ਗੈਂਗਸਟਰੀ ਦਾ ਗੁਣਗਾਨ ਕਰਦੇ ਗਾਇਕਾਂ ‘ਤੇ ਹਰਿਆਣਾ ‘ਚ ਪਾਬੰਦੀ ਦੀ ਪਹਿਲ
Monday, Apr 21, 2025 - 05:03 PM (IST)

ਗੈਂਗਸਟਰੀ ਨੂੰ ਦਿਲਕਸ਼ ਦੱਸਣ ਵਾਲੇ ਗਾਣੇ ਯੂ-ਟਿਊਬ ਰਾਹੀਂ ਕਰੋੜਾਂ ਦੀ ਗਿਣਤੀ ‘ਚ ਡਾਊਨਲੋਡ ਕੀਤੇ ਜਾਂਦੇ ਹਨ। ਘਟੀਆ ਸੰਗੀਤ ਅਤੇ ਬੇਬੁਨਿਆਦ ਬੋਲ ਦੇ ਬਾਵਜੂਦ ਇਹ ਪਾਰਟੀਆਂ ਦੀ ਜਾਨ ਹੁੰਦੇ ਹਨ। ਘਰ-ਬਾਹਰ ‘ਚ ਲੋਕ ਇਨ੍ਹਾਂ ਨੂੰ ਸ਼ੌਕ ਨਾਲ ਸੁਣਦੇ ਹਨ। ਜਦੋਂ ਹਰਿਆਣਾ ‘ਚ ਇਸ ‘ਤੇ ਪਾਬੰਦੀ ਲਾਈ ਗਈ ਤਾਂ ਗਾਉਣ ਵਾਲੇ ਰੋਏ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਖੁੰਸ ਰਹੀ ਹੈ। ਸੁਣਨ ਵਾਲਿਆਂ ਨੇ ਦੂਜਾ ਰਾਹ ਲੱਭ ਲਿਆ।
ਇੱਕ ਚੰਗੀ ਖਬਰ ਇਹ ਹੈ ਕਿ ਸਮੇਂ ਦੇ ਨਾਲ ਦੁਨੀਆ ‘ਚ ਹਿੰਸਾ ਦੇ ਪੱਧਰ ‘ਚ ਕਾਫੀ ਕਮੀ ਆਈ ਹੈ। ਸਟੀਵਨ ਪਿੰਕੇਰ ਨੇ 2011 ‘ਚ ‘ਦਿ ਬੈਟਰ ਐਂਜਲਜ਼ ਆਫ ਆਵਰ ਨੇਚਰ’ ਨਾਂ ਦੀ ਇੱਕ ਕਿਤਾਬ ਲਿਖੀ ਸੀ।
ਉਨ੍ਹਾਂ ਸਨ 1400 ਤੋਂ ਬਾਅਦ ਸਮੁੱਚੀ ਦੁਨੀਆ ‘ਚ ਹੋਈਆਂ ਲੜਾਈਆਂ ਦੌਰਾਨ ਮੌਤਾਂ ਦੇ ਅੰਕੜਿਆਂ ਦੇ ਆਧਾਰ ‘ਤੇ ਇਹ ਦਾਅਵਾ ਕੀਤਾ ਕਿ ਇਤਿਹਾਸ ‘ਚ ਅੱਜ ਦਾ ਸਮਾਂ ਸਭ ਤੋਂ ਵਧੇਰੇ ਸ਼ਾਂਤਮਈ ਹੈ।
ਇੱਥੋਂ ਤੱਕ ਕਿ ਹਿੰਸਕ ਅਪਰਾਧਾਂ ‘ਚ ਹੋਣ ਵਾਲੀਆਂ ਮੌਤਾਂ ‘ਚ ਵੀ ਭਾਰੀ ਕਮੀ ਆਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜਲਦੀ ਹੀ ਉਹ ਸਮਾਂ ਆਵੇਗਾ ਜਦੋਂ ਇਸ ਦੀ ਗਿਣਤੀ ਸਿਫਰ ਹੋ ਜਾਵੇਗੀ। ਆਲੋਚਕ ਕਹਿੰਦੇ ਹਨ ਕਿ ਇਹ ਉਨ੍ਹਾਂ ਦਾ ਇੱਕ ਸੁਪਨਾ ਹੀ ਹੈ। ਜਿਵੇਂ-ਜਿਵੇਂ ਆਬਾਦੀ ਵਧੇਗੀ ਅਤੇ ਸਾਧਨ ਘੱਟ ਹੋ ਜਾਣਗੇ, ਲੜਾਈ-ਝਗੜੇ ਅਤੇ ਉਨ੍ਹਾਂ ਕਾਰਨ ਹੋਣ ਵਾਲੀਆਂ ਮੌਤਾਂ ‘ਚ ਵੀ ਵਾਧਾ ਹੋਵੇਗਾ। ਭਵਿੱਖ ‘ਚ ਜੋ ਵੀ ਹੋਵੇ, ਸਾਨੂੰ ਕੋਸ਼ਿਸ਼ ਅਤੇ ਪ੍ਰਾਰਥਨਾ ਇਹ ਕਰਨੀ ਚਾਹੀਦੀ ਹੈ ਕਿ ਪਿੰਕੇਰ ਵੱਲੋਂ ਕਹੀ ਗੱਲ ਸਹੀ ਹੋਵੇ।
ਉਂਝ, ਭਾਰਤ ‘ਚ ਇਸ ਮੰਨੇ-ਪ੍ਰਮੰਨੇ ਵਿਸ਼ਲੇਸ਼ਕ ਦੀਆਂ ਗੱਲਾਂ ‘ਤੇ ਸਾਧਾਰਨ ਢੰਗ ਨਾਲ ਭਰੋਸਾ ਕਰਨਾ ਬਹੁਤ ਔਖਾ ਹੈ। ਅਖਬਾਰਾਂ ਅਤੇ ਟੀ. ਵੀ. ‘ਚ ਲੋਕ ਰੋਜ਼ਾਨਾ ਪੜ੍ਹਦੇ ਅਤੇ ਵੇਖਦੇ ਹਾਂ ਕਿ ਅਪਰਾਧਾਂ ਦੀ ਗਿਣਤੀ ਵਧ ਰਹੀ ਹੈ। ਉਹ ਇਸ ਗੱਲ ਲਈ ਪੁਲਿਸ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਧੁਨਿਕ ਸਾਜੋ-ਸਾਮਾਨ ਨਾਲ ਲੈਸ ਹੋਣ ਦੇ ਬਾਵਜੂਦ ਪੁਲਿਸ ਅਪਰਾਧਾਂ ਦੀ ਗਿਣਤੀ ਨੂੰ ਘਟ ਕਰਨ ‘ਚ ਨਾਕਾਮ ਰਹੀ ਹੈ।
ਕਤਲ ਅਤੇ ਜਬਰ-ਜ਼ਨਾਹ ਵਰਗੇ ਗੰਭੀਰ ਅਪਰਾਧਾਂ ‘ਚ ਪੁਲਿਸ ਆਮ ਤੌਰ ‘ਤੇ 10 ‘ਚੋਂ 9 ਮੁਲਜ਼ਮਾਂ ਨੂੰ ਫੜ ਲੈਂਦੀ ਹੈ ਪਰ ਫਿਰ ਵੀ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੋਟਰਗੱਡੀਆਂ ‘ਚ ਇੱਧਰ-ਉੱਧਰ ਘੁੰਮਦੀ, ਮੌਕਿਆਂ ‘ਤੇ ਫਟਾਫਟ ਪਹੁੰਚਦੀ ਅਤੇ ਅਪਰਾਧੀਆਂ ਨੂੰ ਤੁਰੰਤ ਫੜਦੀ ਪੁਲਿਸ ਉਨ੍ਹਾਂ ਅੰਦਰ ਅਪਰਾਧ ਦਾ ਡਰ ਘਟ ਕਰਨ ਅਤੇ ਅਪਰਾਧੀਆਂ ‘ਚ ਕਾਨੂੰਨ ਦਾ ਡਰ ਵੱਧ ਨਹੀਂ ਵਿਖਾ ਸਕੀ। ਫਿਰ ਕਿਵੇਂ ਮੰਨੀਏ ਕਿ ਅਸੀਂ ਸਤਯੁੱਗ ਵੱਲ ਵਧ ਰਹੇ ਹਾਂ?
