ਕੀ ਪਟੇਲ ਦੇ ਸਹਾਰੇ ਕਾਂਗਰਸ ਦੀ ਬੇੜੀ ਪਾਰ ਹੋਵੇਗੀ?
Thursday, Apr 17, 2025 - 04:08 PM (IST)

ਬੀਤੀ 8-9 ਅਪ੍ਰੈਲ ਨੂੰ ਕਾਂਗਰਸ ਦਾ ਸੰਮੇਲਨ ਗੁਜਰਾਤ ਦੇ ਅਹਿਮਦਾਬਾਦ ’ਚ ਸੰਪੰਨ ਹੋਇਆ। 1961 ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਪਾਰਟੀ ਲੀਡਰਸ਼ਿਪ ਨੇ ਗੁਜਰਾਤ ’ਚ ਕੋਈ ਵੱਡੀ ਬੈਠਕ ਕੀਤੀ। ਇਸ ਆਯੋਜਨ ਨਾਲ ਕਾਂਗਰਸ ਨੇ ਸੁਤੰਤਰ ਭਾਰਤ ਦੇ ਪਹਿਲੇ ਉਪ-ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ‘ਲੋਹ ਪੁਰਸ਼’ ਸਰਦਾਰ ਵੱਲਭਭਾਈ ਪਟੇਲ ਜਿਨ੍ਹਾਂ ਦੀ ਇਸ ਸਾਲ 150ਵੀਂ ਜੈਅੰਤੀ ਵੀ ਮਨਾਈ ਜਾਵੇਗੀ, ਉਨ੍ਹਾਂ ਦੀ ਵਿਰਾਸਤ ਭਾਜਪਾ ਤੋਂ ਵਾਪਸ ਲੈਣ ਦੀ ਮੁਹਿੰਮ ਛੇੜੀ ਹੋਈ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਸਰਦਾਰ ਪਟੇਲ, ਜੋ ਗੁਜਰਾਤ ਕਾਂਗਰਸ ਦੇ 25 ਸਾਲਾਂ ਤੱਕ ਪ੍ਰਧਾਨ ਰਹੇ, 1931 ’ਚ ਰਾਸ਼ਟਰੀ ਕਾਂਗਰਸ ਦੀ ਅਗਵਾਈ ਕੀਤੀ ਅਤੇ ਜਿਨ੍ਹਾਂ ਨੂੰ 1946 ’ਚ ਦੇਸ਼ ਦੇ ਅੰਤਰਿਮ ਪ੍ਰਧਾਨ ਮੰਤਰੀ ਵਜੋਂ ਜ਼ਿਆਦਾਤਰ ਕਾਂਗਰਸ ਕਮੇਟੀਆਂ ਦੀ ਹਮਾਇਤ ਪ੍ਰਾਪਤ ਸੀ, ਉਨ੍ਹਾਂ ਦਾ ਨਾਂ ਕਿਵੇਂ ਪਿਛਲੇ 7 ਦਹਾਕਿਆਂ ’ਚ ਕਾਂਗਰਸ ਤੋਂ ਹਟ ਕੇ ਭਾਜਪਾ ਨਾਲ ਜੁੜ ਗਿਆ।
ਅਸਲ ’ਚ, ਭਾਜਪਾ ਨਾਲ ਸਰਦਾਰ ਪਟੇਲ ਦਾ ਵਿਅਕਤੀਗਤ, ਸਿਆਸੀ ਅਤੇ ਵਿਚਾਰਧਾਰਕ ਜੋੜ ਅੰਦਰ ਉਹ ਯਾਤਰਾ ਸਮੇਟੀ ਹੋਈ ਹੈ ਜਿਸ ’ਚ ਕਾਂਗਰਸ ਦੇ ਪਤਨ ਦਾ ਕਾਰਨ ਵੀ ਪਿਆ ਹੈ। ਆਜ਼ਾਦੀ ਤਕ ਕਾਂਗਰਸ ਸਹੀ ਮਾਅਨਿਆਂ ’ਚ ਇਕ ਰਾਸ਼ਟਰੀ ਪਾਰਟੀ ਸੀ। ਵੱਖ-ਵੱਖ ਸਿਆਸਤਦਾਨਾਂ ’ਚ ਵਖਰੇਵੇਂ ਹੁੰਦਿਆਂ ਵੀ ਇਕ ਦੂਜੇ ਪ੍ਰਤੀ ਸਨਮਾਨ ਸੀ ਅਤੇ ਉਨ੍ਹਾਂ ਦਰਮਿਆਨ ਗੱਲਬਾਤ ਵੀ ਹੁੰਦੀ ਸੀ। ਤਿੰਨ ਵਾਰ ਕਾਂਗਰਸ ਦੇ ਪ੍ਰਧਾਨ ਰਹੇ ‘ਭਾਰਤ ਰਤਨ’ ਪੰਡਿਤ ਮਦਨ ਮੋਹਨ ਮਾਲਵੀਆ ਨੇ ਨਾ ਸਿਰਫ ਸਾਲ 1915 ’ਚ ਕੁਲਹਿੰਦ ਹਿੰਦੂ ਮਹਾਸਭਾ ਦੀ ਸਥਾਪਨਾ ਕੀਤੀ, ਨਾਲ ਹੀ ਕਾਂਗਰਸ ’ਚ ਸਰਗਰਮ ਰਹਿੰਦਿਆਂ ਹਿੰਦੂ ਮਹਾਸਭਾ ਦੇ 5 ਵਿਸ਼ੇਸ਼ ਸੰਮੇਲਨਾਂ ਦੀ ਪ੍ਰਧਾਨਗੀ ਵੀ ਕਰ ਚੁੱਕੇ ਸਨ।
ਸਰਦਾਰ ਪਟੇਲ ਨੇ ਸੰਘ ਨੂੰ ‘ਦੇਸ਼ਭਗਤ’ ਅਤੇ ‘ਮਾਤਭੂਮੀ ਨਾਲ ਪ੍ਰੇਮ ਕਰਨ’ ਵਾਲਾ ਸੰਗਠਨ ਕਹਿ ਕੇ ਸੰਬੋਧਨ ਕੀਤਾ ਸੀ। ਗਾਂਧੀ ਜੀ ਨੇ ਪੰ. ਨਹਿਰੂ ਨੂੰ ਆਜ਼ਾਦ ਭਾਰਤ ਦੇ ਆਪਣੇ ਪਹਿਲੇ ਮੰਤਰੀ ਮੰਡਲ ’ਚ ਤਿੰਨ ਗੈਰ-ਕਾਂਗਰਸੀ ਆਗੂਆਂ ਡਾ. ਭੀਮਰਾਓ ਰਾਮਜੀ ਅੰਬੇਡਕਰ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਸਰਦਾਰ ਬਲਦੇਵ ਸਿੰਘ ਨੂੰ ਸ਼ਾਮਲ ਕਰਨ ਲਈ ਰਾਜ਼ੀ ਕੀਤਾ। ਹਾਲਾਂਕਿ ਇਹ ਜੋੜ ਜ਼ਿਆਦਾ ਸਮੇਂ ਤਕ ਨਹੀਂ ਰਿਹਾ। ਇਸ ਦਾ ਕਾਰਨ ਕੀ ਸੀ।
ਆਜ਼ਾਦੀ ਤੋਂ ਬਾਅਦ ਸਰਦਾਰ ਪਟੇਲ ਨੇ ਸੋਮਨਾਥ ਮੰਦਰ ਦੀ ਮੁੜ ਉਸਾਰੀ ਦਾ ਐਲਾਨ ਕੀਤਾ ਜਿਸ ਨੂੰ ਗਾਂਧੀ ਜੀ ਦੀ ਹਮਾਇਤ ਮਿਲੀ। ਪੰ. ਨਹਿਰੂ ਇਸ ਦੇ ਵਿਰੋਧ ’ਚ ਸਨ ਪਰ ਉਹ ਗਾਂਧੀ-ਪਟੇਲ ਦੇ ਹੁੰਦਿਆਂ ਇਸ ’ਤੇ ਖੁੱਲ੍ਹ ਕੇ ਬੋਲਣ ਦੀ ਹਿੰਮਤ ਨਹੀਂ ਕਰ ਸਕੇ। ਗਾਂਧੀ ਜੀ ਦੇ ਸੁਝਾਅ ’ਤੇ ਮੰਦਰ ਦੀ ਮੁੜ ਉਸਾਰੀ ਚੰਦੇ ਨਾਲ ਹੋਈ। ਗਾਂਧੀ ਜੀ ਦੀ ਹੱਤਿਆ (1948) ਅਤੇ ਪਟੇਲ ਦੇ ਦਿਹਾਂਤ (1950) ਪਿੱਛੋਂ ਨਹਿਰੂ ਦਾ ਅਸਲੀ ਰੂਪ ਖੁੱਲ੍ਹ ਕੇ ਸਾਹਮਣੇ ਆ ਗਿਆ। ਉਨ੍ਹਾਂ ਨੇ ਆਪਣੇ ਮੰਤਰੀ ਅਤੇ ਮੰਦਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਕੇ.ਐੱਮ. ਮੁੰਸ਼ੀ ਦੀ ਝਾੜ-ਝੰਬ ਕੀਤੀ ਅਤੇ 1951 ’ਚ ਤਤਕਾਲੀ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੂੰ ਇਸ ਦੇ ਉਦਘਾਟਨ ’ਚ ਜਾਣ ਤੋਂ ਰੋਕਣਾ ਵੀ ਚਾਹਿਆ।
