ਧਾਰਮਿਕ ਕੱਟੜਤਾ ਭਾਵੇਂ ਕਿਸੇ ਵੀ ਰੰਗ ਦੀ ਹੋਵੇ, ਠੀਕ ਨਹੀਂ
Sunday, Apr 27, 2025 - 04:09 PM (IST)

ਧਰਮ ਦੇ ਨਾਂ ’ਤੇ ਫੈਲਾਈ ਜਾ ਰਹੀ ਫਿਰਕੂ ਨਫ਼ਰਤ ਦਾ ਤੂਫ਼ਾਨ, ਭਾਰਤ ਦੀਆਂ ਸਾਰੀਆਂ ਮਾਣ ਕਰਨ ਯੋਗ ਰਵਾਇਤਾਂ ਦੀ ਤਬਾਹੀ ਕਰੀ ਜਾ ਰਿਹਾ ਹੈ। ਘੱਟਗਿਣਤੀ ਵਸੋਂ, ਖਾਸ ਤੌਰ ’ਤੇ ਮੁਸਲਮਾਨ ਭਾਈਚਾਰੇ ਬਾਰੇ ਪ੍ਰਚਾਰੀਆਂ ਜਾ ਰਹੀਆਂ ਝੂਠੀਆਂ, ਮਨਘੜਤ ਕਹਾਣੀਆਂ ਦਾ ਬਾਜ਼ਾਰ ਗਰਮ ਹੈ। ਇਨ੍ਹਾਂ ਭੜਕਾਊ ਐਲਾਨਾਂ-ਬਿਆਨਾਂ ਤੇ ਕਾਰਵਾਈਆਂ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਭਾਰਤ ਅੰਦਰ ਕੋਈ ਵੱਡਾ ‘ਧਰਮ ਯੁੱਧ’ ਲੜਿਆ ਜਾ ਰਿਹਾ ਹੋਵੇ!
ਹੁਣ ਤਾਂ ਇਸ ਤੱਥ ਦੀ ਪੁਸ਼ਟੀ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਵੀ ਆਪਣੇ ਬਿਆਨ ’ਚ ਕਰ ਦਿੱਤੀ ਹੈ, ਭਾਵੇਂ ਇਸ ਦਾ ਠੀਕਰਾ ਸਰਵਉੱਚ ਅਦਾਲਤ ਦੇ ਮਾਣਯੋਗ ਮੁੱਖ ਜੱਜ ਸ਼੍ਰੀ ਸੰਜੀਵ ਖੰਨਾ ਸਿਰ ਭੰਨਿਆ ਹੈ।
ਹਿੰਦੂ ਧਰਮ ਦੇ ਨਾਮ ਨਿਹਾਦ ਰਾਖੇ, ਧੁਰ ਸੱਜੇ-ਪੱਖੀ ਸੰਗਠਨ ਵੀ. ਐੱਚ. ਪੀ. ਦੇ ਨੇਤਾ ਪ੍ਰਵੀਨ ਤੋਗੜੀਆ ਨੇ ਦੇਸ਼ ’ਚ ਇਜ਼ਰਾਈਲ ਵਰਗੀ ‘ਜਾਇਨਵਾਦੀ’ ਵਿਵਸਥਾ (ਜ਼ਿਓਨਿਜ਼ਮ) ਜਿਸ ਰਾਹੀਂ ਮੁਸਲਮਾਨਾਂ ਤੇ ਹੋਰ ਘੱਟਗਿਣਤੀਆਂ ਅਤੇ ਵਿਚਾਰਧਾਰਕ ਵਿਰੋਧੀਆਂ ਦਾ ਮੁਕੰਮਲ ਸਫਾਇਆ ਕੀਤਾ ਜਾ ਸਕੇ, ਲਾਗੂ ਕਰਨ ਦੀ ਵਕਾਲਤ ਕਰ ਦਿੱਤੀ ਹੈ।
