ਭਾਰਤ ’ਚ ਭ੍ਰਿਸ਼ਟਾਚਾਰ ਹੈ ਬੇਲਗਾਮ

Tuesday, Mar 04, 2025 - 02:42 PM (IST)

ਭਾਰਤ ’ਚ ਭ੍ਰਿਸ਼ਟਾਚਾਰ ਹੈ ਬੇਲਗਾਮ

ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੇ ਵਾਅਦੇ ਪੂਰੇ ਹੁੰਦੇ ਦਿਖਾਈ ਨਹੀਂ ਦਿੰਦੇ। ਦੁਨੀਆ ਭਰ ਵਿਚ ਭ੍ਰਿਸ਼ਟਾਚਾਰ ਵਿਰੁੱਧ ਕੰਮ ਕਰਨ ਵਾਲੀ ਇਕ ਗੈਰ-ਸਰਕਾਰੀ ਸੰਸਥਾ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਇਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਗਏ ਨਾਅਰੇ ‘ਨਾ ਖਾਊਂਗਾ ਨਾ ਖਾਨੇ ਦੂੰਗਾ’ ਦੇ ਬਾਵਜੂਦ ਭਾਰਤ ਵਿਚ ਭ੍ਰਿਸ਼ਟਾਚਾਰ ਬੇਲਗਾਮ ਹੈ।

ਕਾਰੋਬਾਰੀਆਂ ਦੇ ਨਾਲ-ਨਾਲ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ’ਤੇ ਮਾਰੇ ਗਏ ਛਾਪਿਆਂ ਵਿਚ ਭਾਰੀ ਮਾਤਰਾ ਵਿਚ ਨਕਦੀ ਦੀ ਬਰਾਮਦਗੀ ਦਾ ਮਤਲਬ ਇਹ ਵੀ ਹੈ ਕਿ ਖਾਣ-ਖੁਆਉਣ ਦਾ ਸਿਲਸਿਲਾ ਬੰਦ ਨਹੀਂ ਹੋਇਆ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਵਲੋਂ ਭ੍ਰਿਸ਼ਟਾਚਾਰ ਧਾਰਨਾ ਸੂਚਕ ਅੰਕ (ਸੀ. ਪੀ. ਆਈ. ) ਅੰਕੜਿਆਂ ਦੇ ਆਧਾਰ ’ਤੇ ਸਾਲ 2024 ਲਈ ਭ੍ਰਿਸ਼ਟ ਦੇਸ਼ਾਂ ਦੀ ਹਾਲ ਹੀ ਵਿਚ ਜਾਰੀ ਕੀਤੀ ਗਈ ਸੂਚੀ ਦਰਸਾਉਂਦੀ ਹੈ ਕਿ ਭ੍ਰਿਸ਼ਟਾਚਾਰ ਮੁਕਤ ਭਾਰਤ ਇਕ ਸੁਪਨਾ ਹੀ ਬਣਿਆ ਹੋਇਆ ਹੈ। ਇਸ ਸੂਚੀ ਵਿਚ ਸ਼ਾਮਲ 180 ਦੇਸ਼ਾਂ ਵਿਚੋਂ ਭਾਰਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ 38 ਅੰਕਾਂ ਨਾਲ 96ਵੇਂ ਸਥਾਨ ’ਤੇ ਹੈ, ਜਦੋਂ ਕਿ ਸਾਲ 2023 ਵਿਚ ਭਾਰਤ 39 ਅੰਕਾਂ ਨਾਲ 93ਵੇਂ ਸਥਾਨ ’ਤੇ ਸੀ। ਦਰਅਸਲ, ਜਿਸ ਦੇਸ਼ ਨੂੰ ਸੀ. ਪੀ. ਆਰ. ਵਿਚ ਵੱਧ ਅੰਕ ਮਿਲਦੇ ਹਨ, ਉਸ ਨੂੰ ਘੱਟ ਭ੍ਰਿਸ਼ਟਾਚਾਰ ਵਾਲਾ ਦੇਸ਼ ਮੰਨਿਆ ਜਾਂਦਾ ਹੈ।