ਧਿਆਨ ਨਾਲ ਵੇਖੀਏ ਤਾਂ ਵਧਦੇ ਅਪਰਾਧਾਂ ਦੇ ਕਈ ਕਾਰਨ ਹਨ। ਤੇਜ਼ੀ ਨਾਲ ਵਧ ਰਹੀ ਆਬਾਦੀ ਅਤੇ ਉਸ ‘ਚ ਨੌਜਵਾਨਾਂ ਦਾ ਵਧਦਾ ਅਨੁਪਾਤ, ਸਮਾਜਿਕ-ਆਰਥਿਕ ਨਾਬਰਾਬਰੀ, ਪਰਿਵਾਰ ਅਤੇ ਵਿਦਿਅਕ ਤੇ ਧਾਰਮਿਕ ਅਦਾਰਿਆਂ ਦਾ ਨੌਜਵਾਨਾਂ ‘ਤੇ ਘਟਦਾ ਪ੍ਰਭਾਵ, ਪੁਲਿਸ ਦੀ ਫਾਇਰ ਬ੍ਰਿਗੇਡ ਵਾਲੀ ਰਣਨੀਤੀ, ਨਸ਼ਿਆਂ ਦੀ ਵਧਦੀ ਆਦਤ ਅਤੇ ਕਾਨੂੰਨ ਦਾ ਰਾਜ ਸਵੈ-ਇੱਛਾ ਨਾਲ ਨਾ ਮੰਨਣ ਵਾਲਿਆਂ ਦੀ ਗਿਣਤੀ ਵਧੇਰੇ ਹੈ।
ਮੁੰਡਿਆਂ ਦੀ ਚੰਗੀ ਗਿਣਤੀ ਜਾਤੀ, ਉਮਰ, ਵਰਗ, ਖੇਤਰ ਦੇ ਹਿਸਾਬ ਨਾਲ ਟੋਲੀਆਂ ‘ਚ ਵੰਡੀ ਹੋਈ ਹੈ। ਉਹ ਲੁੱਟ ਨੂੰ ਹੱਕ ਅਤੇ ਹਿੰਸਾ ਨੂੰ ਮਨੋਰੰਜਨ ਸਮਝਣ ਲੱਗੇ ਹਨ। ਹਿੰਸਕ ਅਪਰਾਧ ਦੀ ਜੜ੍ਹ ‘ਚ ਲੱਗਦਾ ਹੈ ਕਿ ਗੈਂਗ ਦੀ ਇਹ ਵਧਦੀ-ਫੁਲਦੀ ਉਪ-ਸੰਸਕ੍ਰਿਤੀ ਹੈ।
ਸਵਾਲ ਇਹ ਹੈ ਕਿ ਇਹ ਕਿਹੜੇ ਮੁੰਡੇ ਹਨ ਜੋ ਗੈਂਗ ਵੱਲ ਚਲੇ ਜਾਂਦੇ ਹਨ? ਖੋਜ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਿਸੇ ਬੱਚੇ ਦੇ ਜਨਮ ਤੋਂ ਹੀ ਉਸ ਦੀਆਂ ਆਦਤਾਂ ਦਾ ਪਤਾ ਲੱਗ ਜਾਂਦਾ ਹੈ। ਤਿੰਨ ਸਾਲ ਦੀ ਉਮਰ ਤੋਂ ਹੀ ਅਜਿਹੇ ਬੱਚਿਆਂ ਦੇ ਤਿੱਖੇ ਵਤੀਰੇ ਨਜ਼ਰ ਆਉਣ ਲੱਗ ਪੈਂਦੇ ਹਨ। ਇਹ ਵੀ ਵੇਖਿਆ ਗਿਆ ਹੈ ਕਿ ਸਕੂਲ ਦੀ ਮੁੱਢਲੀ ਪੜ੍ਹਾਈ ਦੌਰਾਨ ਗਣਿਤ ‘ਚ ਚੰਗੇ ਨੰਬਰ ਨਾ ਲੈਣ ਵਾਲੇ ਬੱਚੇ ਆਪਣੇ ਸਹਿਪਾਠੀਆਂ ਤੋਂ ਦੂਰ ਹੋਣ ਲੱਗਦੇ ਹਨ ਅਤੇ ਹਮਉਮਰ ਦੀ ਵਿਗੜੀ ਟੋਲੀ ‘ਚ ਸਕੂਨ, ਆਨੰਦ, ਯਾਰੀ-ਦੋਸਤੀ ਅਤੇ ਸੁਰੱਖਿਆ ਦੀ ਭਾਵਨਾ ਨੂੰ ਲੱਭਦੇ ਫਿਰਦੇ ਹਨ।
