‘ਜੰਮੂ-ਕਸ਼ਮੀਰ ’ਚ ਖੁਫੀਆ ਤੰਤਰ ਦੀ’ ‘ਮਜ਼ਬੂਤੀ ਜ਼ਰੂਰੀ’

Saturday, Mar 22, 2025 - 05:45 AM (IST)

‘ਜੰਮੂ-ਕਸ਼ਮੀਰ ’ਚ ਖੁਫੀਆ ਤੰਤਰ ਦੀ’ ‘ਮਜ਼ਬੂਤੀ ਜ਼ਰੂਰੀ’

ਲੰਮੇ ਸਮੇਂ ਤੋਂ ਅੱਤਵਾਦ ਦੇ ਸ਼ਿਕਾਰ ਜੰਮੂ-ਕਸ਼ਮੀਰ ਵਿਚ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਦੀ ਹਿੰਸਾ ਰੁਕਣ ਵਿਚ ਨਹੀਂ ਆ ਰਹੀ। ਉਥੇ ਰੋਜ਼ ਹੀ ਅੱਤਵਾਦ ਦੀ ਕੋਈ ਨਾ ਕੋਈ ਘਟਨਾ ਹੋ ਰਹੀ ਹੈ।

ਇਸ ਦੇ ਨਾਲ ਹੀ ਅੱਤਵਾਦੀਆਂ ਦੇ ਸਥਾਨਕ ਮਦਦਗਾਰ ਵੀ ਫੜੇ ਜਾ ਰਹੇ ਹਨ ਜੋ ਘੁਸਪੈਠੀਆਂ ਨੂੰ ਭੋਜਨ, ਰਹਿਣ ਦੇ ਸਥਾਨ, ਧਨ ਅਤੇ ਮਾਰਗਦਰਸ਼ਨ ਰਾਹੀਂ ਹਰ ਤਰ੍ਹਾਂ ਦੀ ਸਹਾਇਤਾ ਦੇ ਰਹੇ ਹਨ। ਅੱਤਵਾਦੀਆਂ ਵੱਲੋਂ ਹਮਲੇ ਅਤੇ ਉਨ੍ਹਾ ਦੇ ਅੱਡਿਆਂ ਤੋਂ ਧਮਾਕਾਖੇਜ਼ ਪਦਾਰਥਾਂ ਦੀ ਬਰਾਮਦਗੀ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਜਿਸ ਦੀਆਂ ਪਿਛਲੇ ਢਾਈ ਮਹੀਨਿਆਂ ਦੀਆਂ ਮਿਸਾਲਾਂ ਹੇਠਾਂ ਦਰਜ ਹਨ :

* 9 ਜਨਵਰੀ ਨੂੰ ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਬਲਾਂ ਨੇ ਕੁਲਗਾਮ ਜ਼ਿਲੇ ਵਿਚ ਇਕ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਦੇ 3 ਮਦਦਗਾਰਾਂ ਨੂੰ ਗ੍ਰਿਫ਼ਤਾਰ ਕੀਤਾ।

* 3 ਫਰਵਰੀ ਨੂੰ ਪੁਲਵਾਮਾ ਦੇ ‘ਬੇਹਿਬਾਗ’ ਇਲਾਕੇ ਵਿਚ ਅੱਤਵਾਦੀਆਂ ਨੇ ‘ਰਿਟਾਇਰਡ ਲਾਂਸ ਨਾਇਕ ਮੰਜੂਰ ਅਹਿਮਦ’ ਦੇ ਮਕਾਨ ’ਤੇ ਹਮਲਾ ਕਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ, ਜਦੋਂ ਕਿ ਉਨ੍ਹਾਂ ਦੀ ਪਤਨੀ ‘ਆਈਨਾ’ ਅਤੇ ਬੇਟੀ ‘ਸਾਇਨਾ’ ਜ਼ਖ਼ਮੀ ਹੋ ਗਈਆਂ।

* 26 ਫਰਵਰੀ ਨੂੰ ਰਾਜੌਰੀ ਜ਼ਿਲੇ ਦੇ ‘ਸੁੰਦਰ ਬਨੀ’ ਵਿਚ ਅੱਤਵਾਦੀਆਂ ਵੱਲੋਂ ਫੌਜ ਦੀ ਗੱਡੀ ’ਤੇ ਹਮਲਾ ਕੀਤਾ ਗਿਆ।

* 16 ਮਾਰਚ ਨੂੰ ਸੁਰੱਖਿਆ ਬਲਾਂ ਨੇ ‘ਕੁਪਵਾੜਾ’ ਜ਼ਿਲੇ ਵਿਚ ਇਕ ਸ਼ਕਤੀਸ਼ਾਲੀ ਧਮਾਕਾਖੇਜ਼ ਪਦਾਰਥ ਬਰਾਮਦ ਕਰ ਕੇ ਇਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।

