ਡਾ. ਅੰਬੇਡਕਰ ਦੇ ਬੁੱਤਾਂ ਨੂੰ ਢਾਹੁਣਾ ਸੰਵਿਧਾਨ ਅਤੇ ਰਾਸ਼ਟਰ ਦਾ ਘੋਰ ਅਪਮਾਨ
Wednesday, May 14, 2025 - 07:27 PM (IST)

ਭਾਵੇਂ ਇਕ ਪਾਸੇ ਡਾ. ਅੰਬੇਡਕਰ ਦੀ ਜਨਮ ਵਰ੍ਹੇਗੰਢ (14 ਅਪ੍ਰੈਲ) ਅਤੇ ਮਹਾਪ੍ਰੀਨਿਰਵਾਣ ਦਿਵਸ (6 ਦਸੰਬਰ) ’ਤੇ ਬਹੁਤ ਸਾਰੇ ਸਮਾਗਮ, ਸੈਮੀਨਾਰ, ਸਿੰਪੋਜ਼ੀਆ ਆਦਿ ਆਯੋਜਿਤ ਕੀਤੇ ਜਾਂਦੇ ਹਨ, ਦੂਜੇ ਪਾਸੇ ਅੰਬੇਡਕਰਵਾਦੀ ਵਿਚਾਰਧਾਰਾ ਦੇ ਵਿਰੋਧੀਆਂ ਦੁਆਰਾ ਉਨ੍ਹਾਂ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ, ਉਨ੍ਹਾਂ ਨੂੰ ਤੋੜਨ ਅਤੇ ਭੰਨਣ, ਪੁਤਲੇ ਅਤੇ ਤਸਵੀਰਾਂ ਸਾੜਨ ਦੀਆਂ ਖ਼ਬਰਾਂ ਭਾਰਤ ਦੇ ਵੱਖ-ਵੱਖ ਰਾਜਾਂ-ਯੂ. ਪੀ., ਹਰਿਆਣਾ, ਪੰਜਾਬ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਬਿਹਾਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ ਆਦਿ ਵਿਚ ਅਖ਼ਬਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਦੀਆਂ ਸੁਰਖੀਆਂ ਹਨ।
ਭਾਰਤੀ ਸਮਾਜ ਵਿਚ ਇਕ ਮੰਦਭਾਗਾ ਦ੍ਰਿਸ਼ ਉੱਭਰ ਰਿਹਾ ਹੈ। ਅਸਲ ਵਿਚ ਇਹ ਦੋਧਾਰੀ ਤਲਵਾਰ ਵਾਂਗ ਹੈ। ਇਕ ਪਾਸੇ, ਅੰਬੇਡਕਰਵਾਦ ਅਤੇ ਅੰਬੇਡਕਰ ਦੇ ਯੋਗਦਾਨ ਦੀ ਮਹੱਤਤਾ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਅਨੁਸੂਚਿਤ ਜਾਤੀਆਂ ਦਾ ਅਪਮਾਨ ਅਤੇ ਦਮਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ‘ਜਾਤੀ ਵਿਤਕਰੇ’ ਜਾਂ ‘ਲੁਕਵੇਂ ਨਸਲਵਾਦ’ ਕਾਰਨ ਅੱਤਿਆਚਾਰਾਂ, ਅਪਰਾਧਾਂ ਅਤੇ ਹਿੰਸਕ ਘਟਨਾਵਾਂ ਵਿਚ ਲਗਾਤਾਰ ਵਾਧਾ ਨਾ ਸਿਰਫ਼ ਦਲਿਤਾਂ ਲਈ, ਸਗੋਂ ਦੇਸ਼ ਅਤੇ ਸਮਾਜ ਲਈ ਵੀ ਨੁਕਸਾਨਦੇਹ ਹੈ।
