ਸਾਮਰਾਜ ਵਾਦ ਅਤੇ ਕਾਰਪੋਰੇਟ ਸੋਸ਼ਣ ਤੋਂ ਮੁਕਤੀ ਦਾ ਇਕ ਨਵਾਂ ਲੋਕ ਯੁੱਧ ਛਿੜੇਗਾ

Saturday, Jun 28, 2025 - 05:40 PM (IST)

ਸਾਮਰਾਜ ਵਾਦ ਅਤੇ ਕਾਰਪੋਰੇਟ ਸੋਸ਼ਣ ਤੋਂ ਮੁਕਤੀ ਦਾ ਇਕ ਨਵਾਂ ਲੋਕ ਯੁੱਧ ਛਿੜੇਗਾ

ਮੌਜੂਦਾ ਦੌਰ ’ਚ ਦੁਨੀਆ ਦੇ ਵੱਖੋ-ਵੱਖ ਦੇਸ਼ਾਂ ਦਰਮਿਆਨ ਛਿੜੀਆਂ ਭਿਆਨਕ ਜੰਗਾਂ ’ਚ ਮਨੁੱਖਤਾ ਦਾ ਅਕਹਿ ਤੇ ਅਸਹਿ ਘਾਣ ਹੋ ਰਿਹਾ ਹੈ। ਯੂਕ੍ਰੇਨ-ਰੂਸ ਜੰਗ ’ਚ ਨਾ ਕੇਵਲ ਹਜ਼ਾਰਾਂ ਲੋਕ ਮਾਰੇ ਗਏ ਹਨ, ਬਲਕਿ ਯੂਕ੍ਰੇਨ ਦੀ ਧਰਤੀ ਦਾ ਵੱਡਾ ਹਿੱਸਾ ਵੀ ਖੰਡਰ ਬਣ ਗਿਆ ਹੈ। ਜੰਗ ਦਾ ਨਤੀਜਾ ਭਾਵੇਂ ਕੁਝ ਵੀ ਨਿਕਲੇ ਪਰ ਯੂਕ੍ਰੇਨ ਅਮਰੀਕਾ ਤੇ ਯੂਰਪੀਅਨ ਦੇਸ਼ਾਂ ਦੇ ਸਾਮਰਾਜੀ ਗੁੱਟਾਂ ਤੋਂ ਹਥਿਆਰ ਖਰੀਦ ਕੇ ਜਿਸ ਹੱਦ ਤੱਕ ਕਰਜ਼ੇ ਦੇ ਭਾਰ ਹੇਠਾਂ ਦੱਬ ਗਿਆ ਹੈ, ਉਸ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਭਵਿੱਖ ’ਚ ਯੂਕ੍ਰੇਨ ਦੀ ਹੋਰ ਵੀ ਤਬਾਹੀ ਹੋਣੀ ਹੈ।

ਇਹ ਸਾਮਰਾਜੀ ਦੇਸ਼, ਯੂਕ੍ਰੇਨ ਦੀ ਸੰਘੀ ’ਤੇ ਅੰਗੂਠਾ ਰੱਖ ਕੇ ਉਸ ਦੀ ਧਰਤੀ ਹੇਠਲੇ ਦੁਰਲੱਭ ਕੁਦਰਤੀ ਵਸੀਲਿਆਂ ਦੀ ਅੰਨ੍ਹੀ ਲੁੱਟ ਕਰਨ ਦੇ ਵਪਾਰਕ ਸਮਝੌਤੇ ਕਰ ਰਹੇ ਹਨ। ਰੂਸ ਸੁਰੱਖਿਆ ਪੱਖੋਂ ਆਪਣੇ ਵਿਰੋਧੀ ਤੋਂ ਬੇਸ਼ੱਕ ਬਹੁਤ ਅੱਗੇ ਹੈ ਪਰ ਉਸ ਨੂੰ ਵੀ ਜੰਗ ਦਾ ਭਾਰੀ ਮੁੱਲ ਤਾਰਨਾ ਪੈ ਰਿਹਾ ਹੈ।

