ਫੌਜ ਦੇ ਧਰਮ-ਨਿਰਪੱਖ ਢਾਂਚੇ ਨਾਲ ਖਿਲਵਾੜ ਕਰਨਾ ਦੇਸ਼ ਹਿੱਤ ’ਚ ਨਹੀਂ
Thursday, Jun 05, 2025 - 07:45 PM (IST)

ਭਾਰਤੀ ਫੌਜ ਦੇਸ਼ ਦੀ ਸਭ ਤੋਂ ਵੱਡੀ ਗੈਰ-ਸਿਆਸੀ, ਗੈਰ-ਫਿਰਕੂ, ਧਰਮ ਨਿਰਪੱਖਤਾ, ਆਚਰਨ ਨਿਯਮਾਂਵਲੀ ਵਾਲੀ ਸ਼ਕਤੀਸ਼ਾਲੀ ਗੌਰਵਮਈ ਸੰਸਥਾ ਹੈ ਜਿਸ ’ਚ ਮੁਲਕ ਦੇ ਹਰ ਧਰਮ, ਵਰਗ, ਜਾਤ-ਪਾਤ ਤੇ ਵੱਖ-ਵੱਖ ਇਲਾਕਿਆਂ ਤੋਂ ਨਾਗਰਿਕਾਂ ਵਿਸ਼ੇਸ਼ ਤੌਰ ’ਤੇ ਹੁਣ ਔਰਤਾਂ ਦੀ ਸ਼ਮੂਲੀਅਤ ਵੀ ਅਨੇਕਤਾ ’ਚ ਕੌਮੀ ਏਕਤਾ ਦੀ ਪ੍ਰਤੀਕ ਹੈ। ਫੌਜ ਹੀ ਇਕੋ-ਇਕ ਨਿਵੇਕਲੀ ਸਰਕਾਰੀ ਨੌਕਰੀ ਹੈ ਜਿਸ ਦੇ ਮੈਂਬਰ ਜਾਂ ਮੁਲਾਜ਼ਮ ਸੰਵਿਧਾਨ ਦੀ ਸਹੁੰ ਚੁੱਕ ਕੇ ਦੇਸ਼ ਦੀ ਖਾਤਰ ਮਰ-ਮਿਟਣ ਵਾਲਾ ਜਜ਼ਬਾ ਰੱਖਦੇ ਹਨ।
ਹਥਿਆਰਬੰਦ ਸੈਨਾਵਾਂ ਨੇ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਦਿਆਂ ਹਜ਼ਾਰਾਂ ਦੀ ਗਿਣਤੀ ’ਚ ਬਲਿਦਾਨ ਦੇ ਕੇ ਕੇਵਲ ਜੰਗਾਂ ਹੀ ਨਹੀਂ ਜਿੱਤੀਆਂ ਸਗੋਂ ਇਕ ਨਵੇਂ ਮੁਲਕ ਦੀ ਸਿਰਜਣਾ ਵੀ ਕੀਤੀ ਜਿਸ ਦੀ ਮਿਸਾਲ ਦੁਨੀਆ ਭਰ ’ਚ ਹੋਰ ਕਿਤੇ ਨਹੀਂ ਮਿਲਦੀ। ਚੀਨ ਨਾਲ ਸੰਨ 1962 ਦੀ ਜੰਗ ਸਮੇਂ ਅਨੇਕ ਕਿਸਮ ਦੀਆਂ ਕਠਿਨਾਈਆਂ ਤੇ ਹਰ ਕਿਸਮ ਦੀ ਘਾਟ ਦੀ ਪ੍ਰਵਾਹ ਨਾ ਕਰਦਿਆਂ ਫੌਜ ਨਹੀਂ ਹਾਰੀ ਸਗੋਂ ਯੋਧਿਆਂ ਨੂੰ ਲੜਾਉਣ ਵਾਲੇ ਹਾਰੇ! ਆਪ੍ਰੇਸ਼ਨ ਸਿੰਧੂਰ ਦੌਰਾਨ ਜੇਕਰ ਪਾਕਿਸਤਾਨ ਨੂੰ ਇਕ ਵਾਰੀ ਫਿਰ ਝੰਜੋੜਿਆ ਤਾਂ ਉਹ ਕੌਮੀ ਇੱਛਾ ਸ਼ਕਤੀ ਦੇ ਨਾਲ ਦੇਸ਼ ਦੀਆਂ ਤਾਕਤਵਰ ਸੈਨਾਵਾਂ ਦਰਮਿਆਨ ਕਾਬਲੇ ਤਾਰੀਫ ਬਿਹਤਰ ਤਾਲਮੇਲ ਤੇ ਇਕਜੁਟਤਾ ਕਾਰਨ ਹੀ ਸੰਭਵ ਹੋਇਆ।