ਇਸੇ ਸਮੇਂ ਦੌਰਾਨ ਕਾਂਗਰਸ ਦੇ ਅੰਦਰ ਮੂਲ ਭਾਰਤੀਅਤਾ ਦਾ ਤੱਤ ਘੱਟ ਹੋਣ ਲੱਗਾ ਤਾਂ ਉਸ ’ਚ ਭਾਰਤ-ਹਿੰਦੂ ਵਿਰੋਧੀ ਖੱਬੇਪੱਖੀਆਂ ਨਾਲ ਨੇੜਤਾ ਅਤੇ ਨਿੱਜੀ ਖਾਹਿਸ਼ਾਂ ਵਧਣ ਲੱਗੀਆਂ। ਗਾਂਧੀ ਜੀ ਅਤੇ ਪਟੇਲ ਨੇ ਕਦੇ ਵੀ ਪਰਿਵਾਰਵਾਦ ਨੂੰ ਬੜ੍ਹਾਵਾ ਨਹੀਂ ਦਿੱਤਾ ਪਰ ਪੰ. ਨਹਿਰੂ ਨੇ 1959 ’ਚ ਆਪਣੀ ਬੇਟੀ ਇੰਦਰਾ ਗਾਂਧੀ ਦੇ ਹੱਥਾਂ ’ਚ ਪਾਰਟੀ ਦੀ ਕਮਾਨ ਸੌਂਪ ਕੇ ਇਸ ਦਾ ਆਗਾਜ਼ ਕਰ ਦਿੱਤਾ।
ਸਰਦਾਰ ਪਟੇਲ ਕਿਵੇਂ ਕਾਂਗਰਸ ’ਚੋਂ ਕਿਨਾਰੇ ਹੁੰਦੇ ਗਏ ਅਤੇ ਕਿਵੇਂ ਭਾਰਤੀ ਜਨਸੰਘ (ਮੌਜੂਦਾ ਭਾਜਪਾ) ਨੇ ਉਨ੍ਹਾਂ ਨੂੰ ਅਪਣਾਇਆ, ਇਸ ਦੇ ਕਈ ਪੜਾਅ ਹਨ। 1946 ’ਚ ਗਾਂਧੀ ਜੀ ਨੇ ਆਪਣੇ ‘ਸ਼ਰਧਾਲੂ’ ਪਟੇਲ ਦੇ ਹੱਕ ’ਚ ਆਏ ਬਹੁਮਤ ਆਧਾਰਿਤ ਲੋਕਤੰਤਰੀ ਫੈਸਲੇ ਨੂੰ ਪਲਟਾ ਕੇ ਪੰ. ਨਹਿਰੂ ਦੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਸਾਫ ਕਰ ਦਿੱਤਾ ਸੀ। ਗਾਂਧੀ ਜੀ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਨਹਿਰੂ ਨੂੰ ‘ਅੰਗਰੇਜ਼’ ਮੰਨਦੇ ਸਨ ਅਤੇ ਜਾਣਦੇ ਸਨ ਕਿ ਪੰ. ਨਹਿਰੂ ਕਿਸੇ ਦੇ ਅਧੀਨ ਕੰਮ ਨਹੀਂ ਕਰਨਗੇ। ਗਾਂਧੀ ਜੀ ਅਤੇ ਪਟੇਲ ਪਿਛੋਂ ਕਾਂਗਰਸ ਕਦੇ ਨਹਿਰੂ ਗਾਂਧੀ ਪਰਿਵਾਰ ਤੋਂ ਉੱਪਰ ਨਹੀਂ ਉੱਠ ਸਕੀ।