ਅਮਰੀਕਾ ਤੇ ਯੂਰਪੀਅਨ ਦੇਸ਼ਾਂ ਵਲੋਂ ਦਿੱਤੇ ਖਤਰਨਾਕ ਤੇ ਮਾਰੂ ਹਥਿਆਰਾਂ ਨਾਲ ਇਜ਼ਰਾਈਲ ਵੱਲੋਂ ਫ਼ਿਲਸਤੀਨ ਦੀ ਜਿਵੇਂ ਤਬਾਹੀ ਕੀਤੀ ਜਾ ਰਹੀ ਹੈ, ਉਸ ਤੋਂ ਸਾਮਰਾਜੀ ਦੇਸ਼ਾਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦਈ ਤੇ ਹਰ ਕਿਸਮ ਦੇ ਅੱਤਵਾਦ ਦੇ ਵਿਰੋਧੀ ਹੋਣ ਦਾ ਝੂਠ ਬੇਨਕਾਬ ਹੋ ਗਿਆ ਹੈ। ਇਜ਼ਰਾਈਲ ਤੇ ਅਮਰੀਕਾ ਦੇ ਦੋਨੋਂ ਵੱਡੇ ਨੇਤਾ ਨੇਤਨਯਾਹੂ ਤੇ ਡੋਨਾਲਡ ਟਰੰਪ, ਦੁਨੀਆ ਦੇ ਸਭ ਤੋਂ ਵੱਡੇ ਅੱਤਵਾਦੀਆਂ ਵਜੋਂ ਵਿਵਹਾਰ ਕਰ ਰਹੇ ਹਨ

ਯੂ. ਐੱਨ. ਓ. ਸਮੇਤ ਸਾਰੇ ਸੰਸਾਰ ਪੱਧਰੀ ਅਦਾਰੇ ਜੰਗਬੰਦੀ ਰਾਹੀਂ ਗਾਜ਼ਾ ’ਚ ਇਜ਼ਰਾਈਲ ਵੱਲੋਂ ਕੀਤਾ ਜਾ ਰਿਹਾ ਫਿਲਸਤੀਨੀਆਂ ਦਾ ਨਸਲਘਾਤ ਰੋਕੇ ਜਾਣ ਅਤੇ ਜੰਗ ਪੀੜਤਾਂ ਨੂੰ ਖੁਰਾਕ, ਪਾਣੀ, ਦਵਾਈਆਂ ਸਮੇਤ ਹਰ ਕਿਸਮ ਦੀ ਰਾਹਤ ਸਮੱਗਰੀ ਨਿਰਵਿਘਨ ਪਹੁੰਚਾਉਣ ਦੀ ਇਜਾਜ਼ਤ ਦਿੱਤੇ ਜਾਣ ਦੀਆਂ ਵਾਰ-ਵਾਰ ਅਪੀਲਾਂ ਕਰ ਰਹੇ ਹਨ।

ਪਰ ਅਮਰੀਕਨ ਸਾਮਰਾਜ ਤੇ ਪੱਛਮ ਦੇ ਅਮੀਰ ਦੇਸ਼ਾਂ ਦਾ ਸ਼ਿਸ਼ਕਾਰਿਆ, ਅੱਤਵਾਦ ਦਾ ਅਜੋਕਾ ਸਭ ਤੋਂ ਵੱਡਾ ਸਰਗਣਾ ਇਜ਼ਰਾਈਲ ਕਿਸੇ ਅਪੀਲ-ਦਲੀਲ ਦੀ ਕੋਈ ਪ੍ਰਵਾਹ ਨਹੀਂ ਕਰ ਰਿਹਾ। ਤਾਨਾਸ਼ਾਹ ਪ੍ਰਵਿਰਤੀ ਦੇ ਮਾਲਕ, ਸਿਰੇ ਦੇ ਫਾਸ਼ੀਵਾਦੀ, ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੇ ‘ਬੋਲ਼ੇ’ ਕੰਨ ਦੁਨੀਆ ਦੇ ਕਰੋੜਾਂ ਲੋਕਾਂ ਦਾ ਫਿਲਸਤੀਨੀਆਂ ਦੇ ਹੱਕ ’ਚ ਲਾਇਆ ਜਾ ਰਿਹਾ ‘ਹਾਅ ਦਾ ਨਾਅਰਾ’ ਨਹੀਂ ਸੁਣ ਰਹੇ।