ਭਾਰਤੀ ਇਤਿਹਾਸ ਦਾ ਅਧਿਐਨ ਕਰਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਦਲਿਤ ਸਮਾਜ ਵਿਚ ਬਹੁਤ ਸਾਰੇ ਮਹਾਪੁਰਖ ਪੈਦਾ ਹੋਏ ਹਨ, ਜਿਨ੍ਹਾਂ ਨੇ ਨਾ ਸਿਰਫ਼ ਵਰਣ ਪ੍ਰਣਾਲੀ ਅਤੇ ਮਨੂਵਾਦੀ ਪ੍ਰਣਾਲੀ ਦਾ ਲਗਾਤਾਰ ਵਿਰੋਧ ਕੀਤਾ, ਸਗੋਂ ਸਮਾਜਿਕ ਸੁਧਾਰਾਂ ਲਈ ਆਪਣੀਆਂ ਲਿਖਤਾਂ ਦੀ ਵਰਤੋਂ ਕਰ ਕੇ ਜਾਗਰੂਕਤਾ ਵੀ ਪੈਦਾ ਕੀਤੀ ਅਤੇ ਸੁਧਾਰਵਾਦੀ ਪ੍ਰੇਰਣਾ ਦੇ ਆਰਕੀਟੈਕਟ ਰਹੇ। ਇਨ੍ਹਾਂ ਵਿਚ ਚੇਨਈਆ (11ਵੀਂ ਸਦੀ ਦੇ ਪ੍ਰਸਿੱਧ ਕੰਨੜ ਕਵੀ), 12ਵੀਂ ਸਦੀ ਵਿਚ ਦਲਿਤ ਸੰਤ ਕੁਲਵੇ, ਮੱਧ ਯੁੱਗ ਵਿਚ ਸੰਤ ਰਵਿਦਾਸ, 19ਵੀਂ ਸਦੀ ਵਿਚ ਜਯੋਤਿਬਾ ਰਾਓ ਫੂਲੇ ਅਤੇ ਉਨ੍ਹਾਂ ਦੀ ਪਤਨੀ ਸਾਵਿੱਤਰੀਬਾਈ ਫੂਲੇ, ਸਤਨਾਮ ਸੰਪਰਦਾ ਦੇ ਸੰਸਥਾਪਕ ਗੁਰੂ ਘਾਸੀਦਾਸ (1756-1850), 20ਵੀਂ ਸਦੀ ਵਿਚ ਮਹਾਤਮਾ ਅਯੰਕਾਲੀ (1863-1941 ਤ੍ਰਾਵਣਕੋਰ ਕੋਚੀਨ, ਹੁਣ ਕੇਰਲ) ਅਤੇ ਰਾਮਾਸਵਾਮੀ ਪੇਰੀਆਰ (17 ਸਤੰਬਰ, 1879-24 ਦਸੰਬਰ, 1973) ਸ਼ਾਮਲ ਹਨ। ਇਸ ਇਤਿਹਾਸਕ ਲੜੀ ਵਿਚ ਡਾ. ਭੀਮ ਰਾਓ ਅੰਬੇਡਕਰ (14 ਅਪ੍ਰੈਲ, 1891-6 ਦਸੰਬਰ, 1956) ਦਾ ਨਾਂ ਧਰੁਵ ਤਾਰੇ ਵਾਂਗ ਚਮਕਦਾ ਹੈ।
ਦਲਿਤ ਸੰਤਾਂ, ਗੁਰੂਆਂ ਅਤੇ ਸਮਾਜ ਸੁਧਾਰਕਾਂ ਦਾ ਕਤਲ : ਦਲਿਤ ਵਿਰੋਧੀ ਬੀਮਾਰ ਮਾਨਸਿਕਤਾ : ਜਦੋਂ ਦਲਿਤ ਸਮਾਜ ਸੁਧਾਰਕਾਂ ਨੇ ਦਲਿਤ ਵਿਰੋਧੀ ਪਰੰਪਰਾਵਾਂ ਨੂੰ ਚੁਣੌਤੀ ਦਿੱਤੀ, ਤਾਂ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ। ਦਲਿਤ ਸੰਤਾਂ, ਗੁਰੂਆਂ ਅਤੇ ਸਮਾਜ ਸੁਧਾਰਕਾਂ (ਸੰਤ ਚੱਕਰਧਰ, ਸੰਤ ਨਾਮਦੇਵ, ਸੰਤ ਤੁਕਾਰਾਮ, ਗੁਰੂ ਰਵਿਦਾਸ ਅਤੇ ਸੰਤ ਚੋਖਾਮੇਲਾ) ਦਾ ਕਤਲ ਕੀਤਾ ਗਿਆ ਅਤੇ ਮਹਾਤਮਾ ਜਯੋਤਿਬਾ ਫੂਲੇ ਅਤੇ ਸ਼ਾਹੂਜੀ ਮਹਾਰਾਜ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ।