ਘਟਦੇ ਅੰਕ ਭ੍ਰਿਸ਼ਟਾਚਾਰ ਦੇ ਵੱਡੇ ਸਬੂਤ ਹੁੰਦੇ ਹਨ ਅਤੇ ਨਾਲ ਹੀ ਸੂਚਕ ਅੰਕ ਵਿਚ ਦੇਸ਼ ਦੀ ਦਰਜਾਬੰਦੀ ਵੀ ਵਧਦੀ ਹੈ। ਸਾਡੇ ਦੇਸ਼ ਵਿਚ ਭ੍ਰਿਸ਼ਟਾਚਾਰ ਅਕਸਰ ਇਕ ਰਾਜਨੀਤਿਕ ਮੁੱਦਾ ਬਣ ਕੇ ਰਹਿ ਜਾਂਦਾ ਹੈ। ਇਸ ਲਈ ਇਹ ਜਾਣਨਾ ਵੀ ਮਹੱਤਵਪੂਰਨ ਹੈ ਕਿ ਮੌਜੂਦਾ ਮੋਦੀ ਸਰਕਾਰ ਅਤੇ ਪਿਛਲੀ ਮਨਮੋਹਨ ਸਿੰਘ ਸਰਕਾਰ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੇ ਮੋਰਚੇ ’ਤੇ ਭਾਰਤ ਦਾ ਪ੍ਰਦਰਸ਼ਨ ਤੁਲਨਾਤਮਕ ਤੌਰ ’ਤੇ ਕਿਵੇਂ ਰਿਹਾ।

ਟਰਾਂਸਪੇਰੈਂਸੀ ਇੰਟਰਨੈਸ਼ਨਲ ਵੱਲੋਂ ਹਰ ਸਾਲ ਜਾਰੀ ਕੀਤਾ ਜਾਣ ਵਾਲਾ ਭ੍ਰਿਸ਼ਟਾਚਾਰ ਧਾਰਨਾ ਸੂਚਕ ਅੰਕ, 180 ਦੇਸ਼ਾਂ ਦੀ ਸੂਚੀ ਦੇ ਆਧਾਰ ’ਤੇ ਦਰਸਾਉਂਦਾ ਹੈ ਕਿ ਪਿਛਲੇ ਦਸ ਸਾਲਾਂ ਵਿਚ ਭਾਰਤ ਵਿਚ ਭ੍ਰਿਸ਼ਟਾਚਾਰ ਵਧਿਆ ਹੈ। ਪਿਛਲੇ ਦਸ ਸਾਲਾਂ ਵਿਚ ਇਸ ਸੂਚੀ ਵਿਚ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸਾਲ 2015 ਵਿਚ ਸੀ ਜਦੋਂ ਇਸ ਨੂੰ ਰੈਂਕਿੰਗ ਵਿਚ 76ਵਾਂ ਸਥਾਨ ਮਿਲਿਆ ਸੀ। ਹਾਲਾਂਕਿ ਸਾਲ 2006 ਅਤੇ 2007 ਵਿਚ ਭਾਰਤ ਕ੍ਰਮਵਾਰ 70ਵੇਂ ਅਤੇ 72ਵੇਂ ਸਥਾਨ ’ਤੇ ਸੀ, ਭਾਵ ਦੋਵਾਂ ਹੀ ਸਰਕਾਰਾਂ ਦੇ ਸ਼ੁਰੂ ਵਿਚ ਭ੍ਰਿਸ਼ਟਾਚਾਰ ਘਟਦਾ ਜਾਪਦਾ ਸੀ ਪਰ ਫਿਰ ਇਹ ਦੁਬਾਰਾ ਕਾਬੂ ਤੋਂ ਬਾਹਰ ਹੋ ਗਿਆ। ਸਾਡਾ ਗੁਆਂਢੀ ਅਤੇ ਵਿਰੋਧੀ ਦੇਸ਼ ਚੀਨ 43 ਅੰਕਾਂ ਨਾਲ 76ਵੇਂ ਸਥਾਨ ’ਤੇ ਹੈ।