ਹੁਣ ਜੰਗ ਦੇ ਹਥਿਆਰਾ ਦੇ ਨਸ਼ੇ ’ਚ ਮਦਹੋਸ਼ ਹੋਏ ਨੇਤਨਯਾਹੂ ਨੇ ਬਿਨਾਂ ਕਿਸੇ ਭੜਕਾਹਟ ਦੇ ਈਰਾਨ ’ਤੇ ਵੀ ਧਾਵਾ ਬੋਲ ਦਿੱਤਾ ਹੈ। ਇਹੋ ਨਹੀਂ, ਉਸ ਦੀਆਂ ਮਿਜ਼ਾਈਲਾਂ ਲਿਬਨਾਨ, ਮਿਸਰ ਤੇ ਯਮਨ ਤੱਕ ਮੌਤ ਦਾ ਤਾਂਡਵ ਕਰ ਰਹੀਆਂ ਹਨ। ਅਮਰੀਕਾ ਤੇ ਯੂਰਪੀਅਨ ਦੇਸ਼ਾਂ ਦਾ ਸਾਮਰਾਜੀ ਧੜਾ ਪੂਰੀ ਬੇਸ਼ਰਮੀ ਨਾਲ ਇਜ਼ਰਾਈਲ ਦੇ ਇਨ੍ਹਾਂ ਅਮਾਨਵੀ ਕਾਰਿਆਂ ਨੂੰ ਪੂਰੀ ਹੱਲਾਸ਼ੇਰੀ ਦੇ ਰਿਹਾ ਹੈ। ਇਸ ਨਾਲ ਸਮੁੱਚਾ ਮੱਧ ਪੂਰਬ ਜੰਗ ਦੀ ਲਪੇਟ ’ਚ ਆ ਗਿਆ ਹੈ। ਅੱਗੋਂ ਇਹ ਹੱਲਾ ਵਿਸ਼ਵ ਜੰਗ ਦਾ ਰੂਪ ਵੀ ਵਟਾ ਸਕਦਾ ਹੈ।

ਫਿਲਸਤੀਨ ’ਤੇ ਕੀਤੇ ਜਾ ਰਹੇ ਇਜ਼ਰਾਈਲੀ ਹਮਲਿਆਂ ’ਚ ਦੇਸ਼ ਦੀ 20 ਲੱਖ ਵੱਸੋਂ ’ਚੋਂ ਛੋਟੇ ਬੱਚਿਆਂ ਤੇ ਔਰਤਾਂ ਸਮੇਤ 60 ਹਜ਼ਾਰ ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ ਅਤੇ ਇਸ ਤੋਂ ਕਿਤੇ ਵੱਧ ਜ਼ਖ਼ਮੀ ਹੋਏ ਹਨ। ਗੈਰ-ਸਰਕਾਰੀ ਸੂਤਰ ਇਸ ਤੋਂ ਕਿਤੇ ਵਧੇਰੇ ਮੌਤਾਂ ਦਾ ਅੰਦੇਸ਼ਾ ਪ੍ਰਗਟਾ ਰਹੇ ਹਨ। ਨੇਤਨਯਾਹੂ ਫਿਰ ਵੀ ਕਹਿ ਰਿਹਾ ਹੈ ਕਿ ‘‘ਇਜ਼ਰਾਈਲ ਨੂੰ ਆਪਣੀ ਰਾਖੀ ਕਰਨ ਦਾ ਪੂਰਾ-ਪੂਰਾ ਅਧਿਕਾਰ ਹੈ।’’ ਪ੍ਰੰਤੂ ਇਜ਼ਰਾਈਲ ਤੋਂ ਆਪਣੀ ਰਾਖੀ ਦੇ ਪੂਰਨ ਅਧਿਕਾਰ ਦਾ ਇਹੀ ਤਰਕ ਜਦੋਂ ਈਰਾਨ ਦੇ ਨੇਤਾ ਦਿੰਦੇ ਹਨ ਤਾਂ ਹੰਕਾਰਿਆਂ ਸਾਮਰਾਜੀ ਟੋਲਾ, ਆਪਣੇ ਪੈਂਤੜੇ ਤੋਂ 180 ਡਿਗਰੀ ਦਾ ਮੋੜਾ ਕੱਟਦਾ ਹੋਇਆ ਈਰਾਨ ਵੱਲੋਂ ਆਪਣੇ ਬਚਾਅ ਲਈ ਕੀਤੀ ਹਰ ਜਵਾਬੀ ਫੌਜੀ ਕਾਰਵਾਈ ਨੂੰ ਨਾ-ਵਾਜਿਬ ਠਹਿਰਾ ਰਿਹਾ ਹੈ।

