ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਿਹੋ ਜਿਹਾ ਭਵਿੱਖ ਛੱਡ ਰਹੇ ਹਾਂ?
Thursday, Feb 12, 2026 - 04:42 PM (IST)
ਆਜ਼ਾਦ ਭਾਰਤ ’ਚ ਅਜਿਹਾ ਕੋਈ ਸਮਾਂ ਯਾਦ ਕਰਨਾ ਔਖਾ ਹੈ ਜਦੋਂ ਪਬਲਿਕ ’ਚ ਗੱਲਬਾਤ ਦਾ ਲੈਵਲ ਇੰਨਾ ਨੀਵਾਂ ਚਲਾ ਗਿਆ ਹੋਵੇ ਜਾਂ ਜਦੋਂ ਨਫਰਤ, ਹਿੰਸਾ ਅਤੇ ਕਮਿਊਨਲਿਜ਼ਮ ਨਾਰਮਲ ਹੋ ਗਏ ਹੋਣ। ਇਹ ਵਰਚੁਅਲ ਅਤੇ ਰੀਅਲ ਦੁਨੀਆ ਦੋਵਾਂ ’ਚ ਹੋ ਰਿਹਾ ਹੈ, ਸ਼ਾਇਦ ਹਰ ਚੀਜ਼ ਇਕ-ਦੂਜੇ ਨੂੰ ਉਤਸ਼ਾਹਿਤ ਕਰ ਰਹੀ ਹੋਵੇ।
ਸਭ ਤੋਂ ਪਹਿਲਾਂ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ’ਤੇ ਝਾਤੀ ਮਾਰਦੇ ਹਾਂ। ਜਿੰਨੀ ਜ਼ਿਆਦਾ ਹਿੰਸਾ ਅਤੇ ਖੂਨ-ਖਰਾਬਾ ਹੋ ਰਿਹਾ ਹੈ ਓਨੇ ਹੀ ਵੱਧ ਅਜਿਹੇ ਸ਼ੋਅ ਪਾਪੂਲਰ ਹੋ ਰਹੇ ਹਨ ਜਿਨ੍ਹਾਂ ’ਚ ਇਹ ਸਭ ਦਿਖਾਇਆ ਜਾ ਰਿਹਾ ਹੈ। ਭਿਆਨਕ ਹੱਤਿਆਵਾਂ, ਧੌਣ ਵੱਢਣ, ਖੂਨ-ਖਰਾਬੇ ਅਤੇ ਟਾਰਚਰ ਦੇ ਸੀਨ ਦਰਸ਼ਕਾਂ ਨੂੰ ਪਸੰਦ ਆ ਰਹੇ ਹਨ। ‘ਐਨੀਮਲ’, ‘ਤੇਰੇ ਇਸ਼ਕ ਮੇਂ ਅਤੇ ‘ਧੁਰੰਧਰ’ ਵਰਗੀਆਂ ਫਿਲਮਾਂ ਜ਼ੁਲਮਪੁਣੇ ਨੂੰ ਇਕ ਵੱਖਰੇ ਪੱਧਰ ’ਤੇ ਲੈ ਜਾਂਦੀਆਂ ਹਨ। ਇਸੇ ਤਰ੍ਹਾਂ ‘ਪਾਤਾਲ ਲੋਕ’ ਵਰਗੇ ਟੈਲੀਵਿਜ਼ਨ ਸੀਰੀਅਲਸ ਸਾਡੇ ਖੂਨ ਜਮਾ ਦੇਣ ਵਾਲੇ ਸੀਨ ਦਿਖਾਉਂਦੇ ਹਨ। ਅਜਿਹੇ ਲਗਭਗ ਸਾਰੇ ਮਾਮਲਿਆਂ ’ਚ, ਹਿੰਸਾ ਕਰਨ ਵਾਲਾ ਵਿਅਕਤੀ (ਆਮ ਤੌਰ ’ਤੇ ਹੀਰੋ) ਬਿਨਾਂ ਕਿਸੇ ਕਾਨੂੰਨੀ ਸਜ਼ਾ ਦੇ ਬਚ ਜਾਂਦਾ ਹੈ। ਜ਼ਾਹਿਰ ਹੈ, ਅਜਿਹੇ ਸ਼ੋਅਜ਼ ਦੀ ਪ੍ਰਸਿੱਧੀ ਹੀ ਪ੍ਰੋਡਿਊਸਰ ਨੂੰ ਜ਼ੁਲਮਪੁਣਾ ਦਿਖਾਉਣ ਦਾ ਪੱਧਰ ਵਧਾਉਣ ਲਈ ਉਤਸ਼ਾਹਿਤ ਕਰਦੀ ਹੈ। ਵੱਖ-ਵੱਖ ਉਮਰ ਦੇ ਲੋਕਾਂ ਲਈ ਕਾਨੂੰਨੀ ਚਿਤਾਵਨੀ ਅਤੇ ਦੇਖਣ ’ਤੇ ਰੋਕ, ਅਜਿਹੀ ਹਿੰਸਾ ਦਾ ਦਰਸ਼ਕਾਂ ’ਤੇ ਕੀ ਅਸਰ ਹੋਵੇਗਾ, ਇਸ ’ਤੇ ਸੋਚਣ ਤੋਂ ਵੱਧ ਇਕ ਖਾਨਾਪੂਰਤੀ ਹੈ। ਇਹ ਸਭ ਬੋਲਣ ਦੀ ਆਜ਼ਾਦੀ ਦੇ ਨਾਂ ’ਤੇ ਹੋ ਰਿਹਾ ਹੈ ਪਰ ਇਸ ਨਾਲ ਇਨਸਾਨੀ ਮਾਨਸਿਕਤਾ ਨੂੰ, ਖਾਸ ਕਰ ਕੇ ਨੌਜਵਾਨਾਂ ਅਤੇ ਆਸਾਨੀ ਨਾਲ ਸਮਝ ’ਚ ਆਉਣ ਵਾਲੇ ਲੋਕਾਂ ਨੂੰ ਜੋ ਨੁਕਸਾਨ ਹੋ ਰਿਹਾ ਹੈ, ਉਹ ਬੜਾ ਜ਼ਿਆਦਾ ਹੈ ਅਤੇ ਲੰਬੇ ਸਮੇਂ ਤੱਕ ਰਹੇਗਾ। ਇਸ ’ਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਕਿ ਸਮਾਜ ’ਚ ਵੀ ਨਫਰਤ, ਹਿੰਸਾ ਅਤੇ ਫਿਰਕੂਪੁਣਾ ਆਮ ਹੁੰਦਾ ਜਾ ਰਿਹਾ ਹੈ। ਸਾਡੇ ਸਿਆਸੀ ਆਗੂ ਸਮਾਜ ’ਚ ਜ਼ਹਿਰ ਫੈਲਾਉਣ ’ਚ ਸਭ ਤੋਂ ਅੱਗੇ ਹਨ ਜਦਕਿ ਨਿਆਂਪਾਲਿਕਾ ਤੇ ਮੀਡੀਆ ਆਸਾਨੀ ਨਾਲ ਨਜ਼ਰਾਂ ਫੇਰ ਰਹੇ ਹਨ ਅਤੇ ਅਜਿਹੀਆਂ ਆਦਤਾਂ ’ਤੇ ਸਵਾਲ ਨਹੀਂ ਉਠਾ ਰਹੇ ਹਨ।
ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇਕ ਛੋਟਾ ਵੀਡੀਓ ਕਲਿਪ ਵਾਇਰਲ ਹੋਇਆ। ਇਸ ’ਚ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਬੰਦੂਕ ਫੜੀ ਇਕ ਖਾਸ ਭਾਈਚਾਰੇ ਦੇ ਲੋਕਾਂ ਦੇ ਸਮੂਹ ’ਤੇ ਗੋਲੀ ਚਲਾਉਂਦੇ ਦਿਸ ਰਹੇ ਸਨ। ਇਹ ਵੀਡੀਓ ਕਲਿਪ ਕਿਸੇ ਹੋਰ ਨੇ ਨਹੀਂ ਸਗੋਂ ਆਸਾਮ ’ਚ ਭਾਰਤੀ ਜਨਤਾ ਪਾਰਟੀ ਦੇ ਅਧਿਕਾਰਕ ਮੀਡੀਆ ਹੈਂਡਲ ਨੇ ਜਾਰੀ ਕੀਤਾ ਸੀ। ਕਲਿਪ ਦਾ ਟਾਈਟਲ ‘ਪੁਆਇੰਟ ਬਲੈਂਕ ਸ਼ਾਟ’ ਸੀ ਅਤੇ ਉਸ ’ਚ ਲਿਖਿਆ ਸੀ ‘ਨੋ ਮਰਸੀ’। ਸੋਸ਼ਲ ਮੀਡੀਆ ’ਤੇ ਹੰਗਾਮਾ ਮਚਣ ਦੇ ਬਾਅਦ ਪਾਰਟੀ ਦੀ ਆਸਾਮ ਇਕਾਈ ਦੇ ਅਧਿਕਾਰਕ ਸੋਸ਼ਲ ਮੀਡੀਆ ਅਕਾਊਂਟ ਤੋਂ ਕਲਿਪ ਹਟਾ ਦਿੱਤਾ ਗਿਆ ਪਰ ਓਨੀ ਹੀ ਬੁਰੀ ਗੱਲ ਇਹ ਸੀ ਕਿ ਮੁੱਖ ਮੰਤਰੀ ਜਾਂ ਪਾਰਟੀ ਦੇ ਕਿਸੇ ਵੀ ਨੇਤਾ ਨੇ ਵੀਡੀਓ ਦੇ ਕੰਟੈਂਟ ਲਈ ਮੁਆਫੀ ਮੰਗਣ ਜਾਂ ਉਸ ਦੀ ਨਿਖੇਧੀ ਕਰਨ ਤੋਂ ਨਾਂਹ ਕਰ ਦਿੱਤੀ। ਸਰਮਾ ਨੇ ਇਹ ਅਜੀਬ ਦਲੀਲ ਦਿੱਤੀ ਹੈ ਕਿ ਉਨ੍ਹਾਂ ਨੇ 10 ਸੈਕਿੰਡ ਦਾ ਕਲਿਪ ਨਹੀਂ ਦੇਖਿਆ ਜਦਕਿ ਇਹ ਸੋਸ਼ਲ ਮੀਡੀਆ ’ਤੇ ਲਗਾਤਾਰ ਮੌਜੂਦ ਹੈ। ਇਹ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਇੰਨੇ ਨਫਰਤ ਭਰੇ ਅਤੇ ਫਿਰਕੂ ਵੀਡੀਓ ਲਈ ਕੋਈ ਅਫਸੋਸ ਨਹੀਂ ਹੈ।
ਇਹ ਉਹੀ ਮੁੱਖ ਮੰਤਰੀ ਹਨ ਜਿਨ੍ਹਾਂ ਨੇ ਹਾਲ ਹੀ ’ਚ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਮੁਸਲਿਮ ਰਿਕਸ਼ਾ ਚਾਲਕ 5 ਰੁਪਏ ਮੰਗੇ ਤਾਂ ਉਸ ਨੂੰ ਸਿਰਫ 4 ਰੁਪਏ ਦੇ ਕੇ ਵਿੱਤੀ ਨੁਕਸਾਨ ਪਹੁੰਚਾਇਆ ਜਾਵੇ। ਉਨ੍ਹਾਂ ਨੂੰ ਲੱਗਦਾ ਹੈ ਕਿ ਨਾਜਾਇਜ਼ ਪ੍ਰਵਾਸੀਆਂ ਨੂੰ ਸੂਬਾ ਛੱਡਣ ਲਈ ਮਜਬੂਰ ਕਰਨ ਦਾ ਇਹੀ ਇਕੋ-ਇਕ ਤਰੀਕਾ ਹੈ। ਉਨ੍ਹਾਂ ਦੀ ਆਪਣੀ ਸਰਕਾਰ ਦੀ ਘੁਸਪੈਠ ਰੋਕਣ ਜਾਂ ਨਾਜਾਇਜ਼ ਪ੍ਰਵਾਸੀਆਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਦਾ ਕੀ, ਜੋ ਇਕ ਦਹਾਕੇ ਤੋਂ ਸੂਬੇ ’ਤੇ ਰਾਜ ਕਰ ਰਹੀ ਹੈ? ਖਾਸ ਕਰ ਕੇ ਉਦੋਂ, ਜਦੋਂ ਉਹੀ ਪਾਰਟੀ ਕੇਂਦਰ ’ਚ ਵੀ ਸੱਤਾ ’ਚ ਹੈ ਅਤੇ ਬਾਰਡਰ ਪਾਰ ਤੋਂ ਨਾਜਾਇਜ਼ ਪ੍ਰਵਾਸ ਨੂੰ ਰੋਕਣ ਲਈ ਜ਼ਿੰਮੇਵਾਰ ਹੈ। ਘੱਟਗਿਣਤੀਆਂ ’ਤੇ ਉਨ੍ਹਾਂ ਦੇ ਹਾਲੀਆ ਹਮਲਿਆਂ ਤੋਂ ਅਜਿਹਾ ਜਾਪਦਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਸੂਬੇ ’ਚ ਹੋਏ ਵਿਕਾਸ ਅਤੇ ਤਰੱਕੀ ਦੇ ਆਧਾਰ ’ਤੇ ਸੂਬੇ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਦਾ ਭਰੋਸਾ ਨਹੀਂ ਹੈ। ਉਨ੍ਹਾਂ ਨੇ ਹਾਲ ਹੀ ’ਚ ਆਪਣੇ ਮੁੱਖ ਕਾਂਗਰਸੀ ਵਿਰੋਧੀ ਗੌਰਵ ਗੋਗੋਈ ’ਤੇ ਵੀ ਵਾਰ ਕੀਤਾ, ਉਨ੍ਹਾਂ ’ਤੇ ਅਤੇ ਉਨ੍ਹਾਂ ਦੀ ਪਤਨੀ ’ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਦੋਸ਼ ਲਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਉਨ੍ਹਾਂ ਦੇ ਵਿਰੁੱਧ 500 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਵੀ ਕੀਤਾ।
ਸੁਪਰੀਮ ਕੋਰਟ ਹੁਣ ਮੁੱਖ ਮੰਤਰੀ ਦੀ ‘ਹੇਟ ਸਪੀਚ’ ਦੇ ਵਿਰੁੱਧ ਇਕ ਪਟੀਸ਼ਨ ’ਤੇ ਸੁਣਵਾਈ ਲਈ ਤਿਆਰ ਹੋ ਗਈ ਹੈ। ਸੁਣਵਾਈ ਲਈ ਪਟੀਸ਼ਨ ਪ੍ਰਵਾਨ ਕਰਦੇ ਹੋਏ, ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਮਜ਼ਾਕੀਆ ਅੰਦਾਜ਼ ’ਚ ਕਿਹਾ ਕਿ ਜਿਵੇਂ ਇਲੈਕਸ਼ਨ ਹੁੰਦੇ ਹਨ, ਉਵੇਂ ਹੀ ਇਲੈਕਸ਼ਨ ਦਾ ਇਕ ਹਿੱਸਾ ਸੁਪਰੀਮ ਕੋਰਟ ’ਚ ਵੀ ਹੁੰਦਾ ਹੈ। ਸੁਣਵਾਈ ਲਈ ਅਜੇ ਕੋਈ ਤਰੀਕ ਤੈਅ ਨਹੀਂ ਹੋਈ ਹੈ ਅਤੇ ਇਹ ਆਸ ਘੱਟ ਹੈ ਕਿ ਮੁੱਖ ਮੰਤਰੀ ਮੁਸਲਿਮ ਭਾਈਚਾਰੇ ਵਿਰੁੱਧ ਆਪਣੀ ਬਿਆਨਬਾਜ਼ੀ ਘੱਟ ਕਰਨਗੇ।
ਸਰੀਰਕ ਹਿੰਸਾ ਅਤੇ ਕਮਿਊਨਲਿਜ਼ਮ ਦੀਆਂ ਖੁੱਲ੍ਹੀਆਂ ਧਮਕੀਆਂ ਦਾ ਇਕ ਹੋਰ ਮਾਮਲਾ ਉੱਤਰਾਖੰਡ ਦੇ ਕੋਟਦੁਆਰ ਦੀ ਘਟਨਾ ਨਾਲ ਜੁੜਿਆ ਹੈ। ਫਿਰ ਤੋਂ ਇਕ ਵੀਡੀਓ ਕਲਿਪ ਘੁੰਮ ਰਿਹਾ ਹੈ ਜਿਸ ’ਚ ਇਕ ਗਰੁੱਪ ਦੇ ਲੋਕ ਇਕ ਹਿੰਦੂ ਨੌਜਵਾਨ ਵਲੋਂ ਦੂਸਰੇ ਭਾਈਚਾਰੇ ਦੇ ਇਕ ਬਜ਼ੁਰਗ ਵਿਅਕਤੀ ਨੂੰ ਬਚਾਉਣ ਲਈ ਕੀਤੀ ਗਈ ਕਾਰਵਾਈ ਦਾ ‘ਬਦਲਾ’ ਲੈਣ ਲਈ ਬਸਤੀ ਵੱਲ ਮਾਰਚ ਕਰਨਗੇ। ਅੱਗ ਉਗਲਣ ਵਾਲਾ ਆਗੂ ਨੌਜਵਾਨਾਂ ਨੂੰ ਇਕ ਖਾਸ ਦਿਨ ਅਤੇ ਸਮੇਂ ’ਤੇ ਵੱਡੀ ਗਿਣਤੀ ’ਚ ਸ਼ਾਮਲ ਹੋਣ ਲਈ ਉਕਸਾਉਂਦਾ ਹੋਇਆ ਅਤੇ ਪੁਲਸ ਨੂੰ ਉਨ੍ਹਾਂ ਨੂੰ ਰੋਕਣ ਦੀ ਹਿੰਮਤ ਕਰਨ ਦੀ ਚੁਣੌਤੀ ਦਿੰਦਾ ਹੋਇਆ ਦਿਸ ਰਿਹਾ ਹੈ। ਇਹ ਕਾਲਮ ਲਿਖੇ ਜਾਣ ਤਕ, ਨਾ ਤਾਂ ਪੁਲਸ ਅਤੇ ਨਾ ਹੀ ਨਿਆਂਪਾਲਿਕਾ ਨੇ ਇਸ ਧਮਕੀ ’ਤੇ ਕੋਈ ਧਿਆਨ ਦਿੱਤਾ ਸੀ।
ਵੱਡੇ ਪੈਮਾਨੇ ’ਤੇ ਸਮਾਜ ਅਤੇ ਖਾਸ ਕਰ ਕੇ ਸਾਡੇ ਸੀਨੀਅਰ ਨੇਤਾਵਾਂ ਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ ਅਤੇ ਇਸ ਗੱਲ ’ਤੇ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਿਹੋ ਜਿਹਾ ਮਾਹੌਲ ਛੱਡ ਕੇ ਜਾ ਰਹੇ ਹਾਂ।
ਵਿਪਿਨ ਪੱਬੀ