ਸਾਡੇ ਨੀਤੀ ਨਿਰਮਾਤਾ ਇਸ ਗੱਲ ’ਤੇ ਸੰਤੁਸ਼ਟ ਹੋ ਸਕਦੇ ਹਨ ਕਿ ਗੁਆਂਢੀ ਦੇਸ਼ਾਂ ਵਿਚ ਪਾਕਿਸਤਾਨ ਦੀ ਦਰਜਾਬੰਦੀ ਸਾਡੇ ਨਾਲੋਂ ਵੀ ਮਾੜੀ ਹੈ। ਸਾਲ 2023 ਵਿਚ ਪਾਕਿਸਤਾਨ 29 ਅੰਕਾਂ ਨਾਲ 113ਵੇਂ ਸਥਾਨ ’ਤੇ ਸੀ ਪਰ ਪਿਛਲੇ ਸਾਲ ਇਹ 27 ਅੰਕਾਂ ਨਾਲ 135ਵੇਂ ਸਥਾਨ ’ਤੇ ਪਹੁੰਚ ਗਿਆ। ਸਾਡੇ ਹਾਕਮ ਵੀ ਇਸ ਸੂਚੀ ਵਿਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀ ਦਰਜਾਬੰਦੀ ਦਾ ਖੁਲਾਸਾ ਕਰ ਕੇ ਆਪਣੀ ਪਿੱਠ ਥਪਥਪਾਉਂਦੇ ਹਨ। ਪਿਛਲੇ ਸਾਲ ਸ਼੍ਰੀਲੰਕਾ ਇਸ ਸੂਚੀ ਵਿਚ 121ਵੇਂ ਸਥਾਨ ’ਤੇ ਸੀ ਅਤੇ ਬੰਗਲਾਦੇਸ਼ 149ਵੇਂ ਸਥਾਨ ’ਤੇ ਸੀ ਪਰ ਸਾਡੇ ਗੁਆਂਢ ਵਿਚ ਭੂਟਾਨ ਵਰਗਾ ਇਕ ਛੋਟਾ ਜਿਹਾ ਦੇਸ਼ ਵੀ ਹੈ। ਭ੍ਰਿਸ਼ਟ ਦੇਸ਼ਾਂ ਦੀ ਦਰਜਾਬੰਦੀ ਵਿਚ 18ਵੇਂ ਸਥਾਨ ’ਤੇ ਰਹਿਣ ਵਾਲਾ ਭੂਟਾਨ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਵਿਚ ਵੀ ਗਿਣਿਆ ਜਾਂਦਾ ਹੈ।

ਸਪੱਸ਼ਟ ਤੌਰ ’ਤੇ ਵਾਅਦਿਆਂ ਅਤੇ ਦਾਅਵਿਆਂ ਦੇ ਉਲਟ ਹਕੀਕਤ ਸਾਡੇ ਸਿਸਟਮ ਅਤੇ ਮਾਨਸਿਕਤਾ ’ਤੇ ਸਵਾਲ ਖੜ੍ਹੇ ਕਰਦੀ ਹੈ, ਜਿਨ੍ਹਾਂ ਦੇ ਜਵਾਬ ਲੱਭੇ ਬਿਨਾਂ ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣ ਜਾਣ ’ਤੇ ਵੀ ਇਕ ਬਿਹਤਰ ਦੇਸ਼ ਨਹੀਂ ਬਣ ਸਕਾਂਗੇ। ਆਰਥਿਕ ਤਰੱਕੀ ਵਿਚ ਅੰਕੜਿਆਂ ਦੀ ਮਹੱਤਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਕਿਸੇ ਰਾਸ਼ਟਰ ਦੀ ਅਸਲ ਤਰੱਕੀ ਸਮਾਜ ਦੇ ਸਮੁੱਚੇ ਵਿਕਾਸ ਅਤੇ ਖੁਸ਼ਹਾਲੀ ’ਚ ਹੁੰਦੀ ਹੈ।