ਸਾਮਰਾਜੀ ਸਾਜ਼ਿਸ਼ਾਂ ਦੇ ਨਤੀਜੇ ਵਜੋਂ ਛਿੜੀਆਂ ਇਨ੍ਹਾਂ ਜੰਗਾਂ ਨੇ ਇਹ ਗੱਲ ਇਕ ਵਾਰ ਫਿਰ ਸਿੱਧ ਕਰ ਦਿੱਤੀ ਹੈ ਕਿ ਸੰਸਾਰ ਭਰ ਦੇ ਸਾਮਰਾਜੀ ਹੁਕਮਰਾਨ ਆਪਣੇ ਕੁਕਰਮਾਂ ਦੀ ਪਰਦਾਪੋਸ਼ੀ ਕਰਨ ਤੇ ਸੰਸਾਰ ਭਰ ਦੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਕਿਸੇ ਵੀ ਹੱਦ ਤੱਕ ਝੂਠ ਬੋਲ ਸਕਦੇ ਹਨ। ਇਸ ਗਲੀਜ਼ ਕੰਮ ’ਚ ਇਨ੍ਹਾਂ ਦੇ ਅਟੁੱਟ ਸਹਿਯੋਗੀ, ਫਾਸ਼ੀ ਸੋਚਣੀ ਵਾਲੇ ਸੱਜ ਪਿਛਾਖੜੀ ਰਾਜਨੀਤੀਵਾਨ ਤੇ ਹੋਰ ਸੰਗਠਨ ਵੀ ਪੂਰਾ-ਪੂਰਾ ਸਾਥ ਦਿੰਦੇ ਹਨ।

ਕੁਝ ਸਾਲ ਪਹਿਲਾਂ ਅਮਰੀਕਾ ਨੇ ਇਹ ਕੋਰਾ ਝੂਠ ਬੋਲ ਕੇ ਇਰਾਕ ’ਤੇ ਹਮਲਾ ਕੀਤਾ ਸੀ ਕਿ ‘‘ਸੱਦਾਮ ਹੁਸੈਨ ਕੋਲ ਦੁਨੀਆ ਨੂੰ ਤਬਾਹ ਕਰਨ ਵਾਲੇ ਖਤਰਨਾਕ ਮਾਰੂ ਹਥਿਆਰ (ਕੈਮੀਕਲ ਵੈਪਨਜ਼) ਹਨ।’’ ਉਦੋਂ ਸਿੱਧੀ ਫੌਜੀ ਕਾਰਵਾਈ ਰਾਹੀਂ ਲੱਖਾਂ ਇਰਾਕੀ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ। ਸੱਦਾਮ ਹੁਸੈਨ ਨੂੰ ਕੈਦ ਕਰ ਕੇ ਅਣਮਨੁੱਖੀ ਤਸੀਹੇ ਦਿੱਤੇ ਗਏ ਤੇ ਅੰਤ ਉਸ ਨੂੰ ਫਾਂਸੀ ’ਤੇ ਲਟਕਾ ਕੇ ਮਾਰ ਦਿੱਤਾ ਗਿਆ।

