37 ਸਾਲ ਬਾਅਦ ਅਹਿਮਦਾਬਾਦ ’ਚ ਇਕ ਹੋਰ ਦਰਦਨਾਕ ਜਹਾਜ਼ ਹਾਦਸਾ
Friday, Jun 13, 2025 - 04:03 AM (IST)

ਆਮ ਤੌਰ ’ਤੇ ਜਹਾਜ਼ ਯਾਤਰਾ ਕਾਫੀ ਸੁਰੱਖਿਅਤ ਮੰਨੀ ਜਾਂਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਜਹਾਜ਼ਾਂ ’ਚ ਉਡਾਣ ਦੇ ਦੌਰਾਨ ਲਗਾਤਾਰ ਖਰਾਬੀਆਂ ਆਉਣ ਲੱਗੀਆਂ ਹਨ, ਜਿਸ ਨਾਲ ਜਹਾਜ਼ ਯਾਤਰੀਆਂ ਦੀ ਜਾਨ ਜਾ ਰਹੀ ਹੈ। ਪਿਛਲੇ ਤਿੰਨ ਮਹੀਨਿਆਂ ’ਚ ਹੋਏ ਅਜਿਹੇ ਹੀ ਕੁਝ ਜਹਾਜ਼ ਹਾਦਸਿਆਂ ਦਾ ਵੇਰਵਾ ਹੇਠਾਂ ਦਰਜ ਹੈ :
* 10 ਮਾਰਚ ਨੂੰ ‘ਸ਼ਿਕਾਗੋ’ ਤੋਂ ਦਿੱਲੀ ਜਾ ਰਹੇ ‘ਏਅਰ ਇੰਡੀਆ’ ਦੇ ਜਹਾਜ਼ ਦੇ 12 ’ਚੋਂ 11 ਟਾਇਲਟਸ ਜਾਮ ਹੋ ਜਾਣ ਕਾਰਨ ਜਹਾਜ਼ ਨੂੰ ਉਡਾਣ ਭਰਨ ਦੇ 10 ਘੰਟੇ ਬਾਅਦ ਸ਼ਿਕਾਗੋ ਵਾਪਸ ਪਰਤਣਾ ਪਿਆ।
* 30 ਮਾਰਚ ਨੂੰ ‘ਜੈਪੁਰ’ ਤੋਂ ‘ਚੇਨਈ’ ਜਾ ਰਹੇ ‘ਸਪਾਈਸ ਜੈੱਟ’ ਦੇ ਜਹਾਜ਼ ਦਾ ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਟਾਇਰ ਫਟ ਗਿਆ।
* 8 ਮਈ ਨੂੰ ਉੱਤਰਾਖੰਡ ਦੇ ‘ਉੱਤਰਕਾਸ਼ੀ’ ਜ਼ਿਲੇ ਦੇ ‘ਗੰਗੋਤਰੀ ਮੰਦਰ’ ਵੱਲ ਜਾ ਰਿਹਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਜਾਣ ਦੇ ਸਿੱਟੇ ਵਜੋਂ ਉਸ ਦੇ ਪਾਇਲਟ ਅਤੇ ਉਸ ’ਚ ਸਵਾਰ 5 ਔਰਤਾਂ ਦੀ ਮੌਤ ਹੋ ਗਈ।
* 21 ਮਈ ਨੂੰ ‘ਦਿੱਲੀ’ ਤੋਂ ‘ਸ਼੍ਰੀਨਗਰ’ ਜਾ ਰਿਹਾ ‘ਇੰਡੀਗੋ’ ਦਾ ਜਹਾਜ਼ ‘ਟਰਬੁਲੈਂਸ’ (ਖਰਾਬ ਮੌਸਮ) ਦਾ ਸ਼ਿਕਾਰ ਹੋ ਗਿਆ ਅਤੇ ਜਹਾਜ਼ ’ਤੇ ਬਰਫੀਲੀ ਬਾਰਿਸ਼ ਅਤੇ ਗੜੇ ਡਿੱਗਣ ਦੇ ਕਾਰਨ ਇਹ ਤੇਜ਼ੀ ਨਾਲ ਉੱਪਰ-ਹੇਠਾਂ ਹੋਣ ਲੱਗਾ।
