ਜਦੋਂ ਡੋਲੀ ਤੋਰਦੇ ਸਮੇਂ ਸਾਰਾ ਟੱਬਰ ਰੋਇਆ...

08/26/2015 5:53:22 PM


ਹੱਥੀ ਤੋਰੀ ਮੈਂ ਭੈਣ ਦੀ ਡੋਲੀ
ਮੈਨੂੰ ਰੱਖ ਲੈ,
ਅੱਜ ਦੀ ਰਾਤ ਵੇ, 
ਬਾਬੁਲ ਵਿਦਾ ਕਰੇਂਦਿਆ।
ਮੇਰੀਆਂ ਮਾਮੀਆਂ ਮਾਸੀਆਂ ਚਾਚੀਆਂ ਤੇ ਭੂਆਂ ਤੇ ਹੋਰ ਰਿਸ਼ਤੇਦਾਰ ਔਰਤਾਂ ਮੇਰੀ ਮਾਂ ਦੇ ਨਾਲ ਰੋਂਦੀਆਂ ਹੋਈਆਂ ਇਹ ਗੀਤ ਗਾ ਰਹੀਆਂ ਸਨ ਤੇ ਮੇਰੀ ਵੱਡੀ ਭੈਣ ਪਰਮ ਦੁਲਹਨ ਬਣੀ ਆਪਣੇ ਦੁਲਹੇ ਦਾ ਪੱਲੂ ਫੜਕੇ ਵਿਦਾ ਹੋ ਰਹੀ ਸੀ। ਅਸੀਂ ਦੋਵੇਂ ਭਰਾ, ਮੇਰਾ ਦੋਸਤ ਸ਼ਾਮ ਚੁੱਘ ਤੇ ਮੇਰੇ ਚਚੇਰੇ, ਮਸੇਰੇ ਭਰਾ ਡੋਲੀ ਦੇ ਪਿੱਛੇ-ਪਿੱਛੇ ਆਪਣੀਆਂ ਕਮੀਜਾਂ ਦੀ ਝੌਲੀ ਵਿਚ ਭੈਣ ਦੁਆਰਾ ਆਪਣੇ ਉਪਰ ਦੀ ਪਿਛਾਂਹ ਨੂੰ ਸੁੱਟੇ ਜਾ ਰਹੇ ਜੌ ਪੁਆ ਰਹੇ ਸੀ ਅਤੇ ਨਾਲੇ ਰੋ ਰਹੇ ਸੀ। ਮੇਰੀ ਮਾਂ ਦਾ ਤਾਂ ਰੋ-ਰੋ ਕੇ ਬੁਰਾ ਹਾਲ ਸੀ ਅਤੇ ਮੇਰੇ ਪਿਤਾ ਵਾਰ-ਵਾਰ ਮੇਰੀ ਭੈਣ ਦੇ ਗਲੇ ਲੱਗ ਕੇ ਹੁਭਾਂ ਮਾਰਕੇ ਰੋਂਦੇ ਅਤੇ ਕੋਈ ਨਾ ਕੋਈ ਉਨ੍ਹਾਂ ਨੂੰ ਪਾਸੇ ਕਰਕੇ ਚੁੱਪ ਕਰਾ ਦਿੰਦਾ। ਇਹ ਰੋਣ ਕੋਈ ਲੋਕ-ਦਿਖਾਵਾ ਨਹੀ ਸੀ ਅੰਦਰੋਂ ਜਜ਼ਬਾਤੀ ਵਹਿਣ ਸੀ ਅਤੇ ਜਿਸ ਦਾ ਹੱਲ ਸਿਰਫ ਰੋਣਾ ਹੀ ਸੀ। 
ਲੜਕੀ ਦੀ ਵਿਦਾਈ ਸਮੇਂ ਹਰ ਕਿਸੇ ਦੇ ਹੰਝੂ ਨਿਕਲ ਆਉਂਦੇ ਹਨ। ਕਿਸੇ ਦੀ ਵਿਦਾਈ ਮੋਕੇ ਵਿਆਹੀਆਂ ਕੁੰਵਾਰੀਆਂ ਛੋਟੀਆਂ ਵੱਡੀਆਂ ਸਭ ਰੋਂਦੀਆਂ ਹਨ। ਮੈਂ ਅਤੇ ਮੇਰਾ ਦੋਸਤ ਬਰਾਤ ਦੇ ਰੋਟੀ ਖਾਣ ਤੋਂ ਕਾਫੀ ਦੇਰ ਬਾਅਦ ਖਾਣੇ ਆਲੀ ਪਲੇਟ ਵਿਚ ਕੁਝ ਕੁ ਚੋਲ ਦਹੀ ਤੇ ਪਨੀਰ ਦੀ ਸਬਜੀ ਪਾ ਕੇ ਖਾਣ ਹੀ ਲੱਗੇ ਸੀ ਕਿ ਕਿਸੇ ਨੇ ਸਨੇਹਾ ਦਿੱਤਾ ਕਿ ਡੋਲੀ ਤੁਰਨ ਲੱਗੀ ਹੈ। ਤੁਹਾਨੂੰ ਦੋਹਾਂ ਨੂੰ ਘਰੇ ਬੁਲਾਇਆ ਹੈ। ਮੇਰਾ ਦੋਸਤ ਜਾਣਦਾ ਸੀ ਕਿ ਅਸੀਂ ਦੋਹਾਂ ਨੇ ਹੀ ਸਵੇਰ ਦਾ ਕੁਝ ਨਹੀ ਸੀ ਖਾਧਾ ਤੇ ਵਿਦਾਈ ਤੋਂ ਪਹਿਲਾਂ-ਪਹਿਲਾਂ ਕੁਝ ਨਾ ਕੁਝ ਖਾ ਲਿਆ ਜਾਵੇ। ਉਸ ਨੂੰ ਆਪਣੇ ਨਾਲੋ ਵੱਧ ਮੇਰੀ ਚਿੰਤਾ ਸੀ। ਇਸੇ ਲਈ ਹੀ ਮੈਨੂੰ ਉਹ ਧੱਕੇ ਨਾਲ ਖਾਣਾ ਖਾਣ ਲਈ ਪੰਡਾਲ ਵੱਲ ਲੈ ਗਿਆ ਸੀ। ਅਸੀਂ ਉਵੇਂ ਹੀ ਭਰੀ ਭਰਾਈ ਪਲੇਟ ਛੱਡ ਕੇ ਖਾਣੇ ਦੇ ਪੰਡਾਲ ''ਚੋਂ ਘਰੇ ਆ ਗਏ। ਫੇਰਿਆਂ ਵੇਲੇ ਵੀ ਸਾਡਾ ਸਾਰਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਹੋਰ ਤਾਂ ਹੋਰ ਇਸ ਵਿਆਹ ਦੇ ਫੇਰੇ ਕਰਾਉਣ ਵਾਲਾ ਪੰਡਤ ਰਮੇਸ਼ਵਰ ਸਰਮਾ ਵੀ ਫੇਰੇ ਕਰਾਉਂਦਾ ਹੋਇਆ ਰੋ ਰਿਹਾ ਸੀ। 
ਭੈਣ ਸਾਡੇ ਦੋਹਾਂ ਘਰਾਂ ਵਿਚ ਇਕੋਂ ਇਕ ਭੈਣ ਸੀ ਅਤੇ ਭੈਣ ਹੀ ਸਭ ਤੋਂ ਵੱਡੀ ਸੀ ਇਸ ਲਈ ਇਹ ਸਾਡੇ ਘਰ ''ਚ ਪਹਿਲਾ ਵਿਆਹ ਸੀ ।ਰਿਸ਼ਤੇ ਦੀ ਦਸ ਪਿਤਾ ਜੀ ਦੇ ਪੁਰਾਣੇ ਕਾਨੂੰਨਗੋ ਲਾਲਾ ਚੰਦਗੀ ਰਾਮ ਨੇ ਪਾਈ ਸੀ। ਉਸ ਨੇ ਦੱਸਿਆ ਕੇ ਮੁੰਡੇ ਨੇ ਆਪਣੀ ਮਿਹਨਤ ਕਰਕੇ ਪੋਸਟ ਗਰੇਜੂਏਸ਼ਨ ਕੀਤੀ ਹੋਈ ਹੈ ਅਤੇ ਸਿੰਚਾਈ ਮਹਿਕਮੇ ਵਿੱਚ ਜਿਲਂੇਦਾਰ ਸਿਲੈਕਟ ਹੋਇਆ ਹੈ। ਪਿਤਾ ਲਈ ਚੰਗੀ ਡਿਗਰੀ ਤੇ ਗਜਟਿਡ ਪੋਸਟ ਲਈ ਕਾਫੀ ਸੀ ਰਿਸ਼ਤਾ ਕਰਨ ਲਈ ਅਤੇ ਫਿਰ ਉਨ੍ਹਾਂ ਨੇ ਬਿਨਾ ਮੁੰਡਾ ਦੇਖੇ ਤੇ ਬਿਨਾਂ ਘਰਬਾਰ ਦੀ ਖੋਜਬੀਨ ਕੀਤੇ ਹੀ ਹਾਂ ਕਰ ਦਿੱਤੀ। ਮੁੰਡੇ ਨੂੰ ਉਹਨਾ ਦੂਰ ਸਾਈਕਲ ਤੇ ਜਾਂਦੇ ਨੂੰ ਹੀ ਵੇਖਿਆ ਸੀ। ਇਹ ਉਨ੍ਹਾਂ ਦਾ ਤਜੁਰਬਾ ਤੇ ਪਾਰਖੂ ਨਜ਼ਰ ਹੀ ਸੀ। ਇਹੀ ਤਾਂ ਇੱਕ ਚੰਗੇ ਜੋਹਰੀ ਦੀ ਪਹਿਚਾਣ ਹੁੰਦੀ ਹੈ। ਫਿਰ ਮੇਰੀ ਮਾਂ ਦੇ ਬਾਰ ਬਾਰ ਕਹਿਣ ਤੇ ਮੈਨੂੰ ਤੇ ਮੇਰੇ ਦੋਸਤ ਸ਼ਾਮ ਚੁੱਘ ਨੂੰ ਮੁੰਡਾ ਵੇਖਣ ਲਈ ਭੇਜਿਆ ਗਿਆ। ਚਾਹੇ ਮੈਂ ਭੈਣ ਨਾਲੋ ਦੋ ਸਾਲ ਛੋਟਾ ਸੀ ਤੇ ਮੇਰਾ ਦੋਸਤ ਮੈਥੋ ਵੀ ਦੋ ਸਾਲ ਛੋਟਾ ਪਰ ਸਾਨੂੰ ਮਾਣ ਬਖਸ਼ਦੇ ਹੋਏ ਬਹੁਤ ਵੱਡੇ ਮਿਸ਼ਨ ਤੇ ਭੇਜਿਆ । ਦੂਜੀ ਗੱਲ ਇਹ ਵੀ ਸੀ ਕਿ ਉਥੇ ਚਾਰ ਮਰਲਾ ਕਲੋਨੀ ਵਿਚ ਮੇਰੇ ਦੋਸਤ ਦੇ ਮਾਮਾ ਜੀ ਰਹਿੰਦੇ ਸਨ ਜੋ ਕਿਸੇ ਸਕੂਲ ਚ ਹੈਡ ਮਾਸਟਰ ਲੱਗੇ ਹੋਏ ਸਨ ਅਤੇ ਸਾਡਾ ਰਾਤ ਰਹਿਣ ਦਾ ਪ੍ਰੋਗਰਾਮ ਵੀ ਉਨ੍ਹਾਂ ਦਾ ਘਰ ਹੀ ਸੀ। ਅਸੀਂ ਦੋਵੇਂ ਮੇਰੇ ਹੋਣ ਵਾਲੇ ਜੀਜਾ ਜੀ ਤੇ ਉਸ ਦੇ ਪਰਿਵਾਰ ਨੂੰ ਮਿਲੇ ਕਾਫੀ ਸਮਾਂ ਉਨ੍ਹਾਂ ਦੇ ਨਾਲ ਰਹੇ ਆਪਣੀ ਤਸੱਲੀ ਕੀਤੀ ਅਤੇ ਆਕੇ ਓ ਕੇ ਦੀ ਰਿਪੋਰਟ ਦੇ ਦਿੱਤੀ। ਪਿਤਾ ਜੀ ਵਿਚ ਇਕੱਲੇ ਫੈਸਲੇ ਲੈਣ ਦਾ ਬਹੁਤ ਵੱਡਾ ਗੁਣ ਸੀ ਤੇ ਉਹ ਹਰ ਤਰ੍ਹਾਂ ਦਾ ਰਿਸਕ ਲੈ ਲੈਂਦੇ ਸਨ। ਇਸੇ ਲਈ ਇਸ ਰਿਸ਼ਤੇ ਵਿਚ ਉਨ੍ਹਾਂ ਕਿਸੇ ਨੂੰ ਵਿਚੋਲਾ ਨਹੀ ਬਣਾਇਆ ਤੇ ਆਪ ਹੀ ਆਪਣੀ ਬੁੱਧੀ ਤੇ ਸਿਆਣਪ ਨਾਲ ਇਸ ਕਾਰਜ ਨੂੰ ਸਿਰੇ ਚਾੜਣ ਵਿਚ ਜੁੱਟ ਗਏ। 