ਜਦੋਂ ਤੇਲ ਸਮੇਤ ਇਰਾਕ ਦੇ ਸਾਰੇ ਕੁਦਰਤੀ ਖਜ਼ਾਨੇ ਲੁੱਟ-ਪੁੱਟ ਲਏ ਤਾਂ ਇਹ ਕਹਿ ਕੇ ਜੰਗ ਰੋਕ ਦਿੱਤੀ ਗਈ ਕਿ ‘ਇਰਾਕ ’ਚੋਂ ਕੋਈ ਮਾਰੂ ਹਥਿਆਰ ਨਹੀਂ ਮਿਲਿਆ।’ ਇਹ ਕਿਹੋ ਜਿਹੀ ਰਾਜਨੀਤੀ ਹੈ? ਹੁਣ ਇਜ਼ਰਾਈਲੀ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਈਰਾਨ ਕੋਲ ‘ਐਟਮ ਬੰਬ’ ਹੈ, ਜਦੋਂ ਕਿ ਅਮਰੀਕੀ ਸਦਰ ਤੇ ਦੁਨੀਆ ਦੀ ਐਟਮੀ ਐਨਰਜੀ ਨੂੰ ਨਿਯਮਤ ਕਰਨ ਵਾਲੀ ਏਜੰਸੀ (ਆਈ. ਏ. ਈ. ਏ.) ਵਾਰ-ਵਾਰ ਕਹਿ ਰਹੀ ਹੈ ਕਿ ‘‘ਈਰਾਨ ਕੋਲ ਤਾਂ ਐਟਮੀ ਬੰਬ ਬਣਾਉਣ ਦੀ ਸਮਰੱਥਾ ਹੀ ਨਹੀਂ ਹੈ।’’

ਪਿਛਲੀ ਸਦੀ ਦੇ ਅੰਤਲੇ ਦਹਾਕੇ ’ਚ ਸੋਵੀਅਤ ਯੂਨੀਅਨ ਦਾ ਸਮਾਜਵਾਦੀ ਢਾਂਚਾ ਢਹਿ-ਢੇਰੀ ਹੋ ਗਿਆ ਸੀ। ਨਾਲ ਹੀ ਇਹ ਮਹਾਨ ਦੇਸ਼ ਅਨੇਕਾਂ ਭਾਗਾਂ ’ਚ ਵੰਡਿਆ ਗਿਆ ਸੀ। ਇਸ ਮੰਦਭਾਗੇ ਘਟਨਾਕ੍ਰਮ ਦੇ ਫੌਰੀ ਦੁਰਪ੍ਰਭਾਵ ਦੇ ਸਿੱਟੇ ਵਜੋਂ ਪੂਰਬੀ ਯੂਰਪ ਦੇ ਦੇਸ਼ਾਂ ਵਿਚਲੇ ਸਮਾਜਵਾਦੀ ਢਾਂਚੇ ਵੀ ਟੁੱਟ ਗਏ ਅਤੇ ਸਾਮਰਾਜੀ ਧੌਂਸ ਤੇ ਦਾਬੇ ਨੂੰ ਸ਼ਕਤੀਸ਼ਾਲੀ ਚੁਣੌਤੀ ਦੇਣ ਵਾਲੇ ‘ਸੰਸਾਰ ਸਮਾਜਵਾਦੀ ਕੈਂਪ’ ਦੀ ਵੀ ਹੋਂਦ ਨਾ ਰਹੀ। ਨਤੀਜੇ ਵਜੋਂ ਸੰਸਾਰ ਇਕ ਧਰੁਵੀ ਬਣ ਗਿਆ।

