ਔਰਤਾਂ ਅਤੇ ਬੱਚੀਆਂ ਵਿਰੁੱਧ ਅਪਰਾਧ ਵਿਦੇਸ਼ਾਂ ’ਚ ਵੀ ਹੋ ਰਹੀ ਭਾਰਤ ਦੀ ਬਦਨਾਮੀ

Sunday, Aug 25, 2024 - 03:48 AM (IST)

ਔਰਤਾਂ ਅਤੇ ਬੱਚੀਆਂ ਵਿਰੁੱਧ ਅਪਰਾਧ ਵਿਦੇਸ਼ਾਂ ’ਚ ਵੀ ਹੋ ਰਹੀ ਭਾਰਤ ਦੀ ਬਦਨਾਮੀ

ਅਜਿਹਾ ਲੱਗਦਾ ਹੈ ਕਿ ਜਿਵੇਂ ਸਾਡੇ ਦੇਸ਼ ’ਚ ਬੱਚੀਆਂ ਅਤੇ ਔਰਤਾਂ ’ਤੇ ਸਾੜ੍ਹਸਤੀ ਆਈ ਹੋਈ ਹੈ। ਪੱਛਮੀ ਬੰਗਾਲ ’ਚ ਟ੍ਰੇਨੀ ਡਾਕਟਰ ਨਾਲ ਜਬਰ-ਜ਼ਨਾਹ ਅਤੇ ਹੱਤਿਆ ਨੂੰ ਲੈ ਕੇ ਦੇਸ਼ ਭਰ ’ਚ ਹੰਗਾਮੇ ਕਾਰਨ ਲੰਡਨ ’ਚ ਧਾਰਮਿਕ ਸੰਸਥਾਵਾਂ, ਪ੍ਰਵਾਸੀ ਸੰਗਠਨਾਂ ਅਤੇ ਭਾਰਤੀ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਭਾਰਤ ’ਚ ਸਿਰਫ ਪਿਛਲੇ 3 ਦਿਨਾਂ ’ਚ ਸਾਹਮਣੇ ਆਈਆਂ ਘਟਨਾਵਾਂ ਹੇਠਾਂ ਦਰਜ ਹਨ :

* 22 ਅਗਸਤ ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲੇ ’ਚ ਇਕ 4 ਸਾਲਾ ਮਾਸੂਮ ਦੀ ਮਾਂ ਜਦ ਕਿਸੇ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ ਤਾਂ ਉਸ ਦੇ 35 ਸਾਲਾ ਰਿਸ਼ਤੇਦਾਰ ਨੇ ਮਾਸੂਮ ਨਾਲ ਜਬਰ-ਜ਼ਨਾਹ ਕਰ ਦਿੱਤਾ।

* 22 ਅਗਸਤ ਨੂੰ ਹੀ ਬਿਹਾਰ ਦੇ ਬੇਤੀਆ ’ਚ ਇਕ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਮਨੀਸ਼ ਕੁਮਾਰ ਜਾਇਸਵਾਲ ਨੂੰ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰਨ, ਆਫਿਸ ’ਚ ਸ਼ਰਾਬ ਪੀਣ ਅਤੇ ਹੋਸਟਲ ਦੀ ਛੱਤ ’ਤੇ ਮਾਲਿਸ਼ ਕਰਵਾਉਣ ਦੇ ਦੋਸ਼ ’ਚ ਮੁਅੱਤਲ ਕੀਤਾ ਗਿਆ।

* 22 ਅਗਸਤ ਨੂੰ ਹੀ ਉੱਤਰ ਪ੍ਰਦੇਸ਼ ’ਚ ਸ਼ਾਹਜਹਾਂਪੁਰ ਜ਼ਿਲੇ ਦੇ ‘ਪੁਵਾਇਆਂ’ ਥਾਣਾ ਇਲਾਕੇ ’ਚ ਇਕ ਨੌਜਵਾਨ ਨੇ ਇਕ ਮਕਾਨ ’ਚ ਦਾਖਲ ਹੋ ਕੇ ਇਕ ਔਰਤ ਨਾਲ ਜਬਰ-ਜ਼ਨਾਹ ਕਰ ਦਿੱਤਾ ਜਦ ਕਿ ਉਸ ਦਾ ਪਤੀ ਘਰ ਤੋਂ ਬਾਹਰ ਗਿਆ ਹੋਇਆ ਸੀ।

