ਜਹਾਜ਼ ਹਾਦਸਾ ਅਤੇ ਹਨੀਮੂਨ ਹੱਤਿਆ
Friday, Jun 20, 2025 - 03:24 PM (IST)

ਇਸ ਹਫਤੇ ਦੋ ਘਟਨਾਵਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ। ਮੈਂ ਦੋਵਾਂ ’ਤੇ ਟਿੱਪਣੀ ਕਰਾਂਗਾ, ਪਹਿਲਾਂ ਅਹਿਮਦਾਬਾਦ ’ਚ ਜਹਾਜ਼ ਹਾਦਸੇ ’ਤੇ ਅਤੇ ਫਿਰ ਮੇਘਾਲਿਆ ’ਚ ਹਨੀਮੂਨ ਮਰਡਰ ’ਤੇ।
ਅਹਿਮਦਾਬਾਦ ’ਚ ਬੋਇੰਗ ਕੰਪਨੀ ਦੇ ਡ੍ਰੀਮਲਾਈਨਰ ਜਹਾਜ਼ ਹਾਦਸੇ ਨੇ ਕੌਮਾਂਤਰੀ ਧਿਆਨ ਆਕਰਸ਼ਿਤ ਕੀਤਾ ਹੈ। ਅੱਜ ਦੇ ਯੁੱਗ ’ਚ ਹਵਾਈ ਯਾਤਰਾਵਾਂ ਓਨੀਆਂ ਹੀ ਪੈਦਲ ਯਾਤਰਾ ਵਾਲੀਆਂ ਹਨ ਿਜੰਨੀਆਂ ਮੇਰੇ ਬਚਪਨ ਦੇ ਦਿਨਾਂ ’ਚ ਸਮੁੰਦਰੀ ਯਾਤਰਾਵਾਂ ਹੋਇਆ ਕਰਦੀਆਂ ਸਨ। ਬੇਸ਼ੱਕ ਰੇਲਗੱਡੀ ਜਾਂ ਯਾਤਰੀ ਬੱਸ ਰਾਹੀਂ ਯਾਤਰਾ ਕਰਨਾ ਜ਼ਿਆਦਾ ਆਮ ਸੀ ਕਿਉਂਕਿ ਪੈਰ ਜ਼ਮੀਨ ’ਤੇ ਹੁੰਦੇ ਸਨ ਅਤੇ ਇਸ ਨਾਲ ਮਾਨਸਿਕ ਆਰਾਮ ਮਿਲਦਾ ਸੀ।
ਮੇਰੀ ਪਹਿਲੀ ਹਵਾਈ ਯਾਤਰਾ ਮਾਰਚ 1973 ’ਚ ਹੋਈ ਸੀ। ਮੈਨੂੰ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ’ਚ ਡੀ. ਆਈ. ਜੀ. ਦੇ ਅਹੁਦੇ ’ਤੇ ਨਿਯੁਕਤ ਕੀਤਾ ਿਗਆ ਸੀ। ਮੈਂ ਪੁਲਸ ਿਵਭਾਗ ’ਚ ਕੰਮ ਕਰਦਾ ਸੀ, ਜਿਸ ਦਾ ਮੁੱਖ ਦਫਤਰ ਹੈਦਰਾਬਾਦ ’ਚ ਹੈ। 