ਕੌਣ ਸਹੀ ਹੈ, ਡੋਨਾਲਡ ਟਰੰਪ ਜਾਂ ਪੋਪ?

Friday, May 01, 2026 - 03:45 PM (IST)

ਕੌਣ ਸਹੀ ਹੈ, ਡੋਨਾਲਡ ਟਰੰਪ ਜਾਂ ਪੋਪ?

ਦੁਨੀਆ ਭਰ ’ਚ ਰੋਮਨ ਕੈਥੋਲਿਕਾਂ ਦਾ ਇਕ ਬਹੁਤ ਵੱਡਾ ਬਹੁਮਤ ਪੋਪ ਦੀਆਂ ਸਿੱਖਿਆਵਾਂ ਦਾ ਪਾਲਣ ਕਰਦਾ ਹੈ ਕਿਉਂਕਿ ਕੈਥੋਲਿਕ ਧਰਮ ਦਾ ਈਸਾਈਅਤ ਨੂੰ ਆਪਣਾ ਧਰਮ ਮੰਨਣ ਵਾਲਿਆਂ ’ਚ ਸਭ ਤੋਂ ਵੱਡਾ ਪੈਰੋਕਾਰ ਸਮੂਹ ਹੈ, ਇਸ ਲਈ ਡੋਨਾਲਡ ਟਰੰਪ, ਜੋ ਮੌਜੂਦਾ ਸਮੇਂ ’ਚ ਅਮਰੀਕਾ ਦੇ ਰਾਸ਼ਟਰਪਤੀ ਹਨ ਅਤੇ ਨਤੀਜੇ ਵਜੋਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹਨ, ਉਹ ਵਿਸ਼ਵ ਮੰਚ ’ਤੇ ਉਨ੍ਹਾਂ ਦੇ (ਟਰੰਪ ਦੇ) ਫੈਸਲਿਆਂ ਅਤੇ ਕਾਰਜਾਂ ਬਾਰੇ ਪੋਪ ਕੀ ਕਹਿੰਦੇ ਹਨ, ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।

ਜਦੋਂ ਟਰੰਪ ਨੇ ਨਿਯਮ-ਆਧਾਰਿਤ ਵਿਵਸਥਾ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜਿਸ ’ਤੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਸਾਰੇ ਮਹੱਤਵਪੂਰਨ ਦੇਸ਼ਾਂ ਨੇ ਸਹਿਮਤੀ ਪ੍ਰਗਟਾਈ ਸੀ ਅਤੇ ਇਕਤਰਫ਼ਾ ਆਪਣੇ ਕਮਾਂਡੋ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਗਵਾ ਕਰਨ ਅਤੇ ਉਨ੍ਹਾਂ ਨੂੰ ਵੈਨੇਜ਼ੁਏਲਾ ਤੋਂ ਅਮਰੀਕਾ ਲੈ ਕੇ ਜਾਣ ਲਈ ਭੇਜੇ, ਤਾਂ ਪੋਪ ਹੈਰਾਨ ਰਹਿ ਗਏ। ਉਨ੍ਹਾਂ ਨੇ ਟਰੰਪ ਦੇ ਇਸ ਕਾਰੇ ਨੂੰ ਰੱਦ ਕਰ ਦਿੱਤਾ ਪਰ ਤਦ ਤੱਕ ਕੁਝ ਨਹੀਂ ਕਿਹਾ, ਜਦੋਂ ਤੱਕ ਟਰੰਪ ਨੇ ਆਪਣੇ ਦੋਸਤ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਉਕਸਾਵੇ ’ਤੇ ਈਰਾਨ ’ਤੇ ਹਮਲਾ ਨਹੀਂ ਕਰ ਦਿੱਤਾ।