ਅਫਸੋਸ ਦੀ ਗੱਲ ਤਾਂ ਇਹ ਹੈ ਕਿ ਕੇਵਲ ਵੋਟਾਂ ਬਟੋਰਨ ਸਮੇਂ ਹੀ ਨਹੀਂ ਸਗੋਂ ਸੰਵਿਧਾਨਕ ਅਹੁਦਿਆਂ ’ਤੇ ਬਿਰਾਜਮਾਨ ਵਿਸ਼ੇਸ਼ ਤੌਰ ’ਤੇ ਸੌੜੀ ਸੋਚ ਰੱਖਣ ਵਾਲੇ ਕੁਝ ਰਾਜਸੀ ਨੇਤਾ ਫੌਜ ਦੇ ਮੁੱਢਲੇ ਸਿਧਾਂਤ ਨੂੰ ਦਰ-ਕਿਨਾਰ ਕਰਦਿਆਂ ਦੇਸ਼ ’ਚ ਵੰਡੀਆਂ ਪਾਉਣ ਤੇ ਹਥਿਆਰਬੰਦ ਸੈਨਾਵਾਂ ਦੇ ਸਿਆਸੀਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ। ਇਸ ਪ੍ਰਸੰਗ ’ਚ ਦੋ ਵਾਰਦਾਤਾਂ ਪ੍ਰਸਪਰ ਵਿਰੋਧੀ ਨਹੀਂ ਸਗੋਂ ਫੌਜੀਆਂ ਦੇ ਮਨੋਬਲ ਨੂੰ ਉਸਾਰੂ ਜਾਂ ਨਕਾਰਾਤਮਕ ਢੰਗ ਨਾਲ ਪ੍ਰਭਾਵਿਤ ਕਰਨ ਵਾਲਿਆਂ ਹਨ ਜਿਨ੍ਹਾਂ ਬਾਰੇ ਵਿਚਾਰ ਚਰਚਾ ਕਰਨਾ ਉਚਿਤ ਸਮਝਦਾ ਹਾਂ।
ਪਹਿਲਾ ਬਿੰਦੂ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਕਰਨਲ ਸੋਫੀਆ ਕੁਰੈਸ਼ੀ ਬਾਰੇ ਇਕ ਮੰਤਰੀ ਵਲੋਂ ਇਤਰਾਜ਼ਯੋਗ ਸ਼ਰਮਨਾਕ ਤੇ ਬੇਹੁਦਾ ਟਿੱਪਣੀਆਂ ਨਾਲ ਜੁੜਿਆ ਹੋਇਆ ਹੈ ਜੋ ਕਿ ਫੌਜ ਲਈ ਨਕਾਰਤਮਕ ਸੰਕੇਤ ਦਿੰਦਾ ਹੈ। ਦੂਸਰਾ ਪਹਿਲੂ ਹਾਲ ਵਿਚ ਹੀ ਉੱਤਰੀ ਸਿੱਕਮ ’ਚ ਵਾਪਰੇ ਦਰਦਨਾਕ ਹਾਦਸੇ ਨਾਲ ਸੰਬੰਧਤ ਹੈ ਜੋ ਕਿ ਫੌਜ ਅੰਦਰ ਗੈਰ-ਫਿਰਕੂ ਢਾਂਚੇ, ਸਦਭਾਵਨਾ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਕਰਨਲ ਕੁਰੈਸ਼ੀ ਦੀ ਭੂਮਿਕਾ ਤੇ ਮੰਤਰੀ ਦੀ ਦੁਖਦਾਇਕ ਬਿਆਨਬਾਜ਼ੀ ‘ਆਪ੍ਰੇਸ਼ਨ ਸਿੰਧੂਰ’ਦੀ ਸਫਲਤਾ ਬਾਰੇ ਦੇਸ਼ ਵਾਸੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਖਾਤਰ ਮੋਦੀ ਸਰਕਾਰ ਨੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਲ ਆਰਮੀ ਦੀ ਨੁਮਾਇੰਦਗੀ ਕਰਨ ਵਾਲੀ ਸਿਗਨਲ ਰੈਜ਼ੀਮੈਂਟ ਦੀ ਕਰਨਲ ਸੋਫੀਆ ਕੁਰੈਸ਼ੀ ਅਤੇ ਹਵਾਈ ਸੈਨਾ ਤੋਂ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੂੰ ਚੁਣ ਕੇ ਅਤਿ ਕੁਸ਼ਲ ਕਾਰਜ ਦਾ ਪ੍ਰਗਟਾਵਾ ਕਰਦਿਆਂ ਇਕ ਹੀ ਝਟਕੇ ਨਾਲ ਕਈ ਨਿਸ਼ਾਨੇ ਵਿੱਢੇ, ਜਿਸ ਦੀ ਉਪਮਾ ਦੇਸ਼ ਭਰ ’ਚ ਹੋਈ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਕੁਝ ਇਕ ਕੱਟੜਪੰਥੀ ਸਿਆਸਤਦਾਨਾਂ ਨੂੰ ਮੁਸਲਮਾਨ ਅਫਸਰ ਦੀ ਸ਼੍ਮੂਲੀਅਤ ਰਾਸ ਨਾ ਆਈ।
12 ਮਈ ਨੂੰ ਹਿੰਦੀ ਪੱਟੀ ਦੇ ਮਹੱਤਵਪੂਰਨ ਸੂਬੇ ਮੱਧ ਪ੍ਰਦੇਸ਼ ’ਚ ਡਬਲ ਇੰਜਣ ਵਾਲੀ ਸਰਕਾਰ ਦੇ ਜਨਜਾਤੀ ਮਾਮਲਿਆਂ ਦੇ ਮੰਤਰੀ ਵਿਜੇ ਸ਼ਾਹ ਨੇ ਇਕ ਜਲਸੇ ਨੂੰ ਸੰਬੋਧਨ ਕਰਦਿਆਂ ਇਕ ਵਾਰੀ ਨਹੀਂ ਕਈ ਵਾਰੀ ਕਰਨਲ ਸੋਫੀਆ ਕੁਰੈਸ਼ੀ ਨੂੰ ਅੱਤਵਾਦੀਆਂ ਦੀ ਭੈਣ ਕਹਿਣ ਵਾਲੇ ਅਪਮਾਨ ਯੋਗ ਸ਼ਬਦ ਵਰਤ ਕੇ ਮੋਦੀ ਸਰਕਾਰ ਦੇ ਕੀਤੇ-ਕਰਾਏ ’ਤੇ ਪਾਣੀ ਫੇਰ ਦਿੱਤਾ।
ਮੱਧ ਪ੍ਰਦੇਸ਼ ਹਾਈ ਕੋਰਟ ਨੇ ਵਿਜੇ ਸ਼ਾਹ ਦੇ ਕਥਨਾਂ ਨੂੰ ‘ਖਤਰਨਾਕ’ ਕੈਂਸਰ ਪੈਦਾ ਕਰਨ ਵਾਲੇ ਅਤੇ ‘ਸਮਾਜਿਕ ਸੋਹਾਰਦ ਵਿਚ ਦੁਫੇੜ ਪਾਉਣ ਵਾਲੇ ਕਰਾਰ ਦਿੰਦਿਆਂ ਸੂਬਾਈ ਪੁਲਸ ਨੂੰ ਉਸ ਖਿਲਾਫ ‘ਚਾਰ ਘੰਟਿਆਂ ਦੇ ਅੰਦਰ ਐੱਫ.ਆਈ.