ਹੁਨਰ ਦੀ ਰੌਸ਼ਨੀ : ਜੇਲ੍ਹਾਂ ਵਿਚ ਸਵੈ-ਨਿਰਭਰ ਹੁੰਦੀਆਂ ਮਹਿਲਾ ਕੈਦੀਆਂ ਦੀ ਨਵੀਂ ਸਵੇਰ
Saturday, Apr 19, 2025 - 05:02 PM (IST)

ਕੁਝ ਕਹਾਣੀਆਂ ਸਿਰਫ਼ ਕਹਾਣੀਆਂ ਨਹੀਂ ਹੁੰਦੀਆਂ ਸਗੋਂ ਬਦਲਾਅ ਦੀ ਇਕ ਚੰਗਿਆੜੀ ਹੁੰਦੀਆਂ ਹਨ, ਜੋ ਸੋਚ ਅਤੇ ਪ੍ਰਣਾਲੀ ਦੋਵਾਂ ਨੂੰ ਹਿਲਾ ਦਿੰਦੀਆਂ ਹਨ। ਅਜਿਹੀ ਹੀ ਇਕ ਕਹਾਣੀ ਰਾਜਸਥਾਨ ਦੀ ਭਰਤਪੁਰ ਜੇਲ੍ਹ ਵਿਚ ਬੰਦ ਕਮਲਾ ਦੀ ਹੈ। ਜਦੋਂ ਕਮਲਾ, ਜੋ ਕਿ ਘੱਟ ਪੜ੍ਹੀ-ਲਿਖੀ ਸੀ, ਨੇ ਜੇਲ੍ਹ ਵਿਚ ਸੁੰਦਰਤਾ-ਤੰਦਰੁਸਤੀ ਦੀ ਸਿਖਲਾਈ ਪ੍ਰਾਪਤ ਕੀਤੀ, ਤਾਂ ਉਸ ਨੇ ਨਾ ਸਿਰਫ਼ ਸਵੈ-ਮਾਣ ਦੀ ਇਕ ਨਵੀਂ ਪਰਿਭਾਸ਼ਾ ਬਣਾਈ, ਸਗੋਂ ਜੇਲ੍ਹ ਵਿਚ ਰਹਿੰਦਿਆਂ ਸੁੰਦਰਤਾ ਸੇਵਾਵਾਂ ਵਿਚ ਵੀ ਮੁਹਾਰਤ ਹਾਸਲ ਕੀਤੀ। ਅੱਜ, ਉਹ ਨਾ ਸਿਰਫ਼ ਹੋਰ ਮਹਿਲਾ ਕੈਦੀਆਂ ਨੂੰ ਸਿਖਲਾਈ ਦੇ ਰਹੀ ਹੈ, ਸਗੋਂ ਜੇਲ੍ਹ ਵਿਚ ‘ਬਿਊਟੀ ਪਾਰਲਰ ਸੇਵਾ’ ਦੀ ਇਕ ਨਵੀਂ ਪਹਿਲਕਦਮੀ ਦੀ ਇਕ ਮਿਸਾਲ ਵੀ ਬਣ ਗਈ ਹੈ।
ਤਾਮਿਲਨਾਡੂ ਦੇ ਜੇਲ੍ਹ ਵਿਭਾਗ ਦੇ ਡੀ. ਜੀ. ਪੀ. ਮਹੇਸ਼ਵਰ ਦਿਆਲ ਨੇ ਜੂਨ 2024 ਵਿਚ ਚੇਨਈ ਦੀ ਮਹਿਲਾ ਜੇਲ੍ਹ ਵਿਚ ਇਕ ਕਬਾੜ ਨਾਲ ਭਰੇ ਸਟੋਰ ਨੂੰ ਇਕ ਚੰਗੀ ਤਰ੍ਹਾਂ ਲੈਸ ਬਿਊਟੀਸ਼ੀਅਨ ਸਿਖਲਾਈ ਕੇਂਦਰ ਅਤੇ ਪਾਰਲਰ ਵਿਚ ਬਦਲਣ ਦਾ ਫੈਸਲਾ ਕੀਤਾ। ਪਹਿਲਾਂ, ਇਸ ਸਟੋਰ ਵਿਚ ਸਿਰਫ਼ ਇਕ ਕੰਘੀ, ਇਕ ਪੁਰਾਣਾ ਟ੍ਰਿਮਰ ਅਤੇ ਇਕ ਪਾਣੀ ਦੀ ਸਪਰੇਅ ਰੱਖੀ ਹੁੰਦੀ ਸੀ ਪਰ ਅੱਜ ਉਹ ਸਟੋਰ ਸੈਲੂਨ ਵਰਗੀਆਂ ਸਾਰੀਆਂ ਸਹੂਲਤਾਂ ਨਾਲ ਲੈਸ ਹੈ ਜਿੱਥੇ ਮਹਿਲਾ ਕੈਦੀਆਂ ਨੂੰ ਇਹ ਸੇਵਾਵਾਂ ਮੁਫਤ ਮਿਲਦੀਆਂ ਹਨ।
ਦਿਆਲ ਨੇ ਇਹ ਪਹਿਲ ਉਸ ਦਿਨ ਸ਼ੁਰੂ ਕੀਤੀ ਸੀ ਜਦੋਂ ਇਕ 34 ਸਾਲਾ ਮਹਿਲਾ ਕੈਦੀ ਨੇ ਉਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਆਪਣੇ ਵਾਲ ਰੰਗਣਾ ਚਾਹੁੰਦੀ ਹੈ ਪਰ ਅਜਿਹਾ ਨਾ ਹੋਣ ਕਾਰਨ ਉਹ 60 ਸਾਲਾਂ ਦੀ ਲੱਗਦੀ ਹੈ। ਪਹਿਲਾਂ, ਜਦੋਂ ਡੀ. ਜੀ. ਪੀ. ਦਿਆਲ ਜੇਲ੍ਹ ਦਾ ਨਿਰੀਖਣ ਕਰਦੇ ਸਨ ਤਾਂ ਔਰਤਾਂ ਥਾਲੀਆਂ ਖੜਕਾ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੀਆਂ ਸਨ। ਹੁਣ ਉਹੀ ਔਰਤਾਂ ਆਤਮਵਿਸ਼ਵਾਸ ਨਾਲ ਭਰੀਆਂ ਅਤੇ ਸਜੀਆਂ-ਸੰਵਰੀਆਂ ਦਿਖਾਈ ਦਿੰਦੀਆਂ ਹਨ, ਜਿਵੇਂ ਉਹ ਕਿਸੇ ਬਿਊਟੀ ਪਾਰਲਰ ਤੋਂ ਬਾਹਰ ਆਈਆਂ ਹੋਣ।
ਇਸ ਪਹਿਲਕਦਮੀ ਨੇ ਉਨ੍ਹਾਂ ਵਿਚ ਸਵੈ-ਨਿਰਭਰਤਾ ਪੈਦਾ ਕੀਤੀ। ਹੁਨਰ ਸਿੱਖਣ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ, ਬਹੁਤ ਸਾਰੀਆਂ ਮਹਿਲਾ ਕੈਦੀਆਂ ਬਿਊਟੀਸ਼ੀਅਨ ਵਜੋਂ ਕੰਮ ਕਰ ਕੇ 5000 ਤੋਂ 7000 ਰੁਪਏ ਪ੍ਰਤੀ ਮਹੀਨਾ ਕਮਾ ਰਹੀਆਂ ਹਨ। ਇਸ ਬਦਲਾਅ ਨੇ ਨਾ ਸਿਰਫ਼ ਉਨ੍ਹਾਂ ਦਾ ਆਤਮਵਿਸ਼ਵਾਸ ਵਧਾਇਆ ਹੈ ਸਗੋਂ ਉਨ੍ਹਾਂ ਦੇ ਵਿਵਹਾਰ ਅਤੇ ਮਾਨਸਿਕ ਸਿਹਤ ’ਤੇ ਵੀ ਸਕਾਰਾਤਮਕ ਪ੍ਰਭਾਵ ਪਾਇਆ ਹੈ। ਇਹ ਘਟਨਾਵਾਂ ਇਕ ਵੱਡੀ ਤਸਵੀਰ ਵੱਲ ਇਸ਼ਾਰਾ ਕਰਦੀਆਂ ਹਨ ਜਿੱਥੇ ਜੇਲ੍ਹ ਨੂੰ ਸਿਰਫ਼ ਸਜ਼ਾ ਦੀ ਬਜਾਏ ਸੁਧਾਰ ਅਤੇ ਸਸ਼ਕਤੀਕਰਨ ਦਾ ਕੇਂਦਰ ਬਣਾਇਆ ਜਾ ਸਕਦਾ ਹੈ।
ਭਾਰਤੀ ਜੇਲ੍ਹਾਂ ਵਿਚ 23,000 ਤੋਂ ਵੱਧ ਮਹਿਲਾ ਕੈਦੀ ਹਨ। ਇਨ੍ਹਾਂ ਵਿਚੋਂ, ਲਗਭਗ 70 ਫੀਸਦੀ ਮੁਕੱਦਮੇ ਅਧੀਨ ਕੈਦੀ ਹਨ, ਭਾਵ ਉਹ ਜਿਨ੍ਹਾਂ ਦਾ ਅਪਰਾਧ ਅਜੇ ਸਾਬਤ ਨਹੀਂ ਹੋਇਆ ਹੈ। ਜ਼ਿਆਦਾਤਰ ਔਰਤਾਂ ਸਮਾਜਿਕ ਅਤੇ ਆਰਥਿਕ ਤੌਰ ’ਤੇ ਪੱਛੜੇ ਪਰਿਵਾਰਾਂ ਦੀਆਂ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) 2023 ਦੇ ਅੰਕੜਿਆਂ ਅਨੁਸਾਰ, ਹਰ ਸਾਲ ਮਹਿਲਾ ਕੈਦੀਆਂ ਦੀ ਗਿਣਤੀ ਵਧ ਰਹੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਘਰੇਲੂ ਹਿੰਸਾ, ਦਾਜ ਜਾਂ ਸਵੈ-ਰੱਖਿਆ ਦੇ ਮਾਮਲਿਆਂ ਵਿਚ ਅਪਰਾਧਾਂ ਲਈ ਦੋਸ਼ੀ ਠਹਿਰਾਈਆਂ ਜਾਂਦੀਆਂ ਹਨ।
ਪਰ ਜੇਲ੍ਹਾਂ ਵਿਚ ਉਨ੍ਹਾਂ ਲਈ ਨਾ ਤਾਂ ਲੋੜੀਂਦੀਆਂ ਸਹੂਲਤਾਂ ਹਨ ਅਤੇ ਨਾ ਹੀ ਉਨ੍ਹਾਂ ਦੇ ਪੁਨਰਵਾਸ ਲਈ ਸਪੱਸ਼ਟ ਨੀਤੀਆਂ ਹਨ। ਸਿੱਖਿਆ ਦੀ ਘਾਟ, ਪਰਿਵਾਰ ਨਾਲ ਟੁੱਟੇ ਸਬੰਧ ਅਤੇ ਵਿੱਤੀ ਸਹਾਇਤਾ ਦੀ ਘਾਟ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਅਪਰਾਧ ਵੱਲ ਧੱਕ ਸਕਦੇ ਹਨ। ਅਜਿਹੀ ਸਥਿਤੀ ਵਿਚ, ਉਨ੍ਹਾਂ ਨੂੰ ਹੁਨਰ ਰਾਹੀਂ ਸਵੈ-ਨਿਰਭਰ ਜੀਵਨ ਿਜਊਣ ਦਾ ਮੌਕਾ ਮਿਲ ਸਕਦਾ ਹੈ।