ਲਗਭਗ 80 ਕਰੋੜ ਲੋਕਾਂ ਨੂੰ ਪ੍ਰਤੀ ਮਹੀਨਾ ਪੰਜ ਕਿਲੋਗ੍ਰਾਮ ਮੁਫ਼ਤ ਰਾਸ਼ਨ ਦੇਣ ਦੀ ਜ਼ਰੂਰਤ ਯਕੀਨੀ ਤੌਰ ’ਤੇ ਦੇਸ਼ ਦੀ ਖੁਸ਼ਹਾਲੀ ਦਾ ਸਬੂਤ ਨਹੀਂ ਹੈ। ਵਧਦੀ ਬੇਰੋਜ਼ਗਾਰੀ ਅਤੇ ਮਾੜੀ ਸਿੱਖਿਆ ਅਤੇ ਸਿਹਤ ਪ੍ਰਣਾਲੀ ਵੀ ਅਸਲ ਵਿਕਾਸ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦੀ ਹੈ। ਇਸ ਲਈ ਸਾਨੂੰ ਡੇਟਾ-ਆਧਾਰਤ ਆਰਥਿਕ ਤਰੱਕੀ ’ਤੇ ਸੰਤੁਸ਼ਟੀ ਤੋਂ ਉੱਪਰ ਉੱਠਣ ਅਤੇ ਭ੍ਰਿਸ਼ਟਾਚਾਰ ਧਾਰਨਾ ਸੂਚਕ ਅੰਕ ਦੇ ਆਧਾਰ ’ਤੇ ਇਸ ਸੂਚੀ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ਤੋਂ ਜ਼ਰੂਰੀ ਸਬਕ ਸਿੱਖਣ ਦੀ ਜ਼ਰੂਰਤ ਹੈ।

ਡੈਨਮਾਰਕ 90 ਅੰਕਾਂ ਨਾਲ ਸੂਚੀ ਵਿਚ ਸਿਖਰ ’ਤੇ ਹੈ, ਜਿਸ ਦਾ ਮਤਲਬ ਹੈ ਕਿ ਉੱਥੇ ਭ੍ਰਿਸ਼ਟਾਚਾਰ ਨਾਮਾਤਰ ਹੀ ਹੈ। ਇਸ ਸੂਚੀ ਵਿਚ ਫਿਨਲੈਂਡ 88 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ, ਜਿਸ ਨੂੰ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਵੀ ਮੰਨਿਆ ਜਾਂਦਾ ਹੈ। ਸਿੰਗਾਪੁਰ 84 ਅੰਕਾਂ ਨਾਲ ਤੀਜੇ ਸਥਾਨ ’ਤੇ, ਨਿਊਜ਼ੀਲੈਂਡ 83 ਅੰਕਾਂ ਨਾਲ ਚੌਥੇ ਸਥਾਨ ’ਤੇ ਅਤੇ ਲਗਜ਼ਮਬਰਗ 81 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ।

