ ਔਰਤਾਂ

ਆਦਿਕਾਲ ਤੋਂ ਹੀ ਭਾਰਤ ਵਿਚ ਔਰਤਾਂ ਦਾ ਸਮਾਜ ਵਿਚ ਪ੍ਰਮੁੱਖ ਸਥਾਨ ਰਿਹਾ ਹੈ। ਅਸੀਂ ‘ਯਤ੍ਰ ਨਾਰਯਸਤੁ ਪੂਜਯੰਤੇ ਰਮੰਤੇ ਤਤ੍ਰ ਦੇਵਤਾ :’ ਦਾ ਦੇਸ਼ ਹਾਂ। ਅਰਥਾਤ ‘ਜਿੱਥੇ ਔਰਤਾਂ ਦਾ ਸਨਮਾਨ ਹੁੰਦਾ ਹੈ ਉੱਥੇ ਦੇਵਤਾ ਨਿਵਾਸ ਕਰਦੇ ਹਨ ਅਤੇ ਜਿੱਥੇ ਔਰਤਾਂ ਦਾ ਸਨਮਾਨ ਨਹੀਂ ਹੁੰਦਾ, ਉੱਥੇ ਕੀਤੇ ਗਏ ਸਾਰੇ ਚੰਗੇ ਕੰਮ ਵੀ ਵਿਅਰਥ ਹੋ ਜਾਂਦੇ ਹਨ- ਇਹ ਭਾਵ, ਵਿਚਾਰ ਅਤੇ ਵਿਸ਼ਵਾਸ ਭਾਰਤੀ ਮਾਨਸ ਵਿਚ ਵਸਿਆ ਹੋਇਆ ਹੈ। ‘ਸ਼ਤਪਥ ਬ੍ਰਾਹਮਣ’ ਵਿਚ ਜ਼ਿਕਰ ਮਿਲਦਾ ਹੈ ਕਿ ਸ਼੍ਰੀ ਰਾਮ ਦੇ ਗੁਰੂ ਵਸ਼ਿਸ਼ਠ ਦੇ ਗੁਰੂਕੁਲ ਵਿਚ ਸੰਗੀਤ ਅਤੇ ਵਾਤਾਵਰਣ-ਸੰਭਾਲ ਦੀ ਸਿੱਖਿਆ ਉਨ੍ਹਾਂ ਦੀ ਮਹਾਨ ਵਿਦਵਾਨ ਪਤਨੀ ਅਰੁੰਧਤੀ ਹੀ ਦਿੰਦੇ ਸਨ।

ਰਿਗਵੇਦ ਵਿਚ ਵੀ ਗਾਰਗੀ, ਮੈਤ੍ਰਈ, ਘੋਸ਼ਾ, ਅਪਾਲਾ, ਲੋਪਾਮੁਦਰਾ, ਰੋਮਸ਼ਾ ਜਿਹੇ ਅਨੇਕ ਵੇਦ ਮੰਤ੍ਰਦ੍ਰਿਸ਼ਟਾ ਰਿਸ਼ੀਕਾਵਾਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਦੇ ਬ੍ਰਹਮਗਿਆਨ ਨਾਲ ਸਮੁੱਚਾ ਰਿਸ਼ੀ ਸਮਾਜ ਖੁਸ਼ ਸੀ ਪਰ ਦੁੱਖ ਦਾ ਵਿਸ਼ਾ ਹੈ ਕਿ ਔਰਤ-ਸਿੱਖਿਆ ਦੀ ਇੰਨੀ ਮਾਣਮੱਤੀ ਅਤੇ ਸੁਨਹਿਰੀ) ਪਰੰਪਰ ਪਰਵਰਤੀਕਾਲ ਵਿਚ ਖਾਸ ਤੌਰ ’ਤੇ ਮੱਧ ਯੁੱਗ ਵਿਚ ਹਮਲਾਵਰਾਂ ਦੇ ਸ਼ਾਸਨਕਾਲ ਵਿਚ ਅਤੇ ਉਸ ਤੋਂ ਬਾਅਦ ਵਿਦੇਸ਼ੀਆਂ ਦੀ ਗ਼ੁਲਾਮੀ ਦੌਰਾਨ ਖਿੰਡ-ਪੁੰਡ ਗਈ।

ਆਜ਼ਾਦੀ ਦੇ ਸੰਘਰਸ਼ ਦੌਰਾਨ ਅਤੇ ਆਜ਼ਾਦੀ ਤੋਂ ਬਾਅਦ ਔਰਤਾਂ ਦਾ ਸਮਾਜ ਵਿਚ ਮੁੜ ਕੁਝ ਸਨਮਾਨ ਵਧਿਆ ਪਰ ਉਨ੍ਹਾਂ ਦੀ ਤਰੱਕੀ ਦੀ ਰਫਤਾਰ ਦਹਾਕਿਆਂ ਤੱਕ ਹੌਲੀ ਰਹੀ। ਗ਼ਰੀਬੀ ਅਤੇ ਅਨਪੜ੍ਹਤਾ ਔਰਤਾਂ ਦੇ ਸਸ਼ਕਤੀਕਰਨ ਵਿਚ ਗੰਭੀਰ ਰੁਕਾਵਟ ਰਹੀਆਂ ਹਨ। ਭਾਰਤੀ ਸੁਤੰਤਰਤਾ ਸੰਗ੍ਰਾਮ ਦੇ ਨਾਇਕ ਮਹਾਤਮਾ ਗਾਂਧੀ ਨੇ 23 ਦਸੰਬਰ, 1936 ਨੂੰ ਅਖਿਲ ਭਾਰਤੀ ਔਰਤ ਸੰਮੇਲਨ ਦੇ ਆਪਣੇ ਭਾਸ਼ਣ ਵਿਚ ਕਿਹਾ ਸੀ : “ਜਦੋਂ ਔਰਤ ਜਿਸ ਨੂੰ ਅਸੀਂ ਅਬਲਾ ਕਹਿੰਦੇ ਹਾਂ ਸਬਲਾ ਬਣ ਜਾਵੇਗੀ ਤਾਂ ਉਹ ਸਾਰੇ ਜੋ ਬੇਸਹਾਰਾ ਹਨ, ਸ਼ਕਤੀਸ਼ਾਲੀ ਬਣ ਜਾਣਗੇ।”

ਇਸੇ ਕ੍ਰਮ ਵਿਚ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਵੀ ਸਸ਼ਕਤ ਭਾਰਤ ਦੇ ਨਿਰਮਾਣ ਵਿਚ ਔਰਤਾਂ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਲਿਖਦੇ ਹਨ “ਸਮਾਜਿਕ ਨਿਆਂ ਲਈ ਔਰਤਾਂ ਦਾ ਸਸ਼ਕਤੀਕਰਨ ਦਾ ਹੋਣਾ ਜ਼ਰੂਰੀ ਹੈ ਤਦ ਹੀ ਸਮਾਜ ਵਿਚ ਮਹਿਲਾਵਾਂ ਦਾ ਉੱਥਾਨ ਹੋ ਸਕਦਾ ਹੈ।” ਔਰਤਾਂ ਦੀ ਭਲਾਈ ਦੇ ਨਾਲ ਹੀ ਸੁਤੰਤਰਤਾ, ਬਰਾਬਰੀ ਅਤੇ ਭਾਈਚਾਰੇ ਦੇ ਲੋਕਤੰਤਰੀ ਵਿਚਾਰਾਂ ਦੇ ਨਾਲ ਸਮਾਜ ਦਾ ਮੁੜ-ਨਿਰਮਾਣ ਸੰਭਵ ਹੈ।