ਦੁਨੀਆ ਅੰਦਰ ਕਿਸੇ ਵੀ ਧਰਮ, ਪੰਥ ਜਾਂ ਸਮਾਜਿਕ ਰਾਜਸੀ ਲਹਿਰ ਦੇ ਉੱਭਰਨ ਦਾ ਸਬੰਧ, ਉਸ ਦੌਰ ਦੀਆਂ ਠੋਸ ਆਰਥਿਕ-ਸਮਾਜਿਕ ਤੇ ਰਾਜਸੀ ਪ੍ਰਸਥਿਤੀਆਂ ਨਾਲ ਪੀਡਾ ਜੁੜਿਆ ਹੁੰਦਾ ਹੈ। ਜਨ ਸਾਧਾਰਨ ਨੂੰ ਦਰਪੇਸ਼ ਦੁਸ਼ਵਾਰੀਆਂ, ਸਮਾਜ ਦੇ ਵੱਖੋ-ਵੱਖ ਖੇਤਰਾਂ ’ਚ ਫੈਲੀਆਂ ਕੁਰੀਤੀਆਂ ਤੇ ਹਾਕਮ ਵਰਗਾਂ ਦੀਆਂ ਜਨ ਸਾਧਾਰਨ ਨੂੰ ਨਪੀੜਨ ਵਾਲੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਤੋਂ ਛੁਟਕਾਰਾ ਹਾਸਲ ਕਰਨ ਲਈ ਹੀ ਕਿਸੇ ਧਰਮ ਜਾਂ ਪੰਥ ਦੀ ਸਿਰਜਣਾ ਕੀਤੀ ਜਾਂਦੀ ਹੈ।
ਇਸ ਦੇ ਬਾਵਜੂਦ ਪੀੜਤ ਜਨਤਾ ਹੌਲੀ-ਹੌਲੀ ਹਰ ਦੌਰ ਦੀ ਨਵੀਂ, ਪ੍ਰਗਤੀਸ਼ੀਲ ਧਾਰਾ ਨਾਲ ਜੁੜਨੀ ਸ਼ੁਰੂ ਹੋ ਜਾਂਦੀ ਹੈ। ਇਸ ਨਵੀਂ ਧਾਰਾ ਨਾਲ ਜੁੜਨ ਸਦਕਾ ਲੋਕਾਈ ਅੰਦਰ ਨਵੀਂ ਚੇਤਨਾ ਦਾ ਪ੍ਰਵਾਹ ਵਗਣ ਲੱਗਦਾ ਹੈ। ਕਾਰਲ ਮਾਰਕਸ ਸਮੇਤ ਸੰਸਾਰ ਭਰ ਦੇ ਦਾਰਸ਼ਨਿਕਾਂ ਨੇ ਸਮਾਜਿਕ ਵਿਕਾਸ ਅੰਦਰ ‘ਧਰਮ’ ਵੱਲੋਂ ਨਿਭਾਈ ਇਸ ਹਾਂਪੱਖੀ ਭੂਮਿਕਾ ਨੂੰ ਬਾਖੂਬੀ ਅੰਕਿਤ ਕੀਤਾ ਹੈ।
ਪਰ ਮਨੁੱਖੀ ਇਤਿਹਾਸ ਇਸ ਤੱਥ ਦਾ ਵੀ ਗਵਾਹ ਹੈ ਕਿ ਜਿਉਂ-ਜਿਉਂ ਇਹ ਪ੍ਰਕਿਰਿਆ ਤੇਜ਼ ਹੁੰਦੀ ਹੈ, ਤਿਉਂ-ਤਿਉਂ ਸਮੇਂ ਦੇ ਸ਼ਾਸਕ, ਉਨ੍ਹਾਂ ਦੇ ਹਮਾਇਤੀ ਤੇ ਸੱਤਾ ਨਾਲ ਜੁੜੇ ਸਵਾਰਥੀ ਤੱਤ, ਲੋਕਾਂ ਵਲੋਂ ਅਪਣਾਏ ਹਰ ਨਵੇਂ ਧਰਮ ਵਿਚਲੇ ਮਾਨਵੀ ‘ਸਾਰ ਤੱਤ’ ਨੂੰ ਢਾਅ ਲਾਉਣ ਲਈ ਇਸ ਨਵੀਂ ਪੁੰਗਰਦੀ ਲਹਿਰ ਨੂੰ ਜਬਰ ਨਾਲ ਦਬਾਉਣ ਦਾ ਉਪਰਾਲਾ ਕਰਦੇ ਹਨ।
ਭਾਰਤ ਅੰਦਰ ਵੀ ਅਜੋਕੇ ਸਮੇਂ ਕਈ ਧਰਮਾਂ ਦੀ ਇਹੋ ਪਤਲੀ ਸਥਿਤੀ ਬਣੀ ਹੋਈ ਹੈ। ਅਜਿਹੇ ਧਰਮਾਂ ਨੂੰ ਮੰਨਣ ਵਾਲਿਆਂ ਤੇ ਇਨ੍ਹਾਂ ਨਾਲ ਸਬੰਧਤ ਆਲੀਸ਼ਾਨ ਧਰਮ ਸਥਾਨਾਂ ਦੀ ਗਿਣਤੀ ’ਚ ਅਣਗਿਣਤ ਵਾਧਾ ਹੋ ਰਿਹਾ ਹੈ ਪਰ, ਉਹ ਸਾਰੀਆਂ ਸਿਹਤਮੰਦ ਤੇ ਮਾਨਵੀ ਕਦਰਾਂ-ਕੀਮਤਾਂ, ਜਿਨ੍ਹਾਂ ਦਾ ਹੋਕਾ ਕਦੀ ਇਨ੍ਹਾਂ ਧਰਮਾਂ ਦੀ ਅਗਵਾਈ ਕਰਨ ਵਾਲੇ ਮਹਾਪੁਰਸ਼ਾਂ ਤੇ ਹੋਰ ਵਿਦਵਾਨਾਂ ਨੇ ਦਿੱਤਾ ਸੀ, ਅਲੋਪ ਹੁੰਦੀਆਂ ਜਾ ਰਹੀਆਂ ਹਨ। ਇਹੀ ਕਾਰਨ ਹੈ ਕਿ ਕਿਸੇ ਵੀ ਧਾਰਮਿਕ ਨੇਤਾ ਜਾਂ ਧਾਰਮਿਕ ਅਸਥਾਨ ਤੋਂ ਇਹ ਆਵਾਜ਼ ਘੱਟ ਹੀ ਸੁਣਾਈ ਦਿੰਦੀ ਹੈ ਕਿ ਜਿਹੜਾ ਵੀ ਵਿਅਕਤੀ ਧਰਮ ਦੇ ਨਾਂ ’ਤੇ ਦੂਜੇ ਧਰਮਾਂ ਵਿਰੁੱਧ ਨਫ਼ਰਤ ਫੈਲਾਉਂਦਾ ਹੈ ਜਾਂ ਕੋਈ ਵਿਵਾਦ ਪੈਦਾ ਕਰਨ ਦਾ ਯਤਨ ਕਰਦਾ ਹੈ, ਉਸ ਨਾਲ ਉਨ੍ਹਾਂ ਦੇ ਧਰਮ ਦਾ ਕੋਈ ਸੰਬੰਧ ਨਹੀਂ ਹੈ।
ਹਿੰਦੂ ਧਰਮ ਦੇ ਬਹੁਤ ਸਾਰੇ ਅਜੋਕੇ ਸੰਤਾਂ-ਮਹੰਤਾਂ ਤੇ ਧਰਮ ਦੇ ਆਪੇ ਸਜੇ ‘ਠੇਕੇਦਾਰਾਂ’ ਨੇ ਇਸ ਧਰਮ ਦੀਆਂ ਮਾਨਵ ਕਲਿਆਣ ਦੀਆਂ ਉੱਚੀਆਂ-ਸੁੱਚੀਆਂ ਰਵਾਇਤਾਂ ਤੇ ਵੱਖੋ-ਵੱਖ ਧਰਮਾਂ ਨੂੰ ਮੰਨਦੇ ਲੋਕਾਂ ਵਿਚਕਾਰ ਪ੍ਰੇਮ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀਆਂ ਮਹਾਨ ਸਿੱਖਿਆਵਾਂ ਨੂੰ ਛਿੱਕੇ ਟੰਗ ਕੇ ਆਮ ਲੋਕਾਈ ਨੂੰ ਮੁੜ ਉਸੇ ਹਨੇਰੇ ਯੁੱਗ ਵੱਲ ਧੱਕਣ ਦੀ ਮੁਹਿੰਮ ਵਿੱਢੀ ਹੋਈ ਹੈ, ਜਿਸ ਨੂੰ ਅਸੀਂ ਸਦੀਆਂ ਪਹਿਲਾਂ ਅਲਵਿਦਾ ਕਹਿ ਆਏ ਹਾਂ। ਵਿਗਿਆਨ ਦੀ ਚੜ੍ਹਤ ਵਾਲੇ ਇਸ ਆਧੁਨਿਕ ਯੁੱਗ ਅੰਦਰ, ਹਿੰਦੂ ਧਰਮ ਦਾ ਬੋਲਬਾਲਾ ਕਾਇਮ ਕਰਨ ਦੇ ਪਰਦੇ ਹੇਠ ਕੁਝ ਸਵਾਰਥੀ ਲੋਕਾਂ ਨੇ ਜਿਵੇਂ ਆਮ ਲੋਕਾਂ ਦੀ ਆਸਥਾ ਦਾ ਨਾਜਾਇਜ਼ ਲਾਹਾ ਲੈਂਦੇ ਹੋਏ ਉਨ੍ਹਾਂ ਨੂੰ ਤਰਕ-ਵਿਹੂਣੇ ਬਣਾ ਕੇ ਵਿਗਿਆਨ ਵਿਰੋਧੀ ਲੀਹਾਂ ’ਤੇ ਤੋਰ ਦਿੱਤਾ ਹੈ।
