‘ਅਧਿਆਪਕਾਂ ਦਾ ਅਜਿਹਾ ਆਚਰਣ’ ‘ਭਲਾ ਬੱਚਿਆਂ ਨੂੰ ਕੀ ਸਿੱਖਿਆ ਦੇਵੇਗਾ’

Tuesday, Apr 29, 2025 - 03:11 AM (IST)

‘ਅਧਿਆਪਕਾਂ ਦਾ ਅਜਿਹਾ ਆਚਰਣ’ ‘ਭਲਾ ਬੱਚਿਆਂ ਨੂੰ ਕੀ ਸਿੱਖਿਆ ਦੇਵੇਗਾ’

ਜ਼ਿੰਦਗੀ ’ਚ ਮਾਤਾ-ਪਿਤਾ ਪਿੱਛੋਂ ਅਧਿਆਪਕ ਦਾ ਹੀ ਸਰਬਉੱਚ ਸਥਾਨ ਮੰਨਿਆ ਗਿਆ ਹੈ ਪਰ ਅੱਜ ਚੰਦ ਅਧਿਆਪਕ-ਅਧਿਆਪਿਕਾਵਾਂ ਵਲੋਂ ਆਪਣੀਆਂ ਮਰਿਆਦਾਵਾਂ ਨੂੰ ਭੁੱਲ ਕੇ ਗਲਤ ਆਚਰਣ ਕਰਨ ਦੇ ਨਾਲ-ਨਾਲ ਵਿਦਿਆਰਥੀ-ਵਿਦਿਆਰਥਣਾਂ ਦਾ ਤਰ੍ਹਾਂ-ਤਰ੍ਹਾਂ ਨਾਲ ਸ਼ੋਸ਼ਣ ਅਤੇ ਉਨ੍ਹਾਂ ’ਤੇ ਅਣ-ਮਨੁੱਖੀ ਜ਼ੁਲਮ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਸਾਲ ਦੀਆਂ 4 ਮਹੀਨਿਆਂ ਦੀਆਂ ਹੇਠ ਲਿਖਤ ਘਟਨਾਵਾਂ ਤੋਂ ਲਾਇਆ ਜਾ ਸਕਦਾ ਹੈ :

*8 ਜਨਵਰੀ ਨੂੰ ‘ਪੂਰਬੀ ਚੰਪਾਰਨ’ (ਬਿਹਾਰ) ਜ਼ਿਲੇ ਦੇ ‘ਅਰੇਰਾਜ’ ਸਥਿਤ ਹਾਈ ਸਕੂਲ ’ਚ ਇਕ ਅਧਿਆਪਕ ਨੂੰ ਆਪਣੀ ਹੀ ਇਕ ਵਿਦਿਆਰਥਣ ਨੂੰ ਭਜਾ ਕੇ ਲੈ ਜਾਣ ਦੇ ਦੋਸ਼ ’ਚ ਪੁਲਸ ਨੇ ਗ੍ਰਿਫਤਾਰ ਕੀਤਾ।

* 23 ਜਨਵਰੀ ਨੂੰ ‘ਬਾੜਮੇਰ’ (ਰਾਜਸਥਾਨ) ’ਚ ‘ਕੁਕਣੋਂ ਕੀ ਢਾਣੀ’ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਇਕ ਅਧਿਆਪਕ ਵਿਰੁੱਧ ਸ਼ਰਾਬ ਪੀ ਕੇ ਸਕੂਲ ਪੁੱਜਣ ਅਤੇ ਬੱਚਿਆਂ ਨਾਲ ਮਾਰ-ਕੁੱਟ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 22 ਫਰਵਰੀ ਨੂੰ ‘ਬੁਲੰਦਸ਼ਹਿਰ’ (ਉੱਤਰ ਪ੍ਰਦੇਸ਼) ਦੇ ਪਿੰਡ ‘ਲਖਾਵਟੀ’ ਸਥਿਤ ਇਕ ਸਕੂਲ ’ਚ ਬਿਨਾਂ ਡ੍ਰੈੱਸ ਕੋਡ ਦਾ ਪਾਲਣ ਕੀਤੇ ਸਕਰਟ ਦੀ ਥਾਂ ਲੈਗਿੰਗਜ਼ ਪਾ ਕੇ ਸਕੂਲ ਪੁੱਜੀ ਪਹਿਲੀ ਜਮਾਤ ਦੀ 6 ਸਾਲਾ ਇਕ ਵਿਦਿਆਰਥਣ ਦੀਆਂ ਉਸ ਦੀ ਕਲਾਸ ਟੀਚਰ ਨੇ ਗੁੱਸੇ ’ਚ ਆ ਕੇ ਪੂਰੀ ਕਲਾਸ ਸਾਹਮਣੇ ਲੈਗਿੰਗਜ਼ ਉਤਰਵਾ ਦਿੱਤੀਆਂ ਅਤੇ ਢਾਈ ਘੰਟੇ ਤੱਕ ਕਲਾਸ ’ਚ ਖੜ੍ਹੀ ਰੱਖਿਆ। ਇਸ ਵਿਰੁੱਧ ਬੱਚੀ ਦੇ ਮਾਪਿਆਂ ਨੇ ਪੁਲਸ ਕੋਲ ਕੇਸ ਦਰਜ ਕਰਵਾਇਆ।

