ਕੀ ਸਿਰਫ ਯੈੈੱਸ ਬੈਂਕ ’ਤੇ ਹੀ ਆ ਸਕਦਾ ਹੈ ਅਜਿਹਾ ਸੰਕਟ?

03/09/2020 1:46:37 AM

ਵਿਨੀਤ ਨਾਰਾਇਣ

ਯੈੱਸ ਬੈਂਕ ’ਚੋਂ ਪੈਸੇ ਕਢਵਾਉਣ ਦੀ ਹੱਦ ਤੈਅ ਕਰਨ ਤੋਂ ਬਾਅਦ ਖਾਤਾਧਾਰਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਦੇਸ਼ ਭਰ ’ਚ ਇਸ ਬੈਂਕ ਦੀ ਹਰ ਸ਼ਾਖਾ ’ਤੇ ਖਾਤਾਧਾਰਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹਨ। ਲੋਕ ਹੜਬੜਾਹਟ ’ਚ ਹਨ। ਕਿਸੇ ਨੂੰ ਬੀਮਾਰ ਪੁੱਤਰ ਦੇ ਇਲਾਜ ਲਈ ਪੈਸਿਆਂ ਦੀ ਲੋੜ ਪਈ ਪਰ ਉਸ ਨੂੰ ਪੈਸਾ ਨਹੀਂ ਮਿਲ ਸਕਿਆ। ਕਿਸੇ ਦੇ ਬੈਂਕ ’ਚ ਕਰੋੜਾਂ ਰੁਪਏ ਹਨ, ਅਜਿਹੀ ਹਾਲਤ ’ਚ ਉਸ ਨੂੰ ਪੈਸਿਆਂ ਦੇ ਸੁਰੱਖਿਅਤ ਰਹਿਣ ਦੀ ਚਿੰਤਾ ਸਤਾ ਰਹੀ ਹੈ। ਘਬਰਾਏ ਗਾਹਕ ਗੁੱਸੇ ਵਿਚ ਹਨ, ਬੈਂਕਾਂ ’ਚ ਹੰਗਾਮਾ ਹੋਣ ਲੱਗਾ ਹੈ, ਇਸ ਨੂੰ ਲੈ ਕੇ ਪੁਲਸ ਸੱਦਣੀ ਪੈ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬ੍ਰਾਂਚਾਂ ’ਚ ਹੰਗਾਮੇ ਦੀਆਂ ਖਬਰਾਂ ਆ ਰਹੀਆਂ ਹਨ। 14 ਨਵੰਬਰ 2016 ਨੂੰ ਅਸੀਂ ਬੈਂਕਾਂ ਦੀ ਅਸਲੀਅਤ ’ਤੇ ਇਕ ਲੇਖ ਲਿਖਿਆ ਸੀ, ਜੋ ਆਈ. ਆਈ. ਟੀ. ਦਿੱਲੀ ਦੇ ਹੁਸ਼ਿਆਰ ਵਿਦਿਆਰਥੀ ਰਵੀ ਕੋਹਾੜ ਦੀ ਡੂੰਘੀ ਖੋਜ ਤੋਂ ਬਾਅਦ ਪ੍ਰਕਾਸ਼ਿਤ ਇਕ ਸਰਲ ਹਿੰਦੀ ਪੁਸਤਕ ‘ਬੈਂਕਾਂ ਦਾ ਮਾਇਆਜਾਲ’ ਉੱਤੇ ਆਧਾਰਿਤ ਸੀ। ਉਸ ਸਮੇਂ ਜੋ ਸਵਾਲ ਅਸੀਂ ਉਠਾਏ ਸਨ, ਉਨ੍ਹਾਂ ’ਤੇ ਮੁੜ ਤੋਂ ਗੌਰ ਕਰਨ ਦੀ ਲੋੜ ਹੈ। ਇਸ ਪੁਸਤਕ ’ਚ ਬੜੇ ਦਿਲਚਸਪ ਅਤੇ ਦਲੀਲਪੂਰਨ ਤਰੀਕੇ ਨਾਲ ਇਹ ਸਿੱਧ ਕੀਤਾ ਗਿਆ ਹੈ ਕਿ ਦੁਨੀਆ ਭਰ ’ਚ ਬੇਰੋਜ਼ਗਾਰੀ, ਮਹਿੰਗਾਈ, ਹਿੰਸਾ ਲਈ ਆਧੁਨਿਕ ਬੈੈਂਕਿੰਗ ਪ੍ਰਣਾਲੀ ਵੀ ਜ਼ਿੰਮੇਵਾਰ ਹੈ। ਇਨ੍ਹਾਂ ਬੈਂਕਾਂ ਦਾ ਮਾਇਆਜਾਲ ਲੱਗਭਗ ਹਰ ਦੇਸ਼ ’ਚ ਫੈਲਿਆ ਹੋਇਆ ਹੈ ਪਰ ਉਸ ਦੀ ਅਸਲੀ ਵਾਗਡੋਰ ਅਮਰੀਕਾ ਦੇ 13 ਚੋਟੀ ਦੇ ਲੋਕਾਂ ਦੇ ਹੱਥ ’ਚ ਹੈ ਅਤੇ ਇਹ ਚੋਟੀ ਦੇ ਲੋਕ ਸਿਰਫ ਦੋ ਪਰਿਵਾਰਾਂ ’ਚੋਂ ਹਨ। ਸੁਣਨ ’ਚ ਇਹ ਅਜੀਬ ਜਿਹਾ ਲੱਗੇਗਾ ਪਰ ਇਹ ਹਿਲਾ ਦੇਣ ਵਾਲੀ ਜਾਣਕਾਰੀ ਹੈ, ਜਿਸ ਦੀ ਪੜਤਾਲ ਜ਼ਰੂਰੀ ਹੈ। ਸਿੱਧਾ ਸਵਾਲ ਇਹ ਹੈ ਕਿ ਭਾਰਤ ਦੇ ਜਿੰਨੇ ਵੀ ਲੋਕਾਂ ਨੇ ਆਪਣਾ ਪੈਸਾ ਭਾਰਤੀ ਜਾਂ ਵਿਦੇਸ਼ੀ ਬੈਂਕਾਂ ’ਚ ਜਮ੍ਹਾ ਕਰ ਕੇ ਰੱਖਿਆ ਹੈ, ਜੇਕਰ ਉਹ ਕੱਲ ਸਵੇਰੇ ਇਸ ਨੂੰ ਮੰਗਣ ਬੈਂਕ ਪਹੁੰਚ ਜਾਣ ਤਾਂ ਇਹ ਬੈਂਕ 10 ਫੀਸਦੀ ਲੋਕਾਂ ਨੂੰ ਵੀ ਉਨ੍ਹਾਂ ਦਾ ਜਮ੍ਹਾ ਪੈਸਾ ਮੋੜ ਸਕਣਗੇ, ਜਵਾਬ ਹੈ ‘ਨਹੀਂ’ ਕਿਉਂਕਿ ਇਸ ਬੈਂਕਿੰਗ ਪ੍ਰਣਾਲੀ ’ਚ ਜਦੋਂ ਵੀ ਸਰਕਾਰ ਜਾਂ ਜਨਤਾ ਨੂੰ ਕਰਜ਼ ਲੈਣ ਲਈ ਪੈਸੇ ਦੀ ਲੋੜ ਪੈਂਦੀ ਹੈ, ਤਾਂ ਉਹ ਵਿਆਜ ਸਮੇਤ ਪੈਸਾ ਮੋੜਨ ਦਾ ਮੌਕਾ ਲਿਖ ਕੇ ਬੈਂਕ ਕੋਲ ਜਾਂਦੇ ਹਨ। ਬਦਲੇ ’ਚ ਬੈਂਕ ਓਨੀ ਹੀ ਰਕਮ ਤੁਹਾਡੇ ਖਾਤਿਆਂ ’ਚ ਲਿਖ ਦਿੰਦੇ ਹਨ। ਇਸ ਤਰ੍ਹਾਂ ਦੇਸ਼ ਦਾ 95 ਫੀਸਦੀ ਪੈਸਾ ਕਮਰਸ਼ੀਅਲ ਬੈਂਕਾਂ ਦੇ ਖਾਲੀ ਖਾਤਿਆਂ ’ਚ ਲਿਖ ਕੇ ਪੈਦਾ ਕੀਤਾ ਹੈ, ਜੋ ਸਿਰਫ ਖਾਤਿਆਂ ’ਚ ਹੀ ਬਣਦਾ ਹੈ ਅਤੇ ਲਿਖਿਆ ਰਹਿੰਦਾ ਹੈ। ਭਾਰਤੀ ਰਿਜ਼ਰਵ ਬੈਂਕ ਸਿਰਫ 5 ਫੀਸਦੀ ਪੈਸੇ ਹੀ ਬਣਾਉਂਦਾ ਹੈ, ਜੋ ਕਾਗਜ਼ ਦੇ ਨੋਟ ਦੇ ਰੂਪ ’ਚ ਸਾਨੂੰ ਦਿਖਾਈ ਦਿੰਦੇ ਹਨ। ਇਸ ਲਈ ਬੈਂਕਾਂ ਨੇ 1933 ’ਚ ਗੋਲਡ ਸਟੈਂਡਰਡ ਖਤਮ ਕਰਵਾ ਕੇ ਆਪਣੇ ਰੁਪਏ ਦੀ ਤਾਕਤ ਖਤਮ ਕਰ ਦਿੱਤੀ। ਹੁਣ ਤੁਸੀਂ ਜਿਸ ਨੂੰ ਰੁਪਿਆ ਸਮਝਦੇ ਹੋ, ਦਰਅਸਲ, ਉਹ ਇਕ ਰੁੱਕਾ ਹੈ, ਜਿਸ ਦੀ ਕੀਮਤ ਕਾਗਜ਼ ਦੇ ਢੇਰ ਤੋਂ ਵੱਧ ਕੁਝ ਵੀ ਨਹੀਂ। ਇਸ ਰੁੱਕੇ ’ਤੇ ਕੀ ਲਿਖਿਆ ਹੈ, ‘‘ਮੈਂ ਧਾਰਕ ਨੂੰ 2000 ਰੁਪਏ ਅਦਾ ਕਰਨ ਦਾ ਵਚਨ ਦਿੰਦਾ ਹਾਂ।’’, ਇਹ ਕਹਿੰਦਾ ਭਾਰਤ ਦਾ ਰਿਜ਼ਰਵ ਬੈਂਕ, ਜਿਸ ਦੀ ਗਾਰੰਟੀ ਭਾਰਤ ਸਰਕਾਰ ਲੈਂਦੀ ਹੈ। ਇਸ ਲਈ ਤੁਸੀਂ ਦੇਖਿਆ ਹੋਵੇਗਾ ਕਿ ਸਿਰਫ 1 ਰੁਪਏ ਦੇ ਨੋਟ ’ਤੇ ਭਾਰਤ ਸਰਕਾਰ ਲਿਖਿਆ ਹੁੰਦਾ ਹੈ, ਬਾਕੀ ਸਾਰੇ ਨੋਟਾਂ ’ਤੇ ਰਿਜ਼ਰਵ ਬੈਂਕ ਲਿਖਿਆ ਹੁੰਦਾ ਹੈ। ਇਸ ਤਰ੍ਹਾਂ ਲੱਗਭਗ ਸਾਰਾ ਪੈਸਾ ਬੈਂਕ ਬਣਾਉਂਦੇ ਹਨ ਪਰ ਰਿਜ਼ਰਵ ਬੈਂਕ ਕੋਲ ਜਿੰਨਾ ਸੋਨਾ ਜਮ੍ਹਾ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਕਾਗਜ਼ ਦੇ ਨੋਟ ਛਾਪ ਕੇ ਰਿਜ਼ਰਵ ਬੈਂਕ ਦੇਸ਼ ਦੀ ਅਰਥਵਿਵਸਥਾ ਨੂੰ ਝੂਠੇ ਵਾਅਦਿਆਂ ’ਤੇ ਚਲਾ ਰਿਹਾ ਹੈ,

