‘ਗਊ ਮਾਤਾ ਨੂੰ ਪੂਜਨ ਵਾਲੇ ਦੇਸ਼ ’ਚ’ ਗਊਵੰਸ਼ ’ਤੇ ਅੱਤਿਆਚਾਰ ਚਿੰਤਾਜਨਕ!

Saturday, Jul 05, 2025 - 07:21 AM (IST)

‘ਗਊ ਮਾਤਾ ਨੂੰ ਪੂਜਨ ਵਾਲੇ ਦੇਸ਼ ’ਚ’ ਗਊਵੰਸ਼ ’ਤੇ ਅੱਤਿਆਚਾਰ ਚਿੰਤਾਜਨਕ!

ਗਾਂ ਨੂੰ ਹਿੰਦੂ ਧਰਮ ਨੂੰ ਮੰਨਣ ਵਾਲੇ ਮਾਤਾ ਮੰਨਦੇ ਹਨ। ਕਿਹਾ ਜਾਂਦਾ ਹੈ ਕਿ ਗਾਂ ’ਚ 33 ਕੋਟਿ ਦੇਵਤਿਆਂ ਦਾ ਵਾਸ ਰਹਿੰਦਾ ਹੈ ਜੋ ਹਰ ਤਰ੍ਹਾਂ ਸਾਡੀ ਰੱਖਿਆ ਕਰਦੀ ਹੈ ਅਤੇ ਅੱਜ ਇਹੀ ਗਊ ਮਾਤਾ ਸਮਾਜ ਦੇ ਇਕ ਵਰਗ ਦੇ ਲੋਕਾਂ ਦੇ ਅੱਤਿਆਚਾਰਾਂ ਦੀ ਸ਼ਿਕਾਰ ਹੋ ਰਹੀ ਹੈ।

2 ਜੁਲਾਈ, 2025 ਨੂੰ ਪੰਜਾਬ ਦੇ ‘ਫਗਵਾੜਾ’ ’ਚ ਪਿੰਡ ‘ਚਾਚੋਕੀ’ ਦੇ ਨੇੜੇ ਸਥਿਤ ‘ਜਿਓਤੀ ਵੈਸ਼ਨੋ ਢਾਬਾ’ ਜਿਸ ਨੂੰ ਹੁਣ ਸੀਲ ਕਰ ਦਿੱਤਾ ਗਿਆ ਹੈ, ਦੇ ਪਿੱਛੇ ਕੋਲਡ ਸਟੋਰੇਜ ਦੇ ਰੂਪ ’ਚ ਵਰਤੇ ਜਾਣ ਵਾਲੇ ਤਹਿਖਾਨੇ ’ਚ ਗਊ ਮਾਸ ਦੀ ‘ਪ੍ਰੋਸੈਸਿੰਗ ਫੈਕਟਰੀ’ ਅਤੇ ਵੱਡੀ ਮਾਤਰਾ ’ਚ ਪੈਕ ਕੀਤੇ ਹੋਏ ਗਊ ਮਾਸ ਦਾ ਪਤਾ ਲੱਗਣ ’ਤੇ ਸ਼ਹਿਰ ’ਚ ਤਣਾਅ ਫੈਲ ਗਿਆ।

ਇਸ ਦਾ ਪਤਾ ਲਗਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ‘ਸੰਯੁਕਤ ਗਊ ਰੱਖਿਆ ਦਲ ਪੰਜਾਬ (ਰਜਿ.)’ ਅਤੇ ਹੋਰ ਸਥਾਨਕ ਹਿੰਦੂ ਸੰਗਠਨਾਂ ਦੇ ਅਹੁਦੇਦਾਰਾਂ ਅਨੁਸਾਰ ਇੱਥੇ ਰੋਜ਼ਾਨਾ ਕੁਇੰਟਲਾਂ ਦੇ ਹਿਸਾਬ ਨਾਲ ਗਊ ਮਾਸ ਦੀ ਪੈਕਿੰਗ ਕੀਤੀ ਜਾਂਦੀ ਸੀ।

