‘ਅਪਰਾਧੀਆਂ ਦੇ ਅੱਗੇ ਬੇਵੱਸ ਪੁਲਸ’ ਉਸ ਦੇ ਨੱਕ ਹੇਠ ਹੋ ਰਹੇ ਅਪਰਾਧ!
Wednesday, Jan 28, 2026 - 06:16 AM (IST)
ਸਰਕਾਰ ਦੇ ਭਰਪੂਰ ਯਤਨਾਂ ਦੇ ਬਾਵਜੂਦ ਦੇਸ਼ ’ਚ ਅਪਰਾਧੀ ਤੱਤਾਂ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਹਨ। ਇਨ੍ਹਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਇਹ ਨਾ ਸਿਰਫ ਪੁਲਸ ਥਾਣਿਆਂ ਦੇ ਅੰਦਰ ਵੜ ਕੇ ਸਗੋਂ ਥਾਣਿਆਂ ਦੇ ਨੇੜੇ-ਤੇੜੇ ਬਿਨਾਂ ਕਿਸੇ ਡਰ ਦੇ ਪੁਲਸ ਦੇ ਨੱਕ ਹੇਠ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਇੱਥੋਂ ਤੱਕ ਕਿ ਅਪਰਾਧੀਆਂ ਨੂੰ ਫੜਨ ਲਈ ਜਾਣ ਵਾਲੇ ਕੁਝ ਪੁਲਸ ਮੁਲਾਜ਼ਮਾਂ ’ਤੇ ਸਮਾਜ ਵਿਰੋਧੀ ਤੱਤ ਹਮਲੇ ਤੱਕ ਕਰ ਰਹੇ ਹਨ ਜਿਸ ਨਾਲ ਵਿਭਾਗ ਦੀ ਬਦਨਾਮੀ ਵੀ ਹੋ ਰਹੀ ਹੈ। ਇਸ ਦੀਆਂ ਸਿਰਫ ਇਕ ਮਹੀਨੇ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 26 ਦਸੰਬਰ, 2025 ਨੂੰ ‘ਮੇਰਠ’ (ਉੱਤਰ ਪ੍ਰਦੇਸ਼) ਦੇ ‘ਸਠਲਾ ਪਿੰਡ’ ’ਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਗਈ ਪੁਲਸ ਟੀਮ ਨੂੰ ਸਥਾਨਕ ਲੋਕਾਂ ਨੇ ਘੇਰ ਲਿਆ ਅਤੇ ਇਕ ਪੁਲਸ ਮੁਲਾਜ਼ਮ ਨੂੰ ਅਰਧ ਨਗਨ ਕਰ ਕੇ ਕੁੱਟਣ ਅਤੇ ਉਸ ਦਾ ਪਿਸਤੌਲ ਖੋਹਣ ਤੋਂ ਇਲਾਵਾ ਹੋਰ ਪੁਲਸ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਬੁਰੀ ਤਰ੍ਹਾਂ ਕੁੱਟਿਆ।
* 28 ਦਸੰਬਰ, 2025 ਨੂੰ ‘ਬਾਂਦਾ’ (ਉੱਤਰ ਪ੍ਰਦੇਸ਼) ’ਚ ਜ਼ਮੀਨ ਦਾ ਝਗੜਾ ਹੱਲ ਕਰਨ ਗਈ ਪੁਲਸ ਦੀ ਟੀਮ ’ਤੇ 7 ਵਿਅਕਤੀਆਂ ਨੇ ਗੰਡਾਸਿਆਂ ਅਤੇ ਲੱਤਾਂ-ਘਸੁੰਨਾਂ ਨਾਲ ਹਮਲਾ ਕਰ ਦਿੱਤਾ ਅਤੇ ਇਕ ਸਿਪਾਹੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ।