* 3 ਅਪ੍ਰੈਲ, 2025 ਨੂੰ ‘ਭਿੰਡ’ (ਮੱਧ ਪ੍ਰਦੇਸ਼) ਜ਼ਿਲੇ ’ਚ ‘ਜਵਾਹਰ ਨਵੋਦਿਆ ਵਿੱਦਿਆਲਿਆ’ ਦੇ ਇਕ ਅਧਿਆਪਕ ‘ਗੋਪਾਲ ਲਾਲ’ ਵਲੋਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਇਕ ਵਿਦਿਆਰਥਣ ਨੂੰ ਅਸ਼ਲੀਲ ‘ਵੁਆਇਸ ਮੈਸੇਜ’ ਭੇਜ ਕੇ ਉਸ ’ਤੇ ਇਕੱਲੀ ਮਿਲਣ ਦਾ ਦਬਾਅ ਪਾਉਣ ’ਤੇ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ।

* 7 ਅਪ੍ਰੈਲ ਨੂੰ ‘ਕੋਰਬਾ’ (ਛੱਤੀਸਗੜ੍ਹ) ਸਥਿਤ ਇਕ ਸਕੂਲ ’ਚ ਟਿਊਸ਼ਨ ਪੜ੍ਹਨ ਆਈ 8ਵੀਂ ਜਮਾਤ ਦੀ ਇਕ ਵਿਦਿਆਰਥਣ ਨਾਲ ਸਕੂਲ ਦੇ ਹੈੱਡਮਾਸਟਰ ਨੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਕੱਪੜੇ ਉਤਾਰ ਦਿੱਤੇ।

ਕਿਸੇ ਤਰ੍ਹਾਂ ਬਚ ਕੇ ਭੱਜੀ ਵਿਦਿਆਰਥਣ ਨੇ ਘਰ ਆ ਕੇ ਅਾਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ, ਜਿਸ ’ਤੇ ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਨੇ ਹੈੱਡਮਾਸਟਰ ਦੀ ਜੁੱਤੀਆਂ-ਚੱਪਲਾਂ ਨਾਲ ਪਿਟਾਈ ਕਰਨ ਪਿੱਛੋਂ ਪੁਲਸ ਨੂੰ ਸੌਂਪ ਦਿੱਤਾ।

* 8 ਅਪ੍ਰੈਲ ਨੂੰ ‘ਕੁਸ਼ੀਨਗਰ’ (ਉੱਤਰ ਪ੍ਰਦੇਸ਼) ਦੇ ‘ਕਸਥਾ’ ਥਾਣੇ ਦੇ ਤਹਿਤ ਮੱਲਡੀਹ’ ‘ਕ੍ਰਿਸ਼ਕ ਇੰਟਰ ਕਾਲਜ’ ’ਚ ਤਾਇਨਾਤ ਅਧਿਆਪਕ ‘ਮੈਨੁੱਦੀਨ ਅੰਸਾਰੀ’ ਨੇ ਸਕੂਲ ਦੇ ਇਕ ਕਮਰੇ ’ਚ ਇਕ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰ ਦਿੱਤਾ।

* 8 ਅਪ੍ਰੈਲ ਨੂੰ ਹੀ ‘ਚਮੋਲੀ’ (ਉੱਤਰਾਖੰਡ) ’ਚ ‘ਗੋਪੇਸ਼ਵਰ’ ਸਥਿਤ ਇਕ ਨਿੱਜੀ ਸਕੂਲ ਦੇ ਅਧਿਆਪਕ ਨੂੰ ਸਕੂਲ ਦੀ ਹੀ ਇਕ 11 ਸਾਲਾ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।

* 11 ਅਪ੍ਰੈਲ ਨੂੰ ‘ਨਾਲੰਦਾ’ (ਬਿਹਾਰ) ਜ਼ਿਲੇ ਦੇ ‘ਰਾਮਪੁਰ’ ਪਿੰਡ ’ਚ ਸਥਿਤ ਪ੍ਰਾਇਮਰੀ ਸਕੂਲ ’ਚ ਤਾਇਨਾਤ ਅਧਿਆਪਕ ‘ਅਮਰੇਂਦਰ ਕੁਮਾਰ’ ਨੂੰ ਆਪਣੇ ਬੈਗ ’ਚ ਦੇਸੀ ਸ਼ਰਾਬ ਦਾ ਪਾਊਚ ਲੈ ਕੇ ਨਸ਼ੇ ਦੀ ਹਾਲਤ ’ਚ ਸਕੂਲ ਪੁੱਜਣ ’ਤੇ ਗ੍ਰਿਫਤਾਰ ਕਰ ਲਿਆ ਗਿਆ।