ਅੱਜ ਕੈਥੋਲਿਕ ਚਰਚ ’ਚ ਸੇਂਟ ਪੀਟਰ ਦੇ ਸਿੰਘਾਸਨ ’ਤੇ ਬੈਠਣ ਵਾਲਾ ਪਹਿਲਾ ਅਮਰੀਕੀ ਨਾਗਰਿਕ ਹੈ। ਆਪਣੇ ਸ਼ਾਸਨ ਦੇ ਪਹਿਲੇ 10 ਮਹੀਨਿਆਂ ’ਚ ਪੋਪ ਕਾਫ਼ੀ ਹੱਦ ਤੱਕ ਚੁੱਪ ਰਹੇ ਅਤੇ ਸਿਰਫ ਹਾਲ ਹੀ ’ਚ, ਜਦੋਂ ਅਮਰੀਕਾ-ਈਰਾਨ ਜੰਗ ਨੇ ਹਰ ਜਗ੍ਹਾ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ, ਉਦੋਂ ਲਿਓ 14ਵੇਂ ਨੇ ਆਵਾਜ਼ ਉਠਾਈ। ਉਨ੍ਹਾਂ ਨੇ ਕਿਹਾ ਕਿ ਟਰੰਪ (ਅਸਲ ’ਚ ਉਨ੍ਹਾਂ ਦਾ ਨਾਂ ਲਏ ਬਿਨਾਂ ਪਰ ਦੁਨੀਆ ਨੂੰ ਇਹ ਦੱਸ ਕੇ ਕਿ ਉਹ ਕਿਸ ਦਾ ਜ਼ਿਕਰ ਕਰ ਰਹੇ ਸਨ) ਇਕ ਅੱਤਿਆਚਾਰੀ ਸਨ, ਜਿਨ੍ਹਾਂ ਨੂੰ ‘ਸਰਵਸ਼ਕਤੀਮਾਨ ਹੋਣ ਦਾ ਭਰਮ’ ਸੀ!

ਪੋਪ ਦਾ ਚੁੱਪਚਾਪ ਰਹਿਣ ਤੋਂ ਇਕ ਅਧਿਆਤਮਿਕ ਆਗੂ ਵਜੋਂ ਉੱਭਰਨਾ, ਜਿਸ ਨੇ ਅੱਤਿਆਚਾਰੀਆਂ ਖ਼ਿਲਾਫ਼ ਗੱਲ ਕੀਤੀ, ਉਨ੍ਹਾਂ ਦੇ ਜਨਮ ਦੇ ਦੇਸ਼ ਦੇ ਰਾਸ਼ਟਰਪਤੀ ਅਤੇ ਪੋਪ ਚੁਣੇ ਗਏ ਪਹਿਲੇ ਅਮਰੀਕੀ ਨਾਗਰਿਕ ਵਿਚਕਾਰ ਤਕਰਾਰ ਦੀ ਜੜ੍ਹ ਸੀ। ਧਰਤੀ ’ਤੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਦਾ ‘ਸਰਵਸ਼ਕਤੀਮਾਨ ਹੋਣ ਦਾ ਭਰਮ’ ਪਾਲਣ ਦਾ ਸਹੀ ਵਰਣਨ ਹੀ ਅਮਰੀਕੀ ਰਾਸ਼ਟਰਪਤੀ ਨੂੰ ਅੰਦਰ ਤੱਕ ਝੰਜੋੜ ਗਿਆ ਹੋਵੇਗਾ।

ਅਗਲੇ ਹੀ ਦਿਨ ਟਰੰਪ ਨੇ ਪੋਪ ਲਿਓ ਨੂੰ ਇਕ ਅਜਿਹੇ ਵਿਅਕਤੀ ਵਜੋਂ ਬਿਆਨ ਕੀਤਾ, ਜੋ ‘ਵਿਦੇਸ਼ ਨੀਤੀ ਬਾਰੇ ਕੁਝ ਨਹੀਂ ਜਾਣਦਾ ਸੀ’ ਅਤੇ ‘ਅਪਰਾਧ ’ਤੇ ਕਮਜ਼ੋਰ ਸੀ’। ਜ਼ਿਆਦਾਤਰ ਲੋਕਾਂ ਦੇ ਮਨ ’ਚ, ਇੱਥੋਂ ਤੱਕ ਕਿ ਅਮਰੀਕਾ ’ਚ ਵੀ (ਸਿਵਾਏ ਉਨ੍ਹਾਂ ਦੇ ਕੱਟੜ ਐੱਮ. ਏ. ਜੀ. ਏ. (ਮੇਕ ਅਮਰੀਕਾ ਗ੍ਰੇਟ ਅਗੇਨ) ਸਮਰਥਕਾਂ ਦੇ, ਜੋ ਜ਼ਿਆਦਾਤਰ ਇਵੈਂਜੇਲੀਕਲ ਈਸਾਈ ਧਰਮ ਨਾਲ ਸਬੰਧਤ ਸਫੈਦ ਬਲੂ-ਕਾਲਰ ਕਾਮੇ ਹਨ), ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਨੈਤਿਕ ਤੌਰ ’ਤੇ ਗਲਤ ਸਨ। ਟਰੰਪ ਯਕੀਨੀ ਤੌਰ ’ਤੇ ਰੋਮਨ ਕੈਥੋਲਿਕਾਂ ਦੇ ਵੱਡੇ ਈਸਾਈ ਸੰਪਰਦਾ ਨੂੰ ਆਪਣੇ ਪੱਖ ’ਚ ਰੱਖਣਾ ਚਾਹੁੰਦੇ ਹੋਣਗੇ ਪਰ ਪੋਪ ਦੀ ਸਮੇਂ ਸਿਰ ਕੀਤੀ ਗਈ ਤਿੱਖੀ ਆਲੋਚਨਾ ਨੇ ਉਨ੍ਹਾਂ ਦੇ ਸਮੀਕਰਨਾਂ ਨੂੰ ਵਿਗਾੜ ਦਿੱਤਾ ਸੀ। ਉਪ-ਰਾਸ਼ਟਰਪਤੀ ਜੇ. ਡੀ. ਵੇਂਸ, ਜੋ ਖ਼ੁਦ ਇਕ ਕੈਥੋਲਿਕ ਹਨ, ਨੇ ਪੋਪ ਨੂੰ ‘ਨੈਤਿਕਤਾ ਦੇ ਮਾਮਲਿਆਂ ’ਤੇ ਟਿਕੇ ਰਹਿਣ’ ਦੀ ਸਲਾਹ ਦਿੱਤੀ, ਜਿਸ ਦਾ ਮਤਲਬ ਸੀ ਕਿ ਟਰੰਪ ਦੇ ਫੈਸਲਿਆਂ ਅਤੇ ਕਾਰਜਾਂ ਨੇ ਨੈਤਿਕਤਾ ਦੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਸੀ!