ਡਾ. ਭੀਮ ਰਾਓ ਅੰਬੇਡਕਰ ਦੀਆਂ ਮੂਰਤੀਆਂ ਦੀ ਸਥਾਪਨਾ ਸ਼ੁਰੂ : ਇਕ ਸਰਸਰੀ ਝਲਕ : ਡਾ. ਭੀਮ ਰਾਓ ਅੰਬੇਡਕਰ ਨੇ ਆਪਣੇ ਜੀਵਨ ਦੇ ਆਖਰੀ ਪੜਾਅ ਵਿਚ ਬੁੱਧ ਧਰਮ ਅਪਣਾਇਆ ਸੀ। ਮਹਾਤਮਾ ਬੁੱਧ ਦੇ ਪੈਰੋਕਾਰ ਹੋਣ ਕਰ ਕੇ ਡਾ. ਭੀਮ ਰਾਓ ਮੂਰਤੀ ਪੂਜਾ ਅਤੇ ਨਾਇਕ ਪੂਜਾ ਦੇ ਵਿਰੁੱਧ ਸਨ। ਇਸ ਦੇ ਬਾਵਜੂਦ ਡਾ. ਭੀਮ ਰਾਓ ਦੇ ਜੀਵਨ ਕਾਲ ਦੌਰਾਨ ਉਨ੍ਹਾਂ ਦੇ ਪੈਰੋਕਾਰਾਂ, ਖਾਸ ਕਰ ਕੇ ਦਲਿਤ ਵਰਗ ਨੇ, ਉਨ੍ਹਾਂ ਦੀਆਂ ਮੂਰਤੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਪਰ ਅਧਿਕਾਰਤ ਤੌਰ ’ਤੇ ਅੰਬੇਡਕਰ ਦਾ ਪਹਿਲਾ ਬੁੱਤ 1962 ਵਿਚ ਮੁੰਬਈ ਦੇ ਇੰਸਟੀਚਿਊਟ ਆਫ਼ ਸਾਇੰਸ ਦੇ ਕਰਾਸਿੰਗ ’ਤੇ ਸਥਾਪਿਤ ਕੀਤਾ ਗਿਆ ਸੀ। ਇਸ ਤੋਂ ਬਾਅਦ, 1966 ਵਿਚ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਵਲੋਂ ਸੰਸਦ (ਹੁਣ ਸੰਵਿਧਾਨ ਭਵਨ) ਦੇ ਵਿਹੜੇ ਵਿਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਇਸ ਮੂਰਤੀ ਵਿਚ ਡਾ. ਅੰਬੇਡਕਰ ਇਕ ਹੱਥ ਵਿਚ ਸੰਵਿਧਾਨ ਫੜੇ ਹੋਏ ਹਨ ਅਤੇ ਦੂਜੇ ਹੱਥ ਦੀ ਉਂਗਲੀ ਨਾਲ ਇਸ਼ਾਰਾ ਕਰ ਰਹੇ ਹਨ। ਇਹ ਮੂਰਤੀ ਅੱਜ ਦੁਨੀਆ ਵਿਚ ਸਭ ਤੋਂ ਵੱਧ ਪ੍ਰਸਿੱਧ ਹੈ।
ਅੱਜ, ਭਾਰਤ ਸਮੇਤ ਦੁਨੀਆ ਭਰ ਵਿਚ ਅੰਬੇਡਕਰ ਦੀਆਂ 40 ਸਭ ਤੋਂ ਉੱਚੀਆਂ ਮੂਰਤੀਆਂ ਹਨ। ਇਨ੍ਹਾਂ 40 ਮੂਰਤੀਆਂ ਵਿਚੋਂ 206 ਫੁੱਟ ਦੀ ਸਭ ਤੋਂ ਉੱਚੀ ਮੂਰਤੀ ਵਿਜੇਵਾੜਾ (ਆਂਧਰਾ ਪ੍ਰਦੇਸ਼) ਵਿਚ ਹੈ, ਜਿਸ ਨੂੰ ‘ਸਮਾਜਿਕ ਨਿਆਂ ਦਾ ਪ੍ਰਤੀਕ’ ਮੰਨਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਦੂਜੀ 175 ਫੁੱਟ ਉੱਚੀ ਮੂਰਤੀ ਹੈਦਰਾਬਾਦ (ਤੇਲੰਗਾਨਾ) ਵਿਚ ਹੈ।
