ਕੀ ਇੰਡੀਆ ਗੱਠਜੋੜ ਨੇ ਆਤਮਘਾਤੀ ਬਟਨ ਦਬਾ ਦਿੱਤਾ ਹੈ?

Wednesday, Feb 12, 2025 - 04:05 PM (IST)

ਕੀ ਇੰਡੀਆ ਗੱਠਜੋੜ ਨੇ ਆਤਮਘਾਤੀ ਬਟਨ ਦਬਾ ਦਿੱਤਾ ਹੈ?

ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਦੀ ਖੁਸ਼ੀ ਅਤੇ ‘ਆਪ’ ਦੀ ਹਾਰ ਦੀ ਨਿਰਾਸ਼ਾ ਦੇ ਵਿਚਕਾਰ, ਇਹ ਵਿਸ਼ਲੇਸ਼ਣ ਕਰਨਾ ਸੌਖਾ ਹੋ ਗਿਆ ਹੈ ਕਿ ਕੀ ਲੋਕ ਸਭਾ ਚੋਣਾਂ ਵਿਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਖਾਸ ਕਰ ਕੇ ਦਿੱਲੀ ਵਿਚ ‘ਆਪ’ ਅਤੇ ਕਾਂਗਰਸ ਦੀ ਅਸਫਲਤਾ ਤੋਂ ਬਾਅਦ, ਇੰਡੀਆ ਗੱਠਜੋੜ ਆਪਣੀ ਸਾਰਥਕਤਾ ਅਤੇ ਰੂਪ ਗੁਆ ਬੈਠਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਨੇ ਪਹਿਲਾਂ ਹੀ ਕਮਜ਼ੋਰ ਹੋ ਰਹੇ ਇੰਡੀਆ ਗੱਠਜੋੜ ਲਈ ਹੋਰ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ। ਕੀ ਇਸ ਨੇ ਆਤਮਘਾਤੀ ਕਦਮ ਚੁੱਕਿਆ ਹੈ? ਕੀ ਇੰਡੀਆ ਗੱਠਜੋੜ ਦੇ ਦਿਨ ਲੱਦ ਗਏ ਹਨ ਅਤੇ ਕੀ ਇਹ ਟੁੱਟਣ ਵਾਲਾ ਹੈ?

ਇਹ ਧਿਆਨ ਦੇਣ ਯੋਗ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਕੁਝ ਹੱਦ ਤੱਕ ਸਫਲ ਵੀ ਰਹੇ ਕਿਉਂਕਿ ਹਿੰਦੂਤਵ ਬ੍ਰਿਗੇਡ 240 ਸੰਸਦ ਮੈਂਬਰਾਂ ਤੱਕ ਸਿਮਟ ਗਿਆ ਸੀ। ਅੱਜ ਇੰਝ ਲੱਗਦਾ ਹੈ ਕਿ ਮਹਾਰਾਸ਼ਟਰ, ਹਰਿਆਣਾ ਅਤੇ ਦਿੱਲੀ ਵਿਚ ਲਗਾਤਾਰ ਹਾਰਾਂ ਤੋਂ ਬਾਅਦ ਇੰਡੀਆ ਗੱਠਜੋੜ ਟੁੱਟ ਗਿਆ ਹੈ। ਇਸ ਵੰਡ ਦਾ ਮੁੱਖ ਕਾਰਨ ਇਸ ਦੀ ਸਭ ਤੋਂ ਵੱਡੀ ਭਾਈਵਾਲ ਕਾਂਗਰਸ ਹੈ।