ਵੇਂਸ ਦੀ ਗਲਤ ਸਲਾਹ ਪੋਪ ਨੂੰ ਵਿਚਲਿਤ ਨਹੀਂ ਕਰ ਪਾਉਂਦੀ ਪਰ ਉਨ੍ਹਾਂ ਦੇ ਆਪਣੇ ਭਰਾ, ਲੁਈ ਮਾਰਟਿਨ ਪ੍ਰੇਵੋਸਟ ਅਤੇ ਉਨ੍ਹਾਂ ਦੇ ਪਰਿਵਾਰ, ਜੋ ਉਪਨਗਰੀ ਸ਼ਿਕਾਗੋ ਦੇ ਇਕ ਰਿਹਾਇਸ਼ੀ ਇਲਾਕੇ ’ਚ ਰਹਿ ਰਹੇ ਸਨ, ਦੇ ਜੀਵਨ ’ਤੇ ਖ਼ਤਰੇ ਨੇ ਯਕੀਨੀ ਤੌਰ ’ਤੇ ਅਜਿਹਾ ਕੀਤਾ। ਜੇਕਰ ਇਹ ਖ਼ਤਰਾ ਐੱਮ. ੲੇ. ਜੀ. ਏ. ਸਮਰਥਕਾਂ ਵੱਲੋਂ ਇੰਜੀਨੀਅਰ ਕੀਤਾ ਗਿਆ ਸੀ, ਤਾਂ ਇਹ ਇਕੱਲੇ ਹੀ ਉਸ ਮਾਰਗ ਬਾਰੇ ਬਹੁਤ ਕੁਝ ਕਹਿੰਦਾ ਹੈ, ਜੋ ਰਾਜਨੀਤੀ ਹੁਣ ਅਜਿਹੇ ਦੇਸ਼ ’ਚ ਅਪਣਾ ਰਹੀ ਹੈ, ਜੋ ਦੂਜੇ ਰਾਸ਼ਟਰਾਂ ਨੂੰ ਲੋਕਤੰਤਰ ਦਾ ਉਪਦੇਸ਼ ਦਿੰਦਾ ਹੈ। ਤੱਥ ਇਹ ਹੈ ਕਿ ਪੋਪ, ਜਿਨ੍ਹਾਂ ਨੇ ਇੰਨੀ ਹਿੰਮਤ ਨਾਲ ‘ਸਰਵਸ਼ਕਤੀਮਾਨ ਹੋਣ ਦੇ ਭਰਮ’ ਦੇ ਵਿਰੁੱਧ ਆਵਾਜ਼ ਉਠਾਈ ਸੀ, ਨੇ ਰੋਮ ’ਚ ਰਾਸ਼ਟਰਪਤੀ ਟਰੰਪ ਦੇ ਵਿਰੁੱਧ ਆਪਣੀ ਤਿੱਖੀ ਆਲੋਚਨਾ ਦੇਣ ਦੇ ਤੁਰੰਤ ਬਾਅਦ ਅਫਰੀਕੀ ਦੇਸ਼ਾਂ ’ਚ ਆਪਣੀਆਂ ਸੁਲਹਕਾਰੀ ਟਿੱਪਣੀਆਂ ’ਚ ਉਨ੍ਹਾਂ ਟਿੱਪਣੀਆਂ ਦੇ ਨਤੀਜੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ।

ਕਈ ਅਮਰੀਕੀ ਨਾਗਰਿਕ ਹਨ ਜੋ ਈਰਾਨ ਦੇ ਅਯਾਤੁੱਲਾ ਸ਼ਾਸਨ ਦੇ ਵਿਰੁੱਧ ਰਾਸ਼ਟਰਪਤੀ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਜੰਗ ਨੂੰ ਰੱਦ ਕਰਦੇ ਹਨ। ਇਹ ਸਭ ਨੂੰ ਪਤਾ ਹੈ ਕਿ ਟਰੰਪ ਨੇ ਬੈਂਜਾਮਿਨ ਨੇਤਨਯਾਹੂ ਦੇ ਉਕਸਾਵੇ ’ਤੇ ਅਜਿਹਾ ਕੀਤਾ, ਜਿਨ੍ਹਾਂ ਨੇ ਜ਼ਾਹਿਰ ਤੌਰ ’ਤੇ ਟਰੰਪ ਦੇ ‘ਸਰਵਸ਼ਕਤੀਮਾਨ ਹੋਣ ਦੇ ਭਰਮ’ ਦਾ ਫਾਇਦਾ ਉਠਾਇਆ ਤਾਂ ਜੋ ਇਜ਼ਰਾਈਲ ਦੇ ਯਹੂਦੀ ਧਰਮ ਅਤੇ ਇਜ਼ਰਾਈਲ ਦੇ ਖ਼ਿਲਾਫ਼ ਆਪਣੇ ਧਾਰਮਿਕ ਪੱਖਪਾਤ ਤੋਂ ਸੇਧਿਤ ਈਰਾਨ ਨਾਲ ਚੱਲ ਰਹੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।

