‘ਪਾਕਿ ’ਚ ਵਧਦੇ ਅੱਤਵਾਦੀ ਹਮਲੇ’, ‘ਫੌਜ ਮੁਖੀ ਅਸੀਮ ਮੁਨੀਰ ਨੇ ਸ਼ਹਿਬਾਜ਼ ਸਰਕਾਰ ਨੂੰ ਲਤਾੜਿਆ’
Thursday, Mar 20, 2025 - 05:21 AM (IST)

ਇਕ ਪਾਸੇ ਤਾਂ ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇ ਹਾਕਮਾਂ ਨੇ ਭਾਰਤ ਵਿਰੁੱਧ 4 ਅਪ੍ਰਤੱਖ ਜੰਗਾਂ ਲੜਨ ਤੋਂ ਇਲਾਵਾ ਆਪਣੇ ਭੇਜੇ ਹੋਏ ਅੱਤਵਾਦੀਆਂ ਰਾਹੀਂ ਲੁਕਵੀਂ ਜੰਗ ਛੇੜੀ ਹੋਈ ਹੈ ਤਾਂ ਦੂਜੇ ਪਾਸੇ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਨੇ ਪਾਕਿਸਤਾਨ ’ਚ ਹੀ ਖੂਨ-ਖਰਾਬਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ’ਚ ਇਸੇ ਮਹੀਨੇ ਹੋਏ ਚੰਦ ਅੱਤਵਾਦੀ ਹਮਲੇ ਹੇਠਾਂ ਦਰਜ ਹਨ :
* 3 ਮਾਰਚ ਨੂੰ ‘ਬਲੋਚਿਸਤਾਨ’ ਦੇ ‘ਕਲਾਤ’ ਵਿਚ ਇਕ ਆਤਮਘਾਤੀ ਹਮਲੇ ਦੇ ਨਤੀਜੇ ਵਜੋਂ ਇਕ ਵਿਅਕਤੀ ਦੀ ਮੌਤ ਅਤੇ 3 ਹੋਰ ਜ਼ਖਮੀ ਹੋ ਗਏ।
* 4 ਮਾਰਚ ਨੂੰ ‘ਖੈਬਰ-ਪਖਤੂਨਖਵਾ’ ਦੇ ‘ਬੰਨੂ’ ਵਿਚ ‘ਜੈਸ਼-ਅਲ-ਫੁਰਸਾਨ’ ਨਾਂ ਦੇ ਅੱਤਵਾਦੀ ਸੰਗਠਨ ਵਲੋਂ ਇਕ ਫੌਜੀ ਅੱਡੇ ’ਤੇ ਹਮਲੇ ’ਚ 18 ਲੋਕ ਮਾਰੇ ਗਏ।
* 11 ਮਾਰਚ ਨੂੰ ‘ਬਲੋਚਿਸਤਾਨ ਲਿਬਰੇਸ਼ਨ ਆਰਮੀ’ ਦੇ ਅੱਤਵਾਦੀਆਂ ਨੇ ਇਕ ਪੂਰੀ ਦੀ ਪੂਰੀ ਰੇਲਗੱਡੀ ਨੂੰ ਅਗਵਾ ਕਰ ਲਿਆ।
* 15 ਮਾਰਚ ਨੂੰ ‘ਬਲੋਚਿਸਤਾਨ ਲਿਬਰੇਸ਼ਨ ਆਰਮੀ’ ਨੇ ਦਾਅਵਾ ਕੀਤਾ ਕਿ ਉਸ ਨੇ ਉਕਤ ਟਰੇਨ ’ਚ ਸਵਾਰ ਪਾਕਿਸਤਾਨੀ ਫੌਜ ਦੇ ਸਾਰੇ 214 ਜਵਾਨ ਮਾਰ ਦਿੱਤੇ ਹਨ।
* 15 ਮਾਰਚ ਨੂੰ ਹੀ ‘ਖੈਬਰ-ਪਖਤੂਨਖਵਾ’ ਸੂਬੇ ’ਚ ਇਕ ਮਸਜਿਦ ’ਚ ਧਮਾਕੇ ਦੇ ਸਿੱਟੇ ਵਜੋਂ 4 ਲੋਕ ਜ਼ਖਮੀ ਹੋ ਗਏ।
* 16 ਮਾਰਚ ਨੂੰ ‘ਬਲੋਚਿਸਤਾਨ ਲਿਬਰੇਸ਼ਨ ਆਰਮੀ’ ਨੇ ਪਾਕਿਸਤਾਨੀ ਫੌਜ ’ਤੇ ਆਤਮਘਾਤੀ ਹਮਲੇ ’ਚ 90 ਫੌਜੀਆਂ ਨੂੰ ਮਾਰਨ ਦਾ ਦਾਅਵਾ ਕੀਤਾ।
* 17 ਮਾਰਚ ਨੂੰ ‘ਬਲੋਚਿਸਤਾਨ’ ਵਿਚ ਇਕ ਐੱਸ. ਐੱਚ. ਓ. ਦੇ ਘਰ ’ਤੇ ਹਮਲੇ ’ਚ 4 ਬੱਚਿਆਂ ਸਮੇਤ 5 ਲੋਕ ਜ਼ਖਮੀ ਹੋ ਗਏ।
ਅਜਿਹੀਆਂ ਹੀ ਘਟਨਾਵਾਂ ਨੂੰ ਦੇਖਦਿਆਂ 13 ਮਾਰਚ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ‘‘ਜਦੋਂ ਤਕ ਬਲੋਚਿਸਤਾਨ ਸਮੇਤ ਪੂਰੇ ਦੇਸ਼ ’ਚ ਜਨਤਾ ਦੇ ਭਰੋਸੇ ਵਾਲੀ ਸਰਕਾਰ ਨਹੀਂ ਬਣ ਜਾਂਦੀ, ਤਦ ਤਕ ਪਾਕਿਸਤਾਨ ’ਚ ਸਥਿਰਤਾ ਦਾ ਮਾਹੌਲ ਕਾਇਮ ਕਰਨਾ ਸੰਭਵ ਨਹੀਂ ਹੋਵੇਗਾ। ਅੱਤਵਾਦ ਨੇ ਇਕ ਵਾਰ ਫਿਰ ਦੇਸ਼ ’ਚ ਜੜ੍ਹਾਂ ਜਮਾ ਲਈਆਂ ਹਨ।’’
ਅਤੇ ਹੁਣ 18 ਮਾਰਚ ਨੂੰ ਪਾਕਿਸਤਾਨ ਦੇ ਫੌਜ ਮੁਖੀ ਜਨਰਲ ‘ਅਸੀਮ ਮੁਨੀਰ’ ਨੇ ਕੱਟੜਵਾਦ ਅਤੇ ਰਾਸ਼ਟਰੀ ਏਕਤਾ ਵਰਗੇ ਮੁੱਦਿਆਂ ਨੂੰ ਲੈ ਕੇ ਸ਼ਹਿਬਾਜ਼ ਸ਼ਰੀਫ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਪਾਕਿਸਤਾਨ ਦੀ ਮੌਜੂਦਾ ਸਰਕਾਰ ਦੀਆਂ ਖਾਮੀਆਂ ਅਤੇ ਸੁਰੱਖਿਆ ਬਲਾਂ ਦੇ ਮੈਂਬਰਾਂ ਦੀਆਂ ਮੌਤਾਂ ’ਤੇ ਫਿਕਰ ਜ਼ਾਹਿਰ ਕਰਦਿਆਂ ਕਿਹਾ ਹੈ ਕਿ :
‘‘ਆਖਿਰ ਅਸੀਂ ਆਪਣੇ ਸ਼ਾਸਨ ਦੀਆਂ ਨਾਕਾਮੀਆਂ ਕਾਰਨ ਕਿੰਨੇ ਲੋਕਾਂ ਦੀ ਜਾਨ ਗੁਆਉਂਦੇ ਰਹਾਂਗੇ ਅਤੇ ਅਸੀਂ ਕਦੋਂ ਤਕ ਆਪਣੀਆਂ ਫੌਜਾਂ ਅਤੇ ਫੌਜੀਆਂ ਦੀਆਂ ਹੱਤਿਆਵਾਂ ਬਰਦਾਸ਼ਤ ਕਰਦੇ ਰਹਾਂਗੇ। ਇਸ ਲਈ ਪਾਕਿਸਤਾਨ ਨੂੰ ‘ਹਾਰਡ ਸਟੇਟ’ ਦੀ ਦਿਸ਼ਾ ’ਚ ਵਧਣ ਦੀ ਲੋੜ ਹੈ।’’
ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੀ ਇਕਜੁੱਟਤਾ ਅਤੇ ਸਥਿਰਤਾ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਅਪੀਲ ਕੀਤੀ ਹੈ ਕਿ ਸਿਆਸੀ ਅਤੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਹੀ ਦੇਸ਼ ਦੀ ਆਜ਼ਾਦੀ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਆਪਣੇ ਦੇਸ਼ ਦੇ ਧਰਮ ਗੁਰੂਆਂ ਨੂੰ ਇਸਲਾਮੀ ਕੱਟੜਪੰਥੀ ਤੱਤਾਂ ਵਲੋਂ ਕੀਤੀ ਜਾਣ ਵਾਲੀ ਗਲਤ ਬਿਆਨੀ ਅਤੇ ਗਲਤ ਦਾਅਵਿਆਂ ਦਾ ਭਾਂਡਾ ਭੰਨਣ ਦੀ ਵੀ ਅਪੀਲ ਕੀਤੀ ਹੈ।
ਇਮਰਾਨ ਖਾਨ ਅਤੇ ਪਾਕਿ ਫੌਜ ਮੁਖੀ ਦੇ ਬਿਆਨ ਨਾ ਸਿਰਫ ਪਾਕਿਸਤਾਨ ਦੇ ਫੌਜੀ ਅਥਾਰਟੀ ਦੀ ਨਿਰਾਸ਼ਾ ਨੂੰ ਦਰਸਾਉਂਦੇ ਹਨ ਸਗੋਂ ਦੇਸ਼ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਕਮਜ਼ੋਰ ਕਰਨ ਵਾਲੇ ਸਿਸਟਮ ਸਬੰਧੀ ਮੁੱਦਿਆਂ ਵੱਲ ਵੀ ਇਸ਼ਾਰਾ ਕਰਦੇ ਹਨ।
ਹੁਣ ਪਾਕਿਸਤਾਨ ਦੇ ਵਿਗੜ ਰਹੇ ਅੰਦਰੂਨੀ ਹਾਲਾਤ ਦੇ ਦਰਮਿਆਨ ਇਸ ਦੇ ਫੌਜ ਮੁਖੀ ਅਸੀਮ ਮੁਨੀਰ ਦਾ ਉਕਤ ਬਿਆਨ ਸ਼ਹਿਬਾਜ਼ ਸ਼ਰੀਫ ਲਈ ਖਤਰੇ ਦੀ ਘੰਟੀ ਸਾਬਿਤ ਹੋ ਸਕਦਾ ਹੈ ਅਤੇ ਉਹ ਵੀ ਫੌਜ ਦਾ ਸ਼ਿਕਾਰ ਹੋ ਸਕਦੇ ਹਨ।
ਅਜਿਹਾ ਹੋਣ ’ਤੇ ਪਾਕਿਸਤਾਨ ’ਚ ਇਕ ਵਾਰ ਫਿਰ ਸਿਆਸੀ ਅਸਥਿਰਤਾ ਪੈਦਾ ਹੋ ਸਕਦੀ ਹੈ। ਇਸ ਲਈ ਪਾਕਿਸਤਾਨ ਦੇ ਹਾਕਮਾਂ ਨੂੰ ਆਪਣੇ ਦੇਸ਼ ’ਚ ਫੈਲ ਰਹੇ ਅੱਤਵਾਦੀ ਤੱਤਾਂ ’ਤੇ ਤੁਰੰਤ ਕਾਬੂ ਪਾਉਣਾ ਅਤੇ ਭਾਰਤ ’ਚ ਦਹਿਸ਼ਤ ਫੈਲਾਉਣ ਵਾਲੇ ਤੱਤਾਂ ’ਤੇ ਵੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੂੰ ਭਾਰਤ ਨਾਲ ਪੀ. ਓ. ਕੇ. ਦੀ ਸਮੱਸਿਆ ਦਾ ਵੀ ਆਪਸੀ ਸਹਿਮਤੀ ਨਾਲ ਹੱਲ ਕਰਨ ਦੀ ਲੋੜ ਹੈ, ਜਿਸ ’ਤੇ ਇਸ ਨੇ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਕਿਉਂਕਿ ਪੀ. ਓ. ਕੇ. ਭਾਰਤ ਦਾ ਹੀ ਹੈ, ਇਸ ਲਈ ਇਸ ਨੂੰ ਭਾਰਤ ਨੂੰ ਸੌਂਪਣ ਅਤੇ ਭਾਰਤ ਨਾਲ ਸਬੰਧ ਸੁਧਾਰਨ ’ਚ ਹੀ ਪਾਕਿਸਤਾਨ ਸਰਕਾਰ ਦੀ ਭਲਾਈ ਹੈ।
–ਵਿਜੇ ਕੁਮਾਰ