ਕੁਝ ਲੋਕ ਦੋਸ਼ ਲਾਉਂਦੇ ਹਨ ਕਿ ਕਾਂਗਰਸ ਨੇ ਭਾਜਪਾ ਦੀ ਜਿੱਤ ਵਿਚ ਯੋਗਦਾਨ ਪਾਇਆ ਹੈ, ਹਾਲਾਂਕਿ ਸੀਨੀਅਰ ਕਾਂਗਰਸੀ ਆਗੂ ਇਸ ਨੂੰ ਗਲਤ ਕਹਿ ਰਹੇ ਹਨ ਕਿਉਂਕਿ ਚੋਣਾਂ ਤੋਂ ਪਹਿਲਾਂ ‘ਆਪ’ ਨੇ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਸੀ। ਤ੍ਰਿਣਮੂਲ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ਕਾਂਗਰਸ ਵਿਰੁੱਧ ਇਕੱਠੇ ਕੰਮ ਕੀਤਾ। ਹਰੇਕ ਪਾਰਟੀ ਨੂੰ ਆਪਣਾ ਲੋਕ-ਆਧਾਰ ਵਧਾਉਣ ਦਾ ਅਧਿਕਾਰ ਹੈ। ਦਿੱਲੀ ਵਿਚ ਭਾਜਪਾ ਦੀ ਜਿੱਤ ਤੋਂ ਬਾਅਦ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਕ ਤਿੱਖੀ ਟਿੱਪਣੀ ਕੀਤੀ, ‘‘ਆਪਸ ਵਿਚ ਹੋਰ ਲੜੋ।’’ ਸ਼ਿਵ ਸੈਨਾ-ਊਧਵ ਠਾਕਰੇ ਧੜੇ ਨੇ ਵੀ ਇਹੀ ਗੱਲ ਦੁਹਰਾਈ ਅਤੇ ਕਿਹਾ ਕਿ ਜੇਕਰ ਇਹੀ ਜਾਰੀ ਰਿਹਾ, ਤਾਂ ਗੱਠਜੋੜ ਕਿਉਂ ਬਣਾਇਆ ਜਾਵੇ।

ਸਮਾਜਵਾਦੀ ਪਾਰਟੀ ਨੇ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਸ ਦਾ ਦ੍ਰਿਸ਼ਟੀਕੋਣ ਗਲਤ ਸੀ ਅਤੇ ਧਰਮਨਿਰਪੱਖ ਲੋਕਤੰਤਰੀ ਤਾਕਤਾਂ ਵਿਚ ਵੰਡ ਦਾ ਕਾਰਨ ਹੈ।
ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ‘ਆਪ’ ਦੀ ਇਹ ਹਾਰ ਕਾਂਗਰਸ ਤੋਂ ਬਿਨਾਂ ਤੀਜਾ ਮੋਰਚਾ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਝਟਕਾ ਦੇਵੇਗੀ। ਪੱਛਮੀ ਬੰਗਾਲ ਵਿਚ ਕਾਂਗਰਸ ਦਾ ਇਹ ਕਦਮ ਤ੍ਰਿਣਮੂਲ ਕਾਂਗਰਸ ਵਿਚ ਚਿੰਤਾ ਅਤੇ ਸ਼ੱਕ ਪੈਦਾ ਕਰ ਰਿਹਾ ਹੈ ਕਿਉਂਕਿ ਉੱਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਕਾਂਗਰਸ ਉੱਥੇ ਵੀ ਉਹੀ ਗੱਲ ਦੁਹਰਾ ਸਕਦੀ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਨੇ ਇੰਡੀਆ ਗੱਠਜੋੜ ਨੂੰ ਖੰਡਿਤ ਦੱਸਿਆ ਹੈ। ਜਿੱਥੇ ਅਬਦੁੱਲਾ ਨੇ ਇਸ ਨੂੰ ਭੰਗ ਕਰਨ ਦੀ ਮੰਗ ਕੀਤੀ ਹੈ, ਉੱਥੇ ਹੀ ਆਰ. ਜੇ. ਡੀ. ਦੇ ਤੇਜਸਵੀ ਨੇ ਪੁੱਛਿਆ ਹੈ ਕਿ ਇਸ ਦੀ ਅਗਵਾਈ ਕੌਣ ਕਰੇਗਾ ਅਤੇ ਇਸ ਦਾ ਏਜੰਡਾ ਕੀ ਹੋਵੇਗਾ। ਇਹ ਗੱਠਜੋੜ ਕਿਵੇਂ ਅੱਗੇ ਵਧੇਗਾ, ਇਸ ਬਾਰੇ ਕੋਈ ਚਰਚਾ ਨਹੀਂ ਹੋਈ ਹੈ। ਇਹ ਸਪੱਸ਼ਟ ਨਹੀਂ ਹੈ ਕਿ ਅਸੀਂ ਇਕਜੁੱਟ ਰਹਾਂਗੇ ਜਾਂ ਨਹੀਂ।