1 ਮਾਰਚ, 1973 ਨੂੰ ਮੈਂ ਇੰਡੀਅਨ ਏਅਰਲਾਈਨਜ਼ ਰਾਹੀਂ ਮੁੰਬਈ ਤੋਂ ਹੈਦਰਾਬਾਦ ਗਿਆ। ਉਹ ਮੇਰੀ ਪਹਿਲੀ ਉਡਾਣ ਸੀ ਪਰ ਨਿਸ਼ਚਿਤ ਤੌਰ ’ਤੇ ਆਖਰੀ ਨਹੀਂ। ਦਰਅਸਲ ਸੀ. ਆਰ. ਪੀ. ਐੱਫ. ’ਚ ਮੈਨੂੰ ਹਰ ਮਹੀਨੇ ਇਕ ਵਾਰ ਜਾਂ ਜ਼ਿਆਦਾਤਰ ਦੋ ਵਾਰ ਹਵਾਈ ਯਾਤਰਾ ਕਰਨੀ ਪੈਂਦੀ ਸੀ ਤਾਂ ਕਿ ਮੈਂ ਆਪਣੀ ਇੰਚਾਰਜੀ ’ਚ ਸੌਂਪੀਆਂ ਗਈਆਂ 8 ਬਟਾਲੀਅਨਾਂ ’ਚੋਂ ਕਿਸੇ ਇਕ ਨਾਲ ਸੰਪਰਕ ਕਰ ਸਕਾਂ।
ਬਾਅਦ ’ਚ 1979 ’ਚ ਜਦੋਂ ਮੈਂ ਕੇਂਦਰੀ ਡੈਪੂਟੇਸ਼ਨ ’ਤੇ ਆਪਣੇ ਮੂਲ ਰਾਜ ਮਹਾਰਾਸ਼ਟਰ ਪਰਤਿਆ ਤਾਂ ਮੈਨੂੰ ਜਾਪਾਨੀ ਸਰਕਾਰ ਦੇ ਮਹਿਮਾਨ ਦੇ ਰੂਪ ’ਚ ਜਾਪਾਨ ’ਚ 7 ਹਫਤਿਆਂ ਦੀ ਵਰਕਸ਼ਾਪ ’ਚ ਹਿੱਸਾ ਲੈਣ ਲਈ ਚੁਣਿਆ ਗਿਆ ਅਤੇ ਇਸ ਲਈ ਜਨਵਰੀ 1980 ’ਚ ਜਾਪਾਨੀ ਏਅਰਲਾਈਨ ਜੇ. ਏ. ਐੱਲ. ਰਾਹੀਂ ਟੋਕੀਓ ਲਈ ਉਡਾਣ ਭਰਨਾ ਜ਼ਰੂਰੀ ਹੋ ਗਿਆ। ਇਹ ਵਿਦੇਸ਼ ਦੀਆਂ ਕਈ ਯਾਤਰਾਵਾਂ ’ਚੋਂ ਪਹਿਲੀ ਸੀ।
ਅਹਿਮਦਾਬਾਦ ਜਹਾਜ਼ ਹਾਦਸੇ ਦੇ ਕਾਰਨਾਂ ਦਾ ਪਤਾ ਬਲੈਕ ਬਾਕਸ ਦੇ ਡਾਟਾ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਲਗਾਇਆ ਜਾਵੇਗਾ ਪਰ ਜਿਹੜੇ ਨਾਗਰਿਕ ਥੋੜ੍ਹੀ ਜਿਹੀ ਵੀ ਆਮ ਬੁੱਧੀ ਰੱਖਦੇ ਹਨ, ਉਹ ਮੇਰੇ ਨਾਲ ਸਹਿਮਤ ਹੋਣਗੇ ਕਿ ਸੱਤਾ ’ਚ ਬੈਠੀਆਂ ਸਰਕਾਰਾਂ ਨੂੰ ਮੁੱਖ ਤੌਰ ’ਤੇ ਸੁਰੱਖਿਆ ਯਕੀਨੀ ਕਰਨ ਲਈ ਹਵਾਈ ਅੱਡਿਆਂ ਕੋਲ ਮਨੁੱਖੀ ਬਸਤੀਆਂ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਹੈ ਪਰ ਪੰਛੀਆਂ ਨੂੰ ਆਕਰਸ਼ਿਤ ਹੋਣ ਤੋਂ ਬਚਾਉਣ ਅਤੇ ਮਨੁੱਖੀ ਜੀਵਨ ਦੀ ਹਾਨੀ ਤੋਂ ਬਚਣ ਲਈ ਵੀ ਅਜਿਹਾ ਕਰਨਾ ਚਾਹੀਦਾ ਹੈ ਜਿਵੇਂ ਕਿ ਅਹਿਮਦਾਬਾਦ ’ਚ ਹੋਇਆ ਸੀ, ਜਦੋਂ ਜਹਾਜ਼ ਮੈਡੀਕਲ ਇੰਟਰਨ ਅਤੇ ਵਿਦਿਆਰਥੀਆਂ ਦੇ ਹੋਸਟਲ ਦੀ ਇਮਾਰਤ ’ਤੇ ਹਾਸਦਾਗ੍ਰਸਤ ਹੋ ਗਿਆ ਸੀ। ਮੈਨੂੰ ਹੈਰਾਨੀ ਹੈ ਕਿ ਹਵਾਈ ਅੱਡੇ ਕੋਲ ਇਨ੍ਹਾਂ ਨਿਰਮਾਣਾਂ ਨੂੰ ਬਣਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ।
ਦੂਜਾ ਖਤਰਾ ਉਦੋਂ ਪੈਦਾ ਹੁੰਦਾ ਹੈ ਜਦੋਂ ਸਰਕਾਰ ਸਮੁੰਦਰੀ ਕੰਢੇ ’ਤੇ 20-30 ਮੰਜ਼ਿਲਾ ਇਮਾਰਤਾਂ ਬਣਾਉਣ ਦੀ ਇਜਾਜ਼ਤ ਦੇ ਦਿੰਦੀ ਹੈ। ਬੇਸ਼ੱਕ ਨਿਰਮਾਣ ਕਾਰਜ ਜਹਾਜ਼ਾਂ ਦੇ ਉਡਾਣ ਭਰਨ ਜਾਂ ਉਤਰਨ ਦੀ ਦਿਸ਼ਾ ’ਚ ਨਾ ਹੋਣ ਪਰ ਇਹ ਇਮਾਰਤਾਂ ਸ਼ਹਿਰ ’ਚ ਪਾਣੀ ਦੀ ਵਧਦੀ ਮੰਗ ਅਤੇ ਘਟਦੀ ਸਪਲਾਈ ਦੇ ਕਾਰਨ ਜਲ ਸਪਲਾਈ ਦੀ ਸਮੱਸਿਆ ਪੈਦਾ ਕਰਨਗੀਆਂ। ਅੱਗ ਲੱਗਣ ਦੀ ਮੰਦਭਾਗੀ ਘਟਨਾ ’ਚ ਅੱਗ ਬੁਝਾਊ ਮੁਲਾਜ਼ਮਾਂ ਦੇ ਸਾਹਮਣੇ ਹੋਰ ਕਈ ਕਿਸਮ ਦੀਆਂ ਮੁਸ਼ਕਿਲਾਂ ਆਉਣਗੀਆਂ।
ਅਹਿਮਦਾਬਾਦ ਸਾਡੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦਾ ਸੁਖਦਾਈ ਪ੍ਰਵਾਸ ਸਥਾਨ ਸੀ। ਮੋਦੀ ਨੇ ਕੈਨੇਡਾ ’ਚ ਇਕ ਮਹੱਤਵਪੂਰਨ ਮੀਟਿੰਗ ’ਚ ਹਿੱਸਾ ਲੈਣਾ ਸੀ, ਜਿੱਥੇ ਉਨ੍ਹਾਂ ਦੀ ਮੁਲਾਕਾਤ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਨਾਲ ਹੋਣੀ ਸੀ। ਇਕ ਮਹੱਤਵਪੂਰਨ ਰਾਸ਼ਟਰਮੰਡਲ ਦੇਸ਼ ਨਾਲ ਸਬੰਧ ਸੁਧਾਰਨ ਲਈ ਤਿਆਰੀ ਦੀ ਲੋੜ ਸੀ। ਜਹਾਜ਼ ਹਾਦਸੇ ਕਾਰਨ ਮੋਦੀ ਨੂੰ ਆਪਣੇ ਗ੍ਰਹਿ ਸੂਬੇ ਦੀ ਯਾਤਰਾ ਲਈ ਸਮਾਂ ਕੱਢਣਾ ਪਿਆ। ਜੇ ਉਹ ਘਟਨਾ ਦੇ ਤੁਰੰਤ ਬਾਅਦ ਉਥੇ ਨਾ ਪਹੁੰਚਦੇ ਤਾਂ ਗੁਜਰਾਤ ’ਚ ਉਨ੍ਹਾਂ ਦੇ ਅਣਗਿਣਤ ਸਮਰਥਕ ਨਿਰਾਸ਼ ਹੋ ਜਾਂਦੇ। ਉਹ ਇਸ ਗੱਲ ਤੋਂ ਜਾਣੂ ਸਨ।
ਛੋਟੇ ਜਿਹੇ ਰਾਜ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਦੇ ਉਪ ਨਗਰੀ ਖੇਤਰ ’ਚ ਹੋਇਆ ‘ਹਨੀਮੂਨ ਮਰਡਰ’ ਹੁਣ ਮੇਰਾ ਧਿਆਨ ਆਕਰਸ਼ਿਤ ਕਰ ਰਿਹਾ ਹੈ। ਇਹ ਕਹਿਣਾ ਜ਼ਰੂਰੀ ਹੈ ਕਿ ਇਸ ਛੋਟੇ ਜਿਹੇ ਰਾਜ ਦੀ ਪੁਲਸ ਨੇ ਰਾਸ਼ਟਰੀ ਪੱਧਰ ’ਤੇ ਧਿਆਨ ਆਕਰਸ਼ਿਤ ਕਰਨ ਵਾਲੇ ਅਪਰਾਧਾਂ ਦੀ ਜਾਂਚ ਕਰਨ ਦਾ ਤਜਰਬਾ ਨਾ ਹੋਣ ਦੇ ਬਾਵਜੂਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਮੇਘਾਲਿਆ ਦੇ ਨਿਵਾਸੀ ਖਾਸੀ ਅਤੇ ਗਾਰੋ ਦੋਵੇਂ ਕਾਨੂੰਨ ਦੀ ਪਾਲਣ ਕਰਨ ਵਾਲੇ ਹਨ। ਮੁੰਬਈ ਵਰਗੇ ਵੱਡੇ ਮਹਾਨਗਰੀ ਸ਼ਹਿਰ ’ਚ ਵੀ ਦੁਲਹਨ ਵਲੋਂ ਲਾੜੇ ਦੀ ‘ਹਨੀਮੂਨ’ ਹੱਤਿਆ ’ਤੇ ਸਭ ਦੇ ਭਰਵੱਟੇ ਤਣ ਜਾਂਦੇ ਹਨ। ਸ਼ਿਲਾਂਗ ’ਚ ਇਹ ਗੱਲ ਕਈ ਸਾਲਾਂ ਤੱਕ ਚਰਚਾ ਦਾ ਵਿਸ਼ਾ ਬਣੀ ਰਹੇਗੀ ਪਰ ਜਿਸ ਗੱਲ ਨੇ ਮੈਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ, ਉਹ ਸੀ ਜਿਸ ਰਫਤਾਰ ਨਾਲ ਤੁਲਨਾਤਮਕ ਤੌਰ ’ਤੇ ਤਜਰਬਾਹੀਣ ਪੁਲਸ ਜਾਂਚਕਰਤਾਵਾਂ ਨੇ ਨੌਜਵਾਨ ਦੁਲਹਨ ਦੀ ਘਿਨੌਣੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਅਤੇ ਹੱਤਿਆਰਿਆਂ ਨੂੰ ਸਜ਼ਾ ਦਿਵਾਈ।