ਜਿਥੇ ਪੰ. ਨਹਿਰੂ ਨੇ ਜ਼ਿੰਦਾ ਰਹਿੰਦੇ ਹੋਏ ਖੁਦ ਨੂੰ 1955 ਅਤੇ ਇੰਦਰਾ ਗਾਂਧੀ ਨੇ 1971 ’ਚ ਖੁੱਦ ਨੂੰ ‘ਭਾਰਤ ਰਤਨ’ ਨਾਲ ਨਿਵਾਜਿਆ, ਉਥੇ ਹੀ ਸਰਦਾਰ ਪਟੇਲ ਨੂੰ ਇਹੀ ਸਨਮਾਨ (ਮਰਨ ਪਿਛੋਂ) ਗੈਰ-ਨਹਿਰੂ-ਗਾਂਧੀ ਪਰਿਵਾਰ ਤੋਂ ਪੀ.ਵੀ. ਨਰਸਿਮ੍ਹਾ ਰਾਓ ਸਰਕਾਰ ਨੇ 1991 ’ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਮੋਰਾਰਜੀ ਦੇਸਾਈ ਨਾਲ ਦਿੱਤਾ। ਬੀਤੇ ਸਾਲ ਹੀ ਦੇਸ਼ ’ਚ ਆਰਥਿਕ ਸੁਧਾਰ ਲਿਆਉਣ ਵਾਲੇ ਪੀ.ਵੀ. ਨਰਸਿਮ੍ਹਾਰਾਓ ਨੂੰ ਮੋਦੀ ਸਰਕਾਰ ਨੇ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਸੀ।
ਭਾਰਤ ਦੇ ਭੂਗੌਲਿਕ-ਸਿਆਸੀ ਏਕੀਕਰਨ ’ਚ ਸਭ ਤੋਂ ਅਹਿਮ ਯੋਗਦਾਨ ਕਾਰਨ ਸਰਦਾਰ ਪਟੇਲ ਦੀ ਜੈਅੰਤੀ (31 ਅਕਤੂਬਰ) ਨੂੰ ਦੇਸ਼ ’ਚ ‘ਰਾਸ਼ਟਰੀ ਏਕਤਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਮੋਦੀ ਸਰਕਾਰ ਨੇ 2014 ’ਚ ਕੀਤੀ ਸੀ। ਪਾਠਕ ਇਸ ਗੱਲ ਤੋਂ ਅਨਜਾਣ ਹੋਣਗੇ ਕਿ 1960-70 ਦੇ ਦਹਾਕੇ ’ਚ ਦਿੱਲੀ ਤੋਂ ਭਾਰਤੀ ਜਨਸੰਘ ਦੇ ਆਗੂ ਅਤੇ ਸਾਬਕਾ ਸੰਸਦ ਮੈਂਬਰ ਕੰਵਰਲਾਲ ਗੁਪਤਾ ਨੇ ਇਕ ਨਾਗਰਿਕ ਮੰਚ ਰਾਹੀਂ ਸਰਦਾਰ ਪਟੇਲ ਦੀ ਜੈਅੰਤੀ ਮਨਾਉਣ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਗਵਾਹ ਮੈਂ ਵੀ ਰਿਹਾ ਹਾਂ। ਇਸੇ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਤੌਰ ਮੁੱਖ ਮੰਤਰੀ, ਗੁਜਰਾਤ ’ਚ ਕੇਵੜੀਆ ਸਥਿਤ ਸ. ਪਟੇਲ ਦੇ ਸਨਮਾਨ ’ਚ ਦੁਨੀਆ ਦੀ ਸਭ ਤੋਂ ਵੱਡੀ ਲੋਹੇ ਦੀ ਮੂਰਤੀ ਨੂੰ ਮੂਰਤ ਰੂਪ ਦਿੱਤਾ।
