ਤਿਰੁੂਪਤੀ ਬਾਲਾਜੀ ਮੰਦਿਰ ਦੇ ਲੱਡੂ ਪ੍ਰਸਾਦਮ ’ਚ ਪਸ਼ੂਆਂ ਦੀ ਚਰਬੀ ਬਰਾਮਦ

Saturday, Sep 21, 2024 - 04:05 AM (IST)

ਆਂਧਰਾ ਪ੍ਰਦੇਸ਼ ’ਚ ਤਿਰੂਪਤੀ ਜ਼ਿਲੇ ਦੇ ‘ਤਿਰੂਮਾਲਾ’ ਸ਼ਹਿਰ ’ਚ ‘ਤਿਰੂਪਤੀ ਬਾਲਾਜੀ ਮੰਦਿਰ’ ਦੇਸ਼ ਦੇ ਸਭ ਤੋਂ ਵੱਧ ਅਮੀਰ ਮੰਦਿਰਾਂ ’ਚੋਂ ਇਕ ਹੈ। ਇਥੇ ਹਰ ਸਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਕਰੋੜਾਂ ਰੁਪਏ ਚੜ੍ਹਾਵਾ ਚੜ੍ਹਾਉਂਦੇ ਹਨ।

ਆਂਧਰਾ ਪ੍ਰਦੇਸ਼ ਸਰਕਾਰ ਦੇ ਕੰਟਰੋਲ ਅਧੀਨ ਇਹ ਮੰਦਿਰ ‘ਤਿਰੂਮਾਲਾ ਤਿਰੂਪਤੀ ਦੇਵਸਥਾਨਮ’ (ਟੀ.ਟੀ.ਡੀ.) ਵਲੋਂ ਸੰਚਾਲਿਤ ਹੈ ਜਿਸ ਦੇ ਮੁਖੀ ਦੀ ਨਿਯੁਕਤੀ ਆਂਧਰਾ ਪ੍ਰਦੇਸ਼ ਸਰਕਾਰ ਕਰਦੀ ਹੈ।

ਇਸ ਮੰਦਿਰ ’ਚ ਭਗਵਾਨ ਨੂੰ ਪਵਿੱਤਰ ਲੱਡੂ ਪ੍ਰਸਾਦਮ ਦਾ ਭੋਗ ਲਾਉਣ ਦੀ ਪ੍ਰਥਾ ਲਗਭਗ 300 ਸਾਲ ਪੁਰਾਣੀ ਹੈ। ਤਿਰੂਪਤੀ ਬਾਲਾਜੀ ’ਚ ਪ੍ਰਸਾਦ ਦੇ ਰੂਪ ’ਚ ਮਿਲਣ ਵਾਲੇ ਲੱਡੂਆਂ ਨੂੰ ‘ਮਹਾਪ੍ਰਸਾਦਮ’ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਐਸ਼ਵਰਿਆ ਦੀ ਦੇਵੀ ਮਾਤਾ ਲੱਛਮੀ ਜੀ ਦੇ ਖਜ਼ਾਨੇ ’ਚੋਂ ਆਇਆ ਮੰਨਿਆ ਜਾਂਦਾ ਹੈ।

ਲਗਭਗ 4 ਦਹਾਕੇ ਪਹਿਲਾਂ ਤੱਕ ਇਸ ਪ੍ਰਸਾਦ ਦੀ ਪਵਿੱਤਰਤਾ ਅਤੇ ਗੁਣਵੱਤਾ ਨੂੰ ਲੈ ਕੇ ਕੋਈ ਸਵਾਲ ਨਹੀਂ ਉੱਠਿਆ ਸੀ। ਪਹਿਲੀ ਵਾਰ 1985 ’ਚ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਖਰੀਦੇ ਹੋਏ ਲੱਡੂ ਪ੍ਰਸਾਦਮ ’ਚੋਂ ਉੱਲ੍ਹੀ ਅਤੇ ਕਿੱਲ ਨਿਕਲੀ ਸੀ।

ਹੁਣ ਇਕ ਵਾਰ ਫਿਰ ਇਥੋਂ ਦਾ ‘ਲੱਡੂ ਪ੍ਰਸਾਦਮ’ ਵਿਵਾਦਾਂ ’ਚ ਘਿਰ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ 18 ਸਤੰਬਰ, 2024 ਨੂੰ ਦੋਸ਼ ਲਾਇਆ ਕਿ ‘‘ਸੂਬੇ ਦੀ ਪਿਛਲੀ ‘ਵਾਈ. ਐੱਸ. ਆਰ. ਕਾਂਗਰਸ ਪਾਰਟੀ’ ਦੀ ਜਗਨ ਮੋਹਨ ਰੈੱਡੀ ਸਰਕਾਰ ਦੇ ਸ਼ਾਸਨਕਾਲ ’ਚ ਇਥੇ ਬਣਨ ਵਾਲੇ ‘ਲੱਡੂ ਪ੍ਰਸਾਦਮ’ ਵਿਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਗਈ।’’

‘‘ਕੇਂਦਰ ਸਰਕਾਰ ਵਲੋਂ ਮਾਨਤਾ ਪ੍ਰਾਪਤ ਐੱਨ.ਡੀ.ਡੀ.ਬੀ. (ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ) ਦੀ ਇਕ ‘ਕਾਲਫ ਰਿਪੋਰਟ’ ਦੇ ਅਨੁਸਾਰ ‘ਵਾਈ. ਐੱਸ. ਆਰ. ਕਾਂਗਰਸ ਪਾਰਟੀ’ ਦੇ ਸ਼ਾਸਨ ਦੌਰਾਨ ਪਵਿੱਤਰ ਤਿਰੂਪਤੀ ਲੱਡੂ ਬਣਾਉਣ ’ਚ ਘਟੀਆ ਸਮੱਗਰੀ ਅਤੇ ਪਸ਼ੂ ਚਰਬੀ ਦੀ ਵਰਤੋਂ ਕੀਤੀ ਗਈ। ਗਾਂ ਦੇ ਘਿਓ ’ਚ ਸੋਇਆਬੀਨ, ਲੋਬੀਆ, ਜੈਤੂਨ, ਕਣਕ, ਮੱਕੀ, ਕਪਾਹ, ਮੱਛੀ ਦਾ ਤੇਲ, ਗਾਂ ਦੇ ਮਾਸ ਦੇ ਤੱਤ, ਤਾੜ ਦਾ ਤੇਲ ਅਤੇ ਸੂਰ ਦੀ ਚਰਬੀ ਹੈ।’’

ਤੇਦੇਪਾ ਬੁਲਾਰੇ ‘ਅਨਮ ਵੈਂਕਟਰਮਨ ਰੈੱਡੀ’ ਨੇ ਦਾਅਵਾ ਕੀਤਾ ਹੈ ਕਿ ‘‘ਗੁਣਵੱਤਾ ਵਾਲੇ ਘਿਓ ਦੀ ਕੀਮਤ 1000 ਰੁਪਏ ਕਿਲੋ ਤੋਂ ਵੱਧ ਹੈ ਜਦਕਿ ‘ਵਾਈ. ਐੱਸ. ਆਰ. ਕਾਂਗਰਸ ਪਾਰਟੀ’ ਦੀ ਸਰਕਾਰ ਨੇ 320 ਰੁਪਏ ਕਿਲੋ ਦੇ ਭਾਅ ’ਤੇ ਟੈਂਡਰ ਮੰਗੇ। ਰਿਸ਼ਵਤ ਖਾਣ ਲਈ 15000 ਕਿਲੋ ਘਿਓ ਦਾ ਟੈਂਡਰ ਦਿੱਤਾ ਗਿਆ।’’

ਤੇਦੇਪਾ ਆਗੂ ‘ਪੱਟਾਭੀ ਰਾਮ ਕੋਮਾਰੈੱਡੀ’ ਨੇ ਦੋਸ਼ ਲਾਇਆ ਹੈ ਕਿ ‘‘2019 ਤੋਂ 2024 ਦਰਮਿਆਨ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਆਪਣੇ ਹੀ ਚਾਚਿਆਂ ਵਾਈ. ਵੀ. ਸੁੱਬਾ ਰੈੱਡੀ ਅਤੇ ਕਰੁਣਾਕਰ ਰੈੱਡੀ ਨੂੰ ਟੀ. ਟੀ. ਡੀ. ਦਾ ਚੇਅਰਮੈਨ ਨਿਯੁਕਤ ਕਰ ਕੇ ਟੀ. ਟੀ. ਡੀ. ਫੰਡ ਦੀ ਲੁੱਟ ਸ਼ੁਰੂ ਕਰ ਦਿੱਤੀ।’’

19 ਸਤੰਬਰ, 2024 ਨੂੰ ਤੇਦੇਪਾ ਬੁਲਾਰੇ ‘ਅਨਮ ਵੈਂਕਟਰਮਨ ਰੈੱਡੀ’ ਨੇ ਇਕ ਪੱਤਰਕਾਰ ਸੰਮੇਲਨ ’ਚ ਕਥਿਤ ਪ੍ਰਯੋਗਸ਼ਾਲਾ ਰਿਪੋਰਟ ਦਿਖਾਈ ਜਿਸ ’ਚ ਦਿੱਤੇ ਗਏ ਘਿਓ ਦੇ ਨਮੂਨੇ ’ਚ ਗਾਂ ਦੀ ਚਰਬੀ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਗਈ ਸੀ। ਇਸ ’ਚ ਲਾਰਡ (ਸੂਰ ਦੀ ਚਰਬੀ) ਅਤੇ ਮੱਛੀ ਦੇ ਤੇਲ ਦੀ ਮੌਜੂਦਗੀ ਦਾ ਵੀ ਦਾਅਵਾ ਕੀਤਾ ਗਿਆ ਹੈ।

ਜਿਥੇ ਤੇਦੇਪਾ ਨੇ ‘ਵਾਈ. ਐੱਸ. ਆਰ. ਕਾਂਗਰਸ ਪਾਰਟੀ’ ’ਤੇ ਤਿਰੂਮਾਲਾ ਦੇ ਪਵਿੱਤਰ ਮੰਦਿਰ ਦੇ ਲੱਡੂ ਪ੍ਰਸਾਦਮ ’ਚ ਅਪਵਿੱਤਰ ਚੀਜ਼ਾਂ ਦੀ ਵਰਤੋਂ ਦਾ ਦੋਸ਼ ਲਾਇਆ ਹੈ ਉਥੇ ਹੀ ਵਾਈ. ਐੱਸ. ਆਰ. ਸੀ. ਪੀ. ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਵਾਈ. ਵੀ. ਸੁੱਬਾ ਰੈੱਡੀ ਨੇ ਇਸ ਦਾ ਖੰਡਨ ਕੀਤਾ ਸੀ ਅਤੇ ਦੋਸ਼ ਲਾਇਆ ਸੀ ਕਿ ‘‘ਚੰਦਰ ਬਾਬੂ ਨਾਇਡੂ ਨੇ ਤਿਰੂਮਾਲਾ ਦੇ ਮੰਦਿਰ ਅਤੇ ਕਰੋੜਾਂ ਹਿੰਦੂਆਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਦਾ ਮਹਾਪਾਪ ਕੀਤਾ ਹੈ।’’

ਪਰ ਹੁਣ 20 ਸਤੰਬਰ ਨੂੰ ਤਿਰੂਮਾਲਾ ਤਿਰੂਪਤੀ ਦੇਵਸਥਾਨਮ ਦੇ ਅਧਿਕਾਰੀ ਜੇ. ਸ਼ਿਆਮਲਰਾਵ ਨੇ (ਘਟੀਆ ਦੀ ਵਰਤੋਂ ਨੂੰ ਸਵੀਕਾਰਦੇ ਹੋਏ) ਕਿਹਾ ਹੈ ਕਿ, ‘‘ਮੰਦਿਰ ਨੂੰ ਘਿਓ ਦੀ ਸਪਲਾਈ ਕਰਨ ਵਾਲਿਆਂ ਨੇ ਮੰਦਿਰ ’ਚ ਮਿਲਾਵਟ ਦੀ ਜਾਂਚ ਸੰਬੰਧੀ ਸਹੂਲਤ ਨਾ ਹੋਣ ਦਾ ਲਾਭ ਉਠਾਇਆ। ਪ੍ਰਯੋਗਸ਼ਾਲਾ ’ਚ ਚੁਣੇ ਹੋਏ ਨਮੂਨਿਆਂ ’ਚ ਪਸ਼ੂ ਚਰਬੀ ਅਤੇ ਲਾਰਡ (ਸੂਰ ਦੀ ਚਰਬੀ) ਦੀ ਮੌਜੂਦਗੀ ਦਾ ਪਤਾ ਲੱਗਾ ਹੈ।’’

ਜੇ. ਸ਼ਿਆਮਲਰਾਵ ਦੀ ਸਵੀਕ੍ਰਿਤੀ ਨਾਲ ਜਿਥੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦਾ ਦੋਸ਼ ਸੱਚ ਸਾਬਿਤ ਹੋ ਗਿਆ ਹੈ ਉਥੇ ਹੀ ਉਨ੍ਹਾਂ ਨੇ ਘਿਓ ਦੀ ਸਪਲਾਈ ਕਰਨ ਵਾਲੇ ਠੇਕੇਦਾਰ ਨੂੰ ਕਾਲੀ ਸੂਚੀ ’ਚ ਪਾਉਣ ਦੇ ਨਾਲ ਹੀ ਜੁਰਮਾਨਾ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਹੈ।

ਪਰ ਇੰਨਾ ਹੀ ਕਾਫੀ ਨਹੀਂ ਹੈ। ਇਸ ਕਾਰੇ ’ਚ ਸ਼ਾਮਲ ਹੋਣ ਵਾਲਿਆਂ ਨੂੰ ਸਖਤ ਸਜ਼ਾ ਦੇਣ ਦੀ ਲੋੜ ਹੈ। ਅਸ਼ੁੱਧ ਪ੍ਰਸਾਦ ਗ੍ਰਹਿਣ ਕਰਨ ਵਾਲੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਹੀ ਸੱਟ ਨਹੀਂ ਵੱਜੀ ਸਗੋਂ ਅਜਿਹੇ ਪ੍ਰਸਾਦ ਦਾ ਸੇਵਨ ਹਾਨੀਕਾਰਕ ਵੀ ਸਿੱਧ ਹੋ ਸਕਦਾ ਸੀ।

–ਵਿਜੇ ਕੁਮਾਰ


Harpreet SIngh

Content Editor

Related News