ਆਂਢ-ਗੁਆਂਢ ‘ਚ ਜੇ ਝਗੜੇ ਵਾਲਾ ਮਾਹੌਲ ਹੋਵੇ ਅਤੇ ਪਰਿਵਾਰ ਅਪਰਾਧਿਕ ਸਰਗਰਮੀਆਂ ‘ਚ ਲੱਗਾ ਹੋਵੇ ਤਾਂ ਵਧੇਰੇ ਕਰਕੇ ਸੰਭਵ ਹੈ ਕਿ ਛੋਟੀ ਉਮਰ ‘ਚ ਹੀ ਅਜਿਹੇ ਮੁੰਡੇ ਕਿਸੇ ਨਾ ਕਿਸੇ ਗੈਂਗ ‘ਚ ਸ਼ਾਮਲ ਹੋਏ ਮਿਲਣਗੇ।
ਫਿਲਮਾਂ ਅਤੇ ਰੈਪ ਗੀਤਾਂ ‘ਚ ਗੈਂਗ ਦੀ ਜੀਵਨ ਸ਼ੈਲੀ ਦੇ ਗੁਣ ਗਾਉਣੇ, ਅਮਨ ਕਾਨੂੰਨ ਨੂੰ ਟਿੱਚ ਦੱਸ ਕੇ ਮੁੱਖ ਧਾਰਾ ‘ਚ ਥਾਂ ਬਣਾ ਚੁੱਕੇ ਅਪਰਾਧਿਕ ਪਿਛੋਕੜ ਦੇ ਰੋਲ ਮਾਡਲ, ਸ਼ਰਾਬ ਅਤੇ ਨਸ਼ੇ ਦੀ ਆਦਤ, ਮਾਨਸਿਕ ਬੀਮਾਰੀ, ਪਰਿਵਾਰਕ ਦੁਖਾਂਤ ਆਦਿ ਉਤਪ੍ਰੇਰਕ ਦਾ ਕੰਮ ਕਰਦੇ ਹਨ।
ਜ਼ਰੂਰੀ ਹੈ ਕਿ ਅੱਲ੍ਹੜ ਉਮਰ ਦੇ ਮੁੰਡਿਆਂ ‘ਚ ਗੈਂਗ ਦੇ ਰੁਝਾਨ ਨੂੰ ਇੱਕ ਸਮੱਸਿਆ ਵਜੋਂ ਦੇਖਿਆ ਜਾਵੇ ਅਤੇ ਉਨ੍ਹਾਂ ਨੂੰ ਅਪਰਾਧਿਕ ਅਤੇ ਹਿੰਸਕ ਹੋਣ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਪਰਿਵਾਰ-ਸਕੂਲ ਦਾ ਗੱਠਜੋੜ ਮਜ਼ਬੂਤ ਹੋਵੇ।
ਹਮਲਾਵਰ ਰੁਖ ਵਿਖਾ ਰਹੇ ਅਤੇ ਪੜ੍ਹਾਈ ‘ਚ ਪੱਛੜ ਰਹੇ ਅੱਲ੍ਹੜ ਉਮਰ ਦੇ ਮੁੰਡਿਆਂ ਦੀ ਮੈਨਟਰਿੰਗ ਅਤੇ ਕੌਂਸਲਿੰਗ ਕੀਤੀ ਜਾਵੇ। ਉਨ੍ਹਾਂ ਨੂੰ ਹੁਨਰ ਵਿਕਸਤ ਕਰਨ ਅਤੇ ਸਵੈ-ਸੇਵਾ, ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ‘ਚ ਆਪਣੀ ਊਰਜਾ ਨੂੰ ਖਪਾਉਣ ਅਤੇ ਸਮਾਜਿਕ ਅਤੇ ਆਰਥਿਕ ਲੋੜਾਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਵਿਦਿਆਰਥੀਆਂ ਨੂੰ ਕਰੀਅਰ ਸੰਬੰਧੀ ਸਲਾਹ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਆਪਣੀ ਸਿਆਸਤ ਚਮਕਾਉਣ ਦੇ ਚੱਕਰ ‘ਚ ਸਾਧਾਰਨ ਕਿਸਮ ਦੇ ਲੋਕ ਆਪਣੀ ਜਾਤੀ ਦੇ ਮੁੰਡਿਆਂ ‘ਚ ਹੁਨਰ ਦਾ ਵਿਕਾਸ ਕਰਨ ਦੀ ਬਜਾਏ ਗੈਰ-ਰੋਜ਼ਗਾਰ ਵਿਸ਼ਿਆਂ ‘ਚ ਗੁਆਂਢ ਦੇ ਇੱਕ ਕਾਲਜ ‘ਚ ਦਾਖਲੇ ਲਈ ਪ੍ਰੇਰਿਤ ਕਰਦੇ ਹਨ। ਉਹ ਉਨ੍ਹਾਂ ਨੂੰ ਇਹ ਕਹਿ ਕੇ ਗੁੰਮਰਾਹ ਕਰਦੇ ਹਨ ਕਿ ਉਹ ਜੇ ਉੱਧਰ ਨਾ ਗਏ ਅਤੇ ਆਪਣਾ ਜ਼ੋਰ ਨਾ ਵਿਖਾਇਆ ਤਾਂ ਉੱਥੇ ਦੂਜੀ ਜਾਤੀ ਦੇ ਮੁੰਡਿਆਂ ਦਾ ਕਬਜ਼ਾ ਹੋ ਜਾਵੇਗਾ।
ਸਕੂਲਾਂ-ਕਾਲਜਾਂ ‘ਚ ਮੁੰਡਿਆਂ ਨੂੰ ਗੈਂਗ ਨਾਲ ਜੁੜਨ ਦੇ ਖਤਰੇ ਤੋਂ ਚੌਕਸ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਜੋ ਅਪਰਾਧਿਕ ਸਰਗਰਮੀਆਂ ‘ਚ ਸ਼ਾਮਲ ਪਰਿਵਾਰਾਂ ਜਾਂ ਉਨ੍ਹਾਂ ਦੇ ਆਂਢ-ਗੁਆਂਢ ਤੋਂ ਆਉਂਦੇ ਹਨ।
ਇੱਕ ਖੋਜ ਦੌਰਾਨ ਇਹ ਗੱਲ ਨੋਟ ਕੀਤੀ ਗਈ ਹੈ ਕਿ ਇੱਕ ਚੌਥਾਈ ਅੱਲ੍ਹੜ ਉਮਰ ਦੇ ਮੁੰਡੇ ਗੈਰ-ਅਪਰਾਧਿਕ ਸਰਗਰਮੀਆਂ ‘ਚ ਸ਼ਾਮਲ ਹੋ ਜਾਂਦੇ ਹਨ ਅਤੇ ਇਨ੍ਹਾਂ ਅਪਰਾਧਿਕ ਗਿਰੋਹਾਂ ‘ਚੋਂ ਇੱਕ ਤਿਹਾਈ ਹਿੰਸਕ ਸਰਗਰਮੀਆਂ ‘ਚ ਸ਼ਾਮਲ ਹੋ ਜਾਂਦੇ ਹਨ।
ਮੁੰਡੇ ਆਪਣੇ ਆਪ ਨੂੰ ਗੈਂਗ ‘ਚ ਵੰਡ ਕੇ ਗਲਬੇ ਦੀ ਲੜਾਈ ਨਾ ਲੜਦੇ ਰਹਿਣ ਅਤੇ ਦੂਜਿਆਂ ਨੂੰ ਆਪਣਾ ਸ਼ਿਕਾਰ ਨਾ ਬਣਾਉਂਦੇ ਰਹਿਣ, ਇਸ ਲਈ ਇੱਕ ਵਧੀਆ ਅਤੇ ਸੰਗਠਿਤ ਮੁਹਿੰਮ ਦੀ ਲੋੜ ਹੈ।
ਬੱਚਿਆਂ ਅਤੇ ਅੱਲ੍ਹੜ ਉਮਰ ਦੇ ਮੁੰਡਿਆਂ ਨੂੰ ਐਨ.ਸੀ.ਸੀ., ਸਕਾਊਟਸ, ਐਨ.ਐੱਸ.ਐੱਸ., ਐਨ.ਵਾਈ.ਕੇ., ਖੇਡਾਂ, ਸੰਸਕ੍ਰਿਤਕ ਅਤੇ ਸਵੈ-ਸੇਵਾ ਵਰਗੀਆਂ ਸਰਗਰਮੀਆਂ ‘ਚ ਜ਼ੋਰ-ਸ਼ੋਰ ਨਾਲ ਲਾਇਆ ਜਾਣਾ ਚਾਹੀਦਾ ਹੈ। ਜਿਹੜੇ ਮੁੰਡੇ ਤਾਜ਼ਾ ਹੀ ਵਿਗੜਣੇ ਸ਼ੁਰੂ ਹੋਏ ਹਨ, ਉਨ੍ਹਾਂ ਨੂੰ ਕੌਂਸਲਿੰਗ, ਮੈਨਟਰਿੰਗ ਅਤੇ ਹੁਨਰ ਵਿਕਾਸ ਰਾਹੀਂ ਮੁੱਖ ਧਾਰਾ ‘ਚ ਲਿਆਉਣ ਅਤੇ ਉੱਧਰ ਹੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।