ਘਰ ਵਿਚ ਪਹਿਲਾ ਵਿਆਹ ਹੋਣ ਕਰਕੇ ਸਾਨੂੰ ਹਰ ਕੰਮ ਦਾ ਚਾਅ ਸੀ ਤੇ ਹਰ ਰਸਮ ਤੇ ਵਿਹਾਰ ਪੂਰੀ ਰੀਝ ਨਾਲ ਕੀਤਾ ਗਿਆ। ਬਾਕੀ ਉਸ ਸਮੇ ਸਾਡੀ ਪਿੱਠ ਮੇਰੀ ਕਰੋੜਪਤੀ ਮਾਸੀ ਨਾਲ ਲੱਗਦੀ ਸੀ ਤੇ ਉਹਨਾ ਦੀ ਰੀਸ ਵੀ ਕਰਨੀ ਚਾਹੁੰਦੇ ਸੀ। ਚਾਹੇ ਬੋਝਾ ਇੰਨਾ ਖੁਲ੍ਹਾ ਨਹੀ ਸੀ ਪਰ ਆਖਿਰ ਪਟਵਾਰੀ ਤੋ ਨਵੇ ਨਵੇ ਬਣੇ ਕਾਨੂੰਨਗੋ ਦੀ ਲੜਕੀ ਦਾ ਵਿਆਹ ਸੀ। ਨਵੇਂ-ਨਵੇਂ ਡਿਜਾਈਨਾਂ ਵਾਲੇ ਤਿੰਨ ਚਾਰ ਤਰ੍ਹਾਂ ਦੇ ਕਾਰਡ ਛਪਵਾਏ ਗਏ। ਵਿਆਹ ਲਈ ਸਾਰਾ ਫਰਨੀਚਰ ਤੇ ਦਾਜ ਦਾ ਕੱਪੜਾ ਬੰਿਠੰਡੇ ਤੋ ਖਰੀਦਿਆ ਗਿਆ।ਸਾਲਾਂ ਤੋ ਮੇਰੀ ਮਾਂ ਧੀ ਲਈ ਦਰੀਆਂ ਖੇਸ ਚਾਦਰਾਂ ਦਾ ਦਾਜ ਤਿਆਰ ਕਰ ਰਹੀ ਸੀ। ਮੈਨੂੰ ਵੀ  ਬਜਾਰ ਵਿੱਚ ਜਿਹੜੀ ਵੀ ਨਵੀ ਚੀਜ ਦਿੱਸਦੀ ਭੈਣ ਦੇ ਦਾਜ ਲਈ ਖਰੀਦ ਲੈਦਾ। ਦੋ ਜੀਪਾਂ ਰਿਸ਼ਤੇਦਾਰਾਂ ਤੇ ਕਰੀਬੀਆਂ ਦੀਆਂ ਭਰ ਕੇ ਲੈ ਗਏ ਅਸੀ ਸਗਨ ਵਾਲੇ ਦਿਨ। ਸ਼ਗਨ ''ਚ ਦੇਣ ਲਈ ਅਸੀਂ ਪ੍ਰੀਆਂ ਸਕੂਟਰ ਬਲੈਕ ਵਿਚ ਪਹਿਲਾਂ ਹੀ ਹਿਸਾਰ ਤੋ ਖਰੀਦ ਲਿਆ ਸੀ।ਪਿਤਾ ਜੀ ਨੇ ਪੈਟਰੋਲ ਦੀ ਟੈਕੀ ਭਰਾਉਣ ਲਈ ਮੈਨੂੰ ਪੰਜਾਹ ਦਾ ਨੋਟ ਦਿੱਤਾ ਜਿਸ ''ਚੋਂ ਵੀ ਪੰਪ ਵਾਲੇ ਨੇ ਮੈਨੂੰ ਕੁਝ ਪੈਸੇ ਵਾਪਿਸ ਕਰ ਦਿੱਤੇ ਸਨ। ਵਿਆਹ ਵੇਲੇ  ਹਰ ਬਾਰਾਤੀ ਨੂੰ ਇਕ ਸਟੀਲ ਦਾ ਗਿਲਾਸ ਤੋਹਫੇ ਵਜੋਂ ਦੇਣ ਲਈ ਨਵੀ ਜੋੜੀ ਦਾ ਨਾਮ ਖੁਦਵਾਕੇ ਸੋ ਗਿਲਾਸਾਂ ਦਾ  ਪਹਿਲਾ ਹੀ ਇੰਤਜਾਮ ਕਰ ਲਿਆ ਸੀ।  