ਇਕ ਹੋਰ ਅਹਿਮ ਤੱਥ ਇਹ ਵੀ ਹੈ ਕਿ ਹੁਣ ਵਿਦੇਸ਼ਾਂ ਵਿਚ ਵਸਣ ਦੇ ਚਾਹਵਾਨ ਭਾਰਤੀਆਂ ਨੇ ਵੀ ਇਨ੍ਹਾਂ ਛੋਟੇ ਦੇਸ਼ਾਂ ਨੂੰ ਆਪਣੀ ਮੰਜ਼ਿਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕੀ ਇਹ ਇਸ ਗੱਲ ਦਾ ਸੰਕੇਤ ਨਹੀਂ ਹੈ ਕਿ ਇਹ ਦੇਸ਼ ਉਨ੍ਹਾਂ ਨੂੰ ਹਰ ਪਹਿਲੂ ਵਿਚ ਬਿਹਤਰ ਜੀਵਨ ਪੱਧਰ ਲਈ ਇਕ ਬਦਲ ਵਜੋਂ ਜਾਪਦੇ ਹਨ? ਬੇਸ਼ੱਕ, ਸਭ ਤੋਂ ਭ੍ਰਿਸ਼ਟ ਦੇਸ਼ਾਂ ਦੀ ਸੂਚੀ ’ਤੇ ਇਕ ਨਜ਼ਰ ਮਾਰਨਾ ਵੀ ਜ਼ਰੂਰੀ ਹੈ। ਦੱਖਣੀ ਸੂਡਾਨ ਅੱਠ ਅੰਕਾਂ ਨਾਲ 180 ਦੇਸ਼ਾਂ ਵਿਚੋਂ ਸਭ ਤੋਂ ਭ੍ਰਿਸ਼ਟ ਦੇਸ਼ ਹੈ, ਜਦੋਂ ਕਿ ਸੋਮਾਲੀਆ ਅਤੇ ਵੈਨੇਜ਼ੁਏਲਾ ਕ੍ਰਮਵਾਰ 9 ਅਤੇ 10 ਅੰਕਾਂ ਨਾਲ ਦੂਜੇ ਅਤੇ ਤੀਜੇ ਸਭ ਤੋਂ ਭ੍ਰਿਸ਼ਟ ਦੇਸ਼ ਹਨ। ਉਨ੍ਹਾਂ ਤੋਂ ਬਾਅਦ ਸੀਰੀਆ, ਲਿਬੀਆ, ਏਰੀਟਰੀਆ, ਯਮਨ ਅਤੇ ਇਕੁਵੇਟੋਰਿਲ ਗਿਨੀ ਦਾ ਨੰਬਰ ਆਉਂਦਾ ਹੈ। ਹਾਲਾਂਕਿ ਇਸ ਸੂਚੀ ਵਿਚ ਰੂਸ, ਅਮਰੀਕਾ, ਫਰਾਂਸ, ਬ੍ਰਿਟੇਨ ਅਤੇ ਜਰਮਨੀ ਵਰਗੇ ਪ੍ਰਭਾਵਸ਼ਾਲੀ ਦੇਸ਼ ਕ੍ਰਮਵਾਰ 154ਵੇਂ, 28ਵੇਂ, 25ਵੇਂ, 20ਵੇਂ ਅਤੇ 15ਵੇਂ ਸਥਾਨ ’ਤੇ ਹਨ।

ਟਰਾਂਸਪੇਰੈਂਸੀ ਇੰਟਰਨੈਸ਼ਨਲ ਦੇ ਮੁਖੀ ਫ੍ਰੈਂਕੋਇਸ ਵੈਲੇਰੀਅਨ ਕਹਿੰਦੇ ਹਨ ਕਿ ਭ੍ਰਿਸ਼ਟਾਚਾਰ ਇਕ ਵਧ ਰਿਹਾ ਗਲੋਬਲ (ਵਿਸ਼ਵਵਿਆਪੀ) ਖ਼ਤਰਾ ਹੈ ਜੋ ਵਿਕਾਸ ਵਿਚ ਰੁਕਾਵਟ ਪਾਉਂਦਾ ਹੈ। ਇਸ ਨਾਲ ਲੋਕਤੰਤਰ ਵਿਚ ਗਿਰਾਵਟ, ਅਸਥਿਰਤਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਚ ਵੀ ਵਾਧਾ ਹੁੰਦਾ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਭ੍ਰਿਸ਼ਟਾਚਾਰ ਦੇ ਉੱਚ ਪੱਧਰ ਵਾਲੇ ਦੇਸ਼ ਇਨ੍ਹਾਂ ਸਾਰੇ ਖ਼ਤਰਿਆਂ ਦਾ ਸਾਹਮਣਾ ਕਰ ਰਹੇ ਹਨ। ਨਾਲ ਹੀ ਇਨ੍ਹਾਂ ਖਤਰਿਆਂ ਨਾਲ ਨਜਿੱਠਣ ਤੋਂ ਬਿਨਾਂ ਦੇਸ਼ ਅਤੇ ਸਮਾਜ ਦੇ ਸਰਬਪੱਖੀ ਵਿਕਾਸ ਦੇ ਦਾਅਵੇ ਸ਼ੰਕਿਆਂ ਅਤੇ ਸਵਾਲਾਂ ’ਚ ਹੀ ਘਿਰੇ ਰਹਿਣਗੇ।

–ਰਾਜ ਕੁਮਾਰ ਸਿੰਘ


author

Tanu

Content Editor

Related News