ਇਸ ਜਹਾਜ਼ ’ਚ ‘ਤ੍ਰਿਣਮੂਲ ਕਾਂਗਰਸ’ ਦੀ ਸੰਸਦ ਮੈਂਬਰ ‘ਸਾਗਰਿਕਾ ਘੋਸ਼’ ਆਪਣੀ ਪਾਰਟੀ ਦੇ 5 ਮੈਂਬਰਾਂ ਦੇ ਨਾਲ ਯਾਤਰਾ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ‘‘ਮੈਨੂੰ ਲੱਗ ਰਿਹਾ ਸੀ ਕਿ ਮੌਤ ਨੇੜੇ ਹੈ, ਜ਼ਿੰਦਗੀ ਖਤਮ ਹੋ ਗਈ ਹੈ। ਇਹ ਸਮਾਂ ਨਰਕ ਦੇ ਬਰਾਬਰ ਸੀ।’’
* 25 ਮਈ ਨੂੰ ‘ਜੈਪੁਰ’ ਤੋਂ ‘ਦਿੱਲੀ’ ਜਾ ਰਹੇ ‘ਇੰਡੀਗੋ’ ਦੇ ਜਹਾਜ਼ ’ਚ ਉਡਾਣ ਦੇ ਦੌਰਾਨ ਤਕਨੀਕੀ ਖਰਾਬੀ ਆ ਜਾਣ ਦੇ ਕਾਰਨ 65 ਯਾਤਰੀਆਂ ਦੀ ਜਾਨ ਖਤਰੇ ’ਚ ਪੈ ਗਈ ਅਤੇ ਜਹਾਜ਼ ਨੂੰ ਵਾਪਸ ‘ਜੈਪੁਰ’ ਹਵਾਈ ਅੱਡੇ ’ਤੇ ਉਤਾਰਨਾ ਪਿਆ।
* 2 ਜੂਨ ਨੂੰ 4000 ਫੁੱਟ ਦੀ ਉੱਚਾਈ ’ਤੇ 175 ਯਾਤਰੀਆਂ ਨੂੰ ਨਾਲ ਲੈ ਕੇ ਉੱਡ ਰਹੇ ‘ਇੰਡੀਗੋ’ ਦੇ ਜਹਾਜ਼ ਨਾਲ ਗਿੱਦ ਜਾ ਟਕਰਾਈ। ਇਸ ਨਾਲ ਜਹਾਜ਼ ਨੂੰ ਕੁਝ ਨੁਕਸਾਨ ਪਹੁੰਚਿਆ ਪਰ ਕੋਈ ਅਣਹੋਣੀ ਨਹੀਂ ਹੋਈ।
* 7 ਜੂਨ ਨੂੰ ‘ਦੇਹਰਾਦੂਨ’ ਤੋਂ ‘ਕੇਦਾਰਨਾਥ ਧਾਮ’ ਲਈ ਉਡਾਣ ਭਰਨ ਵਾਲਾ ਇਕ ਹੈਲੀਕਾਪਟਰ ਦੋ ਮੀਟਰ ਹੀ ਉੱਪਰ ਉੱਠ ਸਕਿਆ ਸੀ ਕਿ ਉਸ ’ਚ ਤਕਨੀਕੀ ਖਰਾਬੀ ਆ ਜਾਣ ਨਾਲ ਹੈਲੀਕਾਪਟਰ ਦੀ ‘ਟੇਲ’ ਨੁਕਸਾਨੀ ਜਾਣ ਤੋਂ ਬਾਅਦ ਸੜਕ ’ਤੇ ਖੜ੍ਹੀ ਇਕ ਕਾਰ ਨਾਲ ਜਾ ਟਕਰਾਈ ਅਤੇ ਹੈਲੀਕਾਪਟਰ ਦੇ ਪੱਖਿਆਂ ਦੀ ਲਪੇਟ ’ਚ ਆ ਜਾਣ ਨਾਲ ਇਕ ਦੁਕਾਨ ਦਾ ਕੁਝ ਹਿੱਸਾ ਵੀ ਟੁੱਟ ਗਿਆ।
* ਅਤੇ ਹੁਣ 12 ਜੂਨ ਨੂੰ ‘ਅਹਿਮਦਾਬਾਦ’ ਤੋਂ ‘ਲੰਡਨ’ ਜਾ ਰਿਹਾ ‘ਏਅਰ ਇੰਡੀਆ’ ਦਾ ‘ਡਰੀਮ ਲਾਈਨਰ ਬੋਇੰਗ 787’ ਜਹਾਜ਼ ਉਡਾਣ ਭਰਨ ਤੋਂ ਕੁਝ ਹੀ ਸੈਕਿੰਡ ਬਾਅਦ ‘ਮੇਗਾਨੀ ਨਗਰ’ ਦੇ ਨੇੜੇ ਭਿਆਨਕ ਹਾਦਸੇ ਦਾ ਸ਼ਿਕਾਰ ਹੁੰਦੇ ਹੀ ਅੱਗ ਦਾ ਗੋਲਾ ਬਣ ਗਿਆ।