ਹਫਤਾ ਕੁ ਪਹਿਲਾ ਹੀ ਹਲਵਾਈ ਆਪਣੇ ਕੜਾਹੇ ਖੁਰਚਣੇ ਤੇ ਝਾਰਨੀਆਂ  ਲੈਕੇ ਆ ਗਿਆ। ਵੱਡੀਆਂ-ਵੱਡੀਆਂ  ਚੁਰਾਂ ਪੱਟੀਆਂ ਗਈਆਂ। ਪਿੰਡਾਂ ''ਚੋਂ ਦੁੱਧ ਦੇ ਡਰੰਮ ਆਉਣੇ ਸੁਰੂ ਹੋ ਗਏ। ਰਿਸ਼ਤੇਦਾਰੀ ''ਚੋਂ ਮੇਰੇ ਚਾਚਾ ਲੱਗਦੇ ਮੱਖਣ ਮੌਂਗੇ ਨੂੰ ਹਲਵਾਈ ਦੇ ਨਾਲ ਪ੍ਰਬੰਧਕ ਤੇ ਸਲਾਹਕਾਰ ਲਾਇਆ ਗਿਆ। ਹਲਵਾਈ ਦੇ ਸਹਾਇਕ ਵਜੋਂ ਖੋਖਰ ਪਿੰਡ ਦੇ ਚੌਕੀਦਾਰ ਗੰਗਾ ਰਾਮ ਦੀ ਡਿਊਟੀ ਲਾਈ ਗਈ।ਉਸ ਨੇ ਮਿਠਾਈ ਬਣਾ ਬਣਾ ਕੇ ਮੰਜਿਆਂ ਤੇ ਰੱਖਕੇ ਕਮਰੇ ਭਰ ਦਿੱਤੇ। ਬਰਾਤ ਦੇ ਸਵਾਗਤ ਲਈ ਡਰਾਈ ਫਰੂਟ ਦੇ ਸੋ ਲਿਫਾਫੇ ਤਿਆਰ ਕਰਨ ਲਈ ਸ਼ਹਿਰ ਦੇ ਪ੍ਰਸਿੱਧ ਪੰਸਾਰੀ ਲਾਲਾ ਰੋਣਕ ਰਾਮ ਨੇ ਤੋਲ ਤੋਲ ਕੇ ਉਨ੍ਹਾਂ ਵਿਚ ਕਾਜੂ, ਬਦਾਮ ਅਖਰੋਟ ਗਿਰੀ ਤੇ ਕਿਸ਼ਮਿਸ਼ ਭਰੀ। ਭਾਵੇਂ ਉਸ ਸਮੇ ਵੇਟਰ ਕਰਨ ਦਾ ਬਹੁਤਾ ਰਿਵਾਜ ਨਹੀ ਸੀ ਪਰ ਅਸੀਂ ਫਿਰ ਵੀ ਦੋ ਵੇਟਰ ਕੀਤੇ। ਉਹ ਵੀ ਸਿਰਫ ਖਾਲੀ ਗਿਲਾਸ ਤੇ ਜੂਠੇ ਭਾਂਡੇ ਚੁਕਣ ਲਈ। ਬਾਕੀ ਬਰਾਤ ਦੀ ਸੇਵਾ ਸੰਭਾਲ ਦਾ ਜਿੰਮਾ ਸਾਡੇ ਤਰੁਣ ਸੰਗਮ ਨਾਮ ਦੇ ਯੁਵਾ ਕਲੱਬ ਨੇ ਲਿਆ । ਇਸ ਵਿਚ ਮੇਰੇ ਦੋਸਤ ਸਾਮ ਚੁੱਘ ਤੋਂ ਇਲਾਵਾ ਸਤ ਭੂਸ਼ਣ ਗਰੋਵਰ, ਰੋਮੀ ਗਰੋਵਰ, ਯਸ਼ ਨਾਗਪਾਲ, ਰਮੇਸ਼ ਝਾਲਰੀਆਂ, ਸੁਰਿੰਦਰ ਵਧਵਾ ਤੇ ਵਿਂੈ ਸੇਠੀ ਸਾਮਿਲ ਸਨ। 