ਇਸੇ ਕੰਪਲੈਕਸ ’ਚ ਕਮਰੇ ਦੇ ਬਾਹਰ ਇਕ ਭਾਂਡੇ ’ਚ ਪਕਾਇਆ ਹੋਇਆ ਗਊ ਮਾਸ ਵੀ ਬਰਾਮਦ ਹੋਇਆ ਹੈ, ਜਿਸ ਬਾਰੇ ਜਾਣਕਾਰਾਂ ਦਾ ਕਹਿਣਾ ਹੈ ਕਿ ਇੱਥੇ ਗਊ ਮਾਸ ਨੂੰ ਪ੍ਰੋਸੈੱਸ ਕਰਨ ਵਾਲੇ ਲੋਕ ਖੁਦ ਵੀ ‘ਗਊ ਮਾਸ’ ਪਕਾ ਕੇ ਖਾਂਦੇ ਸਨ। ਇੱਥੇ ਇੰਨੀ ਜ਼ਿਆਦਾ ਨਾ-ਸਹਿਣਯੋਗ ਬਦਬੂ ਫੈਲੀ ਹੋਈ ਸੀ ਕਿ ਸਾਹ ਲੈਣਾ ਵੀ ਮੁਸ਼ਕਿਲ ਸੀ।

ਪੁਲਸ ਨੇ ਇਸ ਮਾਮਲੇ ’ਚ ਸ਼ਾਮਲ ਕੁੱਲ 17 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ ਅਤੇ ਇਸ ਸਿਲਸਿਲੇ ’ਚ 8 ਲੋਕਾਂ (ਲੇਬਰ) ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 29 ਕੁਇੰਟਲ 32 ਕਿੱਲੋ ‘ਗਊ ਮਾਸ’ ਬਰਾਮਦ ਕਰ ਲਿਆ ਹੈ।

ਇਸ ਨਾਜਾਇਜ਼ ਗਊ ਮਾਸ ਫੈਕਟਰੀ ’ਚ ਜਿੱਥੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 3 ਲੋਕ ਸ਼ਾਮਲ ਦੱਸੇ ਜਾਂਦੇ ਹਨ, ਉੱਥੇ ਹੀ ਇਸ ਰੈਕੇਟ ’ਚ ‘ਮਿਆਂਮਾਰ’ ਦੇ ‘ਰੋਹਿੰਗਿਆ’ ਵੀ ਸ਼ਾਮਲ ਹਨ। ਇਸ ਦਾ ਪ੍ਰਮਾਣ ਫਗਵਾੜਾ ਪੁਲਸ ਵਲੋਂ ਥਾਣਾ ਸਿਟੀ ’ਚ ਦਰਜ ਕੀਤੀ ਗਈ ਐੱਫ. ਆਈ. ਆਰ. ਹੈ, ਜਿਸ ’ਚ ਮਿਆਂਮਾਰ ਦੇ ਰਹਿਣ ਵਾਲੇ ‘ਅਰਮਾਨ’ ਨਾਂ ਦੇ ਵਿਅਕਤੀ ਦਾ ਜ਼ਿਕਰ ਹੈ।

‘ਸੰਯੁਕਤ ਗਊ ਰੱਖਿਆ ਦਲ ਪੰਜਾਬ (ਰਜਿ.)’ ਦੇ ਰਾਸ਼ਟਰੀ ਪ੍ਰਧਾਨ ‘ਗੁਰਪ੍ਰੀਤ ਿਸੰਘ’ ਨੇ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ‘ਇੰਦਰਜੀਤ ਕਰਵਲ’, ‘ਅਖਿਲ ਭਾਰਤੀ ਹਿੰਦੂ ਸੁਰੱਕਸ਼ਾ ਸਮਿਤੀ’ ਦੇ ‘ਦੀਪਕ ਭਾਰਦਵਾਜ’ ਅਤੇ ਹੋਰ ਗਊ ਭਗਤਾਂ ਦੀ ਮੌਜੂਦਗੀ ’ਚ ਦੱਸਿਆ ਕਿ ਇੱਥੇ ‘ਗਊ ਮਾਸ’ ਦੀ ਪੈਕਿੰਗ ਕਰ ਕੇ ਇਸ ਦੀ ਸਪਲਾਈ ਦਿੱਲੀ, ਸ਼੍ਰੀਨਗਰ ਆਦਿ ਵੱਖ-ਵੱਖ ਥਾਵਾਂ ਨੂੰ ਕੀਤੀ ਜਾ ਰਹੀ ਸੀ।