ਆਰ. ਦਰਜ ਕਰਨ ਅਤੇ ਹੋਰ ਢੁੱਕਵੀਂ ਕਾਰਵਾਈ ਕੀਤੇ ਜਾਣ ਦਾ ਹੁਕਮ 21 ਮਈ ਨੂੰ ਦਿੱਤਾ ਸੀ। ਜਸਟਿਸ ਅਤੁਲ ਸ਼੍ਰੀ ਧਰਨ ਤੇ ਜਸਟਿਸ ਅਨੁਰਾਧਾ ਸ਼ੁਕਲਾ ਵਾਲੇ ਆਧਾਰਿਤ ਡਵੀਜ਼ਨ ਬੈਂਚ ਨੇ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ‘ਆਪ੍ਰੇਸ਼ਨ ਸਿੰਧੂਰ’ ਦੀ ਤਰਜ਼ਮਾਨ ਕਰਨਲ ਕੁਰੈਸ਼ੀ ਦੀ ਤੌਹੀਨ ਕਰਾਰ ਦਿੱਤਾ ਸੀ। ਬੈਂਚ ਨੇ ਆਪਣੇ ਹੁਕਮਾਂ ਵਿਚ ਲਿਖਿਆ ਸੀ ਕਿ ਜਿਹੜੇ ਹਾਲਾਤ ਵਿਚ ਦੇਸ਼ ਨੂੰ ਮੁਕੰਮਲ ਏਕਤਾ -ਇਕਸੁਰਤਾ ਤੇ ਸਮਾਜਿਕ-ਰਾਜਸੀ ਸਦਭਾਵਨਾ ਦੀ ਸਖਤ ਲੋੜ ਹੋਵੇ, ਉਨ੍ਹਾਂ ਹਾਲਾਤ ਵਿਚ ਇਕ ਮੰਤਰੀ ਦਾ ਗੈਰ-ਜ਼ਿੰਮੇਵਾਰਨਾ ਤੇ ਗੈਰ ਸੰਜੀਦਾ ਬਿਆਨ ਕੀ ਕਹਿਰ ਢਾਹ ਸਕਦਾ ਹੈ, ਇਹ ਕਿਆਸਣਾ ਹੀ ਮੁਸ਼ਕਲ ਹੈ।’’
ਲੈਫਟੀਨੈਂਟ ਤਿਵਾੜੀ ਦੀ ਧਰਮਨਿਰਪੱਖਤਾ ਵਾਲੀ ਕੁਰਬਾਨੀ : ਟਾਈਮਸ ਨਿਊਜ਼ ਨੈੱਟਵਰਕ ਵਲੋਂ ਇਕ ਕੌਮੀ ਅਖਬਾਰ ’ਚ ਕੁਝ ਦਿਨ ਪਹਿਲਾਂ ਪ੍ਰਕਾਸ਼ਿਤ ਖਬਰ ਅਨੁਸਾਰ 23 ਸਾਲਾ ਲੈਫਟੀਨੈਂਟ ਸ਼ਸੰਕ ਤਿਵਾੜੀ ਜੋ ਕਿ ਅਯੁੱਧਿਆ ਦਾ ਰਹਿਣ ਵਾਲਾ ਸੀ ਤੇ ਉਸ ਨੇ 6 ਕੁ ਮਹੀਨੇ ਪਹਿਲਾਂ ਹੀ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਤੋਂ ਕਮਿਸ਼ਨ ਪ੍ਰਾਪਤ ਕਰਨ ਉਪਰੰਤ ਉਸ ਦੀ ਪੋਸਟਿੰਗ ਸਿੱਕਮ ਸਕਾਊਟਸ ’ਚ ਹੋ ਗਈ।
ਜਦੋਂ ਲੈਫ. ਤਿਵਾੜੀ ਚੀਨ ਨਾਲ ਲੱਗਦੇ ਸਰਹੱਦੀ ਇਲਾਕੇ ’ਚ ‘ਰੂਟ ਓਪਨਿੰਗ ਪੈਟਰੋਲ’ ਦੀ ਅਗਵਾਈ ਕਰ ਰਿਹਾ ਸੀ ਤਾਂ ਉਸ ਦਾ ਇਕ ਮੈਂਬਰ ਲੱਕੜ ਵਾਲੇ ਆਰਜ਼ੀ ਪੁਲ ਪਾਰ ਕਰਦੇ ਸਮੇਂ ਉਸ ਦਾ ਪੈਰ ਥਿੜਕ ਗਿਆ ਤਾਂ ਉਹ ਨਦੀ ’ਚ ਡਿੱਗ ਪਿਆ। ਲੈਫ. ਤਿਵਾੜੀ ਨੇ ਤੁਰੰਤ ਵਗਦੇ ਬਰਫੀਲੇ ਪਾਣੀ ’ਚ ਛਾਲ ਮਾਰ ਦਿੱਤੀ ਤੇ ਉਸ ਦੇ ਨਾਲ ਹੀ ਨਾਇਕ ਪੂਕਰ ਕਟੇਲ ਵੀ ਨਦੀ ’ਚ ਕੁਦ ਪਿਆ। ਦੋਹਾਂ ਨੇ ਮਿਲ ਕੇ ਅਗਨੀਵੀਰ ਦੀ ਜਾਣ ਤਾਂ ਬਚਾ ਲਈ ਪਰ ਫੌਜ ਦੀਆਂ ਧਰਮ ਤੇ ਜਾਤਪਾਤ ਨਿਰਪੱਖਤਾ ਵਾਲੀਆਂ ਪ੍ਰੰਪਰਾਵਾਂ ਕਾਇਮ ਰੱਖਦਿਆਂ ਲੈਫ. ਤਿਵਾੜੀ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ।
ਬਾਜ ਵਾਲੀ ਨਜ਼ਰ : ਭਾਰਤੀ ਫੌਜ ਵਿਰੁੱਧ ਰਾਜਸੀ ਨੇਤਾਵਾਂ ਜਾਂ ਕੁਝ ਹੋਰ ਵਿਅਕਤੀਆਂ ਵਲੋਂ ਕੀਤੀਆਂ ਜਾ ਰਹੀਆਂ ਇਤਰਾਜ਼ਯੋਗ ਤੋਹਮਤਾਂ ਜਿਥੇ ਫੌਜ ਦੇ ਵਕਾਰ ਨੂੰ ਢਾਅ ਲਾਉਂਦੀਆਂ ਹਨ ਉਥੇ ਉਹ ਦੇਸ਼ ਹਿੱਤ ਵਿਚ ਵੀ ਨਹੀਂ ਹਨ।
ਇਸ ਕਿਸਮ ਦੇ ਰਾਜਸੀ ਨੇਤਾਵਾਂ ਦੀ ਫਤੂਰ ਭਰੀ ਕੱਟੜਪੰਥੀ ਮਾਨਸਿਕਤਾ ਫੌਜ ਅੰਦਰ ਵੰਡੀਆਂ ਪਾਉਣ ਵਾਲੇ ਸੰਦੇਸ਼ ਦੇ ਰਹੀ ਹੈ। ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਵਲੋਂ ਸ਼ਾਹ ਨੂੰ ਫਿਟਕਾਰ ਪਾਉਣ ਦੇ ਬਾਵਜੂਦ ਵੀ ਭਾਜਪਾ ਆਪਣੇ ਆਗੂਆਂ ਨੂੰ ਲਗਾਮ ਕਿਉਂ ਨਹੀਂ ਪਾ ਰਹੀ ? ਚਾਹੀਦਾ ਤਾਂ ਇਹ ਸੀ ਕਿ ਮੰਤਰੀ ਨੂੰ ਬਰਖਾਸਤ ਕੀਤਾ ਜਾਂਦਾ।
ਰਾਜਸੀ ਨੇਤਾਵਾਂ ਸਗੋਂ ਸਮੁੱਚੇ ਸਮਾਜ ਨੂੰ ਚਾਹੀਦਾ ਹੈ ਕਿ ਲੈਫ. ਤਿਵਾੜੀ ਦੀ ਧਰਮਨਿਰਪੱਖਤਾ ਵਾਲੀ ਕੁਰਬਾਨੀ ਤੋਂ ਸਬਕ ਸਿੱਖਣ ਤੇ ਫੌਜ ਦੇ ਮੁੱਢਲੇ ਢਾਂਚੇ ਨਾਲ ਖਿਲਵਾੜ ਕਰਨਾ ਬੰਦ ਹੋਵੇ।
ਬ੍ਰਿਗ. ਕੁਲਦੀਪ ਸਿੰਘ ਕਾਹਲੋਂ (ਰਿਟਾ.)