ਬਰਾਤੀਆਂ ਦੀ ਹੱਥੀ ਸੇਵਾ ਕਰਨਾ ਹੀ ਸਾਡਾ ਮੰਤਵ ਸੀ। ਛੋਟੋ ਭਰਾ ਅਸ਼ੋਕ ਦੀ ਪ੍ਰਧਾਨਗੀ ਹੇਠ ਚਲਦੀ ਇੰਟਰੈਕਟ ਕਲੱਬ ਦੀ ਜੂਨੀਅਰ ਬ੍ਰਿਗੇਡ ਨੇ ਸਜਾਵਟ ਆਦਿ ਦਾ ਕੰਮ ਸੰਭਾਲਿਆ ਹੋਇਆ ਸੀ। ਕਲੱਬ ਦੇ ਸੰਜੇ ਗਰੋਵਰ, ਭੂਪੀ ਪਹੂਜਾ, ਬੱਬੂ ਕੋਚਰ ਰਾਜਿੰਦਰ ਗਰਗ ਬੰਟੀ ਮੌਗਾ ਤੇ ਸੁਧੀਰ ਜਿੰਦਲ ਨੇ ਲੱਕੜ ਦਾ ਬੂਰਾ ਰੰਗ ਕੇ ਗਲੀ ਵਿਚ ਸਜਾਵਟ ਕੀਤੀ ਸੀ। ਉਹ ਕੰਮ ਕਰਦੇ-ਕਰਦੇ ਰਾਤ ਨੂੰ ਥੱਕ ਕੇ ਫਾਲਤੂ ਪਈਆਂ ਟੈਂਟ ਵਿਛਾਕੇ ਅਤੇ ਟੈਂਟ ਹੀ ਉੱਪਰ ਲੈ ਕੇ ਸੋ ਗਏ। ਜਦੋਂ ਮੇਰੀ ਮਾਂ ਨੇ ਪੋਹ ਦੇ ਮਹੀਨੇ ਵਿਚ ਜੁਆਕਾਂ ਨੂੰ ਠੁਰ ਠੁਰ ਕਰਦੇ ਵੇਖਿਆ ਤਾਂ ਉਸ ਨੇ ਝੱਟ ਹੀ ਉਹਨਾ ਤੇ ਕੰਬਲ ਦੇ ਦਿੱਤੇ। ਆਪਣੀ ਜ਼ਿੱਦ ਨੂੰ ਬਰਕਰਾਰ ਰੱਖਦਿਆਂ ਅਸੀਂ ਮੇਰੇ ਮਾਮੇ, ਮਾਸੀ ਅਤੇ ਚਚੇਰੇ ਭਰਾਵਾਂ ਨੂੰ ਕੋਈ ਕੰਮ ਨਹੀ ਸੀ ਆਖਿਆ। ਹਾਂ ਵਿਆਹ ਵਿਚ ਮੇਰੇ ਛੋਟੇ ਤਿੰਨਾਂ ਮਾਮਿਆਂ ਤੇ ਮਾਮੀਆਂ ਨੇ ਹਰ ਕੰਮ ਨੂੰ ਦਿਲੋਂ ਆਪਣਾ ਸਮਝਕੇ ਕੀਤਾ ਅਤੇ ਮੇਰੀਆਂ ਮਾਸੀਆਂ ਵੀ ਆਪਣੀ ਕੀਮਤੀ ਸਲਾਹ ਦਿੰਦੀਆਂ ਰਹੀਆਂ। ਸਾਡੇ ਭਾਈਚਾਰੇ ਤੇ ਸਾਡੇ ਪਾਰਵਾਰਿਕ ਮਿੱਤਰ ਚੰਨੀ ਸੇਠੀ ਦੇ ਪਰਿਵਾਰ ਨੇ ਸਾਨੂੰ ਹੌਂਸਲਾ ਅਤੇ ਨੇਕ ਸਲਾਹ ਦੇਣ ਲਈ ਕਦੇ ਪੈਰ ਪਿੱਛੇ ਨੂੰ ਨਹੀ ਖਿੱਸਕਾਇਆ। ਮੇਰੇ ਦੋਸਤ ਸਾਮ ਚੁੱਘ ਕੋਲ ਹੋਰ ਜਿੰਮੇਦਾਰੀਆਂ ਤੋਂ ਇਲਾਵਾ ਪੈਸੇ ਟਕੇ ਦਾ ਹਿਸਾਬ ਵੀ ਸੀ। ਹਰ ਕਿਸਮ ਦੇ ਭੁਗਤਾਨ ਤੇ ਕਰੀਬੀਆਂ ਵਲੋਂ ਦਿੱਤੇ ਗਏ ਸ਼ਗਨ ਦਾ ਸਾਰਾ ਲੇਖਾ ਜੋਖਾ ਵੀ ਉਸ ਕੋਲੇ ਹੀ ਸੀ।  