ਗੱਠਜੋੜ ਦੇ ਕਈ ਭਾਈਵਾਲ ਅਡਾਣੀ ਦੇ ਵਿਰੁੱਧ ਅਤੇ ਚੋਣਾਂ ਵਿਚ ਹਾਰ ਲਈ ਈ. ਵੀ. ਐੱਮ. ਨੂੰ ਜ਼ਿੰਮੇਵਾਰ ਠਹਿਰਾਉਣ ਦੇ ਮਾਮਲੇ ’ਚ ਕਾਂਗਰਸ ਨਾਲ ਅਸਹਿਮਤ ਹਨ। ਤ੍ਰਿਣਮੂਲ ਨੇ ਕਾਂਗਰਸ ’ਤੇ ਸੰਸਦ ਵਿਚ ਵਿਰੋਧੀ ਧਿਰ ਦੇ ਏਜੰਡੇ ਨੂੰ ਹਾਈਜੈਕ ਕਰਨ ਦਾ ਦੋਸ਼ ਲਗਾਇਆ ਹੈ ਅਤੇ ਸਮਾਜਵਾਦੀ ਪਾਰਟੀ ਨੇ ਕਾਂਗਰਸ ਦੀਆਂ ਤਰਜੀਹਾਂ ’ਤੇ ਸਵਾਲ ਉਠਾਏ ਹਨ। ਇਸ ਤੋਂ ਇਲਾਵਾ, ਪਵਾਰ ਦੀ ਐੱਨ. ਸੀ. ਪੀ. ਅਤੇ ਲਾਲੂ ਦੀ ਆਰ. ਜੇ. ਡੀ. ਨੇ ਇੰਡੀਆ ਗੱਠਜੋੜ ਦੀ ਅਗਵਾਈ ਲਈ ਮਮਤਾ ਦੀ ਹਮਾਇਤ ਕੀਤੀ ਹੈ।

ਮਮਤਾ ਦੀ ਯੋਜਨਾ ਦੋ ਗੱਲਾਂ ’ਤੇ ਆਧਾਰਿਤ ਹੈ। ਪਹਿਲੀ, ਗੈਰ-ਭਾਜਪਾ ਪਾਰਟੀਆਂ ਵਿਚਕਾਰ ਵਿਆਪਕ ਤਾਲਮੇਲ ਬਣਾਇਆ ਜਾਵੇ। ਦੂਜੀ, ਉਸ ਦਾ ਕੱਦ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਮੁਕਾਬਲੇ ਉੱਚਾ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਨਾਲ ਸਬੰਧ ਸਥਾਪਿਤ ਕੀਤੇ ਜਾਣ , ਤਾਂ ਜੋ ਉਸ ਨੂੰ ਇਕ ਅਜਿਹੇ ਆਗੂਆਂ ਵਜੋਂ ਦੇਖਿਆ ਜਾ ਸਕੇ ਜਿਸ ਕੋਲ ਇਕ ਟ੍ਰੈਕ ਰਿਕਾਰਡ ਹੈ, ਨੈੱਟਵਰਕ ਹੈ ਅਤੇ ਗੱਠਜੋੜ ਦਾ ਚਿਹਰਾ ਬਣਨ ਦੀ ਭਰੋਸੇਯੋਗਤਾ ਹੈ। ਭਾਵੇਂ ਕਾਂਗਰਸ ਦਿੱਲੀ ਵਿਚ ਆਪਣਾ ਖਾਤਾ ਖੋਲ੍ਹਣ ਵਿਚ ਅਸਫਲ ਰਹੀ, ਪਰ ਇਸ ਦੀ ਵੋਟ ਹਿੱਸੇਦਾਰੀ 2 ਫੀਸਦੀ ਵਧੀ ਅਤੇ ਇਸ ਦੇ ਉਮੀਦਵਾਰ 14 ਸੀਟਾਂ ’ਤੇ ਦੂਜੇ ਸਥਾਨ ’ਤੇ ਰਹੇ ਅਤੇ ਉਨ੍ਹਾਂ ਨੇ ਇਨ੍ਹਾਂ ਸੀਟਾਂ ’ਤੇ ‘ਆਪ’ ਦੇ ਉਮੀਦਵਾਰਾਂ ਨੂੰ ਤੀਜੇ ਸਥਾਨ ’ਤੇ ਧੱਕਿਆ ਹੈ। ਨਤੀਜਾ ਇਹ ਕਿ ਵਿਰੋਧੀ ਧਿਰ ਨਿਰਾਸ਼ ਹੈ। ਸਾਰੇ ਲੋਕ ਜਾਣਦੇ ਹਨ ਕਿ ‘ਆਪ’ ਅਤੇ ਕਾਂਗਰਸ ਦੋਵੇਂ ਹੀ ਪਰਸਪਰ ਵਿਰੋਧੀ ਸਹਿਯੋਗੀ ਹਨ। ਇੰਡੀਆ ਗੱਠਜੋੜ ’ਚ ‘ਆਪ’ ਦੇ ਦਾਖਲੇ ਦਾ ਕਾਂਗਰਸ ਨੇ ਵਿਰੋਧ ਕੀਤਾ ਸੀ ਅਤੇ ਉਸ ਨੇ ‘ਆਪ’ ਨੂੰ ਇੰਡੀਆ ਗੱਠਜੋੜ ਦੀਆਂ ਤਾਲਮੇਲ ਮੀਟਿੰਗਾਂ ’ਚ ਬੁਲਾਉਣ ਤੋਂ ਨਾਂਹ ਕਰ ਦਿੱਤੀ ਸੀ।

ਦਿੱਲੀ ਚੋਣਾਂ ਵਿਚ ਹਾਰ ਤੋਂ ਬਾਅਦ ‘ਆਪ’ ਦੀ ਸਥਿਤੀ ਡਾਵਾਂਡੋਲ ਹੋ ਗਈ ਹੈ। ਇਸ ਵਿਚ ਅੰਦਰੂਨੀ ਵਿਰੋਧ ਵਧ ਰਿਹਾ ਹੈ ਅਤੇ ਇਸ ਦੀ ਪੰਜਾਬ ਇਕਾਈ ਵਿਚ ਵੀ ਬੇਚੈਨੀ ਦਿਖਾਈ ਦੇਣ ਲੱਗੀ ਹੈ। ਪੰਜਾਬ ਦੇ ਕੁਝ ਵਿਧਾਇਕ ਪਾਰਟੀ ਦੀ ਦਿੱਲੀ ਲੀਡਰਸ਼ਿਪ ਤੋਂ ਨਾਰਾਜ਼ ਹਨ, ਜਿਸ ਦਾ ਸੂਬੇ ਦੇ ਪ੍ਰਸ਼ਾਸਨ ’ਤੇ ਪ੍ਰਭਾਵ ਹੈ ਅਤੇ ਹੋ ਸਕਦਾ ਹੈ ਕਿ ਉਹ ਆਪਣੇ ਬਦਲਾਂ ’ਤੇ ਵਿਚਾਰ ਕਰਨ। ਦਰਅਸਲ, ਕੇਜਰੀਵਾਲ ਦੀ ਪੰਜਾਬ ਦੇ ਵਿਧਾਇਕਾਂ ਨਾਲ ਮੁਲਾਕਾਤ ਦਾ ਮਕਸਦ ਉਨ੍ਹਾਂ ਵਿਚ ਮੌਜੂਦ ਅਸੰਤੁਸ਼ਟੀ ਨੂੰ ਦੂਰ ਕਰਨਾ ਸੀ। ਕੁਝ ਵਿਰੋਧੀ ਆਗੂਆਂ ਨੇ ਪੰਜਾਬ ਵਿਚ ‘ਆਪ’ ਲਈ ਇਸੇ ਤਰ੍ਹਾਂ ਦੇ ਪਤਨ ਦੀ ਭਵਿੱਖਬਾਣੀ ਕੀਤੀ ਹੈ, ਜਿੱਥੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ 13 ਉਮੀਦਵਾਰਾਂ ਵਿਚੋਂ ਸਿਰਫ਼ ਤਿੰਨ ਹੀ ਜਿੱਤੇ ਸਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਕੇਜਰੀਵਾਲ ਹੁਣ ਪੰਜਾਬ ਦੀ ਸਿਆਸਤ ਵਿਚ ਸਿੱਧੀ ਭੂਮਿਕਾ ਨਿਭਾਉਣ ਬਾਰੇ ਵਿਚਾਰ ਕਰ ਸਕਦੇ ਹਨ।