* 19 ਮਾਰਚ ਨੂੰ ਬਾਂਦੀਪੋਰਾ ਜ਼ਿਲੇ ਵਿਚ ਸ਼ੱਕੀ ਦੇਸੀ ਧਮਾਕਾਖੇਜ਼ ਉਪਕਰਣ (ਆਈ. ਈ. ਡੀ.) ਬਰਾਮਦ ਕੀਤੇ ਗਏ।

* 19 ਮਾਰਚ ਨੂੰ ਹੀ ‘ਰਾਜੌਰੀ’ ਜ਼ਿਲੇ ਵਿਚ ਥਾਣਾ ਮੰਡੀ ਪੁਲਸ ਸਟੇਸ਼ਨ ਤੋਂ ਕੁਝ ਹੀ ਦੂਰੀ ’ਤੇ ਪੁਲਸ ਦੀ ਪੈਟਰੋਲਿੰਗ ਪਾਰਟੀ ’ਤੇ ਅੱਤਵਾਦੀਆਂ ਵੱਲੋਂ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਪਰ ਚੰਗੀ ਕਿਸਮਤ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਹਾਲ ਹੀ ਦੀ ਇਕ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਭਾਵ ਪੀ. ਓ. ਕੇ. ਦੇ ‘ਦੁਧਨਿਆਲ’, ‘ਜੁਰਾ’ ਅਤੇ ‘ਲੀਪਾ’ ਸੈਕਟਰਾਂ ਵਿਚ ਪਾਕਿਸਤਾਨ ਦੀ ਫੌਜ ਅਤੇ ਉਸ ਦੀ ਖੁਫੀਆ ਏਜੰਸੀ ‘ਆਈ. ਐੱਸ. ਆਈ.’ ਦੀ ਦੇਖ-ਰੇਖ ਵਿਚ ਭਾਰਤ ਵਿਰੁੱਧ ਅੱਤਵਾਦੀਆਂ ਦੇ ਲਾਂਚ ਪੈਡ ਤਿਆਰ ਹੋ ਰਹੇ ਹਨ ਅਤੇ ਜੰਮੂ-ਕਸ਼ਮੀਰ ਵਿਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਇਹ ਅੱਤਵਾਦੀ ਏ. ਕੇ. 47 ਰਾਈਫਲਾਂ, ਹੈਂਡ ਗ੍ਰੇਨੇਡ ਅਤੇ ਹੋਰ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਹਨ ਅਤੇ ਪਾਕਿਸਤਾਨ ਦੇ ਜ਼ਿਆਦਾਤਰ ਹਿੱਸਿਆਂ ਵਿਚ ਅੱਤਵਾਦੀਆਂ ਵੱਲੋਂ ਵਰਤੀ ਜਾਣ ਵਾਲੀ ‘ਇੰਟਰੱਪਟਿਡ ਕਮਿਊਨੀਕੇਸ਼ਨ ਡਿਵਾਈਸ ਅਲਟ੍ਰਾ’ ਰਾਹੀਂ ਆਪਣੀਆਂ ਸਰਗਰਮੀਆਂ ਦੀ ਪਲੈਨਿੰਗ ਦੇ ਸਬੰਧ ਵਿਚ ਆਪਣੇ ਸਾਥੀਆਂ ਨਾਲ ਗੱਲਬਾਤ ਕਰਦੇ ਹਨ ਤਾਂ ਕਿ ਏਜੰਸੀਆਂ ਨੂੰ ਇਨ੍ਹਾਂ ਦੇ ਆਪ੍ਰੇਸ਼ਨ ਦੀ ਭਿਣਕ ਨਾ ਲੱਗ ਸਕੇ।

ਇਸੇ ਦੇ ਮੱਦੇਨਜ਼ਰ ਜੰਮੂ ਵਿਚ 9 ਮਾਰਚ ਨੂੰ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਦੀ ਪ੍ਰਧਾਨਗੀ ਵਿਚ ਸੰਪੰਨ ‘ਰੀਵਿਊ ਬੈਠਕ’ ਵਿਚ ਵਿਸ਼ੇਸ਼ ਤੌਰ ’ਤੇ ਪਿਛਲੇ 3 ਮਹੀਨਿਆਂ ਦੌਰਾਨ ਜੰਮੂ-ਕਸ਼ਮੀਰ ਵਿਚ ਅੱਤਵਾਦੀ ਗਿਰੋਹਾਂ ਦੀ ਹਲਚਲ ਬਾਰੇ ਸੁਰੱਖਿਆ ਬਲਾਂ ਨੂੰ ਕਾਫੀ ਠੋਸ ਸੂਚਨਾਵਾਂ ਨਾ ਮਿਲਣ ਦੀ ਸਮੱਸਿਆ ’ਤੇ ਚਰਚਾ ਕੀਤੀ ਗਈ।