ਅਜੋਕੇ ਯੁੱਗ ’ਚ ਸੰਸਾਰ ਪੱਧਰ ’ਤੇ ਸਾਮਰਾਜੀ ਧਾੜਵੀਆਂ ਦੀਆਂ ਮਨਮਾਨੀਆਂ ਰੋਕਣ ਤੇ ਆਪਣੇ ਮੁਨਾਫ਼ਿਆਂ ਤੇ ਰਾਜਸੀ ਚੌਧਰ ਲਈ ਦੁਨੀਆ ਭਰ ਦੇ ਲੋਕਾਂ ਨੂੰ ਜੰਗਾਂ ਦੀ ਭੱਠੀ ’ਚ ਝੋਕਣ ਦੀ ਨੀਤੀ ਨੂੰ ਭਾਂਜ ਦੇਣ ਦੀ ਜ਼ਰੂਰਤ ਹੈ। ਇਨ੍ਹਾਂ ਦੇ ਧਰਤ ਨੂੰ ਤਬਾਹ ਕਰਨ ਦੇ ਖਤਰਨਾਕ ਮਨਸੂਬਿਆਂ ਨੂੰ ਭਾਂਜ ਦੇਣ ਲਈ ਮਜ਼ਬੂਤ ਸਮਾਜਵਾਦੀ ਗੁੱਟ ਅਤੇ ਸੰਸਾਰ ਪੱਧਰ ਦੀ ਸਾਮਰਾਜ ਵਿਰੋਧੀ ਵਿਸ਼ਾਲ ਲੋਕ ਲਹਿਰ ਦੀ ਮੌਜੂਦਗੀ ਅਤਿ ਲੋੜੀਂਦੀ ਹੈ। ਭਾਰਤ ਦੇ ਲੋਕਾਂ ਲਈ ਇਹ ਹੋਰ ਵੀ ਜ਼ਰੂਰੀ ਹੈ, ਕਿਉਂਕਿ ਮੋਦੀ ਸਰਕਾਰ ਨੇ ਦੇਸ਼ ਦੀ ਵਿਦੇਸ਼ ਨੀਤੀ ’ਚ ਬੁਨਿਆਦੀ ਤਬਦੀਲੀ ਕਰ ਕੇ ਦੇਸ਼ ਨੂੰ ਸਾਮਰਾਜ ਵਿਰੋਧੀ ਜਾਂ ਗੁੱਟ ਨਿਰਲੇਪਤਾ ਦੇ ਰਾਹ ਤੋਂ ਭਟਕਾ ਕੇ ਅਮਰੀਕਨ ਸਾਮਰਾਜ ਦਾ ਯੁੱਧਨੀਤਕ ਸਹਿਯੋਗੀ ਬਣਾ ਦਿੱਤਾ ਹੈ।

ਸਾਨੂੰ ਪੂਰਨ ਆਸ ਹੈ ਕਿ ਸੁਤੰਤਰਤਾ ਸੰਗਰਾਮ ਦੌਰਾਨ ਉਗਮੀਆਂ ਸ਼ਾਨਾਮੱਤੀਆਂ ਸਾਮਰਾਜ ਵਿਰੋਧੀ ਪ੍ਰੰਪਰਾਵਾਂ ਦੇ ਮਾਲਕ, ਭਾਰਤ ਦੇ ਕਿਰਤੀ ਜਨ ਸਮੂਹ ਸਾਮਰਾਜ ਤੇ ਕਾਰਪੋਰੇਟੀ ਲੁੱਟ ਤੋਂ ਬੰਦ ਖਲਾਸੀ ਦਾ ਨਵਾਂ ਲੋਕ ਯੁੱਧ ਜ਼ਰੂਰ ਛੇੜਨਗੇ ਤੇ ਜੇਤੂ ਵੀ ਰਹਿਣਗੇ।

ਆਮੀਨ!

ਮੰਗਤ ਰਾਮ ਪਾਸਲਾ


author

Rakesh

Content Editor

Related News