ਅੱਜ ਦੀ ਪੇਸ਼ੇਵਰ ਸਿਆਸਤ ਵਿਚ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇੰਡੀਆ ਗੱਠਜੋੜ ਸਾਰੇ ਵਿਵਹਾਰਕ ਉਦੇਸ਼ਾਂ ਲਈ ਮਰ ਚੁੱਕਾ ਹੈ ਕਿਉਂਕਿ ਇਸ ਨੇ ਆਤਮਘਾਤੀ ਬਟਨ ਦਬਾ ਦਿੱਤਾ ਹੈ ਅਤੇ ਇਹ ਕਿਸੇ ਵੀ ਸਮੇਂ ਧਮਾਕੇ ਦਾ ਰੂਪ ਲੈ ਸਕਦਾ ਹੈ ਅਤੇ ਕਿਸੇ ਵੀ ਸਮੇਂ ਖੇਤਰੀ ਪਾਰਟੀਆਂ ਕਾਂਗਰਸ ਨਾਲ ਆਪਣੇ ਸਬੰਧਾਂ ਦੀ ਸਮੀਖਿਆ ਕਰ ਸਕਦੀਆਂ ਹਨ ਕਿਉਂਕਿ ਜੋ ਸਹਿਯੋਗੀ ਕਾਂਗਰਸ ਨਾਲ ਗੱਠਜੋੜ ਕਰ ਕੇ ਆਪਣੀ ਤਾਕਤ ਨਾਲ ਸਮਝੌਤਾ ਕਰਦੇ ਹਨ, ਅੰਤ ਵਿਚ ਕਾਂਗਰਸ ਨੂੰ ਮਜ਼ਬੂਤ ​​ਕਰਦੇ ਹਨ ਅਤੇ ਕਾਂਗਰਸ ਭਾਜਪਾ ਦਾ ਮੁਕਾਬਲਾ ਕਰਨ ਵਿਚ ਅਸਫਲ ਰਹਿੰਦੀ ਹੈ। ਪਾਰਟੀਆਂ ਦਾ ਇਹ ਵੀ ਕਹਿਣਾ ਹੈ ਕਿ ਰਾਹੁਲ ਗਾਂਧੀ, ਜੋ ਆਪਣੇ ਯੋਗਦਾਨ ਕਾਰਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਬਣੇ, ਉਨ੍ਹਾਂ ਦੀਆਂ ਰਾਸ਼ਟਰੀ ਇੱਛਾਵਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।