ਜਦੋਂ 1920 ਦੇ ਨੇੜੇ-ਤੇੜੇ ਦੁਨੀਆ ਭਰ ਵਿਚ ਔਰਤਾਂ ਆਪਣੇ ਸਮਾਨ ਨਾਗਰਿਕ ਅਧਿਕਾਰਾਂ ਲਈ ਅੰਦੋਲਨ ਕਰ ਰਹੀਆਂ ਸਨ ਤਦ ਹਿੰਦੀ ਦੇ ਪ੍ਰਸਿੱਧ ਲੇਖਕ ਮੁਨਸ਼ੀ ਪ੍ਰੇਮਚੰਦ ਲਿਖ ਰਹੇ ਸਨ ਕਿ ‘ਜੇਕਰ ਮਰਦ ਵਿਚ ਔਰਤ ਦੇ ਗੁਣ ਆ ਜਾਣ ਤਾਂ ਉਹ ਦੇਵਤਾ ਹੋ ਜਾਂਦਾ ਹੈ’’। ਰਾਣੀ ਅਹਿਲਿਆਬਾਈ ਹੋਲਕਰ ਤੋਂ ਲੈ ਕੇ ਝਾਂਸੀ ਦੀ ਰਾਣੀ ਲਕਸ਼ਮੀਬਾਈ ਤੱਕ, ਰਾਣੀ ਗਾਈਦਿਨਲਿਊ ਤੋਂ ਲੈ ਕੇ ਸਾਵਿਤ੍ਰੀਬਾਈ ਫੂਲੇ ਤੱਕ ਔਰਤਾਂ ਨੇ ਸਮਾਜ ਵਿਚ ਬਦਲਾਅ ਦੀਆਂ ਵੱਡੀਆਂ ਉਦਾਹਰਣਾਂ ਸਥਾਪਿਤ ਕੀਤੀਆਂ ਹਨ। ਮੌਜੂਦਾ ਭਾਰਤ ਇਨ੍ਹਾਂ ਮਹਾਨ ਔਰਤਾਂ ਦੇ ਪ੍ਰੇਰਣਾਦਾਈ ਜੀਵਨ ਤੋਂ ਤੱਤ ਹਾਸਲ ਕਰ ਕੇ ਅੱਗੇ ਵਧ ਰਿਹਾ ਹੈ।

ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਮੁਫ਼ਤ ਐੱਲ. ਪੀ. ਜੀ. ਗੈਸ ਕੁਨੈਕਸ਼ਨ ਮੁਹੱਈਆ ਕਰਨਾ ਹੋਵੇ, ਸਿਹਤ ਅਤੇ ਸੁਵਿਧਾ ਵਿਚ ਸੁਧਾਰ ਲਈ ‘ਉੱਜਵਲਾ ਯੋਜਨਾ’ ਹੋਵੇ ਜਾਂ ਬਾਲਿਕਾਵਾਂ ਦੀ ਸਿੱਖਿਆ ਅਤੇ ਭਵਿੱਖ ਦੀ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ‘ਸੁਕੰਨਿਆ ਸਮ੍ਰਿਧੀ ਯੋਜਨਾ’ ਹੋਵੇ, ਔਰਤਾਂ-ਬੇਟੀਆਂ ਦਾ ਹਿੱਤ ਭਾਰਤ ਸਰਕਾਰ ਦੀ ਤਰਜੀਹ ਹੈ। ਜਣੇਪਾ ਲਾਭ ਐਕਟ ਵਿਚ ਸੋਧ ਕਰ ਕੇ ਔਰਤ ਮੁਲਾਜ਼ਮਾਂ ਨੂੰ ਮਿਲਣ ਵਾਲੀ ਮੈਟਰਨਿਟੀ ਲੀਵ ਦੀ ਮਿਆਦ 12 ਹਫ਼ਤਿਆਂ ਤੋਂ ਵਧਾ ਕੇ 26 ਹਫ਼ਤੇ ਕਰ ਦਿੱਤੀ ਗਈ ਹੈ।

ਉਧਰ ਮੋਦੀ ਸਰਕਾਰ ਵੱਲੋਂ ਛੋਟੇ ਕਾਰੋਬਾਰੀਆਂ ਦੀ ਮਦਦ ਲਈ ਸ਼ੁਰੂ ਕੀਤੀ ਗਈ ਮੁਦਰਾ ਕਰਜ਼ਾ ਯੋਜਨਾ ਵਿਚ ਔਰਤਾਂ ਦੀ ਹਿੱਸੇਦਾਰੀ 69 ਫੀਸਦੀ ਹੈ। ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਦੀ ਦਿਸ਼ਾ ਵਿਚ 3 ਕਰੋੜ ਔਰਤਾਂ ਨੂੰ ‘ਲੱਖਪਤੀ ਦੀਦੀ’ ਬਣਾਉਣ ਦਾ ਟੀਚਾ ਹੈ। ਇਸ ਤੋਂ ਇਲਾਵਾ ‘ਸਟੈਂਡਅੱਪ ਇੰਡੀਆ’ ਤਹਿਤ ਖਾਸ ਤੌਰ ’ਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਪੱਛੜੇ ਵਰਗ ਦੀਆਂ ਔਰਤਾਂ ਨੂੰ ਕਰਜ਼ਾ ਦਿੱਤਾ ਜਾਂਦਾ ਹੈ ਜਿਸ ਤਹਿਤ ਹੁਣ ਤੱਕ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਮਨਜ਼ੂਰ ਕੀਤੇ ਜਾ ਚੁੱਕੇ ਹਨ। ‘ਬੇਟੀ ਬਚਾਓ-ਬੇਟੀ ਪੜ੍ਹਾਓ’ ਅਤੇ ‘ਮਿਸ਼ਨ ਸ਼ਕਤੀ’ ਜਿਹੀਆਂ ਯੋਜਨਾਵਾਂ ਅਤੇ ‘ਸੈਲਫੀ ਵਿਦ ਡੌਟਰ’ ਜਿਹੀਆਂ ਪਹਿਲਕਦਮੀਆਂ ਨੇ ਸਾਡੀਆਂ ਬੇਟੀਆਂ-ਔਰਤਾਂ ਲਈ ਨਵਾਂ ਰਾਹ ਖੋਲ੍ਹਿਆ ਹੈ।