* 30 ਦਸੰਬਰ, 2025 ਨੂੰ ‘ਭੋਪਾਲ’ (ਮੱਧ ਪ੍ਰਦੇਸ਼) ਦੇ ‘ਨਿਸ਼ਾਤਪੁਰਾ’ ’ਚ ਅਪਰਾਧੀ ਨੂੰ ਫੜਨ ਗਈ ਪੁਲਸ ਦਾ ਇਲਾਕੇ ਦੀਆਂ ਔਰਤਾਂ ਨੇ ਰਸਤਾ ਰੋਕ ਦਿੱਤਾ ਅਤੇ ਪੁਲਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ।
* 2 ਜਨਵਰੀ, 2026 ਨੂੰ ‘ਉੱਤਰ 24 ਪਰਗਨਾ’ (ਪੱਛਮੀ ਬੰਗਾਲ) ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਗਈ ਪੁਲਸ ਦੇ ਵਾਹਨ ਨੂੰ ਘੇਰ ਕੇ ਪਿੰਡ ਵਾਲਿਆਂ ਨੇ ਉਸ ’ਤੇ ਪੱਥਰਾਅ ਸ਼ੁਰੂ ਕਰ ਦਿੱਤਾ ਜਿਸ ਨਾਲ 6 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।
* 12 ਜਨਵਰੀ, 2026 ਨੂੰ ‘ਇਰੋਡ’ (ਤਾਮਿਲਨਾਡੂ) ’ਚ ਬਦਮਾਸ਼ਾਂ ਨੇ 2 ਪੁਲਸ ਥਾਣਿਆਂ ਦੇ ਨੇੜੇ ਸਥਿਤ 2 ਬੈਂਕਾਂ ਦੇ ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼ ਕੀਤੀ।
* 15 ਜਨਵਰੀ, 2026 ਨੂੰ ‘ਕਟਿਹਾਰ’ (ਬਿਹਾਰ) ਦੇ ਇਕ ਪੁਲਸ ਥਾਣੇ ’ਚ 2 ਨੌਜਵਾਨ ਉਥੋਂ ਪਿਸਤੌਲ ਚੋਰੀ ਕਰ ਕੇ ਫਰਾਰ ਹੋ ਗਏ।
* 19 ਜਨਵਰੀ, 2026 ਨੂੰ ‘ਫਤਿਹਾਬਾਦ’ (ਹਰਿਆਣਾ) ਜ਼ਿਲੇ ਦੇ ‘ਗਜੂਵਾਲਾ ਿਪੰਡ’ ’ਚ ਇਕ ਪਰਿਵਾਰਕ ਝਗੜੇ ਦਾ ਨਿਪਟਾਰਾ ਕਰਨ ਪਹੁੰਚੀ ਪੁਲਸ ਟੀਮ ’ਤੇ ਮੁਲਜ਼ਮਾਂ ਨੇ ਡਾਂਗਾਂ-ਸੋਟਿਆਂ ਨਾਲ ਹਮਲਾ ਕਰ ਦਿੱਤਾ। ਇਸ ਨਾਲ ਇਕ ਕਾਂਸਟੇਬਲ ਨੂੰ ਡੂੰਘੀ ਸੱਟ ਲੱਗੀ। ਇਹੀ ਨਹੀਂ, ਮੁਲਜ਼ਮਾਂ ਨੇ ਪੁਲਸ ਦੀ ਸਹਾਇਤਾ ਲਈ ਪਹੁੰਚੀ ਦੂਜੀ ਟੀਮ ’ਤੇ ਵੀ ਹਮਲਾ ਕਰ ਕੇ ਕਈ ਪੁਲਸ ਵਾਲਿਆਂ ਨੂੰ ਜ਼ਖਮੀ ਕਰ ਦਿੱਤਾ।
* 22 ਜਨਵਰੀ, 2026 ਨੂੰ ‘ਦਿੱਲੀ’ ਦੇ ਸਫਦਰਜੰਗ ਇਨਕਲੇਵ ਦੇ ਰੋਜ਼ ਗਾਰਡਨ ’ਚ ਨਸ਼ਾ ਕਰ ਰਹੇ ਕੁਝ ਨਸ਼ੇੜੀਆਂ ਨੇ ਉਥੇ ਗਸ਼ਤ ਕਰ ਰਹੇ ਪੁਲਸ ਦੇ ਹੈੱਡ ਕਾਂਸਟੇਬਲ ’ਤੇ ਹਮਲਾ ਕਰ ਕੇ ਉਸ ਦੀ ਸਰਵਿਸ ਪਿਸਟਲ ਖੋਹ ਕੇ ਉਸ ’ਤੇ ਗੋਲੀ ਚਲਾ ਿਦੱਤੀ। ਚੰਗੀ ਕਿਸਮਤ ਕਿ ਗੋਲੀ ਗਲਤ ਦਿਸ਼ਾ ’ਚ ਚੱਲਣ ਕਾਰਨ ਕਾਂਸਟੇਬਲ ਦੀ ਜਾਨ ਬਚ ਗਈ।