ਇਹ ਤਰੀਕਾ ਡਾਢਾ ਸ਼ਰਮਨਾਕ ਤੇ ਦੁਖਦਾਈ ਹੈ। ਪਿਛਾਖੜੀ ਵਿਚਾਰਾਂ ਦਾ ਇਹ ਪ੍ਰਚਾਰ-ਪ੍ਰਸਾਰ ਹਿੰਦੂਆਂ ਦੀ ਵਿਸ਼ਾਲ ਬਹੁਗਿਣਤੀ ਦੇ ਹਿੱਤਾਂ ਨਾਲ ਉਸੇ ਤਰ੍ਹਾਂ ਦਾ ਖਿਲਵਾੜ ਹੈ, ਜਿਹੋ ਜਿਹਾ ਪਾਕਿਸਤਾਨ ਤੇ ਅਫਗਾਨਿਸਤਾਨ ’ਚ ਉੱਥੋਂ ਦੇ ਮੁਸਲਿਮ ਕੱਟੜਪੰਥੀਆਂ ਨੇ ਆਮ ਮੁਸਲਮਾਨ ਵਸੋਂ ਦੇ ਹਿੱਤਾਂ ਨਾਲ ਕੀਤਾ ਹੈ।
ਵਿਸ਼ਾਲਤਾ ਤੇ ਸਹਿਣਸ਼ੀਲਤਾ ਵਰਗੇ ਵਿਚਾਰਾਂ ਨਾਲ ਲਬਰੇਜ ਹਿੰਦੂ ਧਰਮ ਦੇ ਅਨੁਆਈਆਂ ਨੂੰ ਦੂਜੇ ਧਰਮਾਂ ਦੇ ਪੈਰੋਕਾਰਾਂ, ਖਾਸ ਕਰ ਕੇ ਮੁਸਲਮਾਨਾਂ ਤੇ ਇਸਾਈਆਂ ਦੇ ਧਾਰਮਿਕ ਸਥਾਨ ਢਾਹੁਣ, ਇਨ੍ਹਾਂ ਦੇ ਧਾਰਮਿਕ ਸਮਾਗਮਾਂ ’ਚ ਖਲਲ ਪਾਉਣ ਤੇ ਬਿਨਾਂ ਕਿਸੇ ਠੋਸ ਸਬੂਤ ਦੇ ਹਰੇਕ ਮੁਸਲਮਾਨ, ਇਸਾਈ ਜਾਂ ਸਿਆਸੀ-ਵਿਚਾਰਧਾਰਕ ਵਿਰੋਧੀ ਦੇ ਮੱਥੇ ’ਤੇ ਦੇਸ਼ਧ੍ਰੋਹੀ ਦਾ ਤਮਗਾ ਟੰਗਣ ਦਾ ਅਧਿਕਾਰ ਦੇਣਾ, ਕਿਸ ਧਰਮ ਗ੍ਰੰਥ ’ਚ ਲਿਖਿਆ ਹੈ?
ਸਰਵਉੱਚ ਅਦਾਲਤ ਵੱਲੋਂ ਧਰਮਨਿਰਪੱਖਤਾ ਤੇ ਲੋਕਰਾਜੀ ਪ੍ਰਣਾਲੀ ਦੇ ਹੱਕ ’ਚ ਕੀਤੇ ਜਾਂਦੇ ਫੈਸਲਿਆਂ ਤੇ ਟਿੱਪਣੀਆਂ ਦਾ ਜਿਵੇਂ ਆਰ. ਐੱਸ. ਐੱਸ. ਤੇ ਭਾਜਪਾ ਦੇ ਨੇਤਾਵਾਂ ਵੱਲੋਂ ਮਖੌਲ ਉਡਾਇਆ ਜਾਂਦਾ ਹੈ, ਉਸ ਤੋਂ ਜਾਪਦਾ ਹੈ ਕਿ ਸੰਘ ਪਰਿਵਾਰ ਦੇ ਭਾਰਤੀ ਸੰਵਿਧਾਨ ਤੇ ਅਦਾਲਤਾਂ ਪ੍ਰਤੀ ਸਤਿਕਾਰ ਦੇ ਕੀਤੇ ਜਾਂਦੇ ਐਲਾਨ ਕੇਵਲ ਦਿਖਾਵਾ ਹਨ! ਇਸ ਸੰਵਿਧਾਨ ਵਿਰੋਧੀ ਮੁਹਿੰਮ ’ਚ ਹੁਣ ਤਾਂ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੀ ਕੁੱਦ ਪਏ ਹਨ।
ਮੁਸਲਮਾਨਾਂ ਵਿਚਲੇ ਕਈ ਨਾਮ-ਨਿਹਾਦ ਧਾਰਮਿਕ ਨੇਤਾ, ਆਪਣੇ ਸਵਾਰਥ ਲਈ, ਭਾਰਤੀ ਸੰਵਿਧਾਨ ਦੀਆਂ ਖੂਬਸੂਰਤ ਧਾਰਾਵਾਂ ਨਾਲੋਂ ‘ਸ਼ਰੀਅਤ’ ਦੀ ਪਾਲਣਾ ਕਰਨੀ-ਕਰਾਉਣੀ ਵਧੇਰੇ ਜ਼ਰੂਰੀ ਸਮਝਦੇ ਹਨ।
ਇਹ ਦੇਖਣਾ ਡਾਹਢਾ ਤਕਲੀਫਦੇਹ ਹੈ ਕਿ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਕਾਫੀ ਲੋਕ ਅਜੇ ਵੀ, ਤਰਕ-ਵਿਵੇਕ ’ਤੇ ਆਧਾਰਿਤ ਦਲੀਲਾਂ ਜਾਂ ਸੰਵਿਧਾਨ-ਕਾਨੂੰਨ ਦੀਆਂ ਵਿਵਸਥਾਵਾਂ ਦੇ ਮੁਕਾਬਲੇ ਕੱਟੜਪੰਥੀ ‘ਮੌਲਾਣਿਆਂ’ ਦੇ ‘ਫਤਵਿਆਂ’ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ। ਪੱਛਮੀ ਬੰਗਾਲ ’ਚ ਉੱਠੇ ਫਿਰਕੂ ਤਣਾਅ ਦੇ ਇਸ ਹਨੇਰੇ ’ਚ ਇਕ ਰੌਸ਼ਨੀ ਕਰਨ ਵਾਲੀ ਜਗਾਉਣ ਵਾਲੀ ਘਟਨਾ ਦਾ ਵਾਪਰਨਾ ਵੀ ਘੱਟ ਮਹੱਤਵਪੂਰਨ ਨਹੀਂ ਹੈ।
ਇੱਥੋਂ ਦੇ ਮਾਲਦਾ ਜ਼ਿਲੇ ਦੇ ਕਿਸੇ ਸਕੂਲ ’ਚ ਤੀਜੀ ਜਮਾਤ ’ਚ ਪੜ੍ਹਨ ਵਾਲੇ ਦੋ ਬੱਚੇ, ਸੁਲੇਮਾਨ ਸ਼ੇਖ ਤੇ ਸੰਦੀਪ ਸਾਹਾ ਇਕੋ ਪਲੇਟ ’ਚ ਖਾਣਾ ਖਾਂਦੇ ਤੇ ਮੁਸਕਰਾਉਂਦੇ ਨਜ਼ਰ ਆਏ ਹਨ। ਇਹੋ ਹੀ ਹੈ ਸਾਡੀ ਮਹਾਨ ਗੰਗਾ-ਜਮੁਨੀ ਤਹਿਜ਼ੀਬ ਦੀ ਖੂਬਸੂਰਤੀ!
ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਕਰੋੜਾਂ ਲੋਕਾਂਨੂੰ ਵੀ ਆਪਣੇ-ਆਪਣੇ ਧਾਰਮਿਕ ਅਕੀਦਿਆਂ ’ਤੇ ਕਾਇਮ ਰਹਿੰਦੇ ਹੋਏ ਧਰਮ ਦੀਆਂ ਮਾਨਵੀ ਸਿੱਖਿਆਵਾਂ ਅਤੇ ਲੋਕਹਿਤੂ ਰਵਾਇਤਾਂ ਦੀ ਰੱਖਿਆ ਕਰਨ ਲਈ ਆਪਣੇ ਬਣਦੇ ਫਰਜ਼ ਦੀ ਅਦਾਇਗੀ ਕਰਨੀ ਪਵੇਗੀ। ਧਾਰਮਿਕ ਕੱਟੜਤਾ ਚਾਹੇ ਕਿਸੇ ਵੀ ਰੰਗ ਦੀ ਹੋਵੇ, ਅੰਤ ਨੂੰ ਸਮੁੱਚੀ ਮਾਨਵਤਾ ਦੀ ਦੋਖੀ ਹੋ ਨਿੱਬੜਦੀ ਹੈ।
-ਮੰਗਤ ਰਾਮ ਪਾਸਲਾ