ਸਿੱਖਿਆ, ਸਫ਼ਲਤਾ ਦੀ ਮਹੱਤਵਪੂਰਨ ਪੌੜੀ ਮੰਨੀ ਜਾਂਦੀ ਹੈ। ਇਸ ਸੰਦਰਭ ਵਿਚ ਮਹਾਤਮਾ ਗਾਂਧੀ ਦਾ ਇਹ ਕਥਨ ਹੋਰ ਵੀ ਅਰਥਪੂਰਨ ਹੈ- “ਜਦੋਂ ਇਕ ਮਰਦ ਪੜ੍ਹ ਜਾਂਦਾ ਹੈ ਤਦ ਇਕ ਵਿਅਕਤੀ ਪੜ੍ਹਿਆ ਹੁੰਦਾ ਹੈ ਪਰ ਜਦੋਂ ਇਕ ਔਰਤ ਪੜ੍ਹੀ ਹੁੰਦੀ ਹੈ ਤਦ ਇਕ ਪਰਿਵਾਰ ਪੜ੍ਹਿਆ ਹੋ ਜਾਂਦਾ ਹੈ।’’ ਇਸ ਅਧਿਆਏ ਦੇ ਮੱਦੇਨਜ਼ਰ ਮੋਦੀ ਸਰਕਾਰ ਦੇ ਸ਼ਾਸਨ ਵਿਚ ਭਾਰਤ ਵਿਚ ਉੱਚ ਸਿੱਖਿਆ ਵਿਚ ਔਰਤਾਂ ਦੀ ਸਥਿਤੀ ਤਸੱਲੀਬਖਸ਼ ਦ੍ਰਿਸ਼ਟੀ ਪੱਖੋਂ ਵਧ ਰਹੀ ਹੈ।

‘ਨਾਰੀ ਸ਼ਕਤੀ ਵੰਦਨ ਅਧਿਨਿਯਮ’ ਰਾਹੀਂ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਔਰਤਾਂ ਲਈ 33 ਫੀਸਦੀ ਰਿਜ਼ਰਵੇਸ਼ਨ ਯਕੀਨੀ ਬਣਾਉਣ ਦਾ ਅਦੁੱਤੀ ਕੰਮ ਹੋਵੇ, ਤਿੰਨ ਤਲਾਕ ਕਾਨੂੰਨ ਰਾਹੀਂ ਮੁਸਲਿਮ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਹੋਵੇ, ਪੁਲਸ ਬਲ ਵਿਚ ਔਰਤਾਂ ਦੀ ਗਿਣਤੀ ਵਧਾਉਣ ਲਈ ਔਰਤ ਬਟਾਲੀਅਨਾਂ ਦਾ ਗਠਨ ਹੋਵੇ ਜਾਂ ਸਿੱਖਿਆ ਅਤੇ ਹੁਨਰ ਵਿਕਾਸ ਵਿਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਲਈ ਨਵੇਂ ਸੰਸਥਾਨ ਅਤੇ ਟ੍ਰੇਨਿੰਗ ਪ੍ਰੋਗਰਾਮ ਹੋਣ, ਸਾਡੀ ਸਰਕਾਰ ਔਰਤਾਂ ਦੀ ਮੋਹਰੀ ਭੂਮਿਕਾ ਨੂੰ ਯਕੀਨੀ ਕਰਨ ਲਈ ਦ੍ਰਿੜ੍ਹ ਸੰਕਲਪਿਤ ਹੈ।

–ਸ਼੍ਰੀਮਤੀ ਅੰਨਪੂਰਣਾ ਦੇਵੀ


author

Tanu

Content Editor

Related News