ਭਾਵੇਂ ਇੰਡੀਆ ਗੱਠਜੋੜ ਸਮਾਵੇਸ਼ ਨੂੰ ਉਜਾਗਰ ਕਰਦਾ ਹੈ, ਪਰ ਭਾਜਪਾ ਨੇ ਇਸ ਨੂੰ ਵੀ ਹੜੱਪ ਲਿਆ ਹੈ ਅਤੇ ਇਸ ਦੀ ਤੁਸ਼ਟੀਕਰਨ ਦੀ ਸਿਆਸਤ ਨਾਲ ਤੁਲਨਾ ਕੀਤੀ ਹੈ। ਇੰਡੀਆ ਗੱਠਜੋੜ ਨੂੰ ਭਾਜਪਾ ਦੇ ਦ੍ਰਿੜ੍ਹ ਇਰਾਦੇ ਦਾ ਮੁਕਾਬਲਾ ਕਰਨਾ ਪਵੇਗਾ ਅਤੇ ਬਿਆਨਬਾਜ਼ੀ ਅਤੇ ਸਰੋਤਾਂ ਦੇ ਮਾਮਲੇ ’ਚ ਵੀ ਉਸ ਦੇ ਬਰਾਬਰ ਆਉਣਾ ਪਵੇਗਾ। ਕਿਸੇ ਵੀ ਗੱਠਜੋੜ ਦੀ ਸਥਿਰਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਉਸ ਨੂੰ ਕਿਸ ਢਾਂਚੇ ’ਤੇ ਖੜ੍ਹਾ ਕੀਤਾ ਗਿਆ ਹੈ।

ਵਿਰੋਧਾਭਾਸਾਂ ਦੀ ਇਸ ਦਿਮਾਗੀ ਖੇਡ ਵਿਚ ਜਿੱਥੇ ਵੋਟ ਬੈਂਕਾਂ ਤੋਂ ਲਾਭ ਉਠਾਉਣ ਲਈ ਰਣਨੀਤੀਆਂ ਬਣਾਈਆਂ ਜਾਂਦੀਆਂ ਹਨ, ਵਿਰੋਧੀ ਧਿਰ ਲਈ ਇਕਜੁੱਟ ਹੋਣਾ ਸੌਖਾ ਨਹੀਂ ਹੈ ਕਿਉਂਕਿ ਇੰਡੀਆ ਗੱਠਜੋੜ ਦੇ ਭਾਈਵਾਲਾਂ ਦੇ ਆਪਣੇ ਖੇਤਰੀ ਗੜ੍ਹ ਹਨ ਅਤੇ ਇਸ ਲਈ ਉਨ੍ਹਾਂ ਵਿਚ ਆਪਸੀ ਟਕਰਾਅ ਵੀ ਹਨ ਅਤੇ ਇਸ ਸਭ ਨਾਲ ਨਜਿੱਠਣ ਲਈ ਦੂਰਅੰਦੇਸ਼ੀ ਅਤੇ ਲਚਕਤਾ ਦੀ ਲੋੜ ਹੈ।

ਕੁੱਲ ਮਿਲਾ ਕੇ, ਜੇਕਰ ਇੰਡੀਆ ਗੱਠਜੋੜ ਆਪਣੀ ਹੋਂਦ ਬਚਾਉਣਾ ਚਾਹੁੰਦਾ ਹੈ, ਤਾਂ ਇਸ ਨੂੰ ਭਾਜਪਾ ਦਾ ਵਿਰੋਧ ਕਰਨ ਤੋਂ ਇਲਾਵਾ ਹੋਰ ਬਹੁਤ ਕੁਝ ਕਰਨਾ ਪਵੇਗਾ। ਉਸ ਨੂੰ ਹਰਮਨਪਿਆਰਾ ਦਿਖਾਈ ਦੇਣ ਅਤੇ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਣ ਦੇ ਦਰਮਿਆਨ ਇਕ ਸੰਪੂਰਨ ਸੰਤੁਲਨ ਬਣਾਉਣਾ ਪਵੇਗਾ। ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਇਕ ਕਮਜ਼ੋਰ ਅਤੇ ਵੰਡੀ ਹੋਈ ਵਿਰੋਧੀ ਧਿਰ, ਭਾਵੇਂ ਤੁਸੀਂ ਇਸ ਨੂੰ ਕੋਈ ਵੀ ਨਾਂ ਦੇ ਦਿਓ, ਇਕ ਕਮਜ਼ੋਰ ਵਿਰੋਧੀ ਧਿਰ ਹੀ ਰਹੇਗੀ।

-ਪੂਨਮ ਆਈ. ਕੌਸ਼ਿਸ਼


 


author

Tanu

Content Editor

Related News