ਫਗਵਾੜਾ ਪੁਲਸ ਵਲੋਂ ਦਰਜ ਐੱਫ. ਆਈ. ਆਰ. ’ਚ ਜ਼ਿਕਰ ਕੀਤਾ ਿਗਆ ਹੈ ਕਿ ਗਊਵੰਸ਼ ਨੂੰ ਹੁਸ਼ਿਆਰਪੁਰ ਰੋਡ ’ਤੇ ਸਥਿਤ ਇਕ ‘ਹੱਡਾ ਰੋੜੀ’ ’ਚ ਕੱਟਿਆ ਜਾਂਦਾ ਸੀ ਅਤੇ ਉੱਥੋਂ ਗਊ ਮਾਸ ਨੂੰ ਬੋਨਲੈੱਸ ਕਰ ਕੇ ਉਕਤ ਫੈਕਟਰੀ ’ਚ ਡੀਪ ਫਰੀਜ਼ ਕੀਤਾ ਜਾਂਦਾ ਸੀ ਅਤੇ ਗਊ ਵਧ ਤੇਜ਼ਧਾਰ ਦਾਤਰਾਂ ਨਾਲ ਨਹੀਂ, ਮੋਟਰ ਚਾਲਿਤ ਆਰਿਆਂ ਨਾਲ ਕੀਤਾ ਜਾਂਦਾ ਹੈ।

ਡੀ. ਐੱਸ. ਪੀ. ਭਾਰਤ ਭੂਸ਼ਣ ਦਾ ਕਹਿਣਾ ਹੈ ਕਿ ਅਜੇ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਜਿਹਾ ਹੋ ਸਕਦਾ ਹੈ ਕਿ ਫਗਵਾੜਾ ’ਚ ਹੀ ਗਊਵੰਸ਼ ਕੱਟਿਆ ਗਿਆ ਹੋਵੇ ਅਤੇ ਪੁਲਸ ਗਊ ਮਾਸ ਦੀ ਫੈਕਟਰੀ ਦੇ ਆਲੇ-ਦੁਆਲੇ ਦੇ ਖੇਤਾਂ ਸਮੇਤ ਹੁਸ਼ਿਆਰਪੁਰ ਰੋਡ ’ਤੇ ਮੌਜੂਦ ‘ਹੱਡਾ ਰੋੜੀ’ ਦੇ ਪੂਰੇ ਇਲਾਕੇ ਦੀ ਪੁਟਾਈ ਕਰਵਾਏਗੀ।

‘ਫਸਟ ਚੁਆਇਸ’ ਬ੍ਰਾਂਡ ਨਾਂ ਵਾਲੇ 900 ਗ੍ਰਾਮ ਵਜ਼ਨ ਦੇ ‘ਗਊ ਮਾਸ’ ਦੇ ਇਨ੍ਹਾਂ ਪੈਕੇਟਾਂ ’ਤੇ ‘ਅਰਬੀ’ ਅਤੇ ‘ਅੰਗਰੇਜ਼ੀ’ ਭਾਸ਼ਾਵਾਂ ’ਚ ‘ਹਲਾਲ’ ਅਤੇ ‘ਵ੍ਹੀਲ ਕਿਊਬਸ’ ਲਿਖਿਆ ਹੋਇਆ ਹੈ। ਜਾਣਕਾਰਾਂ ਅਨੁਸਾਰ ‘ਵ੍ਹੀਲ’ ਸ਼ਬਦ ਦੀ ਵਰਤੋਂ ਗਊ ਮਾਸ ਵਿਸ਼ੇਸ਼ ਤੌਰ ’ਤੇ ਛੋਟੀ ਉਮਰ (6 ਮਹੀਨੇ) ਦੇ ਵੱਛੇ-ਵੱਛੀਆਂ ਲਈ ਕੀਤੀ ਜਾਂਦੀ ਹੈ, ਜਿਸ ਦੀ ਵਿਦੇਸ਼ਾਂ ’ਚ ਕਾਫੀ ਕੀਮਤ ਮਿਲਦੀ ਹੈ।