ਬਰਾਤ ਦਾ ਖਾਣ ਪੀਣ ਦਾ ਪੰਡਾਲ ਅਸੀ ਸਾਡੇ ਘਰਦੇ ਨਾਲ ਹੀ ਖਾਲੀ ਪਈ ੰਿਤੰਨ ਵਿਸਵੇ ਜਗ੍ਹਾ ਵਿਚ ਲਾਇਆ ਸੀ। ਉਸ ਸਮੇਂ ਵੀ ਅਸੀ ਰਿਵਾਇਤੀ ਰੰਗਦਾਰ ਟੈਂਟ ਲਗਾਉਣ ਦੀ ਬਜਾਏ ਮਲੋਟ ਦੇ ਪੰਜਾਬ ਟੈਂਟ ਹਾਊਸ ਤੋਂ ਵਾਈਟ ਹਾਊਸ ਮੰਗਵਾਇਆ। ਚਿੱਟੀਆਂ ਸੀਲਿੰਗਾਂ, ਚਿੱਟੇ ਪਰਦੇ ਤੇ ਥੱਲੇ ਵੀ ਚਿੱਟੀਆਂ ਚਾਦਰਾਂ। ਟੈਂਟ ਲਾਉਣ ਲਈ ਲਾਏ ਗਏ ਬਾਂਸਾਂ ਤੇ ਬੱਲੀਆਂ ਨੂੰ ਪੁਆਏ ਗਏ ਚਿੱਟੇ ਪਜਾਮਿਆਂ ਨੂੰ ਵੇਖ ਕੇ ਲੋਕ ਹੈਰਾਨ ਹੁੰਦੇ ਹਨ।ਚੰਗੇ ਹਲਵਾਈ ਦੁਆਰਾ ਤਿਆਰ ਪਨੀਰ ਦੀਆਂ ਸਬਜੀਆਂ, ਚਾਵਲਾਂ ਵਿਚ ਪਾਇਆ ਪਨੀਰ ਤੇ ਕਾਜੂ ਹਰ ਤਰਾਂ ਦਾ ਜੂਸ ਤੋ ਇਲਾਵਾ ਸਾਰੀ ਬਰਾਤ ਨੂੰ ਦੁੱਧ ਹੀ ਵਰਤਾਇਆ ਗਿਆ। ਸਿਰਫ ਮੰਗਣ ਤੇ ਹੀ ਚਾਹ ਦਿੱਤੀ ਗਈ। ਸਬਜੀਆਂ ਵਿਚ ਵੀ ਪਾਇਆ ਕਾਜੂ ਕਿਸ਼ਮਿਸ ਤੇ ਖੋਆ ਲੋਕਾਂ ਨੇ ਸਾਇਦ ਪਹਿਲੀ ਵਾਰੀ ਵੇਖਿਆ ਸੀ। 
ਵਿਆਹ ਦੇ ਨਿਸ਼ਚਤ ਦਿਨ ਤੱਕ ਸਰਕਾਰ ਨੇ ਵੀ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਸਨ। ਸਬੱਬ ਇਹ ਬਣਿਆ ਕਿ ਉਸ ਸਮੇਂ ਦਿੱਲੀ ਵਿਚ ਏਸ਼ੀਅਨ ਗੇਮਜ਼ ਹੋ ਰਹੀਆਂ ਸਨ। ਸਾਰੇ ਸਕੂਲਾਂ ਕਾਲਜਾਂ ਨੂੰ 18 ਨਵੰਬਰ ਤੋਂ 5 ਦਸੰਬਰ ਤੱਕ ਬੰਦ ਕਰ ਦਿੱਤਾ ਗਿਆ ਸੀ ਅਤੇ 5 ਦੰਸਬਰ ਨੂੰ ਹੀ ਵਿਆਹ ਸੀ। ਕਈ ਦਿਨ ਕੰਮ ਦੀ ਮਾਰਾਮਾਰੀ ਚਲਦੀ ਰਹੀ। ਸਵੇਰ ਤੋ ਲੈ ਕੇ ਰਾਤੀ 12 ਵਜੇ ਤੱਕ ਅਸੀਂ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ। ਹੁਣ ਮੇਰੇ ਦੋਸਤ ਦਾ ਪੱਕਾ ਠਿਕਾਣਾ ਵੀ ਸਾਡਾ ਘਰ ਹੀ ਹੁੰਦਾ ਸੀ ।