‘ਦੇਸ਼ ਦੇ ਪ੍ਰਸਿੱਧ ਮੰਦਰਾਂ ’ਚ’ ਛੇਤੀ ਦਰਸ਼ਨ ਕਰਵਾਉਣ ਦੇ ਨਾਂ ’ਤੇ ਰਿਸ਼ਵਤ

Tuesday, Jun 10, 2025 - 06:38 AM (IST)

‘ਦੇਸ਼ ਦੇ ਪ੍ਰਸਿੱਧ ਮੰਦਰਾਂ ’ਚ’ ਛੇਤੀ ਦਰਸ਼ਨ ਕਰਵਾਉਣ ਦੇ ਨਾਂ ’ਤੇ ਰਿਸ਼ਵਤ

ਭਾਰਤ ’ਚ ਹਜ਼ਾਰਾਂ ਮੰਦਰ ਹਨ ਜਿੱਥੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਆਉਂਦੇ ਹਨ। ਇਸੇ ਦਾ ਲਾਭ ਉਠਾ ਕੇ ਕੁਝ ਮੰਦਰਾਂ ’ਚ ਜਲਦੀ ਅਤੇ ‘ਵੀ.ਆਈ.ਪੀ.’ ਦਰਸ਼ਨਾਂ ਦੇ ਨਾਂ ’ਤੇ ਸ਼ਰਧਾਲੂਆਂ ਨੂੰ ਦੂਜਿਆਂ ਤੋਂ ਪਹਿਲਾਂ ਦਰਸ਼ਨ ਕਰਵਾਉਣ ਦੇ ਬਹਾਨੇ ਉਨ੍ਹਾਂ ਨੂੰ ਠੱਗਣ ਵਾਲੇ ਅਨੇਕ ਲੋਕ ਪੈਦਾ ਹੋ ਗਏ ਹਨ। ਜਿਨ੍ਹਾਂ ਦੀਆਂ ਪਿਛਲੇ ਤਿੰਨ ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ।

* 2 ਮਾਰਚ ਨੂੰ ‘ਅਯੋਧਿਆ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ਰਾਮ ਲੱਲਾ ਦੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਨੂੰ ਮੰਦਰ ’ਚ ਦਰਸ਼ਨ ਲਈ ਵੀ. ਆਈ.ਪੀ. ਪਾਸ ਦਿਵਾਉਣ ਦੇ ਨਾਂ ’ਤੇ ਵਸੂਲੀ ਕਰਨ ਵਾਲੇ ਤਿੰਨ ਮੁਲਜ਼ਮਾਂ ‘ਸ਼ੈਂਲਦਰ ਸਿੰਘ’, ‘ਬ੍ਰਿਜਵਾਸੀ’ ਅਤੇ ‘ਸੰਦੀਪ’ ਨੂੰ ਗ੍ਰਿਫਤਾਰ ਕੀਤਾ।

* 13 ਮਾਰਚ ਨੂੰ, ‘ਉਜੈਨ’ (ਮੱਧ ਪ੍ਰਦੇਸ਼) ਸਥਿਤ ਮਹਾਕਲੇਸ਼ਵਰ ਮੰਦਰ ’ਚ ‘ਨੰਦੀ ਹਾਲ’ ਤੋਂ ਸ਼ਰਧਾਲੂਆਂ ਨੂੰ ਦਰਸ਼ਨ ਦੇ ਬਦਲੇ ਰਿਸ਼ਵਤ ਲੈਣ ਦਾ ਮਾਮਲਾ ਫੜਿਆ ਅਤੇ ‘ਜੀਤੂ ਬੈਰਾਗੀ’ ਅਤੇ ਚੰਦਨ ਬੈਰਾਗੀ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ।

ਮਾਮਲਿਆਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਦੋਵੇਂ ਸਿਰਫ ‘ਨੰਦੀ ਹਾਲ ਹੀ ਨਹੀਂ ਸਗੋਂ ‘ਭਸਮ ਆਰਤੀ’, ‘ਛੇਤੀ ਦਰਸ਼ਨ’ ਅਤੇ ਜਲ ਅਭਿਸ਼ੇਕ ਆਦਿ ਦੇ ਨਾਂ ’ਤੇ ਮੋਟੀ ਰਕਮ ਵਸੂਲਦੇ ਸਨ।

* 1 ਮਈ ਨੂੰ ‘ਸੀਕਰ’ (ਰਾਜਸਥਾਨ) ’ਚ ‘ਖਾਟੂ ਸ਼ਿਆਮ ਜੀ ਮੰਦਰ’ ’ਚ ‘ਵੀ. ਆਈ. ਪੀ.’ ਦਰਸ਼ਨ ਦੇ ਨਾਂ ’ਤੇ ਧੋਖਾਦੇਹੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ‘ਹਰਿੰਦਰ ਿਸੰਘ’ ਅਤੇ ‘ਰਾਹੁਲ ਸਿੰਘ ਰਾਠੌਰ’ ਨੂੰ ਗ੍ਰਿਫਤਾਰ ਕੀਤਾ ਿਗਆ।

* 1 ਜੂਨ ਨੂੰ ‘ਉਜੈਨ’ (ਮੱਧ ਪ੍ਰਦੇਸ਼) ਸਥਿਤ ਮਹਾਕਲੇਸ਼ਵਰ ਮੰਦਰ ’ਚ ਸੁਰੱਖਿਆ ਇੰਚਾਰਜਾਂ ਨੇ ਜਲਦੀ ਦਰਸ਼ਨ ਕਰਵਾਉਣ ਦੇ ਇੱਛੁਕ ਸ਼ਰਧਾਲੂਆਂ ਨੂੰ ਪਹਿਲਾਂ ਦਰਸ਼ਨ ਕਰਵਾਉਣ ਦਾ ਲਾਲਚ ਦੇ ਕੇ ਠੱਗਣ ਵਾਲੇ ‘ਅਜੇ’ ਨਾਂ ਦੇ ਇਕ ‘ਫੁੱਲ-ਪ੍ਰਸ਼ਾਦ’ ਵੇਚਣ ਵਾਲੇ ਨੂੰ ਗ੍ਰਿਫਤਾਰ ਕੀਤਾ। ‘ਅਜੇ’ ਹਰ ਸ਼ਰਧਾਲੂ ਛੇਤੀ ਦਰਸ਼ਨ ਕਰਵਾਉਣ ਦੇ ਬਦਲੇ ਉਨ੍ਹਾਂ ਤੋਂ 1100-1100 ਰੁਪਏ ਵਸੂਲ ਕਰ ਰਿਹਾ ਸੀ।

*7 ਜੂਨ ਨੂੰ ‘ਵਰਿੰਦਾਵਨ’ (ਉੱਤਰ ਪ੍ਰਦੇਸ਼) ’ਚ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਸਮਰਪਿਤ ‘ਬਾਂਕੇ ਬਿਹਾਰੀ ਮੰਦਰ’ ’ਚ ਆਉਣ ਵਾਲੇ ਸ਼ਰਧਾਲੂਆਂ ਨੂੰ ਦੂਜੇ ਸ਼ਰਧਾਲੂਆਂ ਤੋਂ ਪਹਿਲਾਂ ਭਾਵ ਵੀ.ਆਈ.ਪੀ. ਦਰਸ਼ਨ ਦੇ ਨਾਂ ’ਤੇ ਉਨ੍ਹਾਂ ਤੋਂ ਨਾਜਾਇਜ਼ ਵਸੂਲੀ ਕਰਨ ਵਾਲੇ ‘ਰੋਹਿਤ’ ਅਤੇ ‘ਲੱਕੀ’ ਉਰਫ ‘ਛੋਟੂ’ ਨਾਂ ਦੇ ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।

ਮੁਲਜ਼ਮ ਸੋਸ਼ਲ ਮੀਡੀਆ ’ਤੇ ਖੁਦ ਨੂੰ ‘ਮਾਧਵ ਬਾਊਂਸਰ ਗਰੁੱਪ’ ਦੇ ਬਾਊਂਸਰ ਅਤੇ ਨਿੱਜੀ ਸੁਰੱਖਿਆ ਗਾਰਡ ਦੱਸਦੇ ਅਤੇ ਸੁਰੱਖਿਆ ਏਜੰਸੀਆਂ ਨਾਲ ਗੰਢ-ਤੁੱਪ ਕਰ ਕੇ ਸ਼ਰਧਾਲੂਆਂ ਨੂੰ ਭੀੜ ’ਚੋਂ ਬਾਹਰ ਕੱਢ ਕੇ ਮੰਦਰ ਦੇ ਅੰਦਰ ਲਿਜਾ ਕੇ ਸਿੱਧੇ ਦਰਸ਼ਨ ਕਰਵਾਉਂਦੇ ਸਨ।

ਮੰਦਰ ਕੰਪਲੈਕਸ ਕੁਝ ਪਾਂਡਿਆਂ ਅਤੇ ਉਨ੍ਹਾਂ ਦੇ ਝੇਲਿਆਂ ਵਲੋਂ ਵੀ ਦਕਸ਼ਨਾਂ ਲੈ ਕੇ ਇਸੇ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ।

