ਵਾਹਨ ਚਲਾਉਂਦੇ ਸਮੇਂ ‘ਮੋਬਾਈਲ ’ਤੇ ਗੱਲ’ ਭਾਵ ਮੌਤ ਨੂੰ ਸੱਦਾ!

Tuesday, Apr 30, 2024 - 02:41 AM (IST)

ਦੇਸ਼ ’ਚ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਾਰਨ ਸੜਕ ਹਾਦਸਿਆਂ ’ਚ ਮੌਤਾਂ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦੀ ਇਕ ਰਿਪੋਰਟ ਅਨੁਸਾਰ ਸਾਲ 2021 ’ਚ 1997 ਸੜਕ ਹਾਦਸੇ ਚਾਲਕਾਂ ਵਲੋਂ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਾਰਨ ਹੋਏ, ਜਿਨ੍ਹਾਂ ’ਚ 1040 ਲੋਕਾਂ ਦੀ ਜਾਣ ਚਲੀ ਗਈ।

* 29 ਅਕਤੂਬਰ, 2023 ਨੂੰ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਦਾ ਸਭ ਤੋਂ ਭਿਆਨਕ ਨਤੀਜਾ ਆਂਧਰਾ ਪ੍ਰਦੇਸ਼ ’ਚ ਵਿਜੇ ਨਗਰ ਜ਼ਿਲੇ ਦੇ ‘ਕਾਂਤਕਪੱਲੀ’ ’ਚ ਹਾਵੜਾ-ਚੇਨੱਈ ਰੇਲਵੇ ਲਾਈਨ ’ਤੇ 2 ਯਾਤਰੀ ਟ੍ਰੇਨਾਂ ਦੀ ਟੱਕਰ ਦੇ ਰੂਪ ’ਚ ਸਾਹਮਣੇ ਆਇਆ। ਇਸ ’ਚ 14 ਯਾਤਰੀਆਂ ਦੀ ਮੌਤ ਅਤੇ 50 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਸਨ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ 4 ਮਾਰਚ, 2024 ਨੂੰ ਦੱਸਿਆ ਸੀ ਕਿ ਇਸ ਹਾਦਸੇ ਦੇ ਸਮੇਂ ਇਕ ਟ੍ਰੇਨ ਦਾ ਲੋਕੋ ਪਾਇਲਟ ਅਤੇ ਸਹਾਇਕ ਲੋਕੋ ਪਾਇਲਟ ਦੋਵੇਂ ਹੀ ਮੋਬਾਈਲ ਫੋਨ ’ਤੇ ਕ੍ਰਿਕਟ ਮੈਚ ਦੇਖ ਰਹੇ ਸਨ।

* 27 ਅਪ੍ਰੈਲ, 2024 ਨੂੰ ਰਾਂਚੀ ਦੇ ‘ਮਾਂਡਰ’ ’ਚ ਮੋਬਾਈਲ ’ਤੇ ਗੱਲ ਕਰਦੇ ਹੋਏ ਇਕ ਸਕੂਲ ਬੱਸ ਡਰਾਈਵਰ ਨੇ ਬੱਸ ਦਾ ਐਕਸੀਡੈਂਟ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ 15 ਬੱਚੇ ਗੰਭੀਰ ਜ਼ਖਮੀ ਹੋ ਗਏ।

ਇਸ ਦੌਰਾਨ ਦਿੱਲੀ ’ਚ 1 ਜਨਵਰੀ , 2024 ਤੋਂ 15 ਅਪ੍ਰੈਲ , 2024 ਦੀ ਮਿਆਦ ਦੌਰਾਨ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾਲ ਸਬੰਧਤ ਮੁਕੱਦਮਿਆਂ ’ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ’ਚ ਲਗਭਗ 149 ਫੀਸਦੀ ਦਾ ਵਾਧਾ ਹੋਇਆ ਹੈ।

ਅੰਕੜਿਆਂ ਅਨੁਸਾਰ 1 ਜਨਵਰੀ, 2024 ਤੋਂ 15 ਅਪ੍ਰੈਲ, 2024 ਤੱਕ ਇਸ ਅਪਰਾਧ ਲਈ ਕੁੱਲ 15,486 ਡਰਾਈਵਰਾਂ ਵਿਰੁੱਧ ਮਾਮਲੇ ਦਰਜ ਕੀਤੇ ਗਏ, ਜੋ 2023 ’ਚ ਦਰਜ ਕੀਤੇ ਗਏ 6369 ਮਾਮਲਿਆਂ ਦੇ ਦੁੱਗਣੇ ਨਾਲੋਂ ਵੀ ਜ਼ਿਆਦਾ ਹਨ।

ਟ੍ਰੈਫਿਕ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਹਾਲ ਦੇ ਮਹੀਨਿਆਂ ’ਚ ਟ੍ਰੈਫਿਕ ਪੁਲਸ ਨੇ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ’ਚ ਚਿੰਤਾਜਨਕ ਵਾਧਾ ਦੇਖਿਆ ਹੈ।

ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨਾ ਆਪਣੇ ਅਤੇ ਦੂਜਿਆਂ ਲਈ ਮੌਤ ਨੂੰ ਸੱਦਾ ਦੇਣ ਵਰਗਾ ਹੈ। ਇਸ ਲਈ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ’ਤੇ ਫੜੇ ਜਾਣ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਉਹ ਅਜਿਹਾ ਕਰਨ ਤੋਂ ਬਾਜ਼ ਆਉਣ ਅਤੇ ਉਨ੍ਹਾਂ ਦੀ ਅਤੇ ਹੋਰਨਾਂ ਦੀ ਜ਼ਿੰਦਗੀ ਖਤਰੇ ’ਚ ਨਾ ਪਵੇ।

-ਵਿਜੇ ਕੁਮਾਰ


Harpreet SIngh

Content Editor

Related News