ਜਦਕਿ 1933 ਤੋਂ ਪਹਿਲਾਂ ਹਰ ਨਾਗਰਿਕ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਜੋ ਕਾਗਜ਼ ਦਾ ਨੋਟ ਉਸ ਦੇ ਹੱਥ ’ਚ ਹੈ, ਉਸ ਨੂੰ ਲੈ ਕੇ ਜੇਕਰ ਬੈਂਕ ਜਾਏਗਾ, ਤਾਂ ਉਸ ਨੂੰ ਉਸੇ ਮੁੱਲ ਦਾ ਸੋਨਾ ਜਾਂ ਚਾਂਦੀ ਮਿਲ ਜਾਏਗੀ। ਕਾਗਜ਼ ਦੇ ਨੋਟਾਂ ਦੇ ਰਿਵਾਜ ਤੋਂ ਪਹਿਲਾਂ ਚਾਂਦੀ ਜਾਂ ਸੋਨੇ ਦੇ ਸਿੱਕੇ ਚਲਦੇ ਹੁੰਦੇ ਸਨ, ਉਨ੍ਹਾਂ ਦਾ ਮੁੱਲ ਓਨਾ ਹੀ ਹੁੰਦਾ ਸੀ, ਜਿੰਨਾ ਉਨ੍ਹਾਂ ’ਤੇ ਅੰਕਿਤ ਹੁੰਦਾ ਸੀ, ਭਾਵ ਕੋਈ ਜੋਖਮ ਨਹੀਂ ਸੀ ਪਰ ਹੁਣ ਤੁਸੀਂ ਬੈਂਕ ’ਚ ਆਪਣਾ ਇਕ ਲੱਖ ਰੁਪਿਆ ਜਮ੍ਹਾ ਕਰਵਾਉਂਦੇ ਹੋ ਤਾਂ ਬੈਂਕ ਆਪਣੇ ਤਜਰਬੇ ਦੇ ਆਧਾਰ ’ਤੇ ਉਸ ਦਾ ਸਿਰਫ 10 ਫੀਸਦੀ ਰੋਕ ਕੇ 90 ਫੀਸਦੀ ਕਰਜ਼ੇ ’ਤੇ ਦੇ ਦਿੰਦਾ ਹੈ ਅਤੇ ਉਸ ’ਤੇ ਵਿਆਜ ਕਮਾਉਂਦਾ ਹੈ। ਹੁਣ ਜੋ ਲੋਕ ਇਹ ਕਰਜ਼ਾ ਲੈਂਦੇ ਹਨ, ਉਹ ਵੀ ਇਸ ਨੂੰ ਅੱਗੇ ਸਾਮਾਨ ਖਰੀਦਣ ’ਚ ਖਰਚ ਕਰ ਦਿੰਦੇ ਹਨ। ਜੋ ਉਸ ਵਿਕਰੀ ਤੋਂ ਕਮਾਉਂਦਾ ਹੈ, ਉਹ ਸਾਰਾ ਪੈਸਾ ਫਿਰ ਬੈਂਕ ’ਚ ਜਮ੍ਹਾ ਕਰਵਾ ਦਿੰਦਾ ਹੈ, 90,000 ਰੁਪਏ ਬਾਜ਼ਾਰ ’ਚ ਘੁੰਮ ਕੇ ਫਿਰ ਬੈਂਕ ’ਚ ਹੀ ਆ ਗਏ। ਹੁਣ ਫਿਰ ਬੈਂਕ ਇਸ ਦਾ 10 ਫੀਸਦੀ ਰੋਕ ਕੇ 81000 ਰੁਪਏ ਕਰਜ਼ੇ ’ਤੇ ਦਿੰਦਾ ਹੈ ਅਤੇ ਇਸ ’ਤੇ ਫਿਰ ਵਿਆਜ ਕਮਾਉਂਦਾ ਹੈ, ਫਿਰ ਉਹ 81000 ਰੁਪਿਆ ਬਾਜ਼ਾਰ ’ਚ ਘੁੰਮ ਕੇ ਬੈਂਕਾਂ ’ਚ ਵਾਪਸ ਆ ਜਾਂਦਾ ਹੈ। ਫਿਰ ਬੈਂਕ ਉਸ ਦਾ 10 ਫੀਸਦੀ ਰੋਕ ਕੇ ਬਾਕੀ ਨੂੰ ਬਾਜ਼ਾਰ ’ਚ ਦੇ ਦਿੰਦਾ ਹੈ ਅਤੇ ਇਸ ਤਰ੍ਹਾਂ ਵਾਰ-ਵਾਰ ਕਰਜ਼ ਦੇ ਕੇ ਅਤੇ ਹਰ ਵਾਰ ਵਿਆਜ ਕਮਾ ਕੇ ਜਲਦ ਹੀ ਉਹ ਸਥਿਤੀ ਆ ਜਾਂਦੀ ਹੈ ਕਿ ਬੈਂਕ ਤੁਹਾਡੇ ਪੈਸੇ ਦਾ ਮੁੱਲ ਚੋਰੀ ਕਰ ਕੇ ਬਿਨਾਂ ਕਿਸੇ ਲਾਗਤ ਦੇ ਸੌ ਗੁਣਾ ਜਾਇਦਾਦ ਇਕੱਠੀ ਕਰ ਲੈਂਦਾ ਹੈ। ਇਸ ਪ੍ਰਕਿਰਿਆ ’ਚ ਸਾਡੇ ਰੁਪਏ ਦੀ ਕੀਮਤ ਲਗਾਤਾਰ ਡਿਗ ਰਹੀ ਹੈ। ਤੁਸੀਂ ਇਸ ਭਰਮ ’ਚ ਰਹਿੰਦੇ ਹੋ ਕਿ ਤੁਹਾਡਾ ਪੈਸਾ ਬੈਂਕ ’ਚ ਸੁਰੱਖਿਅਤ ਰਹਿੰਦਾ ਹੈ, ਦਰਅਸਲ, ਉਹ ਪੈਸਾ ਨਹੀਂ, ਸਿਰਫ ਇਕ ਵਾਅਦਾ ਹੈ, ਜੋ ਨੋਟ ’ਤੇ ਛਪਿਆ ਹੈ ਪਰ ਉਸ ਵਾਅਦੇ ਦੇ ਬਦਲੇ (ਨੋਟ ਦੇ) ਜੇਕਰ ਤੁਸੀਂ ਜ਼ਮੀਨ, ਅਨਾਜ, ਸੋਨਾ ਜਾਂ ਚਾਂਦੀ ਮੰਗਣਾ ਚਾਹੋ, ਤਾਂ ਦੇਸ਼ ਦੇ ਕੁਲ 10 ਫੀਸਦੀ ਲੋਕਾਂ ਨੂੰ ਹੀ ਬੈਂਕ ਇਹ ਸਭ ਦੇ ਸਕਣਗੇ। 90 ਫੀਸਦੀ ਅੱਗੇ ਹੱਥ ਖੜ੍ਹੇ ਕਰ ਦੇਣਗੇ ਕਿ ਨਾ ਤਾਂ ਸਾਡੇ ਕੋਲ ਸੋਨਾ-ਚਾਂਦੀ ਹੈ, ਨਾ ਜਾਇਦਾਦ ਹੈ ਅਤੇ ਨਾ ਹੀ ਅਨਾਜ, ਭਾਵ ਪੂਰਾ ਸਮਾਜ ਵਾਅਦਿਆਂ ’ਤੇ ਖੇਡ ਰਿਹਾ ਹੈ, ਜਿਸ ਨੂੰ ਤੁਸੀਂ ਨੋਟ ਸਮਝਦੇ ਹੋ, ਉਸ ਦੀ ਕੀਮਤ ਰੱਦੀ ਤੋਂ ਜ਼ਿਆਦਾ ਕੁਝ ਨਹੀਂ। ਇਹ ਸਾਰਾ ਭਰਮਜਾਲ ਇਸ ਤਰ੍ਹਾਂ ਫੈਲਾਇਆ ਗਿਆ ਕਿ ਯਕਮੁਸ਼ਤ ਕੋਈ ਅਰਥਸ਼ਾਸਤਰੀ, ਵਿਦਵਾਨ, ਵਕੀਲ, ਪੱਤਰਕਾਰ, ਅਫਸਰ ਜਾਂ ਨੇਤਾ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹੋਵੇਗਾ ਅਤੇ ਤੁਹਾਡਾ ਮਜ਼ਾਕ ਉਡਾਵੇਗਾ ਪਰ ਹਕੀਕਤ ਇਹ ਹੈ ਕਿ ਬੈਂਕ ਦੀ ਇਸ ਰਹੱਸਮਈ ਮਾਇਆ ਨੂੰ ਹਰ ਦੇਸ਼ ਦੇ ਹੁਕਮਰਾਨ ਇਕ ਖਰੀਦੇ ਗੁਲਾਮ ਵਾਂਗ ਛੁਪਾ ਕੇ ਰੱਖਦੇ ਹਨ ਅਤੇ ਬੈਂਕ ਦੇ ਇਸ ਜਾਲ ’ਚ ਇਕ ਕਠਪੁਤਲੀ ਵਾਂਗ ਭੂਮਿਕਾ ਨਿਭਾਉਂਦੇ ਹਨ। ਪਿਛਲੇ 70 ਸਾਲ ਦਾ ਇਤਿਹਾਸ ਗਵਾਹ ਹੈ ਕਿ ਜਿਸ-ਜਿਸ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੇ ਬੈਂਕਾਂ ਦੇ ਇਸ ਫਰੇਬ ਦਾ ਖੁਲਾਸਾ ਕਰਨਾ ਚਾਹਿਆ ਜਾਂ ਆਪਣੀ ਜਨਤਾ ਨੂੰ ਕਾਗਜ਼ ਦੇ ਨੋਟ ਦੇ ਬਦਲੇ ਜਾਇਦਾਦ ਦੇਣ ਦਾ ਭਰੋਸਾ ਦਰਸਾਉਣਾ ਚਾਹਿਆ, ਉਸ-ਉਸ ਰਾਸ਼ਟਰ ਮੁਖੀ ਦੀ ਇਨ੍ਹਾਂ ਅੰਤਰਰਾਸ਼ਟਰੀ ਬੈਂਕਾਂ ਦੇ ਮਾਲਕਾਂ ਨੇ ਹੱਤਿਆ ਕਰਵਾ ਦਿੱਤੀ। ਇਨ੍ਹਾਂ ’ਚ ਖੁਦ ਅਮਰੀਕਾ ਦੇ ਰਾਸ਼ਟਰਪਤੀ ਇਬਰਾਹਿਮ ਲਿੰਕਨ ਤੇ ਜਾਨ ਐੈੱਫ. ਕੈਨੇਡੀ, ਜਰਮਨੀ ਦਾ ਚਾਂਸਲਰ ਹਿਟਲਰ, ਈਰਾਨ (1953) ਦੇ ਰਾਸ਼ਟਰਪਤੀ, ਗੁਆਟੇਮਾਲਾ (1954) ਦੇ ਰਾਸ਼ਟਰਪਤੀ, ਚਿਲੀ (1973) ਦੇ ਰਾਸ਼ਟਰਪਤੀ, ਇਕਵਾਡੋਰ (1981) ਦੇ ਰਾਸ਼ਟਰਪਤੀ, ਪਨਾਮਾ (1981) ਦੇ ਰਾਸ਼ਟਰਪਤੀ, ਵੈਨੇਜ਼ੁਏਲਾ (2002) ਦੇ ਰਾਸ਼ਟਰਪਤੀ, ਇਰਾਕ (2003) ਦੇ ਰਾਸ਼ਟਰਪਤੀ ਸੱਦਾਮ ਹੁਸੈਨ, ਲੀਬੀਆ (2011) ਦਾ ਰਾਸ਼ਟਰਪਤੀ ਗੱਦਾਫੀ ਸ਼ਾਮਲ ਹਨ।