* 22 ਅਗਸਤ ਨੂੰ ਹੀ ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲੇ ’ਚ ਘਰ ਤੋਂ ਲਾਪਤਾ ਇਕ 10 ਸਾਲਾ ਲੜਕੀ ਦੀ ਲਾਸ਼ ਕਮਾਦ ’ਚੋਂ ਬਰਾਮਦ ਹੋਈ ਜਿਸ ਦੀ ਹੱਤਿਆ ਕਰਨ ਤੋਂ ਪਹਿਲਾਂ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ ਸੀ।

* 23 ਅਗਸਤ ਨੂੰ ਅਸਾਮ ਦੇ ਨਾਗਾਓਂ ਜ਼ਿਲੇ ਦੇ ‘ਧੀਂਗ’ ਇਲਾਕੇ ’ਚ ਰਾਤ ਲਗਭਗ 8 ਵਜੇ ਟਿਊਸ਼ਨ ਤੋਂ ਸਾਈਕਲ ’ਤੇ ਘਰ ਪਰਤ ਰਹੀ 14 ਸਾਲਾ ਇਕ ਹਿੰਦੂ ਲੜਕੀ ਨਾਲ 3 ਲੋਕਾਂ ਨੇ ਜਬਰ-ਜ਼ਨਾਹ ਕੀਤਾ।

* 23 ਅਗਸਤ ਨੂੰ ਹੀ ਉੱਤਰ ਪ੍ਰਦੇਸ਼ ਦੇ ਅਯੁੱਧਿਆ ’ਚ ਇਕ ਨਵਵਿਆਹੁਤਾ ਮੁਸਲਿਮ ਔਰਤ ਵਲੋਂ ਨਰਿੰਦਰ ਮੋਦੀ ਅਤੇ ਯੋਗੀ ਆਦਿੱਤਿਆਨਾਥ ਦੀ ਸਿਫਤ ਕਰਨ ’ਤੇ ਉਸ ਦੇ ਸਹੁਰਿਆਂ ਨੇ ਉਸ ਦੇ ਚਿਹਰੇ ’ਤੇ ਉਬਲਦੀ ਹੋਈ ਦਾਲ ਸੁੱਟ ਕੇ ਉਸ ਦਾ ਚਿਹਰਾ ਸਾੜਨ ਤੋਂ ਇਲਾਵਾ ਪਤੀ ਨੇ ‘ਤਿੰਨ ਤਲਾਕ’ ਦੇ ਦਿੱਤਾ।

* 23 ਅਗਸਤ ਨੂੰ ਹੀ ਮਹਾਰਾਸ਼ਟਰ ਦੇ ਬਦਲਾਪੁਰ ’ਚ ਇਕ ਸਕੂਲ ’ਚ 3 ਅਤੇ 4 ਸਾਲ ਦੀਆਂ 2 ਮਾਸੂਮ ਬੱਚੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਸਰਕਾਰ ਵਲੋਂ ਗਠਿਤ 2 ਮੈਂਬਰੀ ਪੈਨਲ ਅਨੁਸਾਰ ਇਨ੍ਹਾਂ ਬੱਚੀਆਂ ਨਾਲ ਇਕ ਵਾਰ ਨਹੀਂ ਸਗੋਂ 15 ਦਿਨਾਂ ’ਚ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ ਜਿਸ ਨਾਲ ਉਨ੍ਹਾਂ ਦੀ ਯੋਨੀ ਦੀ ਝਿੱਲੀ ਫਟ ਗਈ।

* 23 ਅਗਸਤ ਨੂੰ ਹੀ ਛੱਤੀਸਗੜ੍ਹ ਦੇ ਕੋਰਬਾ ਜ਼ਿਲੇ ’ਚ ਸਕੂਲ ਤੋਂ ਪਰਤ ਰਹੀ ਇਕ 13 ਸਾਲਾ ਨਾਬਾਲਿਗ ਨੂੰ ਲਿਫਟ ਦੇਣ ਦੇ ਬਹਾਨੇ ਜੰਗਲ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ 30 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।

