ਵਿਆਹ ਵਾਲੇ ਦਿਨ ਸੜਕ ਹਾਦਸੇ ''ਚ ਲਾੜੀ ਦੀ ਮੌਤ; ਡੋਲੀ ਦੀ ਜਗ੍ਹਾ ਉੱਠੀ ਅਰਥੀ, ਪਰਿਵਾਰ ''ਚ ਮਾਤਮ

Tuesday, Apr 23, 2024 - 06:23 PM (IST)

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ, ਜਦੋਂ ਇਕ ਸੜਕ ਹਾਦਸੇ 'ਚ ਲਾੜੀ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਅੱਜ ਦੇ ਹੀ ਦਿਨ ਕੁੜੀ ਦਾ ਵਿਆਹ ਸੀ ਪਰ ਇਕ ਸੜਕ ਹਾਦਸੇ 'ਚ ਉਸ ਦੀ ਮੌਤ ਹੋ ਗਈ। ਇਸ ਹਾਦਸੇ 'ਚ ਮ੍ਰਿਤਕਾ ਲਾੜੀ ਦੇ 2 ਭਰਾਵਾਂ ਸਮੇਤ ਇਕ ਸਹੇਲੀ ਨੂੰ ਵੀ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਦਿੱਲੀ ਦੇ ਟਰਾਮਾ ਸੈਂਟਰ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾ ਦਾ ਨਾਂ ਅੰਕਿਤਾ ਦੱਸਿਆ ਜਾ ਰਿਹਾ ਹੈ, ਜਿਸ ਦਾ ਅੱਜ ਵਿਆਹ ਸੀ। ਅੱਜ ਹੀ ਦੇ ਦਿਨ ਉਸ ਦੀ ਡੋਲੀ ਉੱਠਣੀ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਅੰਕਿਤਾ ਦਾ ਅੱਜ ਦੇ ਹੀ ਦਿਨ ਅਰਥੀ ਉੱਠੇਗੀ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਅੰਕਿਤਾ ਦੇ ਮਾਸੜ ਮਿਥਲੇਸ਼ ਕੁਮਾਰ ਨੇ ਦੱਸਿਆ ਕਿ ਸੁਮੰਕਿਤ, ਉਸ ਦਾ ਚਚੇਰਾ ਭਰਾ ਨਿਸ਼ਾਂਤ ਕੁਮਾਰ ਅਤੇ ਉਸ ਦੀ ਸਹੇਲੀ ਅੰਕਿਤਾ ਦੀ ਚਾਚੀ ਦੇ ਘਰ ਵਿਨੇ ਨਗਰ ਤੋਂ ਵਿਆਹ ਦੇ ਪਹਿਲੇ ਹਿੰਦੂ ਰੀਤੀ-ਰਿਵਾਜ਼ ਦੇ ਅਧੀਨ ਹੋਣ ਵਾਲੀ ਪੂਜਾ ਕਰਨ ਲਈ ਜਾ ਰਹੇ ਸਨ। ਉਦੋਂ ਅਚਾਨਕ ਸੈਕਟਰ-37 ਬਾਈਪਾਸ ਰੋਡ 'ਤੇ ਖੜ੍ਹੇ ਟਰੱਕ 'ਚ ਉਨ੍ਹਾਂ ਦੀ ਕਾਰ ਟਕਰਾ ਗਈ।

ਇਸ ਹਾਦਸੇ 'ਚ ਕਾਰ ਸਵਾਰ ਚਾਰੋਂ ਜ਼ਖ਼ਮੀ ਹੋ ਗਏ, ਜਿਸ 'ਚ ਅੰਕਿਤਾ ਨੂੰ ਕਾਫ਼ੀ ਸੱਟਾਂ ਲੱਗੀਆਂ। ਇਸ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਆਂਦਾ ਗਿਆ ਪਰ ਅੰਕਿਤਾ ਦੀ ਇਲਾਜ ਦੌਰਾਨ ਮੌਤ ਹੋ ਗਈ। ਉੱਥੇ ਹੀ ਬਾਕੀ ਸਾਰੇ ਜ਼ਖ਼ਮੀਆਂ ਨੂੰ ਦਿੱਲੀ ਦੇ ਟਰਾਮਾ ਸੈਂਟਰ ਇਲਾਜ ਲਈ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅੰਕਿਤਾ ਦੇ ਚਾਚਾ ਸਿਆਰਾਮ ਸਿੰਘ ਨੇ ਦੱਸਿਆ ਕਿ ਉਸ ਦੀ ਭਤੀਜੀ ਅੰਕਿਤਾ ਦਾ ਅੱਜ ਹੀ ਵਿਆਹ ਹੋਣਾ ਸੀ। ਅੰਕਿਤਾ ਆਪਣੇ ਮਾਤਾ-ਪਿਤਾ ਨਾਲ ਮੋਲਡਬੰਦ 'ਚ ਰਹਿੰਦੀ ਸੀ। ਅੰਕਿਤਾ ਇਕ ਮੁਥੂਟ ਫਾਇਨੈਂਸ ਕੰਪਨੀ 'ਚ ਕੰਮ ਕਰਦੀ ਸੀ, ਉਹ ਮੂਲ ਰੂਪ ਨਾਲ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਪਰ ਅੱਜ ਅੰਕਿਤਾ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਕੁੜੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪੁਲਸ ਵਲੋਂ ਉਨ੍ਹਾਂ ਨੂੰ ਸੌਂਪ ਦਿੱਤੀ ਗਈ ਹੈ। ਸਿਆਰਾਮ ਨੇ ਦੱਸਿਆ ਕਿ ਜੇਕਰ ਟਰੱਕ ਰਸਤੇ 'ਚ ਨਾ ਖੜ੍ਹਾ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਹੁੰਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News