ਇਹ ਸਪੱਸ਼ਟ ਹੈ ਕਿ ਡੋਨਾਲਡ ਟਰੰਪ ਨੇ ਫ਼ਾਰਸੀ ਇਤਿਹਾਸ ਦਾ ਅਧਿਐਨ ਨਹੀਂ ਸੀ ਕੀਤਾ। ਜੇਕਰ ਉਨ੍ਹਾਂ ਨੇ ਕੀਤਾ ਹੁੰਦਾ, ਤਾਂ ਉਨ੍ਹਾਂ ਨੂੰ ਪਤਾ ਲੱਗਦਾ ਕਿ ਪ੍ਰਾਚੀਨ ਫ਼ਾਰਸ ਦੇ ਪਾਰਥੀਅਨ ਸਮਰਾਟਾਂ, ਜਿਸ ਤੋਂ ਬਾਅਦ ਸਸੈਨੀਅਨ ਸ਼ਾਸਕਾਂ ਨੇ, ਆਪਣੇ ਸਮੇਂ ਦੀ ਸ਼ਾਸਨ ਕਰਨ ਵਾਲੀ ਵਿਸ਼ਵ ਸ਼ਕਤੀ, ਪੂਰਬੀ ਰੋਮਨ ਸਾਮਰਾਜ ਦਾ ਵਿਰੋਧ ਕੀਤਾ ਸੀ, ਜਿਸ ਨੇ ਕਾਂਸਟੈਂਟੀਨੋਪਲ (ਜਿਸ ਨੂੰ ਹੁਣ ਓਟੋਮਨ ਤੁਰਕਾਂ ਵੱਲੋਂ ਇਸਤਾਂਬੁਲ ਨਾਂ ਦਿੱਤਾ ਗਿਆ ਹੈ) ਤੋਂ ਸ਼ਾਸਨ ਕੀਤਾ ਸੀ। ਇੱਥੋਂ ਤੱਕ ਕਿ ਰੋਮਨ ਸਾਮਰਾਜ ਵੀ ਫ਼ਾਰਸ ਨੂੰ ਅਧੀਨ ਨਹੀਂ ਕਰ ਸਕਿਆ। ਇਸ ਨੂੰ ਸਸੈਨੀਅਨਾਂ ਨਾਲ ਇਕ ਬਰਾਬਰ ਦੀ ਸ਼ਕਤੀ ਵਜੋਂ ਰਹਿਣ ਲਈ ਮਜਬੂਰ ਹੋਣਾ ਪਿਆ, ਜਿਨ੍ਹਾਂ ਨੇ ਅਰਬ ਟੋਲਿਆਂ ਦੇ ਫ਼ਾਰਸ ’ਚ ਦਾਖਲ ਹੋਣ ਅਤੇ ਫ਼ਾਰਸੀ ਲੋਕਾਂ ਨੂੰ ਇਸਲਾਮ ’ਚ ਤਬਦੀਲ ਕਰਨ ਤੱਕ ਪਾਰਸੀ ਧਰਮ ਦੀ ਪਾਲਣਾ ਕੀਤੀ।