ਉਹ ਬੱਸ ਨਹਾਉਣ ਤੇ ਕਪੜੇ ਬਦਲਣ ਲਈ ਹੀ ਆਪਣੇ ਘਰ ਜਾਂਦਾ। ਕਈ ਵਾਰੀ ਅਸੀਂ ਭੈਣ ਦੀ ਵਿਦਾਈ ਨੂੰ ਯਾਦ ਕਰਕੇ ਰੋਣਾ ਚਹਾਉਦੇ ਪਰ ਸਾਡੇ ਕੋਲ ਰੋਣ ਦਾ ਟਾਇਮ ਹੀ ਨਹੀ ਸੀ ਹੁੰਦਾ। ਕਿਉਂਕਿ ਸ਼ਾਮ ਚੁੱਘ ਦੇ ਵੀ ਸਕੀ ਭੈਣ ਨਹੀ ਸੀ ਤੇ ਉਸ ਨੂੰ ਵੀ ਭੈਣ ਦਾ ਪਿਆਰ ਇਥੋ ਹੀ ਮਿਲਿਆ ਸੀ।
ਭੈਣ ਦੇ ਵਿਆਹ ਦਾ ਲੱਗਭਗ ਹਰ ਕੰਮ ਮੈ ਆਪਣੇ ਹੱਥੀ ਹੀ ਕਰਿਆ।ਦਾਜ ਤੇ ਗਹਿਣਾਂ ਗੱਟਾ ਖਰੀਦਣ ਵੇਲੇ ਵੀ ਮੈ ਹਾਜਰ ਸੀ।ਸਾਰੀ ਖਰੀਦਦਾਰੀ ਵਿੱਚ ਮੇਰੀ ਰਾਇ ਨੂੰ ਕਾਫੀ ਅਹਿਮੀਅਤ ਦਿੱਤੀ ਗਈ। ਵਿਆਹ ਨੂੰ ਯਾਦਗਾਰੀ ਬਨਾਉਣ ਲਈ ਅਸੀ ਬਲੈਕ ਐਂਡ ਵਾਈਟ ਤੋ ਇਲਾਵਾ 15 ਫੋਟੋਆਂ ਰੰਗੀਨ ਵੀ ਖਿਚਵਾਈਆਂ ਜੋ ਸ਼ਾਇਦ ਬਹੁਤ ਸਮੇਂ ਬਾਅਦ ਮੁਬੰਈ ਤੋ ਬਣਕੇ ਆਈਆਂ ਸਨ। ਵਿਆਹ ਤੋ ਕਾਫੀ ਸਮਾਂ ਬਾਅਦ ਤਕ ਅਸੀ ਘਰੇ ਭੈਣ ਦੀ ਕਮੀ ਮਹਿਸੂਸ ਕਰਦੇ ਰਹੇ।ਸਾਨੂੰ ਪਰਿਵਾਰ ਅਧੂਰਾ ਅਧੂਰਾ ਜਿਹਾ ਲੱਗਦਾ ਸੀ। ਇਸ ਤਰਾਂ ਮੈਂ ਆਪਣੇ ਹੱਥੀ ਭੈਣ ਦੀ ਡੋਲੀ ਤੋਰ ਕੇ ਆਪਣੇ ਦਿਲ ਦੇ ਅਰਮਾਨ ਪੂਰੇ ਕੀਤੇ ਪਰ ਧੀ ਦਾ ਕੰਨਿਆ ਦਾਨ ਕਰਨ ਅਤੇ ਧੀ ਦੀ ਡੋਲੀ ਨਾ ਤੋਰ ਸਕਣ ਦੀ ਸਿੱਕ ਅਜੇ ਵੀ ਮਨ ਚ ਰੜਕਦੀ ਹੈ।  
ਰਮੇਸ਼ ਸੇਠੀ ਬਾਦਲ


Related News