* 23 ਅਪ੍ਰੈਲ ਨੂੰ ‘ਸ਼ਿਮਲਾ’ (ਹਿਮਾਚਲ ਪ੍ਰਦੇਸ਼) ’ਚ ਇਕ ਅਧਿਆਪਕ ਵਲੋਂ ਇਕ ਵਿਦਿਆਰਥਣ ਨੂੰ ਅਸ਼ਲੀਲ ਸੁਨੇਹਾ ਭੇਜ ਕੇ ਤੰਗ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ’ਚ ਢਲੀ ਦੀ ਪੁਲਸ ਨੇ ਉਸ ਵਿਰੁੱਧ ਕੇਸ ਦਰਜ ਕੀਤਾ।

* ਅਤੇ ਹੁਣ 27 ਅਪ੍ਰੈਲ ਨੂੰ ‘ਉਦੈਪੁਰ’ (ਰਾਜਸਥਾਨ) ਦੇ ‘ਕੋਟੜਾ’ ਵਿਚ ਇਕ ਸਰਕਾਰੀ ਸਕੂਲ ਦੇ ਅਧਿਆਪਕ ‘ਮੋਹਨ ਲਾਲ ਡੋਡਾ’ ਵਲੋਂ ਪ੍ਰੀਖਿਆ ਦੌਰਾਨ 9ਵੀਂ ਜਮਾਤ ਦੇ ਇਕ ਵਿਦਿਆਰਥੀ ‘ਰਾਹੁਲ ਕੁਮਾਰ ਰਾਗੀ’ ਨੂੰ ਜ਼ਬਰਦਸਤੀ ਪ੍ਰੀਖਿਆ ’ਚੋਂ ਉਠਾ ਕੇ ਉਸ ’ਤੇ ਦਬਾਅ ਬਣਾ ਕੇ ਮੁਰਗਾ ਕਟਵਾਉਣ ਦਾ ਮਾਮਲਾ ਸਾਹਮਣੇ ਆਉਣ ’ਤੇ ਸੰਬੰਧਤ ਅਧਿਆਪਕ ਨੂੰ ਮੁਅੱਤਲ ਕੀਤਾ ਗਿਆ ਹੈ।

* 27 ਅਪ੍ਰੈਲ ਨੂੰ ਹੀ ‘ਬਿਲਾਸਪੁਰ’ (ਛੱਤੀਸਗੜ੍ਹ) ਜ਼ਿਲੇ ’ਚ ‘ਗੁਰੂ ਘਾਸੀ ਦਾਸ ਕੇਂਦਰੀ ਵਿਸ਼ਵ ਵਿੱਦਿਆਲਿਆ’ ਵਲੋਂ ‘ਸ਼ਿਵਤਰਾਈ’ ਪਿੰਡ ’ਚ ਲੱਗੇ ‘ਰਾਸ਼ਟਰੀ ਸੇਵਾ ਯੋਜਨਾ’ ਕੈਂਪ ਦੌਰਾਨ 159 ਵਿਦਿਆਰਥੀਆਂ ਨੂੰ, ਜਿਨ੍ਹਾਂ ’ਚੋਂ ਸਿਰਫ 4 ਮੁਸਲਮਾਨ ਸਨ, ਨਮਾਜ਼ ਅਦਾ ਕਰਨ ਲਈ ਮਜਬੂਰ ਕਰਨ ਦੇ ਦੋਸ਼ ’ਚ 7 ਅਧਿਆਪਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ।

ਅਧਿਆਪਕ-ਅਧਿਆਪਿਕਾਵਾਂ ਦੇ ਇਕ ਵਰਗ ਵਲੋਂ ਵਿਦਿਆਰਥੀ-ਵਿਦਿਆਰਥਣਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਅਤੇ ਉਨ੍ਹਾਂ ’ਤੇ ਜ਼ੁਲਮ ਇਸ ਆਦਰਸ਼ ਕਿੱਤੇ ’ਤੇ ਘਿਨੌਣਾ ਧੱਬਾ ਹੈ, ਜਿਸ ਨੂੰ ਰੋਕਣ ਲਈ ਤੁਰੰਤ ਸਖਤ ਕਦਮ ਚੁੱਕਣ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ।

–ਵਿਜੇ ਕੁਮਾਰ


author

Sandeep Kumar

Content Editor

Related News