‘ਸੰਯੁਕਤ ਗਊ ਰੱਖਿਆ ਦਲ ਪੰਜਾਬ (ਰਜਿ.)’ ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਿਸੰਘ ਅਨੁਸਾਰ ਪੂਰੇ ਪੰਜਾਬ ’ਚ ਅਜਿਹੀਆਂ ਲਗਭਗ 14 ਫੈਕਟਰੀਆਂ ਚੱਲ ਰਹੀਆਂ ਹਨ। ਇੰਨੇ ਵੱਡੇ ਪੱਧਰ ’ਤੇ ਗਊ ਵਧ ਕਿਸੇ ਸਿਆਸੀ ਸਰਪ੍ਰਸਤੀ ਦੇ ਬਿਨਾਂ ਚਲਾ ਸਕਣਾ ਸੰਭਵ ਨਹੀਂ ਹੈ।

ਫਗਵਾੜਾ ਦੇ ਵਿਧਾਇਕ ਬਲਵਿੰਦਰ ਿਸੰਘ ਧਾਲੀਵਾਲ ਅਤੇ ਗਊ ਭਗਤਾਂ ਦਾ ਦੋਸ਼ ਹੈ ਕਿ ਇਸ ਰੈਕੇਟ ’ਚ ਸ਼ਾਮਲ ਇਕ ਮੁਲਜ਼ਮ ਦੀਆਂ ਨਾਜਾਇਜ਼ ਸਰਗਰਮੀਆਂ ਬਾਰੇ ਫਗਵਾੜਾ ਪੁਲਸ ਅਤੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਸੀ ਪਰ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ ਅਤੇ ਮਾਮਲੇ ਨੂੰ ਦਬਾਇਆ ਜਾਂਦਾ ਰਿਹਾ।

ਫਗਵਾੜਾ ’ਚ ਗਊ ਮਾਸ ਦੀ ਫੈਕਟਰੀ ਦਾ ਮਿਲਣਾ ਅਣਗਿਣਤ ਹਿੰਦੂਆਂ ਦੀ ਆਸਥਾ ਨਾਲ ਸਿੱਧਾ ਜੁੜਿਆ ਹੋਣ ਦੇ ਇਲਾਵਾ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਇਸ ਲਈ ਜਿੰਨੀ ਜਲਦੀ ਹੋ ਸਕੇ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਦੋਸ਼ੀਆਂ ਅਤੇ ਰਾਜ ’ਚ ਚੱਲ ਰਹੀਆਂ ਹੋਰ ਅਜਿਹੀਆਂ ਫੈਕਟਰੀਆਂ ਦਾ ਪਤਾ ਲਗਾ ਕੇ ਉਨ੍ਹਾਂ ਵਿਰੁੱਧ ਵੀ ਸਖਤ ਕਾਰਵਾਈ ਕਰਨ ਦੀ ਲੋੜ ਹੈ, ਤਾਂ ਕਿ ਸੂਬੇ ਦਾ ਮਾਹੌਲ ਖਰਾਬ ਨਾ ਹੋਵੇ।

–ਵਿਜੇ ਕੁਮਾਰ


author

Sandeep Kumar

Content Editor

Related News