ਡਾ. ਅੰਬੇਡਕਰ ਦੇ ਬੁੱਤਾਂ ਨੂੰ ਢਾਹੁਣ ਦੇ ਮੂਲ ਕਾਰਨ ਕੀ ਹਨ : ਇਹ ਇਕ ਔਖਾ ਸਵਾਲ ਹੈ। ਇਸ ਸੰਬੰਧ ਵਿਚ ਹੇਠ ਲਿਖੀ ਚਰਚਾ ਮਹੱਤਵਪੂਰਨ ਹੈ-
ਪਹਿਲਾ, ਭੀਮ ਰਾਓ ਅੰਬੇਡਕਰ ਦੀਆਂ ਮੂਰਤੀਆਂ ਨੂੰ ਢਾਹੁਣ ਦਾ ਮੂਲ ਕਾਰਨ ਅੰਬੇਡਕਰਵਾਦ ਹੈ-ਉਨ੍ਹਾਂ ਦੀ ਵਿਚਾਰਧਾਰਾ। ਅੰਬੇਡਕਰਵਾਦ ਵਿਚਾਰਾਂ ਦਾ ਇਕ ਸਮੂਹ ਹੈ ਜਿਸ ਵਿਚ ਸਮਾਨਤਾ, ਆਜ਼ਾਦੀ, ਭਾਈਚਾਰਾ, ਸਮਾਜਿਕ-ਆਰਥਿਕ-ਰਾਜਨੀਤਿਕ ਨਿਆਂ, ਮਨੁੱਖੀ ਮਾਣ, ਧਰਮਨਿਰਪੱਖਤਾ, ਲੋਕਤੰਤਰ, ਸਮਾਜਵਾਦ ਅਤੇ ਸਮਾਜ ਦੇ ਹਾਸ਼ੀਏ ’ਤੇ ਧੱਕੇ ਅਤੇ ਅਣਗੌਲੇ ਵਰਗਾਂ-ਦਲਿਤ, ਆਦਿਵਾਸੀ, ਔਰਤਾਂ, ਛੋਟੇ ਕਿਸਾਨਾਂ ਅਤੇ ਭੂਮੀਹੀਣ ਖੇਤੀਬਾੜੀ ਮਜ਼ਦੂਰਾਂ, ਸੰਗਠਿਤ ਅਤੇ ਅਸੰਗਠਿਤ ਕਾਮਿਆਂ ਦਾ ਸਸ਼ਕਤੀਕਰਨ ਅਤੇ ਇਕ ਸਮਾਨਤਾਵਾਦੀ ਸਮਾਜ ਦੀ ਸਥਾਪਨਾ ਅਤੇ ਉੱਨਤੀ ਸ਼ਾਮਲ ਹੈ, ਜਿੱਥੇ ਬੁਨਿਆਦੀ ਜ਼ਰੂਰਤਾਂ (ਭੋਜਨ, ਆਸਰਾ, ਕੱਪੜੇ, ਵਿਆਪਕ ਸਿੱਖਿਆ, ਸਿਹਤ ਸਹੂਲਤਾਂ, ਕੰਮ ਕਰਨ ਦਾ ਅਧਿਕਾਰ ਅਤੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਅਧਿਕਾਰ) ਪੂਰੀਆਂ ਹੁੰਦੀਆਂ ਹਨ।
ਅੰਬੇਡਕਰਵਾਦੀ ਸੋਚ ਮੌਜੂਦਾ ਸਦੀ ਵਿਚ ਪ੍ਰਚੱਲਿਤ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਸਮੇਤ ਕਾਰਪੋਰੇਟਰੀਕਰਨ ਦੇ ਵਿਰੁੱਧ ਹੈ। ਅੰਬੇਡਕਰਵਾਦ ਅਸਮਾਨਤਾ, ਸਮਾਜਿਕ ਬੇਇਨਸਾਫ਼ੀ, ਅਣਮਨੁੱਖੀ ਵਿਵਹਾਰ, ਛੂਤ-ਛਾਤ, ਮਨੂਵਾਦ (ਮਨੂਸਮ੍ਰਿਤੀ), ਜਾਗੀਰਦਾਰੀ, ਪੂੰਜੀਵਾਦ, ਨੌਕਰਸ਼ਾਹੀ ਦੇ ਲੋਕ ਵਿਰੋਧੀ ਰਵੱਈਏ, ਬਹੁਗਿਣਤੀਵਾਦ ਦੀ ਤਾਨਾਸ਼ਾਹੀ, ਹਿੰਸਕ ਅੰਦੋਲਨਾਂ, ਧਰਮ-ਅਾਧਾਰਿਤ ਜਾਂ ਧਰਮ-ਪ੍ਰਧਾਨ ਰਾਜਾਂ ਦੇ ਵਿਰੁੱਧ ਹੈ।