ਜਿਸ ਦਿਨ ਇਹ ਅਪਰਾਧ ਹੋਇਆ ਉਸ ਦਿਨ ਦੋ ਹੋਰ ਘਟਨਾਵਾਂ ਵੀ ਹੋਈਆਂ ਜਿਨ੍ਹਾਂ ’ਚ ਪਤਨੀਆਂ ਵਲੋਂ ਪਤੀਆਂ ਦੀਆਂ ਹੱਤਿਆਵਾਂ ਦੀਆਂ ਖਬਰਾਂ ਅੰਗਰੇਜ਼ੀ ਰੋਜ਼ਾਨਾ ਅਖਬਾਰਾਂ ਦੇ ਅੰਦਰਲੇ ਪੰਨਿਆਂ ’ਚ ਛਪੀਆਂ ਸਨ। ਇਕ ਮਾਮਲਾ ਤਾਂ ਅਜਿਹਾ ਸੀ ਜਿਸ ’ਚ ਇਕ ਪਤਨੀ ਕਿਸੇ ਹੋਰ ਵਿਅਕਤੀ ਨਾਲ ਪ੍ਰੇਮ ਕਰਦੀ ਸੀ, ਜੋ ਗੈਰ-ਸਾਧਾਰਨ ਗੱਲ ਨਹੀਂ ਹੈ। ਉਸ ਨੇ ਉਸ ਆਦਮੀ ਤੋਂ ਛੁਟਕਾਰਾ ਪਾਉਣ ਲਈ ਆਪਣੇ ਪ੍ਰੇਮੀ ਦੀ ਮਦਦ ਲਈ ਜੋ ਉਨ੍ਹਾਂ ਦੀ ਯੋਜਨਾ ’ਚ ਅੜਿੱਕਾ ਬਣ ਰਿਹਾ ਸੀ।
ਮਹਿਲਾਵਾਂ ਸਾਡੀਆਂ ਰੱਖਿਆ ਸੇਵਾਵਾਂ ਦੀਆਂ ਲੜਾਕੂ ਸ਼ਾਖਾਵਾਂ ’ਚ ਸ਼ਾਮਲ ਹੋਣ ਲਈ ਵੀ ਤਿਆਰ ਹਨ। ਸਾਡੇ ਪ੍ਰਧਾਨ ਮੰਤਰੀ ਲਗਾਤਾਰ ਸਾਡੀਆਂ ਭੈਣਾਂ ਅਤੇ ਧੀਆਂ ਨੂੰ ਅੱਗੇ ਵਧਣ ਅਤੇ ਆਪਣੀ ਗਿਣਤੀ ’ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੇ ਰਹੇ ਹਨ।
ਹਾਲਾਂਕਿ ਕਿਸੇ ਨੇ ਵੀ ਉਨ੍ਹਾਂ ਨੂੰ ਹਿੰਸਾ ਦਾ ਸਹਾਰਾ ਲੈਣ ਲਈ ਉਤਸ਼ਾਹਿਤ ਨਹੀਂ ਕੀਤਾ ਹੈ ਪਰ ਹਨੀਮੂਨ ਮਰਡਰ ਦਾ ਅਧਿਐਨ ਕਰਨ ਤੋਂ ਬਾਅਦ ਮੈਨੂੰ ਅਜਿਹਾ ਲੱਗਦਾ ਹੈ ਕਿ ਕੁਝ ਮਹਿਲਾਵਾਂ ਆਪਣੇ ਮਰਦਾਂ ਦੀ ਨਕਲ ਕਰਦੇ ਹੋਏ ਅਜਿਹੀਆਂ ਸਰਗਰਮੀਆਂ ਕਰ ਰਹੀਆਂ ਹਨ ਜੋ ਮਹਿਲਾ ਸਸ਼ਕਤੀਕਰਨ ਦੇ ਦਾਇਰੇ ’ਚੋਂ ਬਾਹਰ ਹਨ।
-ਜੂਲੀਓ ਰਿਬੈਰੋ