PU ਦੇ ਵਿਦਿਆਰਥੀਆਂ ਤੇ ਸਟਾਫ਼ ਨੂੰ ਸਾਰਾ ਦਿਨ ਪਾ ਕੇ ਰੱਖਣਾ ਹੋਵੇਗਾ ਪਛਾਣ ਕਾਰਡ

Wednesday, May 01, 2024 - 02:56 PM (IST)

PU ਦੇ ਵਿਦਿਆਰਥੀਆਂ ਤੇ ਸਟਾਫ਼ ਨੂੰ ਸਾਰਾ ਦਿਨ ਪਾ ਕੇ ਰੱਖਣਾ ਹੋਵੇਗਾ ਪਛਾਣ ਕਾਰਡ

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) 'ਚ ਬਾਹਰੀਆਂ ਦੇ ਦਾਖ਼ਲੇ ਨੂੰ ਰੋਕਣ ਲਈ ਵਿਦਿਆਰਥੀਆਂ ਨੂੰ ਪਛਾਣ ਕਾਰਡ ਪਹਿਨਣ ਲਈ ਕਿਹਾ ਗਿਆ ਹੈ। ਪੀ. ਯੂ. ਪ੍ਰਬੰਧਨ ਨੇ ਸਰਕੂਲਰ ਜਾਰੀ ਕਰ ਕੇ ਵਿਭਾਗਾਂ ਦੇ ਚੇਅਰਪਰਸਨਾਂ ਤੇ ਹੋਸਟਲ ਵਾਰਡਨਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ ਪਛਾਣ ਕਾਰਡ ਪਾਉਣ ਲਈ ਕਹਿਣ। ਨੋਟਿਸ ਵਿਚ ਲਿਖਿਆ ਗਿਆ ਹੈ ਕਿ ਕੈਂਪਸ ਵਿਚ ਸ਼ਰਾਰਤੀ ਅਤੇ ਬਾਹਰੀ ਅਨਸਰ ਵੱਧ ਰਹੇ ਹਨ, ਜਿਸ ਨੂੰ ਰੋਕਣ ਲਈ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਾਰਾ ਦਿਨ ਪਛਾਣ ਕਾਰਡ ਪਹਿਨਣੇ ਜ਼ਰੂਰੀ ਹਨ। ਪਛਾਣ ਕਾਰਡ ਰਾਹੀਂ ਵਿਦਿਆਰਥੀਆਂ ਅਤੇ ਸਟਾਫ਼ ਦੀ ਆਸਾਨੀ ਨਾਲ ਪਛਾਣ ਹੋ ਸਕੇਗੀ।

ਧਿਆਨ ਰਹੇ ਕਿ ਪਹਿਲਾਂ ਵੀ ਪੀ. ਯੂ. ਪ੍ਰਬੰਧਨ ਨੇ ਕਈ ਬਾਰ ਬਾਹਰੀ ਲੋਕਾਂ ਦੇ ਦਾਖ਼ਲਾ ਕਰਦੇ ਸਮੇਂ ਜਾਂਚ ਨੂੰ ਲੈ ਕੇ ਡਿਊਟੀ ਲਗਾਈ ਸੀ, ਪਰ ਹਰ ਗੱਡੀ ਅਤੇ ਵਿਦਿਆਰਥੀ ਦੀ ਚੈਕਿੰਗ ਕਰਨਾ ਸੁਰੱਖਿਆ ਮੁਲਾਜ਼ਮਾਂ ਲਈ ਸੰਭਵ ਨਹੀਂ ਹੈ। ਜਾਂਚ ਸਮੇਂ ਗੇਟਾਂ ’ਤੇ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਇਹੀ ਨਹੀਂ ਕਈ ਵਾਰ ਵਿਅਕਤੀ ਪ੍ਰਬੰਧਨ ਦੇ ਹੀ ਅਧਿਕਾਰੀ, ਦੋਸਤਾਂ ਜਾ ਰੁਤਬਾ-ਰੋਹਬ ਦਿਖਾ ਕੇ ਦਾਖ਼ਲ ਹੋ ਜਾਂਦੇ ਹਨ। ਅਜਿਹੇ ਵਿਚ ਸੁਰੱਖਿਆ ਮੁਲਾਜ਼ਮਾਂ ਅਤੇ ਲੋਕਾਂ ਦੇ ਵਿਚ ਵਿਵਾਦ ਹੋ ਜਾਂਦਾ ਸੀ। ਪੀ. ਯੂ. ਸਟਾਫ਼ ਲਈ ਸਮਾਰਟ ਪਛਾਣ ਕਾਰਡ ਬਣਾਉਣ ਲਈ ਡਾਟਾ ਮੰਗਿਆ ਗਿਆ ਹੈ। ਸਮਾਰਟ ਪਛਾਣ ਕਾਰਡ ਵਿਚ ਸਟਾਫ ਦੀ ਸਾਰੀ ਜਾਣਕਾਰੀ ਮੌਜੂਦ ਰਹੇਗੀ।

ਕੈਂਪਸ ਵਿਚ ਦਾਖ਼ਲਾ ਪ੍ਰਕਿਰਿਆ ਅਤੇ ਵਿਦਿਆਰਥੀ ਕਾਊਂਸਿਲ ਚੋਣਾਂ ਦੌਰਾਨ ਵੱਡੀ ਗਿਣਤੀ ਵਿਚ ਬਾਹਰੀ ਲੋਕ ਆਉਂਦੇ ਹਨ। ਧਰਨੇ ਅਤੇ ਰੋਸ ਪ੍ਰਦਰਸ਼ਨ ਅਤੇ ਵਿਦਿਆਰਥੀ ਚੋਣਾਂ ਦੌਰਾਨ ਵਿਦਿਆਰਥੀ ਸੰਗਠਨਾਂ ਵਲੋਂ ਦਮ-ਖਮ ਦਿਖਾਉਣ ਦੇ ਲਈ ਵੱਡੀ ਗਿਣਤੀ ਵਿਚ ਬਾਹਰੀ ਲੋਕ ਪਹੁੰਚਦੇ ਹਨ। ਉੱਥੇ ਹੀ, ਕੈਂਪਸ ਵਿਚ ਵਿਦਿਆਰਥੀਆਂ ਦੇ ਵਿਚ ਹੋਣ ਵਾਲੇ ਝਗੜਿਆਂ ਵਿਚ ਜ਼ਿਆਦਾਤਰ ਬਾਹਰੀ ਲੋਕਾਂ ਦਾ ਹੀ ਨਾਮ ਆਉਂਦਾ ਹੈ। ਪਛਾਣ ਕਾਰਡ ਪਹਿਨਣ ਵਾਲੀ ਗੱਲ ਪੀ. ਯੂ. ਮੁਲਾਜ਼ਮ ਅਤੇ ਵਿਦਿਆਰਥੀ ਮੰਨਦੇ ਹਨ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ। ਇਹ ਮੁਸ਼ਕਲ ਹੀ ਲੱਗਦਾ ਹੈ ਕਿ ਵਿਦਿਆਰਥੀ ਅਤੇ ਮੁਲਾਜ਼ਮ ਨਿਰਦੇਸ਼ਾਂ ਦੀ ਪਾਲਣਾ ਕਰਨ ਵਾਲੇ ਹਨ।


author

Babita

Content Editor

Related News