ਜਦੋਂ ਤੱਕ ਜ਼ਿੰਦਾ ਹਾਂ, ਮੁਸਲਮਾਨਾਂ ਨੂੰ ਧਰਮ ਦੇ ਆਧਾਰ ’ਤੇ ਰਿਜ਼ਰਵੇਸ਼ਨ ਨਹੀਂ ਦੇਣ ਦਿਆਂਗਾ : PM ਮੋਦੀ

Wednesday, May 01, 2024 - 11:58 AM (IST)

ਲਾਤੂਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਮੈਂ ਜ਼ਿੰਦਾ ਹਾਂ ਦਲਿਤਾਂ, ਆਦਿਵਾਸੀਆਂ ਅਤੇ ਓ. ਬੀ. ਸੀ. ਲਈ ਬਣਦੀ ਰਿਜ਼ਰਵੇਸ਼ਨ ਮੁਸਲਮਾਨਾਂ ਨੂੰ ਧਰਮ ਦੇ ਆਧਾਰ ’ਤੇ ਨਹੀਂ ਦੇਣ ਦਿਆਂਗਾ। ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਕੇਂਦਰ ’ਚ ਆਪਣੇ ਤੀਜੇ ਕਾਰਜਕਾਲ ਦੌਰਾਨ ਉਹ ਸੰਵਿਧਾਨ ਦੇ 75 ਸਾਲ ਪੂਰੇ ਹੋਣ ਦੇ ਜਸ਼ਨ ਨੂੰ ਵੱਡੇ ਪੱਧਰ ’ਤੇ ਮਨਾਉਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਦੇ ਘਪਲੇ ਮੈਂ ਰੋਕੋ ਹਨ, ਅੱਜ-ਕੱਲ ਉਹ ਮੈਨੂੰ ਗਾਲ੍ਹਾਂ ਕੱਢਣ ਦੇ ਕੰਮ ’ਚ ਲੱਗੇ ਹੋਏ ਹਨ। ਉਨ੍ਹਾਂ ਦੀ ਹਾਲਤ ਅਜਿਹੀ ਹੈ ਕਿ ਹਾਰ ਦੇ ਡਰ ਕਾਰਨ ਏ. ਆਈ. ਦੇ ਜ਼ਰੀਏ ਰਾਹੀਂ ਸਾਡੇ ਚਿਹਰਿਆਂ ਦੀ ਵਰਤੋਂ ਕਰ ਕੇ ਆਪਣੀ ‘ਮੁਹੱਬਤ ਦੀ ਦੁਕਾਨ’ ’ਚ ਫਰਜ਼ੀ ਵੀਡੀਓ ਵੇਚਣ ਲੱਗੇ ਹਨ। ਮੋਦੀ ਦੀ ਆਵਾਜ਼ ਨੂੰ ਅਤੇ ਮੋਦੀ ਦੇ ਭਾਸ਼ਣ ਦੀ ਵਰਤੋਂ ਕਰ ਕੇ ਨਵੀਆਂ-ਨਵੀਆਂ ਚੀਜ਼ਾਂ ਬਣਾ ਰਹੇ ਹਨ।

ਇਹ ਵੀ ਪੜ੍ਹੋ- ਦਿੱਲੀ ਦੇ ਕਈ ਸਕੂਲਾਂ ਨੂੰ ਈ-ਮੇਲ ਜ਼ਰੀਏ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਤਲਾਸ਼ 'ਚ ਜੁੱਟੀ ਪੁਲਸ