ਕੀ ਵੰਡ ਤੋਂ ਪਹਿਲਾਂ ਗਾਂਧੀ-ਪਟੇਲ-ਨਹਿਰੂ ਦੀ ਕਾਂਗਰਸ ਦੇ ਮੁਸਲਿਮ ਸਮਾਜ ਨਾਲ ਚੰਗੇ ਸੰਬੰਧ ਸਨ। ਸਾਲ 1937-38 ’ਚ ਮੁਸਲਿਮ ਲੀਗ ਨੇ ਕਾਂਗਰਸ ਦੀਆਂ ਸੂਬਾਈ ਸਰਕਾਰਾਂ ’ਚ ਮੁਸਲਮਾਨਾਂ ’ਤੇ ਜ਼ੁਲਮਾਂ ਦੀ ਜਾਂਚ ਲਈ ਪੀਰਪੁਰ ਕਮੇਟੀ ਦਾ ਗਠਨ ਕੀਤਾ ਸੀ ਜਿਸ ਨੇ ਆਪਣੀ ਰਿਪੋਰਟ ’ਚ ਕਾਂਗਰਸ ਨੂੰ ‘ਫਿਰਕੂ’ ਦੱਸਿਆ ਸੀ। ਇਸੇ ਦੌਰ ’ਚ ਗੁਜਰਾਤ ਸਥਿਤ ਭਾਵਨਗਰ ’ਚ ਸਰਦਾਰ ਪਟੇਲ ’ਤੇ ਮਸਜਿਦ ’ਚ ਲੁਕੇ ਜਿਹਾਦੀਆਂ ਨੇ ਮਾਰੂ ਹਮਲਾ ਕਰ ਦਿੱਤਾ ਸੀ, ਜਿਸ ’ਚ ਉਹ ਵਾਲ-ਵਾਲ ਬਚ ਗਏ।
ਸਮਾਂ ਪਾ ਕੇ ਅੰਗਰੇਜ਼ਾਂ ਅਤੇ ਖੱਬੇਪੱਖੀਆਂ ਦੀ ਹਮਾਇਤ ਨਾਲ ਇਸੇ ਪੀਰਪੁਰ ਰਿਪੋਰਟ ਨੂੰ ਭਾਰਤ ਦੀ ਮਜ਼੍ਹਬੀ ਵੰਡ ਦਾ ਆਧਾਰ ਬਣਾਇਆ ਗਿਆ। ਉਸ ਸਮੇਂ ਮੁਸਲਿਮ ਸਮਾਜ ਦਾ ਬਹੁਤ ਵੱਡਾ ਵਰਗ ਪਾਕਿਸਤਾਨ ਦੇ ਲਈ ਅੰਦੋਲਨ ਕਰ ਰਿਹਾ ਸੀ ਪਰ ਵੰਡ ਪਿਛੋਂ ਉਨ੍ਹਾਂ ’ਚੋ ਜ਼ਿਆਦਾਤਰ ਇਥੇ ਹੀ ਰਹਿ ਗਏ। ਅਜਿਹੇ ਲੋਕਾਂ ਦੀ ਨੀਅਤ ’ਤੇ ਸਰਦਾਰ ਪਟੇਲ ਨੇ ਕਈ ਵਾਰ ਸਵਾਲ ਉਠਾਇਆ ਸੀ।
ਇਹ ਦਿਲਚਸਪ ਹੈ ਕਿ ਜਿਨ੍ਹਾਂ ਜੁਮਲਿਆਂ ਨਾਲ ਅੱਜ ਕਾਂਗਰਸ ਅਤੇ ਉਸ ਦੇ ਪ੍ਰਤੱਖ-ਅਪ੍ਰਤੱਖ ਸਹਿਯੋਗੀਆਂ ਵਲੋਂ ਭਾਜਪਾ (ਆਰ. ਐੱਸ. ਐੱਸ.) ਨੂੰ ‘ਮੁਸਲਿਮ ਵਿਰੋਧੀ’ ਕਿਹਾ ਜਾਂਦਾ ਹੈ ਉਹੀ ਨਾਂ ਆਜ਼ਾਦੀ ਤੋਂ ਪਹਿਲਾਂ ਇਕਬਾਲ-ਜਿੱਨਾਹ ਦੀ ਮੁਸਲਿਮ ਲੀਗ ਖੱਬੇਪੱਖੀਆਂ-ਅੰਗਰੇਜ਼ਾਂ ਦੇ ਸਹਿਯੋਗ ਨਾਲ ਕਾਂਗਰਸ ਲਈ ਵਰਤਦੀ ਸੀ। ਜੇਕਰ ਕਾਂਗਰਸ ਨੇ ਨਿਰਾਸ਼ਾਜਨਕ ਮਾਹੌਲ ’ਚੋਂ ਬਾਹਰ ਨਿਕਲਣਾ ਹੈ ਤਾਂ ਉਸ ਨੂੰ ਆਪਣੇ ਮੂਲ ਰਾਸ਼ਟਰਵਾਦੀ ਅਤੇ ਸਨਾਤਨੀ ਵਿਚਾਰਾਂ ਨੂੰ ਮੁੜ ਕੇ ਅਪਣਾਉਣਾ ਪਵੇਗਾ। ਚੋਣ ਹਿਤ ਲਈ ਸ਼ਬਦਜਾਲ ਘੜਨ ਜਾਂ ਫਿਰ ਸਰਦਾਰ ਪਟੇਲ ’ਤੇ ਕੋਈ ਪ੍ਰਸਤਾਵ ਪਾਸ ਕਰਨ ਨਾਲ ਕਾਂਗਰਸ ਦਾ ਚਾਲ-ਚਰਿੱਤਰ ਨਹੀਂ ਬਦਲੇਗਾ। ਸਵਾਲ ਇਹ ਹੈ ਕਿ ਕੀ ਮੌਜੂਦਾ ਕਾਂਗਰਸ ਇਸ ਲਈ ਤਿਆਰ ਹੈ।