ਅੰਬੇਡਕਰਵਾਦੀ ਸੋਚ ਇਕ ਅਜਿਹੀ ਬਦਲਵੀਂ ਪ੍ਰਣਾਲੀ ’ਤੇ ਜ਼ੋਰ ਦਿੰਦੀ ਹੈ ਜਿਸ ਵਿਚ ਇਕ ਸਮਾਨਤਾਵਾਦੀ ਸਮਾਜ ਸਥਾਪਤ ਹੋਵੇ ਅਤੇ ਜਿੱਥੇ ਆਮ ਲੋਕਾਂ ਨੂੰ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੀਆਂ ਸਹੂਲਤਾਂ ਮਿਲਣ ਅਤੇ ਹਰ ਕਿਸੇ ਨੂੰ ਸਨਮਾਨਜਨਕ ਜੀਵਨ ਜਿਊਣ ਦੀ ਆਜ਼ਾਦੀ ਹੋਵੇ ਪਰ ਪ੍ਰਮੁੱਖ ਵਰਗ (ਉਹ ਲੋਕ ਜੋ ਮੌਜੂਦਾ ਪ੍ਰਣਾਲੀਆਂ ਨੂੰ ਨਿਯੰਤਰਿਤ ਕਰਦੇ ਹਨ ਅਤੇ ਸਾਰੀਆਂ ਸਹੂਲਤਾਂ ’ਤੇ ਹਾਵੀ ਹੋ ਕੇ ਲਾਭ ਉਠਾ ਰਹੇ ਹਨ) ਕਿਸੇ ਵੀ ਰੂਪ ਵਿਚ ਇਸ ਬਦਲਵੀਂ ਪ੍ਰਣਾਲੀ ਦੀ ਸਥਾਪਨਾ ਦੇ ਵਿਰੁੱਧ ਹਨ। ਇਸ ਵਿਚਾਰਧਾਰਾ ਦੇ ਕਾਰਨ, ਡਾ. ਅੰਬੇਡਕਰ ਦੀਆਂ ਮੂਰਤੀਆਂ ਨੂੰ ਢਾਹਿਆ ਜਾਂਦਾ ਹੈ ਕਿਉਂਕਿ ਇਹ ਸੱਜੇ-ਪੱਖੀ ਵਿਚਾਰਧਾਰਾ, ਕਾਰਪੋਰੇਟਾਂ, ਪੂੰਜੀਪਤੀਆਂ ਅਤੇ ਧਾਰਮਿਕ ਕੱਟੜਪੰਥੀਆਂ ਦੇ ਸਮਰਥਕਾਂ ਲਈ ਇਕ ਚੁਣੌਤੀ ਹੈ।
ਦੂਜਾ, ਰਾਜਨੀਤਿਕ ਪ੍ਰਣਾਲੀ ਦੇ ਇਨਪੁੱਟ ਅਤੇ ਆਉਟਪੁੱਟ ਵਿਚ ਦਲਿਤਾਂ ਦੀ ਵਧਦੀ ਹਿੱਸੇਦਾਰੀ ਇਕ ਹੋਰ ਮਹੱਤਵਪੂਰਨ ਕਾਰਨ ਹੈ। ਸੰਵਿਧਾਨ ਵਿਚ ਰਾਖਵੇਂਕਰਨ ਦੀ ਵਿਵਸਥਾ ਦੇ ਨਤੀਜੇ ਵਜੋਂ, ਦਲਿਤ ਵਰਗ ਦੇ ਲੋਕਾਂ ਦੀ ਰਾਜਨੀਤਿਕ ਹਿੱਸੇਦਾਰੀ ਪੰਚਾਇਤ ਤੋਂ ਲੈ ਕੇ ਸੰਸਦ ਤੱਕ ਵਧੀ ਹੈ। ਦਲਿਤ ਜਾਤੀਆਂ ਦੇ ਲੋਕ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਲੈ ਕੇ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਤੱਕ ਦੇ ਅਹੁਦਿਆਂ ’ਤੇ ਰਹੇ ਹਨ।
