ਜਦੋਂ ਵੀ ਮੁੰਬਈ ਟੀਮ ਹਾਰੀ, ਉਸ ''ਚ ਹਾਰਦਿਕ ਦੀ ਅਹਿਮ ਭੂਮਿਕਾ ਰਹੀ : ਸਾਬਕਾ ਕ੍ਰਿਕਟਰ ਨੇ ਦਿੱਤਾ ਵੱਡਾ ਬਿਆਨ
Tuesday, Apr 16, 2024 - 01:21 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੇ ਹਾਰਦਿਕ ਪੰਡਯਾ ਦੀ ਕਪਤਾਨੀ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ, ਉਹ ਮੈਚ ਦੇ ਹਾਲਾਤਾਂ ਦੇ ਅਨੁਕੂਲ ਨਹੀਂ ਹਨ ਅਤੇ ਮੈਚ ਦੌਰਾਨ ਸਹੀ ਯੋਜਨਾ ਨਾ ਬਣਾਉਣ ਦੇ ਕਾਰਨ, ਮੁੰਬਈ ਇੰਡੀਅਨਜ਼ ਨੂੰ ਇਸ ਆਈਪੀਐੱਲ ਵਿੱਚ ਹੁਣ ਤੱਕ ਬਹੁਤ ਨੁਕਸਾਨ ਝੱਲਣਾ ਪਿਆ ਹੈ। ਹਾਲਾਂਕਿ ਮੁੰਬਈ ਇੰਡੀਅਨਜ਼ ਇਸ ਤੋਂ ਪਹਿਲਾਂ ਪੰਜ ਵਾਰ ਆਈਪੀਐੱਲ ਚੈਂਪੀਅਨ ਰਹਿ ਚੁੱਕੀ ਹੈ। ਪਰ ਇਸ ਵਾਰ ਟੀਮ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਅਤੇ ਇਸ ਕਾਰਨ ਇਸ ਸੀਜ਼ਨ 'ਚ ਰੋਹਿਤ ਸ਼ਰਮਾ ਦੀ ਜਗ੍ਹਾ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰ ਰਹੇ ਹਾਰਦਿਕ ਨੂੰ ਖੇਡ ਪ੍ਰੇਮੀਆਂ ਅਤੇ ਸਾਬਕਾ ਖਿਡਾਰੀਆਂ ਦੀ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਠਾਨ ਨੇ 'ਸਟਾਰ ਸਪੋਰਟਸ ਪ੍ਰੈੱਸ ਰੂਮ' 'ਚ ਅੱਗੇ ਕਿਹਾ, 'ਹਾਰਦਿਕ ਪੰਡਯਾ ਨੂੰ ਮੁੰਬਈ ਇੰਡੀਅਨਜ਼ ਦੀ ਚੰਗੀ ਕਪਤਾਨੀ ਕਰਨ ਦੀ ਲੋੜ ਹੈ। ਜਦੋਂ ਵੀ ਮੁੰਬਈ ਇੰਡੀਅਨਜ਼ ਦੀ ਟੀਮ ਹਾਰੀ, ਪੰਡਯਾ ਨੇ ਇਸ 'ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ, 'ਕੱਲ੍ਹ ਵੀ ਆਕਾਸ਼ ਮਧਵਾਲ ਨੇ ਆਖਰੀ ਓਵਰ ਨਹੀਂ ਸੁੱਟਿਆ, ਤੁਹਾਨੂੰ ਉਸ ਨੂੰ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਸੀ। ਜਦੋਂ ਸ਼੍ਰੇਅਸ ਗੋਪਾਲ ਨੇ ਰਚਿਨ ਰਵਿੰਦਰਾ ਦੀ ਵਿਕਟ ਲਈ ਤਾਂ ਤੁਸੀਂ ਉਨ੍ਹਾਂ ਨੂੰ ਇੱਕ ਓਵਰ ਹੋਰ ਕਿਉਂ ਨਹੀਂ ਦਿੱਤਾ?'