ਜਿਹੜੇ ਮੁਸਲਿਮ ਦੇਸ਼ਾਂ ’ਚ ਉਥੋਂ ਦੇ ਹੁਕਮਰਾਨ ਪੱਛਮ ਦੀ ਇਸ ਬੈਂਕਿੰਗ ਵਿਵਸਥਾ ਨੂੰ ਨਹੀਂ ਚੱਲਣ ਦੇਣਾ ਚਾਹੁੰਦੇ, ਉਨ੍ਹਾਂ-ਉਨ੍ਹਾਂ ਦੇਸ਼ਾਂ ’ਚ ਲੋਕਤੰਤਰ ਬਹਾਲੀ ਦੇ ਨਾਂ ’ਤੇ ਹਿੰਸਕ ਅੰਦੋਲਨ ਚਲਾਏ ਜਾ ਰਹੇ ਹਨ ਤਾਂ ਕਿ ਅਜਿਹੇ ਸ਼ਾਸਕਾਂ ਦਾ ਤਖਤਾ ਪਲਟ ਕੇ ਪੱਛਮ ਦੀ ਇਸ ਲਹੂ-ਪੀਣੀ ਬੈਂਕਿੰਗ ਵਿਵਸਥਾ ਨੂੰ ਲਾਗੂ ਕੀਤਾ ਜਾ ਸਕੇ, ਖੁਦ ਉਦਯੋਗਪਤੀ ਹੈਨਰੀ ਫੋਰਡ ਨੇ ਇਕ ਵਾਰ ਕਿਹਾ ਸੀ ਕਿ ‘‘ਜੇਕਰ ਅਮਰੀਕਾ ਦੀ ਜਨਤਾ ਨੂੰ ਸਾਡੀ ਬੈਂਕਿੰਗ ਵਿਵਸਥਾ ਦੀ ਅਸਲੀਅਤ ਦਾ ਪਤਾ ਲੱਗ ਜਾਵੇ, ਤਾਂ ਕੱਲ ਹੀ ਸਵੇਰੇ ਸਾਡੇ ਇਥੇ ਕ੍ਰਾਂਤੀ ਹੋ ਜਾਵੇਗੀ।’’ ਜਦੋਂ ਦੇਸ਼ਾਂ ਨੂੰ ਰੁਪਏ ਦੀ ਲੋੜ ਹੁੰਦੀ ਹੈ ਤਾਂ ਉਹ ਆਈ. ਐੈੱਮ. ਐੈੱਫ. ਜਾਂ ਵਿਸ਼ਵ ਬੈਂਕ ਕੋਲੋਂ ਭਾਰੀ ਕਰਜ਼ੇ ਲੈ ਲੈਂਦੇ ਹਨ ਤੇ ਉਸ ਨੂੰ ਨਾ ਮੋੜ ਸਕਣ ਦੀ ਹਾਲਤ ’ਚ ਨੋਟ ਛਾਪ ਲੈਂਦੇ ਹਨ, ਜਦਕਿ ਇਨ੍ਹਾਂ ਨਵੇਂ ਛਪੇ ਨੋਟਾਂ ਦੇ ਪਿੱਛੇ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਇਲਾਵਾ ਕੋਈ ਠੋਸ ਜਾਇਦਾਦ ਨਹੀਂ ਹੁੰਦੀ। ਨਤੀਜੇ ਵਜੋਂ ਬਾਜ਼ਾਰ ’ਚ ਨੋਟ ਤਾਂ ਆ ਗਏ ਪਰ ਸਾਮਾਨ ਨਹੀਂ ਹੈ, ਤਾਂ ਮਹਿੰਗਾਈ ਵਧੇਗੀ ਭਾਵ ਮਹਿੰਗਾਈ ਵਧਾਉਣ ਲਈ ਕਿਸਾਨ ਜਾਂ ਵਪਾਰੀ ਜ਼ਿੰਮੇਵਾਰ ਨਹੀਂ ਸਗੋਂ ਇਹ ਬੈਂਕਿੰਗ ਵਿਵਸਥਾ ਜ਼ਿੰਮੇਵਾਰ ਹੈ। ਇਹ ਜਦ ਚਾਹੁਣ ਮਹਿੰਗਾਈ ਵਧਾ ਦੇਣ ਅਤੇ ਜਦ ਚਾਹੁਣ ਉਸ ਨੂੰ ਰਾਤੋ-ਰਾਤ ਘਟਾ ਲੈਣ। ਸਦੀਆਂ ਤੋਂ ਸਾਰੇ ਦੇਸ਼ਾਂ ’ਚ ਵਸਤੂਆਂ ਦਾ ਵਟਾਂਦਰਾ ਹੁੰਦਾ ਆਇਆ ਸੀ। ਤੁਸੀਂ ਅਨਾਜ ਦਿੱਤਾ, ਬਦਲੇ ’ਚ ਮਸਾਲਾ ਲੈ ਲਿਆ। ਤੁਸੀਂ ਸੋਨਾ ਜਾਂ ਚਾਂਦੀ ਦਿੱਤੀ, ਬਦਲੇ ’ਚ ਕੱਪੜਾ ਖਰੀਦ ਲਿਆ ਮਤਲਬ ਇਹ ਹੈ ਕਿ ਬਾਜ਼ਾਰ ’ਚ ਜਿੰਨਾ ਮਾਲ ਉਪਲੱਬਧ ਹੁੰਦਾ ਸੀ, ਓਨੀ ਹੀ ਉਸ ਦੇ ਖਰੀਦਦਾਰਾਂ ਦੀ ਹੈਸੀਅਤ ਵੀ ਹੁੰਦੀ ਸੀ। ਉਨ੍ਹਾਂ ਕੋਲ ਜੋ ਪੈਸਾ ਹੁੰਦਾ ਸੀ, ਉਸ ਦੀ ਤਾਕਤ ਸੋਨੇ ਦੇ ਬਰਾਬਰ ਹੁੰਦੀ ਸੀ। ਅੱਜ ਤੁਹਾਡੇ ਕੋਲ ਕਰੋੜਾਂ ਰੁਪਏ ਹਨ ਅਤੇ ਉਸ ਦੇ ਬਦਲੇ ’ਚ ਤੁਹਾਨੂੰ ਸੋਨਾ ਜਾਂ ਜਾਇਦਾਦ ਨਾ ਮਿਲੇ ਅਤੇ ਸਿਰਫ ਕਾਗਜ਼ਾ ਦੇ ਨੋਟਾਂ ’ਤੇ ਛਪਿਆ ਵਾਅਦਾ ਮਿਲੇ ਤਾਂ ਉਸ ਰੁਪਏ ਦਾ ਕੀ ਮਹੱਤਵ? ਇਹ ਬੜਾ ਗੁੰਝਲਦਾਰ ਮਾਮਲਾ ਹੈ। ਬਿਨਾਂ ਇਸ ਲਘੂ ਪੁਸਤਕ ਨੂੰ ਪੜ੍ਹੇ ਸਮਝ ’ਚ ਨਹੀਂ ਆਏਗਾ ਪਰ ਜੇਕਰ ਇਹ ਪੜ੍ਹ ਲਈ ਤਾਂ ਇਕ ਵੱਡੀ ਬਹਿਸ ਦੇਸ਼ ’ਚ ਉੱਠ ਸਕਦੀ ਹੈ, ਜੋ ਲੋਕਾਂ ਨੂੰ ਬੈਂਕਿੰਗ ਦੇ ਮਾਇਆਜਾਲ ਦੀ ਅਸਲੀਅਤ ਜਾਣਨ ’ਤੇ ਮਜਬੂਰ ਕਰੇਗੀ।


Bharat Thapa

Content Editor

Related News