ਇਲਾਕੇ ’ਚ ਕਾਲਾ ਧੂੰਆਂ ਛਾ ਗਿਆ ਅਤੇ ਇਸ ਹਾਦਸੇ ’ਚ ਜਹਾਜ਼ ਦੇ ਚਾਲਕ ਦਲ ਦੇ 12 ਮੈਂਬਰਾਂ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ‘ਵਿਜੇ ਰੂਪਾਣੀ’ ਸਮੇਤ 242 ਯਾਤਰੀਆਂ ’ਚੋਂ 241 ਯਾਤਰੀਆਂ ਦੀ ਮੌਤ ਅਤੇ ਹਾਦਸੇ ਦੇ ਦੌਰਾਨ ਸਿਵਲ ਹਸਪਤਾਲ ਦੇ ਹੋਸਟਲਾਂ ਨਾਲ ਟਕਰਾਉਣ ਨਾਲ ਉਥੇ ਮੌਜੂਦ 56 ਲੋਕਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਇਸ ਹਾਦਸੇ ’ਚ ਮ੍ਰਿਤਕਾਂ ਦੀ ਕੁੱਲ ਗਿਣਤੀ 297 ਹੋ ਗਈ ਹੈ।
ਇਸ ਜਹਾਜ਼ ’ਚ 169 ਭਾਰਤੀ, 53 ਬ੍ਰਿਟਿਸ਼, ਇਕ ਕੈਨੇਡੀਅਨ ਅਤੇ 7 ਪੁਰਤਗਾਲੀ ਨਾਗਰਿਕ ਸਵਾਰ ਸਨ। ਸਾਰੀਆਂ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਹਨ ਕਿ ਉਨ੍ਹਾਂ ਨੂੰ ਪਛਾਣ ਸਕਣਾ ਵੀ ਮੁਸ਼ਕਿਲ ਹੋਣ ਦੇ ਕਾਰਨ ਉਨ੍ਹਾਂ ਦਾ ਡੀ. ਐੱਨ. ਏ. ਟੈਸਟ ਕੀਤਾ ਜਾਵੇਗਾ।
‘ਅਹਿਮਦਾਬਾਦ’ ਹਵਾਈ ਅੱਡੇ ’ਤੇ ਹੋਣ ਵਾਲਾ ਇਹ ਦੂਜਾ ਭਿਆਨਕ ਜਹਾਜ਼ ਹਾਦਸਾ ਹੈ। ਇਸ ਤੋਂ ਪਹਿਲਾਂ 19 ਅਕਤੂਬਰ, 1988 ਨੂੰ ਵੀ ‘ਇੰਡੀਅਨ ਏਅਰਲਾਈਨਜ਼’ ਦਾ ਮੁੰਬਈ ਤੋਂ ‘ਅਹਿਮਦਾਬਾਦ’ ਆਉਣ ਵਾਲਾ ਜਹਾਜ਼ ਹਵਾਈ ਅੱਡੇ ਦੇ ਨੇੜੇ ਹੀ ਹਾਦਸਾਗ੍ਰਸਤ ਹੋ ਜਾਣ ਦੇ ਸਿੱਟੇ ਵਜੋਂ 133 ਲੋਕਾਂ ਦੀ ਜਾਨ ਚਲੀ ਗਈ ਸੀ।
ਬਿਨਾਂ ਸ਼ੱਕ ਇਹ ਘਟਨਾ ਅਤਿਅੰਤ ਦੁਖਦਾਈ ਹੈ, ਜਿਸ ਨੇ ਇਕ ਵਾਰ ਫਿਰ ਹਵਾਈ ਯਾਤਰਾਵਾਂ ’ਚ ਜੋਖਮ ਦਾ ਸੰਕੇਤ ਦਿੱਤਾ ਹੈ। ਇਸ ਲਈ ਹਵਾਬਾਜ਼ੀ ਕੰਪਨੀਆਂ ਅਤੇ ਹਵਾਬਾਜ਼ੀ ਡਾਇਰੈਕਟੋਰੇਟ ਨੂੰ ਆਪਣੇ ਸੁਰੱਖਿਆ ਪ੍ਰਬੰਧ ਹੋਰ ਚੁਸਤ ਕਰਨੇ ਹੋਣਗੇ। ਉਡਾਣ ਤੋਂ ਪਹਿਲਾਂ ਜਹਾਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਸ ਕਿਸਮ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।
–ਵਿਜੇ ਕੁਮਾਰ