ਮਹਾਰਾਸ਼ਟਰ ਦੇ ਲਾਤੂਰ ’ਚ ਇਕ ਚੋਣ ਰੈਲੀ ’ਚ ਮੋਦੀ ਨੇ ਕਿਹਾ, “ਕਾਂਗਰਸ ਦੇ ਰਾਜ ਦੌਰਾਨ, ਖਬਰਾਂ ਦੀਆਂ ਸੁਰਖੀਆਂ ਹੁੰਦੀਆਂ ਸਨ ਕਿ ਭਾਰਤ ਨੇ ਅੱਤਵਾਦੀ ਗਤੀਵਿਧੀਆਂ ਬਾਰੇ ਪਾਕਿਸਤਾਨ ਨੂੰ ਇਕ ਹੋਰ ਡੋਜ਼ੀਅਰ ਸੌਂਪਿਆ। ਮੀਡੀਆ ’ਚ ਸਾਡੇ ਕੁਝ ਮਿੱਤਰ ਅਜਿਹੇ ਕਿਸੇ ਵੀ ਡੋਜ਼ੀਅਰ ਦੇ ਭੇਜੇ ਜਾਣ ’ਤੇ ਤਾੜੀਆਂ ਵਜਾਉਂਦੇ ਸਨ।’’ ਮੋਦੀ ਨੇ ਕਿਹਾ, “ਭਾਰਤ ਡੋਜ਼ੀਅਰ ਨਹੀਂ ਭੇਜਦਾ। ਅੱਜ ਭਾਰਤ ਘਰ ’ਚ ਵੜ ਕੇ ਮਾਰਦਾ ਹੈ।’’ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੇ ਇਕ ‘ਫ਼ਾਰਮੂਲਾ’ ਤਿਆਰ ਕੀਤਾ ਹੈ, ਜਿਸ ਤਹਿਤ ਵਿਰੋਧੀ ਗੱਠਜੋੜ ’ਚ ਸ਼ਾਮਲ ਪਾਰਟੀਆਂ ਨੂੰ ਸੱਤਾ ’ਚ ਆਉਣ ’ਤੇ ਇਕ-ਇਕ ਸਾਲ ਲਈ ਪ੍ਰਧਾਨ ਮੰਤਰੀ ਦਾ ਅਹੁਦਾ ਮਿਲੇਗਾ।

ਇਹ ਵੀ ਪੜ੍ਹੋ- ਸਮ੍ਰਿਤੀ ਈਰਾਨੀ ਨਾਲੋਂ ਦੁੱਗਣੀ ਜਾਇਦਾਦ ਦੀ ਮਾਲਕਣ ਲਾਲੂ ਯਾਦਵ ਦੀ ਬੇਟੀ ਰੋਹਿਣੀ

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਅਜਿਹੀ ਵਿਵਸਥਾ ਤੋਂ ਦੇਸ਼ ਦੀ ਭਲਾਈ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ, ‘‘ਕੁਝ ਲੋਕ ਕਿਸ਼ਤਾਂ ’ਚ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਹਰ ਸਾਲ ਇਕ ਪ੍ਰਧਾਨ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਹੈ।’’ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੋਦੀ ਨੇ ਕਿਹਾ, ‘‘ਜਦੋਂ ਮੈਂ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਗੱਲ ਕਰਦਾ ਹਾਂ ਤਾਂ ਕਾਂਗਰਸ ਦੇ ਸ਼ਹਿਜ਼ਾਦੇ ਨੂੰ ਬੁਖਾਰ ਚੜ੍ਹ ਜਾਂਦਾ ਹੈ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਦੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਵੋਟਰਾਂ ’ਚ ਇਸ ਬਾਰੇ ਜਾਗਰੂਕਤਾ ਫੈਲਾਉਣ ਕਿ ਕਾਂਗਰਸ ਅਨੁਸੂਚਿਤ ਜਾਤੀ (ਐੱਸ. ਸੀ.), ਅਨੁਸੂਚਿਤ ਜਨਜਾਤੀ (ਐੱਸ. ਟੀ.) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਭਾਈਚਾਰਿਆਂ ਤੋਂ ਰਾਖਵਾਂਕਰਨ ਖੋਹ ਕੇ ਆਪਣੇ ਵੋਟ ਬੈਂਕ ਨੂੰ ਦੇਣਾ ਚਾਹੁੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Tanu

Content Editor

Related News