ਇਸ ਤੋਂ ਇਲਾਵਾ ਪਠਾਨ ਨੇ ਕਿਹਾ, 'ਉਸ ਨੇ ਸਿਰਫ ਇਕ ਓਵਰ ਗੇਂਦਬਾਜ਼ੀ ਕੀਤੀ। ਪਿੱਚ 'ਤੇ ਵੀ ਕੁਝ ਢਿੱਲ-ਮੱਠ ਸੀ ਅਤੇ ਮੈਚ 'ਚ ਤੁਹਾਨੂੰ ਹਾਲਾਤਾਂ ਦੇ ਮੁਤਾਬਕ ਜਲਦੀ ਢਲਣ ਦੀ ਲੋੜ ਹੈ। ਬਦਕਿਸਮਤੀ ਨਾਲ, ਕੋਚ ਆਸ਼ੀਸ਼ ਨਹਿਰਾ ਦੇ ਮਾਰਗਦਰਸ਼ਨ ਵਿੱਚ ਪੰਡਯਾ ਅਜੇ ਤੱਕ ਅਜਿਹਾ ਨਹੀਂ ਕਰ ਸਕਿਆ ਹੈ, ਗੁਜਰਾਤ ਟਾਈਟਨਸ ਵਿੱਚ ਹਾਰਦਿਕ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਜਿਸ ਵਿੱਚ ਉਹ ਟੀਮ ਨੂੰ ਦੋਵੇਂ ਵਾਰ ਫਾਈਨਲ ਵਿੱਚ ਲੈ ਗਿਆ ਅਤੇ 2022 ਵਿੱਚ ਪਹਿਲੇ ਹੀ ਸੀਜ਼ਨ ਵਿੱਚ ਟਰਾਫੀ ਦਿਵਾ ਦਿੱਤੀ।
ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਸਭ ਨਹਿਰਾ ਦੀ ਕੋਚਿੰਗ ਦਾ ਅਸਰ ਸੀ ਤਾਂ ਪਠਾਨ ਨੇ ਕਿਹਾ, 'ਇਸ ਦਾ ਅਸਰ ਸੀ, ਇਹ ਸ਼ੁਭਮਨ ਗਿੱਲ ਦੀ ਵੀ ਮਦਦ ਕਰ ਰਿਹਾ ਹੈ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਮੁੰਬਈ ਇੰਡੀਅਨਜ਼ ਦਾ ਸਪੋਰਟ ਸਟਾਫ ਉਸ ਦੀ ਮਦਦ ਨਹੀਂ ਕਰ ਰਿਹਾ ? ਉਹ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਹਾਰਦਿਕ ਪੰਡਯਾ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਉਨ੍ਹਾਂ ਕੋਲ ਯੋਜਨਾ 'ਏ', 'ਬੀ' ਹੈ। ਉਨ੍ਹਾਂ ਨੂੰ ਹਾਲਾਤ ਦਾ ਮੁਲਾਂਕਣ ਕਰਨ ਦੀ ਲੋੜ ਹੈ। ਉਹ ਕੋਈ ਨਵਾਂ ਖਿਡਾਰੀ ਨਹੀਂ ਹੈ, ਉਹ ਕਈ ਸਾਲਾਂ ਤੋਂ ਖੇਡ ਰਿਹਾ ਹੈ। ਜੇਕਰ ਉਹ ਆਪਣੇ ਤਜ਼ਰਬੇ ਦੀ ਵਰਤੋਂ ਨਹੀਂ ਕਰੇਗਾ ਤਾਂ ਉਹ ਕਾਮਯਾਬ ਨਹੀਂ ਹੋ ਸਕੇਗਾ ਅਤੇ ਇਸ ਸਮੇਂ ਅਜਿਹਾ ਹੀ ਹੋ ਰਿਹਾ ਹੈ।