ਤੀਜਾ, ਰਾਖਵੇਂਕਰਨ ਕਾਰਨ, ਦਲਿਤ ਵਰਗ ਦੇ ਬੱਚੇ ਪੜ੍ਹੇ-ਲਿਖ ਕੇ ਸਰਕਾਰੀ ਨੌਕਰੀਆਂ ਵਿਚ ਦਾਖਲ ਹੋਏ ਅਤੇ ਹੁਣ ਉਨ੍ਹਾਂ ਦੀ ਜੀਵਨ-ਸ਼ੈਲੀ ਵਿਚ ਇਕ ਬੇਮਿਸਾਲ ਤਬਦੀਲੀ ਆਈ ਹੈ। ਨਤੀਜੇ ਵਜੋਂ, ਦਲਿਤ ਵਰਗ ਦੀ ਆਰਥਿਕ ਹਾਲਤ ਬਦਲ ਗਈ ਅਤੇ ਉਨ੍ਹਾਂ ਦੀ ਖਰੀਦ ਸ਼ਕਤੀ ਵਧ ਗਈ ਹੈ, ਜਿਸ ਕਾਰਨ ਇਸ ਵਰਗ ਨੇ ਅਖੌਤੀ ਉੱਚ ਵਰਗ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ, ਉੱਚ ਵਰਗ ਦਾ ਦਬਦਬਾ ਅਤੇ ਸਰਵਉੱਤਮਤਾ ਆਪਣੇ ਅੰਤ ਵੱਲ ਵਧ ਰਹੀ ਹੈ।
ਚੌਥਾ, ਡਾ. ਅੰਬੇਡਕਰ ਦੀਆਂ ਮੂਰਤੀਆਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਪ੍ਰੇਰਣਾ ਅਤੇ ਦਲਿਤ ਵਰਗ ਲਈ ਸਤਿਕਾਰ ਦਾ ਪ੍ਰਤੀਕ ਹਨ ਪਰ ਜਦੋਂ ਮੂਰਤੀਆਂ ਨੂੰ ਤਬਾਹ ਕੀਤਾ ਜਾਂਦਾ ਹੈ, ਤਾਂ ਸਮਾਜ ਦੇ ਹਾਸ਼ੀਏ ’ਤੇ ਖੜ੍ਹੇ ਲੋਕਾਂ ਦੀ ਇੱਜ਼ਤ ਨੂੰ ਠੇਸ ਪਹੁੰਚਦੀ ਹੈ। ਭਾਵੇਂ ਅੰਬੇਡਕਰ ਭਗਵਾਨ ਨਹੀਂ ਹਨ, ਪਰ ਦਲਿਤ ਵਰਗ ਲਈ ਉਹ ਭਗਵਾਨ ਤੋਂ ਘੱਟ ਨਹੀਂ ਹਨ ਕਿਉਂਕਿ ਉਹ ਮੰਨਦੇ ਹਨ ਕਿ ਅੰਬੇਡਕਰ ਦੇ ਕਾਰਨ ਹੀ ਸੰਵਿਧਾਨ ਵਿਚ ਉਨ੍ਹਾਂ ਲਈ ਪ੍ਰਬੰਧ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਦੂਜੀਆਂ ਜਾਤੀਆਂ ਦੇ ਬਰਾਬਰ ਅਧਿਕਾਰ ਮਿਲੇ ਹਨ। ਜਿਵੇਂ-ਜਿਵੇਂ ਉਹ ਆਪਣੇ ਹੱਕਾਂ ਲਈ ਲੜ ਰਹੇ ਹਨ, ਅਖੌਤੀ ਉੱਚ ਵਰਗਾਂ ਵਲੋਂ ਉਨ੍ਹਾਂ ਦੇ ਰਾਹ ਵਿਚ ਕਈ ਸਮੱਸਿਆਵਾਂ ਪੈਦਾ ਕੀਤੀਆਂ ਜਾਣਗੀਆਂ ਅਤੇ ਮੂਰਤੀਆਂ ਦੀ ਤਬਾਹੀ ਵੀ ਵਧਣ ਦੀ ਸੰਭਾਵਨਾ ਹੈ। ਸਰਕਾਰ ਨੂੰ ਮੂਰਤੀਆਂ ਦੀ ਤਬਾਹੀ ਰੋਕਣੀ ਚਾਹੀਦੀ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਕਾਨੂੰਨੀ ਵਿਵਸਥਾਵਾਂ ਵਿਚ ਬਦਲਾਅ ਕਰਨੇ ਚਾਹੀਦੇ ਹਨ, ਕਿਉਂਕਿ ਡਾ. ਭੀਮ ਰਾਓ ਅੰਬੇਡਕਰ ਦੀਆਂ ਮੂਰਤੀਆਂ ਨੂੰ ਢਾਹੁਣਾ ਸੰਵਿਧਾਨ ਅਤੇ ਰਾਸ਼ਟਰ ਦਾ ਘੋਰ ਅਪਮਾਨ ਹੈ।
ਡਾ. ਰਾਮਜੀਲਾਲ