ਬੱਸਾਂ, ਰੇਲਗੱਡੀਆਂ ਵਾਂਗ ਹਵਾਈ ਯਾਤਰਾ ਵੀ ਔਰਤਾਂ ਲਈ ਸੁਰੱਖਿਅਤ ਨਹੀਂ ਰਹੀ

Sunday, Aug 04, 2024 - 03:12 AM (IST)

ਹੁਣ ਤੱਕ ਤਾਂ ਬੱਸਾਂ ਅਤੇ ਰੇਲਗੱਡੀਆਂ ’ਚ ਹੀ ਔਰਤਾਂ ਦੇ ਸੈਕਸ-ਸ਼ੋਸ਼ਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਸਨ ਅਤੇ ਇਸ ਲਿਹਾਜ਼ ਨਾਲ ਹਵਾਈ ਜਹਾਜ਼ ਯਾਤਰਾ ਨੂੰ ਵੱਧ ਸੁਰੱਖਿਅਤ ਮੰਨਿਆ ਜਾਂਦਾ ਸੀ ਪਰ ਹੁਣ ਹਵਾਈ ਜਹਾਜ਼ਾਂ ’ਚ ਵੀ ਇਹ ਬੁਰਾਈ ਘਰ ਕਰਨ ਲੱਗੀ ਹੈ ਅਤੇ ਇਹ ਇਕ ਵਿਸ਼ਵ ਪੱਧਰੀ ਰੋਗ ਬਣਦੀ ਜਾ ਰਹੀ ਹੈ, ਜਿਸ ਦੀਆਂ ਇਸੇ ਸਾਲ ਦੀਆਂ ਚੰਦ ਉਦਾਹਰਣਾਂ ਹੇਠਾਂ ਦਰਜ ਹਨ :

* 31 ਜਨਵਰੀ, 2024 ਨੂੰ ਕੋਲਕਾਤਾ ਤੋਂ ਬਾਗਡੋਗਰਾ ਜਾ ਰਹੇ ਸਪਾਈਸ ਜੈੱਟ ਦੇ ਜਹਾਜ਼ ’ਚ ਯਾਤਰਾ ਕਰ ਰਹੀ ਇਕ ਲੜਕੀ ਦੇ ਨਾਲ ਬੈਠੇ ਨੌਜਵਾਨ ਨੇ ਉਸ ਨੂੰ ਵਾਰ-ਵਾਰ ਗਲਤ ਤਰੀਕੇ ਨਾਲ ਛੋਹਿਆ। ਉਸ ਦੇ ਪੱਟ ਅਤੇ ਹੱਥਾਂ ’ਤੇ ਆਪਣਾ ਹੱਥ ਰੱਖਿਆ। ਬਾਅਦ ’ਚ ਸ਼ਿਕਾਇਤ ਕਰਨ ’ਤੇ ਦੋਸ਼ੀ ਨੇ ਬਾਗਡੋਗਰਾ ਹਵਾਈ ਅੱਡੇ ’ਤੇ ਜਹਾਜ਼ ਦੇ ਉਤਰਨ ’ਤੇ ਆਪਣੀ ਗਲਤੀ ਮੰਨੀ ਅਤੇ ਲੜਕੀ ਤੋਂ ਮੁਆਫੀ ਮੰਗ ਲਈ।

* 14 ਅਪ੍ਰੈਲ ਨੂੰ ਆਪਣੇ ਮਾਤਾ-ਪਿਤਾ ਨਾਲ ਲੰਡਨ ਤੋਂ ਚੇਨਈ ਆ ਰਹੀ ਇਕ ਨਾਬਾਲਿਗਾ ਨਾਲ ਜਹਾਜ਼ ’ਚ ਛੇੜਛਾੜ ਅਤੇ ਸੈਕਸ-ਸ਼ੋਸ਼ਣ ਕੀਤਾ ਗਿਆ।

* 22 ਜੂਨ ਨੂੰ ਗੁਨਾ (ਮੱਧ ਪ੍ਰਦੇਸ਼) ’ਚ ਇਕ ਫਲਾਇੰਗ ਅਕਾਦਮੀ ਦੇ ਟ੍ਰੇਨਰ ਨੇ ਇਕ ਔਰਤ ਸਿਖਾਂਦਰੂ ਪਾਇਲਟ ਨਾਲ ਛੇੜਛਾੜ ਕੀਤੀ। ਉਸ ਨੇ ਉਸ ਦਾ ਹੱਥ ਫੜ ਲਿਆ ਅਤੇ ਕਿਹਾ, ‘‘ਤੂੰ ਮੈਨੂੰ ਚੰਗੀ ਲੱਗਦੀ ਹੈਂ। ਮੈਂ ਤੈਨੂੰ ਛੇਤੀ ਹੀ ਪਾਇਲਟ ਬਣਾ ਦੇਵਾਂਗਾ। ਗੱਲ ਮੰਨ ਲਓ ਤੇਰੀ ਫਲਾਇੰਗ ਪੂਰੀ ਕਰਵਾ ਦੇਵਾਂਗਾ।’’