* 24 ਜਨਵਰੀ, 2026 ਨੂੰ ‘ਪੇਰਾਮਬਲੂਰ’ (ਤਾਮਿਲਨਾਡੂ) ’ਚ ਇਕ ਚਲਾਕ ਅਪਰਾਧੀ ਨੂੰ ਲੈ ਕੇ ਜਾ ਰਹੀ ਪੁਲਸ ਟੀਮ ’ਤੇ ਮੁਲਜ਼ਮ ਦੇ ਸਾਥੀਆਂ ਨੇ ਦੇਸੀ ਬੰਬਾਂ ਨਾਲ ਹਮਲਾ ਕਰ ਕੇ 2 ਪੁਲਸ ਮੁਲਾਜ਼ਮਾਂ ਨੂੰ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ।
* 24 ਜਨਵਰੀ, 2026 ਨੂੰ ਹੀ ‘ਦਿੱਲੀ’ ਦੇ ‘ਗੋਵਿੰਦਪੁਰੀ’ ਇਲਾਕੇ ’ਚ ਚੋਰ ਇਕ ‘ਨੈਕਸਾ ਫ੍ਰਾਕਸ’ ਕਾਰ ਨੂੰ ਇੱਟਾਂ ’ਤੇ ਖੜ੍ਹੀ ਕਰ ਕੇ ਉਸ ਦੇ ਚਾਰੇ ਟਾਇਰ ਖੋਲ੍ਹ ਕੇ ਲੈ ਗਏ। ਕਾਰ ਦੇ ਮਾਲਕ ਨੇ ਇਹ ਕਾਰ 4 ਦਿਨ ਪਹਿਲਾਂ ਹੀ ਖਰੀਦੀ ਸੀ।
* 24 ਜਨਵਰੀ, 2026 ਨੂੰ ਹੀ ‘ਲੁਧਿਆਣਾ’ (ਪੰਜਾਬ) ’ਚ ਚੋਰਾਂ ਨੇ ਇਕ ਏ. ਐੱਸ. ਆਈ. ਦੀ ਕਾਰ ਦਾ ਲਾਕ ਤੋੜ ਕੇ ਉਨ੍ਹਾਂ ਦੀ 9 ਐੱਮ. ਐੱਮ. ਸਰਵਿਸ ਪਿਸਟਲ, 10 ਕਾਰਤੂਸ, ਮੈਗਜ਼ੀਨ ਅਤੇ ਪਾਸਪੋਰਟ ਸਮੇਤ ਨਕਦੀ ’ਤੇ ਹੱਥ ਸਾਫ ਕਰ ਦਿੱਤਾ।
ਇਸ ਦਿਨ ਚੋਰਾਂ ਨੇ ਫਿਰੋ
ਜ਼ਪੁਰ ਰੋਡ ’ਤੇ ਪੁਲਸ ਕਮਿਸ਼ਨਰ ਦੇ ਦਫਤਰ ਦੇ ਨੇੜੇ ਸਥਿਤ ਇਕ ਮਕਾਨ ’ਚੋਂ ਦਿਨ-ਦਿਹਾੜੇ ਸੋਨੇ ਦੇ ਗਹਿਣਿਆਂ ’ਤੇ ਹੱਥ ਸਾਫ ਕਰ ਦਿੱਤਾ।
* 25 ਜਨਵਰੀ, 2026 ਨੂੰ ‘ਨਾਭਾ’ (ਪੰਜਾਬ) ’ਚ 5-6 ਅਣਪਛਾਤੇ ਵਿਅਕਤੀਆਂ ਨੇ ਬਾਜ਼ਾਰ ’ਚ ਕਿਰਚ (ਤੇਜ਼ਧਾਰ) ਹਥਿਆਰ ਨਾਲ ਹਮਲਾ ਕਰ ਕੇ ਹੈੱਡ ਕਾਂਸਟੇਬਲ ਅਮਨਦੀਪ ਿਸੰਘ ਦੀ ਹੱਤਿਆ ਅਤੇ ਉਨ੍ਹਾਂ ਦੇ ਭਾਈ ਨਵਦੀਪ ਿਸੰਘ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।
* 27 ਜਨਵਰੀ, 2026 ਨੂੰ ‘ਜਮੂਈ’ (ਬਿਹਾਰ) ਦੇ ‘ਗਿਦੋਰ’ ਥਾਣੇ ਦੇ ਠੀਕ ਸਾਹਮਣੇ ਸਥਿਤ ਇਕ ਡਾਕਟਰ ਦੇ ਘਰ ’ਚ ਹਥਿਆਰਬੰਦ ਅਪਰਾਧੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਪੁਲਸ ਅਪਰਾਧੀ ਤੱਤਾਂ ਦੇ ਸਾਹਮਣੇ ਕਿਸ ਕਦਰ ਬੇਵੱਸ ਹੈ। ਇਸ ਲਈ ਪੁਲਸ ਨੂੰ ਜ਼ਿਆਦਾ ਚਾਕ-ਚੌਬੰਦ ਕਰਨ, ਪੁਲਸ ਦੇ ਕੰਮ ’ਚ ਰੁਕਾਵਟ ਪਾਉਣ ਅਤੇ ਉਸ ’ਤੇ ਹਮਲਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਤੁਰੰਤ ਲੋੜ ਹੈ।
–ਵਿਜੇ ਕੁਮਾਰ