ਅਮਰੀਕੀ ਰਾਸ਼ਟਰਪਤੀ, ਜੋ ਆਪਣੇ ਦੇਸ਼ ਦੀ ਆਰਥਿਕ ਅਤੇ ਫ਼ੌਜੀ ਖੇਤਰ ’ਚ ਸਰਦਾਰੀ ਦੇ ਕਾਰਨ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹਨ ਅਤੇ ਪੋਪ, ਜੋ ਦੁਨੀਆ ਭਰ ’ਚ ਲੱਖਾਂ ਕੈਥੋਲਿਕਾਂ ਦੇ ਅਧਿਆਤਮਿਕ ਆਗੂ ਹਨ, ਵਿਚਕਾਰ ਤਕਰਾਰ ’ਤੇ ਪਰਤਦੇ ਹੋਏ, ਮੈਂ ਮਹਿਸੂਸ ਕਰ ਸਕਦਾ ਸੀ ਕਿ ਮੁੰਬਈ ’ਚ ਮੇਰੇ ਦੋਸਤ, ਕੈਥੋਲਿਕ ਅਤੇ ਗੈਰ-ਕੈਥੋਲਿਕ ਦੋਵੇਂ, ਲਿਓ 14ਵੇਂ ਨਾਲ ਪੂਰੀ ਤਰ੍ਹਾਂ ਸਹਿਮਤ ਸਨ। ਮੁੰਬਈ ਦੇ ਕੈਥੋਲਿਕਾਂ ਦੇ ਇਕ ਵੱਡੇ ਬਹੁਮਤ ਦੇ ਨਾਲ, ਮੈਂ ਯਕੀਨੀ ਤੌਰ ’ਤੇ ਪੋਪ ਦੇ ਨਾਲ ਹਾਂ।

ਜਦੋਂ ਲਿਓ ਨੇ ਬਾਅਦ ’ਚ ਆਪਣੀ ਆਲੋਚਨਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਦੁੱਖ ਹੋਇਆ ਪਰ ਅੱਗੇ ਵਿਚਾਰ ਕਰਨ ’ਤੇ ਮੈਨੂੰ ਅਹਿਸਾਸ ਹੋਇਆ ਕਿ ਪੋਪ ਵੀ ਇਨਸਾਨ ਹਨ। ਉਹ ਆਪਣੇ ਦੋ ਭਰਾਵਾਂ ਜਾਂ ਆਪਣੇ ਜਨਮ ਦੇ ਦੇਸ਼ ’ਚ ਰਹਿਣ ਵਾਲੇ ਹੋਰ ਰਿਸ਼ਤੇਦਾਰਾਂ ਨੂੰ ਜਾਨਲੇਵਾ ਖ਼ਤਰੇ ’ਚ ਨਹੀਂ ਪਾ ਸਕਦੇ। ਡੋਨਾਲਡ ਟਰੰਪ ਦੇ ਐੱਮ. ਏ. ਜੀ. ਏ. ਸਮਰਥਕ ਕਿਸੇ ਵੀ ਤਰ੍ਹਾਂ, ਸਹੀ ਜਾਂ ਗਲਤ, ‘ਮੇਕ ਅਮਰੀਕਾ ਗ੍ਰੇਟ ਅਗੇਨ’ ਦਾ ਇਰਾਦਾ ਰੱਖਦੇ ਹਨ। ਇਹ ਕੁਝ ਅਜਿਹਾ ਹੈ ਜਿਸ ਦਾ ਅਨੁਭਵ ਅਸੀਂ ਭਾਰਤ ’ਚ ਵੀ ਚੋਣਾਂ ਦੇ ਸਮੇਂ ਕਰਦੇ ਹਾਂ, ਜਦੋਂ ਜਿੱਤਣਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ, ਸਾਧਨ ਪੂਰੀ ਤਰ੍ਹਾਂ ਗੈਰ-ਪ੍ਰਾਸੰਗਿਕ ਹੁੰਦੇ ਹਨ। ‘ਨੈਤਿਕਤਾ’ ਉੱਤੇ ਵੇਂਸ ਦੇ ਵਿਚਾਰਾਂ ਵਾਂਗ, ‘ਨੈਤਿਕਤਾ’ ਸ਼ਬਦ ਦਾ ਵਰਣਨ ਤਦ ਬਦਲ ਜਾਂਦਾ ਹੈ, ਜਦੋਂ ਰਾਜਨੀਤੀ ਅਤੇ ਸੱਤਾ ਦੀ ਭਾਲ ਸਭ ਤੋਂ ਉੱਪਰ ਹੋ ਜਾਂਦੀ ਹੈ।

ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)


author

Rakesh

Content Editor

Related News