* 19 ਜੁਲਾਈ ਨੂੰ ਕੋਲਕਾਤਾ ਤੋਂ ਆਬੂਧਾਬੀ ਜਾ ਰਹੀ ਇਕ ਫਲਾਈਟ ’ਚ ਇਕ ਪ੍ਰਸਿੱਧ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਇਕ ਨਾਲ ਦੀ ਯਾਤਰੀ ਔਰਤ ਨੂੰ ਇਕ ਪੋਰਨ ਕਲਿਪ ਦਿਖਾਉਣ ਤੋਂ ਇਲਾਵਾ ਉਸ ਨਾਲ ਛੇੜਛਾੜ ਕੀਤੀ ਜਿਸ ਦੇ ਨਤੀਜੇ ਵਜੋਂ ਉਹ ਸਦਮੇ ’ਚ ਆ ਗਈ। ਉਹ ਭੱਜ ਕੇ ਵਾਸ਼ਰੂਮ ’ਚ ਜਾ ਲੁਕੀ ਅਤੇ ਕਰੂ ਮੈਂਬਰਾਂ ਨੂੰ ਇਸ ਘਟਨਾ ਦੀ ਸ਼ਿਕਾਇਤ ਕੀਤੀ।

* ਅਤੇ ਹੁਣ 2 ਅਗਸਤ ਨੂੰ ਸਿਆਟਲ ਤੋਂ ਡੱਲਾਸ ਜਾ ਰਹੀ ਅਮਰੀਕੀ ਏਅਰਲਾਈਨਜ਼ ਦੀ ਫਲਾਈਟ ’ਚ ‘ਐਰਿਕ ਨਿਕੋਸ ਗੈਪਕੋ’ ਨਾਂ ਦੇ ਇਕ ਯਾਤਰੀ ਵੱਲੋਂ ਏਅਰ ਹੋਸਟੈੱਸ ਨਾਲ ਬਦਤਮੀਜ਼ੀ ਕਰਨ ਅਤੇ ਉਸ ਨਾਲ ਸੈਕਸ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਤੋਂ ਇਲਾਵਾ ਉਸ ਨਾਲ ਮਾਰਕੁੱਟ ਕਰਨ ਦੀ ਘਟਨਾ ਸਾਹਮਣੇ ਆਈ ਹੈ।

ਜਦ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਦਾ ਯਤਨ ਕਰ ਕੇ ਯਾਤਰੀਆਂ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਦਿੱਤਾ। ਅਖੀਰ ਕੁਝ ਯਾਤਰੀਆਂ ਅਤੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨੇ ਮਿਲ ਕੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਸੀਟ ’ਤੇ ਬਿਠਾ ਦਿੱਤਾ।

ਇਸ ਪਿੱਛੋਂ ਸਾਲਟ ਲੇਕ ਸਿਟੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾ ਕੇ ਖਰੂਦੀ ਯਾਤਰੀ ਨੂੰ ਹਵਾਈ ਅੱਡੇ ਦੇ ਸੁਰੱਖਿਆ ਸਟਾਫ ਨੂੰ ਸੌਂਪ ਦਿੱਤਾ, ਜਿਨ੍ਹਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹੱਦ ਤਾਂ ਇਹ ਹੋਈ ਕਿ ਉਕਤ ਯਾਤਰੀ ਨੇ ਹਵਾਈ ਅੱਡੇ ’ਤੇ ਵੀ ਇਕ ਦਰਵਾਜ਼ੇ ਨੂੰ ਤੋੜ ਦਿੱਤਾ ਅਤੇ ਹਵਾਈ ਅੱਡੇ ਦੇ ਮੁਲਾਜ਼ਮਾਂ ਨਾਲ ਵੀ ਕੁੱਟਮਾਰ ਕੀਤੀ।

ਉਕਤ ਘਟਨਾ ’ਚ ਖਰੂਦੀ ਯਾਤਰੀ ਨੂੰ ਕਾਬੂ ਕਰਨ ’ਚ ਜਹਾਜ਼ ਦੇ ਸਟਾਫ ਦਾ ਸਾਥ ਦੇਣ ਲਈ ਜਹਾਜ਼ ’ਚ ਮੌਜੂਦ ਯਾਤਰੀ ਸ਼ਲਾਘਾ ਦੇ ਪਾਤਰ ਹਨ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਸਾਲ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ :

* 11 ਸਤੰਬਰ, 2023 ਨੂੰ ਇੰਡੀਗੋ ਦੀ ਮੁੰਬਈ-ਗੁਹਾਟੀ ਫਲਾਈਟ ’ਚ ਸੌਣ ਦਾ ਨਾਟਕ ਕਰ ਰਹੇ ਇਕ ਜਹਾਜ਼ ਯਾਤਰੀ ਨੇ ਆਪਣੇ ਨਾਲ ਵਾਲੀ ਸੀਟ ’ਤੇ ਬੈਠੀ ਔਰਤ ਦੇ ਸਰੀਰ ’ਤੇ ਪਹਿਲਾਂ ਤਾਂ ਆਪਣਾ ਹੱਥ ਰੱਖਿਆ ਅਤੇ ਫਿਰ ਉਸ ਦਾ ਸਰੀਰ ਟੋਹਣ ਲੱਗਾ। ਇਸ ’ਤੇ ਔਰਤ ਨੇ ਚੀਖ ਕੇ ਕੈਬਿਨ ਕਰੂ ਨੂੰ ਬੁਲਾ ਕੇ ਰੋਂਦੇ ਹੋਏ ਪੂਰੀ ਘਟਨਾ ਦੱਸੀ, ਜਿਸ ਪਿੱਛੋਂ ਹਵਾਈ ਅੱਡੇ ’ਤੇ ਪਹੁੰਚਣ ’ਤੇ ਦੋਸ਼ੀ ਯਾਤਰੀ ਨੂੰ ਸੈਕਸ ਸ਼ੋਸ਼ਣ ਦੇ ਦੋਸ਼ ’ਚ ਗ੍ਰਿਫਤਾਰ ਕਰ ਲਿਆ ਗਿਆ।

* 30 ਸਤੰਬਰ ਨੂੰ ਅਹਿਮਦਾਬਾਦ ਤੋਂ ਪਟਨਾ ਆ ਰਹੇ ਇੰਡੀਗੋ ਦੇ ਜਹਾਜ਼ ’ਚ ਸਵਾਰ ਇਕ ਯਾਤਰੀ ਨੇ ਏਅਰਹੋਸਟੈੱਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਵਿਰੋਧ ਕਰਨ ’ਤੇ ਖੁਦ ਨੂੰ ਜਹਾਜ਼ ਦੀ ਟਾਇਲਟ ’ਚ ਬੰਦ ਕਰ ਲਿਆ।

* 9 ਅਕਤੂਬਰ ਨੂੰ ਮੁੰਬਈ ਤੋਂ ਕੋਚੀ ਜਾ ਰਹੀ ਮਲਿਆਲਮ ਅਦਾਕਾਰਾ ਦਿਵਯਾ ਪ੍ਰਭਾਸ ਨਾਲ ਏਅਰ ਇੰਡੀਆ ਦੇ ਜਹਾਜ਼ ’ਚ ਛੇੜਛਾੜ ਕੀਤੀ ਗਈ।

ਜਹਾਜ਼ਾਂ ’ਚ ਹੋਣ ਵਾਲੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦਿਆਂ ਅਜਿਹੇ ਯਾਤਰੀਆਂ ਦਾ ਖਰੂਦ ਰੋਕਣ ਲਈ ਜਹਾਜ਼ਾਂ ’ਚ ਸਖਤ ਸੁਰੱਖਿਆ ਪ੍ਰਬੰਧ ਕਰਨ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਅਤੇ ਸਾਰੇ ਦੇਸ਼ਾਂ ਦੇ ਹਵਾਬਾਜ਼ੀ ਡਾਇਰੈਕਟੋਰੇਟਾਂ ਨੂੰ ਜਹਾਜ਼ਾਂ ’ਚ ਅਨੁਸ਼ਾਸਨ ਨੂੰ ਯਕੀਨੀ ਬਣਾਉਣ ਲਈ ਸਖਤ ਨਿਯਮ ਬਣਾਉਣ ਦੀ ਲੋੜ ਹੈ ਤਾਂ ਕਿ ਚੰਦ ਖਰੂਦੀਆਂ ਕਾਰਨ ਜਹਾਜ਼ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਵੀ ਖ਼ਤਰੇ ’ਚ ਨਾ ਪਵੇ। 
- ਵਿਜੇ ਕੁਮਾਰ


Harpreet SIngh

Content Editor

Related News