ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਦੀਆਂ ਮੂਰਤੀਆਂ ਤੋੜਨਾ ਬਿਲਕੁਲ ਜਾਇਜ਼ ਨਹੀਂ
Monday, Feb 03, 2025 - 02:18 AM (IST)
ਪਿਛਲੇ ਕੁਝ ਸਮੇਂ ਤੋਂ ਦੇਸ਼ ਵਿਚ ਮਹਾਨ ਸ਼ਖਸੀਅਤਾਂ ਦੀਆਂ ਮੂਰਤੀਆਂ ਨੂੰ ਤੋੜਨ ਅਤੇ ਉਨ੍ਹਾਂ ਦਾ ਅਪਮਾਨ ਕਰਨ ਦਾ ਗਲਤ ਰੁਝਾਨ ਚੱਲ ਰਿਹਾ ਹੈ। ਇਸੇ ਸਿਲਸਿਲੇ ਵਿਚ ਪਿਛਲੇ ਇਕ ਮਹੀਨੇ ਦੌਰਾਨ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀਆਂ ਕਈ ਮੂਰਤੀਆਂ ਸ਼ਰਾਰਤੀ ਅਨਸਰਾਂ ਵਲੋਂ ਤੋੜੀਆਂ ਗਈਆਂ ਹਨ :
7 ਜਨਵਰੀ ਨੂੰ ਵਾਰਾਣਸੀ, 13 ਜਨਵਰੀ ਨੂੰ ਲਖਨਊ, 16 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਭਦੋਹੀ, 26 ਜਨਵਰੀ ਨੂੰ ਅੰਮ੍ਰਿਤਸਰ (ਪੰਜਾਬ) ਵਿਚ ਡਾ. ਬੀ. ਆਰ. ਅੰਬੇਡਕਰ ਦੀ ਮੂਰਤੀ ਤੋੜਨ ਨਾਲ ਸੂਬੇ ਵਿਚ ਗੁੱਸਾ ਫੈਲ ਗਿਆ।
ਅਤੇ ਹੁਣ 28 ਜਨਵਰੀ ਨੂੰ ਅਲੀਗੜ੍ਹ ਵਿਚ ਪੁਲਸ ਵਲੋਂ ਡਾ. ਅੰਬੇਡਕਰ ਦੀ ਮੂਰਤੀ ਨੂੰ ਹਟਾਉਣ ਨੂੰ ਲੈ ਕੇ ਹੰਗਾਮਾ ਹੋਇਆ ਅਤੇ ਗੁੱਸੇ ਵਿਚ ਆਏ ਲੋਕਾਂ ਨੇ ਪੁਲਸ ਟੀਮ ’ਤੇ ਹਮਲਾ ਕਰ ਕੇ ਉਨ੍ਹਾਂ ਦੇ ਕਈ ਮੋਟਰਸਾਈਕਲ ਸਾੜ ਦਿੱਤੇ।
ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਆਖਰ ਡਾ. ਅੰਬੇਡਕਰ ਦੀਆਂ ਮੂਰਤੀਆਂ ਨੂੰ ਤੋੜ ਕੇ ਕੋਈ ਕੀ ਪ੍ਰਾਪਤ ਕਰ ਸਕਦਾ ਹੈ।
ਡਾ. ਅੰਬੇਡਕਰ ਨੇ ਆਪਣੀ ਸਾਰੀ ਜ਼ਿੰਦਗੀ ਨਾ ਸਿਰਫ਼ ਸਮਾਜ ਦੇ ਪ੍ਰੋਲੇਤਾਰੀ ਵਰਗ ਦੇ ਹਿੱਤਾਂ ਲਈ, ਸਗੋਂ ਸਾਰੇ ਵਰਗਾਂ ਦੇ ਲੋਕਾਂ ਦੇ ਹਿੱਤਾਂ ਲਈ ਲੜਾਈ ਲੜੀ। ਉਨ੍ਹਾਂ ਦੀ ਵਿਦਵਤਾ ਦੇ ਕਾਰਨ ਹੀ ਉਨ੍ਹਾਂ ਦੀ ਪ੍ਰਧਾਨਗੀ ਹੇਠ ਆਜ਼ਾਦ ਭਾਰਤ ਦੀ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ, ਜਿਸ ਵਿਚ ਦੇਸ਼ ਦੇ ਸਾਰੇ ਸੂਬਿਆਂ ਤੋਂ ਸਮਾਜ ਦੇ ਵੱਖ-ਵੱਖ ਵਰਗਾਂ ਦੇ 389 ਵਿਦਵਾਨ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਸਭ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਸੰਵਿਧਾਨ ਬਣਿਆ।
ਤਾਂ ਅਜਿਹਾ ਕੀ ਹੈ ਕਿ ਸਮਾਜ ਵਿਰੋਧੀ ਤੱਤ ਅਜਿਹੇ ਵਿਦਵਾਨ ਵਿਅਕਤੀ ਦੀਆਂ ਮੂਰਤੀਆਂ ਦਾ ਅਪਮਾਨ ਕਰ ਰਹੇ ਹਨ? ਅਨੁਸੂਚਿਤ ਜਾਤੀ ਵਿਚ ਪੈਦਾ ਹੋਣ ਕਰ ਕੇ ਉਨ੍ਹਾਂ ਨੂੰ ਬਚਪਨ ਵਿਚ ਸਿੱਖਿਆ ਪ੍ਰਾਪਤ ਕਰਨ ਅਤੇ ਹੋਰ ਮਾਮਲਿਆਂ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਸਿੱਧ ਆਜ਼ਾਦੀ ਘੁਲਾਟੀਏ ਅਤੇ ਕਾਂਗਰਸ ਨੇਤਾ ਬਾਲ ਗੰਗਾਧਰ ਤਿਲਕ ਦੇ ਤੀਜੇ ਪੁੱਤਰ ਸ਼੍ਰੀਧਰ ਬਲਵੰਤ ਤਿਲਕ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਸਨ। ਡਾ. ਅੰਬੇਡਕਰ ਨਾਲ ਆਪਣੀ ਦੋਸਤੀ ਦੇ ਕਾਰਨ ਉਨ੍ਹਾਂ ਨੂੰ ਵੀ ਤੰਗ ਵਿਚਾਰਧਾਰਾ ਵਾਲੇ ਲੋਕਾਂ ਵਲੋਂ ਬਹੁਤ ਪ੍ਰੇਸ਼ਾਨ ਕੀਤਾ ਗਿਆ ਸੀ, ਜਿਸ ਤੋਂ ਤੰਗ ਆ ਕੇ ਅੰਤ ਵਿਚ ਉਨ੍ਹਾਂ ਨੇ 25 ਮਈ, 1928 ਨੂੰ ਖੁਦਕੁਸ਼ੀ ਕਰ ਲਈ ਸੀ।
ਮਾੜੇ ਹਾਲਾਤ ਵਿਚ ਸਖ਼ਤ ਸੰਘਰਸ਼ ਕਰ ਕੇ ਡਾ. ਅੰਬੇਡਕਰ ਇੰਨੇ ਉੱਚੇ ਅਹੁਦੇ ’ਤੇ ਪਹੁੰਚੇ ਅਤੇ ਸਾਰੇ ਦੇਸ਼ ਵਾਸੀਆਂ ਦੇ ਕਲਿਆਣ ਬਾਰੇ ਸੋਚਿਆ। ਅਜਿਹੇ ਮਹਾਨ ਵਿਅਕਤੀ ਦੀਆਂ ਮੂਰਤੀਆਂ ਤੋੜ ਕੇ ਉਨ੍ਹਾਂ ਦਾ ਨਿਰਾਦਰ ਕਰਨਾ ਕਦੇ ਵੀ ਜਾਇਜ਼ ਨਹੀਂ ਹੋ ਸਕਦਾ। ਇਸ ਲਈ, ਅਜਿਹਾ ਕਰਨ ਵਾਲਿਆਂ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਬੁਰਾਈ ਨੂੰ ਲਗਾਮ ਲੱਗੇ ਅਤੇ ਸਮਾਜ ਵਿਚ ਸਦਭਾਵਨਾ ਬਣੀ ਰਹੇ।
-ਵਿਜੇ ਕੁਮਾਰ