* 23 ਅਗਸਤ ਦੇ ਦਿਨ ਹੀ ਚੰਡੀਗੜ੍ਹ ’ਚ ਇਕ ਸਕੂਲ ਬੱਸ ਡਰਾਈਵਰ ਮੁਹੰਮਦ ਰੱਜ਼ਾਕ ਨੂੰ 12ਵੀਂ ਜਮਾਤ ਦੀ ਵਿਦਿਆਰਥਣ ਦੀਆਂ ਤਸਵੀਰਾਂ ਨਾਲ ਛੇੜਛਾੜ ਜ਼ਰੀਏ ਉਸ ਨੂੰ ਬਲੈਕਮੇਲ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 23 ਅਗਸਤ ਨੂੰ ਹੀ ਮਹਾਰਾਸ਼ਟਰ ’ਚ ਚੰਦਰਪੁਰ ਜ਼ਿਲੇ ਦੇ ‘ਨਾਗਭੀੜ’ ਕਸਬੇ ’ਚ ਮਾਨਸਿਕ ਤੌਰ ’ਤੇ ਕਮਜ਼ੋਰ ਇਕ 27 ਸਾਲਾ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 5 ਲੋਕਾਂ ਨੂੰ ਗ੍ਰਿਫਤਾਰ ਅਤੇ ਇਕ ਨਾਬਾਲਿਗ ਲੜਕੇ ਨੂੰ ਹਿਰਾਸਤ ’ਚ ਲਿਆ ਗਿਆ।

* 23 ਅਗਸਤ ਦੀ ਰਾਤ ਨੂੰ ਕਰਨਾਟਕ ’ਚ ਉਡੁੱਪੀ ਜ਼ਿਲੇ ਦੇ ਕਾਰਕਲ ’ਚ ਇਕ 24 ਸਾਲਾ ਲੜਕੀ ਨੂੰ ਅਗਵਾ ਕਰ ਕੇ ਨਸ਼ੀਲਾ ਪਦਾਰਥ ਦੇਣ ਪਿੱਛੋਂ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਜਬਰ-ਜ਼ਨਾਹ ਕੀਤਾ ਗਿਆ।

* 24 ਅਗਸਤ ਨੂੰ ਮਹਾਰਾਸ਼ਟਰ ’ਚ ਪੁਣੇ ਦੇ ਪਿੰਪਰੀ-ਚਿੰਚਵੜ ’ਚ ਇਕ ਨਿੱਜੀ ਸਕੂਲ ’ਚ 12 ਸਾਲਾ ਵਿਦਿਆਰਥਣ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ’ਚ 1 ਅਧਿਆਪਕ ਅਤੇ 7 ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ।

* 24 ਅਗਸਤ ਨੂੰ ਹੀ ਅਸਾਮ ’ਚ ‘ਸੋਨਿਤਪੁਰ’ ਜ਼ਿਲੇ ’ਚ ਸੈਰ ’ਤੇ ਨਿਕਲੀਆਂ 2 ਲੜਕੀਆਂ ਨਾਲ ਛੇੜਛਾੜ ਕਰਨ ਦਾ ਯਤਨ ਕਰਨ ਦੇ ਦੋਸ਼ੀ ਨੇ ਪੁਲਸ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਸ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।

* 24 ਅਗਸਤ ਨੂੰ ਹੀ ਕੋਇੰਬਟੂਰ ਦੇ ਇਕ ਸਕੂਲ ’ਚ ਸੱਤਵੀਂ, ਅੱਠਵੀਂ ਅਤੇ ਨੌਵੀਂ ਜਮਾਤ ਦੀਆਂ 9 ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਨਟਰਾਜਨ ਨਾਂ ਦੇ ਇਕ ਅਧਿਆਪਕ ਨੂੰ ਅਤੇ ਸ਼ਿਕਾਇਤ ਕਰਨ ’ਤੇ ਵੀ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ’ਚ ਸਕੂਲ ਦੇ ਹੈੱਡਮਾਸਟਰ ਅਤੇ ਕਲਾਸ ਟੀਚਰ ਨੂੰ ਗ੍ਰਿਫਤਾਰ ਕੀਤਾ ਗਿਆ।

ਹਰ ਦਿਨ ਹੋ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਨੇ ਨਾ ਸਿਰਫ ਦੇਸ਼ ’ਚ ਨਾਰੀ ਜਾਤੀ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਸਗੋਂ ਵਿਦੇਸ਼ਾਂ ’ਚ ਵੀ ਸਾਡੀ ਬਦਨਾਮੀ ਹੋਣ ਲੱਗੀ ਹੈ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਜਬਰ-ਜ਼ਨਾਹ ਦੇ ਮਾਮਲਿਆਂ ਦਾ ਜ਼ਰਾ ਵੀ ਦੇਰ ਕੀਤੇ ਬਿਨਾਂ ਛੇਤੀ ਤੋਂ ਛੇਤੀ ਫੈਸਲਾ ਕਰ ਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।

-ਵਿਜੇ ਕੁਮਾਰ


author

Harpreet SIngh

Content Editor

Related News