‘ਚੀਨੀ ਸਾਮਾਨ ਦਾ ਬਾਈਕਾਟ ਕਰਨ ਵਾਲੇ’ ‘ਟਰੰਪ ਪਹਿਨ ਰਹੇ ਚੀਨੀ ਟੀ-ਸ਼ਰਟ ਅਤੇ ਟੋਪੀ’

Wednesday, Apr 30, 2025 - 07:45 AM (IST)

‘ਚੀਨੀ ਸਾਮਾਨ ਦਾ ਬਾਈਕਾਟ ਕਰਨ ਵਾਲੇ’ ‘ਟਰੰਪ ਪਹਿਨ ਰਹੇ ਚੀਨੀ ਟੀ-ਸ਼ਰਟ ਅਤੇ ਟੋਪੀ’

ਚੀਨ ਨਾਲ ਆਪਣੇ ਭਾਰੀ ਵਪਾਰ ਘਾਟੇ ਨੂੰ ਦੇਖਦੇ ਹੋਏ ਅਮਰੀਕੀ ਰਾਸ਼ਟਰਪਤੀ ‘ਡੋਨਾਲਡ ਟਰੰਪ’ ਨੇ ਚੀਨ ਵਿਰੁੱਧ ਟ੍ਰੇਡ ਵਾਰ ਛੇੜੀ ਹੋਈ ਹੈ। ਉਨ੍ਹਾਂ ਨੇ ਚੀਨ ’ਤੇ ਕਈ ਭਾਰੀ ਟੈਰਿਫ ਲਾਏ ਹਨ ਅਤੇ ਚੀਨੀ ਸਾਮਾਨ ਦਾ ਬਾਈਕਾਟ ਕਰਨ ਦੀਆਂ ਗੱਲਾਂ ਕਹਿ ਰਹੇ ਹਨ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਵਪਾਰਕ ਲੜਾਈ ਵਧਦੀ ਜਾ ਰਹੀ ਹੈ।

ਦੂਜੇ ਪਾਸੇ, ਚੀਨ ਦੇ ਸਰਕਾਰੀ ਨਿਊਜ਼ ਚੈਨਲ ‘ਚਾਈਨਾ 24’ ਨੇ ਦਾਅਵਾ ਕੀਤਾ ਹੈ ਕਿ ਟਰੰਪ ਦੇ ਪ੍ਰਚਾਰ ਵਿਚ ਵਰਤੀਆਂ ਗਈਆਂ ਟੋਪੀਆਂ ਅਤੇ ਟੀ-ਸ਼ਰਟਾਂ 2016 ਤੋਂ ਹੀ ਚੀਨ ਦੀ ਇਕ ਫੈਕਟਰੀ ਵਿਚ ਬਣਾਈਆਂ ਜਾ ਰਹੀਆਂ ਹਨ।

ਇਨ੍ਹਾਂ ਦੀ ਕੀਮਤ ਸਿਰਫ਼ 1 ਡਾਲਰ ਪ੍ਰਤੀ ਨਗ ਹੈ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਸਮੇਂ ਤੋਂ ਵਾਇਰਲ ਹੋ ਰਹੀ ਹੈ, ਜਿਸ ਵਿਚ ਡੋਨਾਲਡ ਟਰੰਪ ਦੀ ਟੀ-ਸ਼ਰਟ ’ਤੇ ‘ਬਾਈਕਾਟ ਚਾਈਨਾ’ ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ।

ਚੈਨਲ ਨੇ ਇਸ ਦੇ ਨਾਲ ਹੀ ‘ਡੋਨਾਲਡ ਟਰੰਪ’ ਦੀ ਇਕ ਪੁਰਾਣੀ ਵੀਡੀਓ ਵੀ ਚਲਾਈ ਸੀ ਜਿਸ ਵਿਚ ਉਹ ਜ਼ੋਰ ਦੇ ਕੇ ਕਹਿ ਰਹੇ ਹਨ ‘ਬਾਇ ਅਮੈਰੀਕਨ ਐਂਡ ਹਾਇਰ ਅਮੈਰੀਕਨ।’ ਇਹ ਵੀਡੀਓ ਦੇ ਸਾਹਮਣੇ ਆਉਣ ’ਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਬਾਰੇ ਬਹਿਸ ਸ਼ੁਰੂ ਹੋ ਗਈ ਹੈ।

ਹਾਲਾਂਕਿ, ਕੁਝ ਅਮਰੀਕੀਆਂ ਨੇ ਸੋਸ਼ਲ ਮੀਡੀਆ ਸਾਈਟਾਂ ’ਤੇ ਇਹ ਵੀ ਲਿਖਿਆ ਹੈ ਕਿ ‘‘ਸਾਨੂੰ ਇਸ ਖੁਲਾਸੇ ਤੋਂ ਬਿਲਕੁਲ ਵੀ ਹੈਰਾਨੀ ਨਹੀਂ ਹੋਈ। ਸਾਨੂੰ ਤਾਂ ਉਦੋਂ ਹੀ ਸ਼ੱਕ ਹੋ ਗਿਆ ਸੀ ਜਦੋਂ ਟਰੰਪ ਦੀ ਟੋਪੀ ਇੰਨੀ ਸਸਤੀ ਮਿਲ ਰਹੀ ਸੀ।’’

ਅਮਰੀਕਾ ਵੱਲੋਂ ਸ਼ੁਰੂ ਕੀਤੀ ਗਈ ਵਪਾਰ ਜੰਗ ਨਾਲ ਜਿੱਥੇ ਅਮਰੀਕਾ ਵਿਚ ਹੀ ਮਹਿੰਗਾਈ ਵਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ, ਉੱਥੇ ਹੀ ਹੁਣ ਰਾਸ਼ਟਰਪਤੀ ‘ਡੋਨਾਲਡ ਟਰੰਪ’ ਵੀ ਅਜਿਹੀਆਂ ਵੀਡੀਓਜ਼ ਰਾਹੀਂ ਵਿਰੋਧੀਆਂ ਦੇ ਨਿਸ਼ਾਨੇ ’ਤੇ ਆਉਣ ਦੇ ਨਾਲ-ਨਾਲ ਮਜ਼ਾਕ ਦੇ ਪਾਤਰ ਵੀ ਬਣ ਗਏ ਹਨ।

-ਵਿਜੇ ਕੁਮਾਰ


author

Sandeep Kumar

Content Editor

Related News