* ਅਤੇ ਹੁਣ 8 ਜੂਨ ਨੂੰ ‘ਸੀਕਰ’ ਰਾਜਸਥਾਨ ’ਚ ਸਥਿਤ ਪ੍ਰਸਿੱਧ ‘ਖਾਟੂ ਸ਼ਿਆਮ ਜੀ ’ ਦੇ ਮੰਦਰ ’ਚ ਭੋਪਾਲ ਤੋਂ ਦਰਸ਼ਨਾਂ ਲਈ ਆਏ ਇਕ ਪਰਿਵਾਰ ਨਾਲ ਦੋਸਤੀ ਵਧਾ ਕੇ ਇਕ ਨੌਜਵਾਨ ਨੇ ਬੱਚੇ ਦੀ ਮਾਂ ਅਤੇ ਦਾਦੀ ਨੂੰ ਕਿਹਾ ਕਿ ਉਹ ਬੱਚੇ ਨੂੰ ਥੋੜ੍ਹੀ ਦੇਰ ਸੰਭਾਲ ਲਵੇਗਾ ਤਾਂ ਕਿ ਉਹ ਰਾਮ ਨਾਲ ਦਰਸ਼ਨ ਕਰ ਲੈਣ।

ਨੌਜਵਾਨ ਦੀਆਂ ਗੱਲਾਂ ’ਚ ਆ ਕੇ ਔਰਤਾ ਨੇ ਆਪਣਾ ਬੱਚਾ ਉਸ ਨੂੰ ਸੌਂਪ ਦਿੱਤਾ ਅਤੇ ਜਿਉਂ ਉਹ ਦੋਨੋਂ ਦਰਸ਼ਨਾਂ ’ਚ ਰੁਝ ਗਏ ਤਾਂ ਮੁਲਜ਼ਮ ਭੀੜ ਦਾ ਲਾਭ ਉਠਾ ਕੇ ਮਾਸੂਮ ਦਾ ਅਗਵਾ ਕਰ ਕੇ ਦੌੜ ਗਿਆ।

ਆਸਥਾ ਦੇ ਨਾਂ ’ਤੇ ਸ਼ਰਧਾਲੂਆਂ ਨੂੰ ਠੱਗਣ ਦੀਆਂ ਇਹ ਤਾਂ ਕੁਝ ਉਦਾਹਰਣਾਂ ਹਨ। ਦੁੱਖ ਦੀ ਗੱਲ ਇਹ ਵੀ ਹੈ ਕਿ ਇਸ ਤਰ੍ਹਾਂ ਦੇ ਮਾਮਲਿਅਾਂ ’ਚ ਮੰਦਰਾਂ ਦੇ ਕੁਝ ਪੁਜਾਰੀ ਅਤੇ ਸੁਰੱਖਿਆ ਮੁਲਾਜ਼ਮ ਆਦਿ ਹੀ ਨਹੀਂ ਸਗੋਂ ਉਹ ਲੋਕ ਵੀ ਬਰਾਬਰ ਦੇ ਦੋਸ਼ੀ ਹਨ, ਜੋ ‘ਰਿਸ਼ਵਤ’ ਦੇ ਕੇ ਦਰਸ਼ਨ ਕਰਦੇ ਹਨ।

ਜਿੱਥੇ ਮੰਦਰਾਂ ’ਚ ਆਉਣ ਵਾਲੇ ਸ਼ਰਧਾਲੂਆਂ ਨੂੰ ਧੋਖਾ ਦੇ ਕੇ ਉਨ੍ਹਾਂ ਦੇ ਨਾਲ ਇਸ ਕਿਸਮ ਦੀ ਠੱਗੀ ਕਰਨਾ ਬਿਲਕੁੱਲ ਉਚਿਤ ਨਹੀਂ ਕਿਹਾ ਜਾ ਸਕਦਾ ਹੈ, ਉੱਥੇ ਹੀ ਰਿਸ਼ਵਤ ਦੇ ਕੇ ‘ਦਰਸ਼ਨ’ ਕਰਨ ਦਾ ਵੀ ਕੋਈ ਲਾਭ ਨਹੀਂ ਕਿਉਂਕਿ ਪ੍ਰਭੂ ਦੀ ਕਿਰਪਾ ਹਾਸਲ ਕਰਨ ਲਈ ਧਨ ਨਹੀਂ ਸਗੋਂ ਭਾਵਨਾ ਦੀ ਲੋੜ ਹੁੰਦੀ ਹੈ।

ਉਂਝ ਵੀ ਰਿਸ਼ਵਤ ਦੇ ਕੇ ਆਪਣੇ ਈਸ਼ਟ ਦੇ ਦਰਸ਼ਨਾਂ ਨਾਲ ਕੋਈ ਪੁੰਨ ਪ੍ਰਾਪਤ ਹੋਣ ਵਾਲਾ ਨਹੀਂ। ਇਸ ਲਈ ਇਸ ਬੁਰਾਈ ’ਤੇ ਤੁਰੰਤ ਰੋਕ ਲਗਾਉਣ ਦੀ ਲੋੜ ਹੈ ਤਾਂ ਕਿ ਸ਼ਰਧਾਲੂਆਂ ਦੀ ਆਸਥਾ ਨਾਲ ਖਿਲਵਾੜਾ ਨਾ ਹੋਵੇ।

-ਵਿਜੇ ਕੁਮਾਰ


author

Sandeep Kumar

Content Editor

Related News