ਇਸ ਬੈਠਕ ਵਿਚ ‘ਸੈਂਟਰਲ ਰਿਜ਼ਰਵ ਪੁਲਸ ਫੋਰਸ’, ‘ਬਾਰਡਰ ਸਕਿਓਰਿਟੀ ਫੋਰਸ’, ‘ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ’, ‘ਇਨਫਰਮੇਸ਼ਨ ਬਿਊਰੋ’, ਜੰਮੂ-ਕਸ਼ਮੀਰ ਪੁਲਸ ਅਤੇ ਫੌਜ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਬੈਠਕ ਦੌਰਾਨ ਖੁਫੀਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨੇ ਸਥਾਨਕ ਪੁਲਸ ਅਤੇ ਨੀਮ ਫੌਜੀ ਬਲਾਂ ਦੇ ਮੈਂਬਰਾਂ ਨੂੰ ਸਮਝਾਇਆ ਕਿ ਜੰਗਲਾਂ ਵਿਚ ਜ਼ਿਆਦਾ ਸਮਾਂ ਬਿਤਾਉਣ ਵਾਲੇ 2 ਸਥਾਨਕ ਕਬੀਲੇ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੀਆਂ ਸਰਗਰਮੀਆਂ ਦੇ ਵਿਸ਼ੇ ’ਚ ਸੂਚਨਾਵਾਂ ਦੇਣ ਦੇ ਸਮਰੱਥ ਹਨ, ਇਸ ਲਈ ਉਨ੍ਹਾਂ ਨਾਲ ਖਾਸ ਤੌਰ ’ਤੇ ਸੰਪਰਕ ਮਜ਼ਬੂਤ ਕੀਤਾ ਜਾਵੇ ਅਤੇ ਇਸ ਲਈ ਧਨ ਵੀ ਖਰਚ ਕੀਤਾ ਜਾ ਸਕਦਾ ਹੈ।

ਬੈਠਕ ਵਿਚ ਇਸ ਗੱਲ ਨੂੰ ਲੈ ਕੇ ਵੀ ਚਰਚਾ ਹੋਈ ਕਿ ਜੰਗਲਾਂ ਵਿਚ ਅੱਤਵਾਦੀਆਂ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਲਈ ਕਈ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ ਪਰ ਕੋਈ ਸਫਲਤਾ ਨਹੀਂ ਮਿਲ ਰਹੀ।

ਖਾਸ ਕਰ ਕੇ ਪੁੰਛ, ਰਾਜੌਰੀ ਅਤੇ ਜੰਮੂ ਵਿਚ ਸੁਰੱੱਖਿਆ ਬਲਾਂ ’ਤੇ ਵਾਰ-ਵਾਰ ਅਤੇ ਭਿਆਨਕ ਹਮਲੇ ਸੁਰੱਖਿਆ ਬਲਾਂ ਲਈ ਕਈ ਮਹੀਨਿਆਂ ਤੋਂ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਸੀਨੀਅਰ ਅਧਿਕਾਰੀਆਂ ਅਨੁਸਾਰ ਇਸ ਦਾ ਵੱਡਾ ਕਾਰਨ ਅੱਤਵਾਦੀਆਂ ਵਿਰੁੱਧ ਠੋਸ ਕਾਰਵਾਈ ਕਰਨ ਲਈ ਘੁਸਪੈਠ ਦੇ ਸਬੰਧ ਵਿਚ ਜ਼ਿਆਦਾ ਜਾਣਕਾਰੀ ਨਾ ਮਿਲਣਾ ਹੀ ਹੈ।

ਜਿਥੇ ਪਿਛਲੇ ਕੁਝ ਸਾਲਾਂ ਵਿਚ ਖੁਫੀਆ ਤੰਤਰ ਕਮਜ਼ੋਰ ਹੋਇਆ ਹੈ, ਉਥੇ ਹੀ ਅੱਤਵਾਦੀਆਂ ਨੇ ਆਪਣਾ ਨੈੱਟਵਰਕ ਮਜ਼ਬੂਤ ਕੀਤਾ ਹੈ। ਇਸ ਦੇ ਚੱਲਦਿਆਂ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੁਝ ਸਮਾਂ ਪਹਿਲਾਂ ਖੁਫੀਆ ਤੰਤਰ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ ਸੀ।

ਇਸ ਲਈ ਉਥੇ ਖੁਫੀਆ ਤੰਤਰ ਦੀ ਮਜ਼ਬੂਤੀ ਲਈ ਛੇਤੀ ਤੋਂ ਛੇਤੀ ਪ੍ਰਭਾਵੀ ਕਦਮ ਚੁੱਕਣ ਦੀ ਲੋੜ ਹੈ, ਤਾਂ ਕਿ ਉਥੋਂ ਦੇ ਹਾਲਾਤ ਠੀਕ ਹੋ ਸਕਣ।

-ਵਿਜੇ ਕੁਮਾਰ


author

Sandeep Kumar

Content Editor

Related News