‘ਕੁਦਰਤ ਦਾ ਚਮਤਕਾਰ’-ਪਾਇਲਟ ਦੀ ਮੌਤ, ‘ਬਚ ਗਈ 180 ਯਾਤਰੀਆਂ ਦੀ ਜਾਨ’
Saturday, Apr 12, 2025 - 07:33 AM (IST)

ਭਗਵਾਨ ਇਸ ਸੰਸਾਰ ਦੇ ਕਣ-ਕਣ ’ਚ ਵੱਸਦਾ ਹੈ ਅਤੇ ਉਸ ਦੀ ਲੀਲਾ ਸੱਚਮੁੱਚ ਬਹੁਤ ਨਿਆਰੀ ਹੈ। ਭਗਵਾਨ ਦੀ ਕਿਰਪਾ ਨਾਲ ਹੀ ਜੀਵਨ ’ਚ ਕਿਤੇ ਖੁਸ਼ੀ ਆਉਂਦੀ ਹੈ ਅਤੇ ਕਿਤੇ ਗਮ ਪਸਰ ਜਾਂਦਾ ਹੈ।
9 ਅਪ੍ਰੈਲ ਨੂੰ ਸ਼੍ਰੀਨਗਰ ਤੋਂ ਦਿੱਲੀ ਆਈ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਦੇ ਪਾਇਲਟ ਦੀ ਮੌਤ ਅਤੇ ਫਲਾਈਟ ’ਚ ਸਵਾਰ 180 ਯਾਤਰੀਆਂ ਦੀ ਜ਼ਿੰਦਗੀ ਬਚਣ ਪਿੱਛੋਂ ਬਿਲਕੁੱਲ ਅਜਿਹੀ ਹੀ ਸਥਿਤੀ ਪੈਦਾ ਹੋ ਗਈ। ਏਅਰ ਇੰਡੀਆ ਦੀ ਇਸ ਫਲਾਈਟ ਨੂੰ 28 ਸਾਲਾ ਪਾਇਲਟ ਉਡਾ ਰਿਹਾ ਸੀ।
ਉਡਾਣ ਦੌਰਾਨ ਹੀ ਪਾਇਲਟ ਦੀ ਤਬੀਅਤ ਖਰਾਬ ਹੋ ਗਈ ਅਤੇ ਉਸ ਨੇ ਕਾਕਪਿਟ ’ਚ ਹੀ ਉਲਟੀ ਵੀ ਕਰ ਦਿੱਤੀ ਪਰ ਉਸ ਨੇ ਹੌਸਲਾ ਨਹੀਂ ਹਾਰਿਆ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਅਤੇ ਫਲਾਈਟ ਦੀ ਦਿੱਲੀ ’ਚ ਸੇਫ ਲੈਂਡਿੰਗ ਕਰਵਾ ਦਿੱਤੀ। ਲੈਂਡ ਕਰਨ ਪਿੱਛੋਂ ਪਾਇਲਟ ਨੂੰ ਦਿਲ ਦਾ ਦੌਰਾ ਪਿਆ ਅਤੇ ਹਸਪਤਾਲ ਲਿਜਾਂਦੇ ਹੋਏ ਉਸ ਦੀ ਮੌਤ ਹੋ ਗਈ।
ਇਸ ਪਾਇਲਟ ਦਾ ਹਾਲ ਹੀ ’ਚ ਵਿਆਹ ਹੋਇਆ ਸੀ ਜਿਸ ਦੀ ਮੌਤ ਪਿੱਛੋਂ ਉਸ ਦੇ ਘਰ ’ਚ ਮਾਤਮ ਛਾ ਗਿਆ ਜਦੋਂ ਕਿ ਜਹਾਜ਼ ’ਚ ਸਵਾਰ ਉਨ੍ਹਾਂ ਸਾਰੇ ਯਾਤਰੀਆਂ ਦੇ ਪਰਿਵਾਰ ਵਾਲੇ ਇਸ ਗੱਲ ਨੂੰ ਲੈ ਕੇ ਕੁਦਰਤ ਦਾ ਧੰਨਵਾਦ ਕਰ ਰਹੇ ਹਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੁਰੱਖਿਅਤ ਲੈਂਡ ਕਰ ਗਏ।
ਪਾਇਲਟ ਦੀ ਮੌਤ ’ਤੇ ਦੁੱਖ ਪ੍ਰਗਟਾਉਂਦੇ ਹੋਏ ਏਅਰ ਇੰਡੀਆ ਨੇ ਕਿਹਾ ਕਿ ‘‘ਅਸੀਂ ਆਪਣੇ ਇਕ ਕੀਮਤੀ ਸਹਿਯੋਗੀ ਦੇ ਕੁਵੇਲੇ ਦਿਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ। ਇਹ ਸਾਡੇ ਲਈ ਬੇਹੱਦ ਦੁਖਦਾਈ ਸਮਾਂ ਹੈ। ਸਾਡੀਆਂ ਭਾਵਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ, ਅਤੇ ਅਸੀਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਾਂਗੇ।’’
ਇਸ ਉਡਾਣ ਪਿੱਛੋਂ ਨੌਜਵਾਨ ਪਾਇਲਟ ਦੀ ਮੌਤ ਤੋਂ ਸਬਕ ਲੈਂਦੇ ਹੋਏ ਭਵਿੱਖ ’ਚ ਉਡਾਣ ਤੋਂ ਪਹਿਲਾਂ ਪਾਇਲਟ ਦੀ ਸਿਹਤ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਅਣਫਿੱਟ ਹੋਣ ’ਤੇ ਉਸ ਨੂੰ ਉਡਾਣ ਦੀ ਜ਼ਿੰਮੇਵਾਰੀ ਨਹੀਂ ਦੇਣੀ ਚਾਹੀਦੀ, ਤਾਂ ਕਿ ਭਵਿੱਖ ’ਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
–ਵਿਜੇ ਕੁਮਾਰ