ਜਿਹੜੇ ਅਪਰਾਧੀ ਵਜੋਂ ਪਰਿਪੱਕ ਹੋ ਗਏ ਹਨ, ਉਨ੍ਹਾਂ ਨੂੰ ਤਾਂ ਜੇਲਾਂ ‘ਚ ਹੀ ਰੱਖਿਆ ਜਾਣਾ ਠੀਕ ਹੋਵੇਗਾ, ਪੁਲਿਸ ਨੂੰ ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਪਿੱਛੇ ਲੱਗੇ ਰਹਿਣਾ ਚਾਹੀਦਾ ਹੈ। ਗੈਂਗਵਾਰ ਨੂੰ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ। ਪੱਛਮੀ ਦੇਸ਼ਾਂ ‘ਚ ਸਾਬਕਾ ਅਪਰਾਧੀਆਂ ਦੀ ਵਰਤੋਂ ‘ਵਾਇਲੈਂਸ ਇੰਟਰੱਪਟਰ’ ਵਜੋਂ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕੰਮ ਇਹ ਹੁੰਦਾ ਹੈ ਕਿ ਖੂਨੀ ਲੜਾਈ ਲੜ ਰਹੇ ਗੈਂਗਾਂ ਦਰਮਿਆਨ ਸਮਝੌਤਾ ਕਰਵਾ ਕੇ ਹਿੰਸਾ-ਜਵਾਬੀ ਹਿੰਸਾ ਦੇ ਚੱਕਰ ਨੂੰ ਤੋੜਿਆ ਜਾਵੇ।
ਉਨ੍ਹਾਂ ਨੂੰ ਲੜ-ਝਗੜ ਕੇ ਮੌਤ ਦੇ ਮੂੰਹ ‘ਚ ਜਾਣ ਦੇਣਾ ਕੋਈ ਰਣਨੀਤੀ ਨਹੀਂ ਹੈ। ਇਸ ਨਾਲ ਲੋਕਾਂ ‘ਚ ਅਪਰਾਧ ਦਾ ਡਰ ਵਧਦਾ ਹੈ। ਕਾਨੂੰਨ ਦੇ ਰਾਜ ਦੀ ਹੇਠੀ ਹੁੰਦੀ ਹੈ। ਸਭ ਤੋਂ ਵੱਧ ਮੁਸ਼ਕਿਲ ਪੁਲਿਸ ਨੂੰ ਆਉਂਦੀ ਹੈ। ਇੱਕ ਤਾਂ ਉਨ੍ਹਾਂ ਦੀ ਆਪਣੀ ਜਾਨ ਖਤਰੇ ‘ਚ ਪੈ ਜਾਂਦੀ ਹੈ ਤੇ ਲੋਕ ਉਨ੍ਹਾਂ ਨੂੰ ਹਾਰੀ ਹੋਈ ਫੌਜ ਸਮਝਣ ਲੱਗ ਜਾਂਦੇ ਹਨ।
ਪੁਲਿਸ ਨੂੰ ਚਾਹੀਦਾ ਹੈ ਕਿ ਪਰਿਵਾਰ, ਆਂਢ-ਗੁਆਂਢ, ਸਕੂਲ, ਪੰਚਾਇਤ, ਵਾਰਡ, ਐਨ.ਜੀ.ਓ. ਅਤੇ ਹੋਰ ਸਰਕਾਰੀ ਵਿਭਾਗਾਂ ਨਾਲ ਗੱਠਜੋੜ ਕਰ ਕੇ ਗੈਂਗ ਪ੍ਰੀਵੈਂਸ਼ਨ, ਇੰਟਰਵੈਂਸ਼ਨ ਅਤੇ ਸਪ੍ਰੈਸ਼ਨ ਪ੍ਰੋਗਰਾਮ ਲਾਗੂ ਕੀਤੇ ਜਾਣ। ਜੇ ਇੰਝ ਨਾ ਹੋਇਆ ਤਾਂ ਇਹ ਸਭ ਕੁਝ ਉਲਝਿਆ ਰਹੇਗਾ ਅਤੇ ਲੋਕ ਚਿੜ੍ਹੇ ਰਹਿਣਗੇ।
– ਓ. ਪੀ. ਸਿੰਘ
ਡੀ. ਜੀ. ਪੀ. ਹਰਿਆਣਾ (ਨਾਰਕੋਟਿਕਸ ਕੰਟਰੋਲ ਬਿਊਰੋ)