ਜੇਕਰ ਜੇਲ੍ਹਾਂ ਵਿਚ ਔਰਤਾਂ ਨੂੰ ਸੁੰਦਰਤਾ-ਤੰਦਰੁਸਤੀ, ਸਿਲਾਈ, ਬੁਟੀਕ ਡਿਜ਼ਾਈਨਿੰਗ, ਖਾਣਾ ਪਕਾਉਣ, ਪੈਕੇਜਿੰਗ, ਬਾਗਬਾਨੀ, ਸਾਬਣ-ਧੂਫ (ਅਗਰਬੱਤੀ) ਬਣਾਉਣ ਆਦਿ ਖੇਤਰਾਂ ਵਿਚ ਉਨ੍ਹਾਂ ਦੀ ਰੁਚੀ ਅਨੁਸਾਰ ਹੁਨਰ ਸਿਖਲਾਈ ਦਿੱਤੀ ਜਾਵੇ, ਤਾਂ ਉਹ ਨਾ ਸਿਰਫ਼ ਸਵੈ-ਨਿਰਭਰ ਬਣ ਸਕਦੀਆਂ ਹਨ ਬਲਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਕ ਸਨਮਾਨਜਨਕ ਜੀਵਨ ਵੀ ਜੀਅ ਸਕਦੀਆਂ ਹਨ। ਹੁਨਰ ਸਿਖਲਾਈ ਉਨ੍ਹਾਂ ਦਾ ਦੂਜਾ ਜਨਮ ਸਾਬਤ ਹੋ ਸਕਦੀ ਹੈ। ਜੇਕਰ, ਸਿਖਲਾਈ ਦੇ ਨਾਲ-ਨਾਲ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਮਾਰਕੀਟਿੰਗ, ਉੱਦਮਤਾ ਅਤੇ ਬੈਂਕਿੰਗ ਨਾਲ ਸਬੰਧਤ ਮੁੱਢਲਾ ਗਿਆਨ ਵੀ ਪ੍ਰਦਾਨ ਕਰਦਾ ਹੈ, ਤਾਂ ਉਹ ਆਪਣੇ ਹੁਨਰ ਨੂੰ ਪੇਸ਼ੇ ਵਿਚ ਢਾਲ ਸਕਦੀਆਂ ਹਨ।
ਤਿਹਾੜ ਜੇਲ੍ਹ ਦਿੱਲੀ ਵਿਚ ਬੇਕਰੀ, ਸਿਲਾਈ ਅਤੇ ਫੈਸ਼ਨ ਡਿਜ਼ਾਈਨਿੰਗ ਵਿਚ ਹੁਨਰ ਸਿਖਲਾਈ ਦਿੱਤੀ ਜਾ ਰਹੀ ਹੈ। ਇੱਥੇ ਬਣੇ ਉਤਪਾਦ ‘ਤਿਹਾੜ ਹਾਟ’ ਰਾਹੀਂ ਸਥਾਨਕ ਬਾਜ਼ਾਰ ਵਿਚ ਵੇਚੇ ਜਾਂਦੇ ਹਨ। ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੀਆਂ ਬੈਰਕਾਂ ਵਿਚ ਬੰਦ ਹੁਨਰਮੰਦ ਮਹਿਲਾ ਕੈਦੀਆਂ ਨੂੰ ਆਪਣੇ ਹੁਨਰ ਦੀ ਪਛਾਣ ਮਿਲ ਰਹੀ ਹੈ, ਉਨ੍ਹਾਂ ਦੇ ਤਿਆਰ ਫਰਨੀਚਰ ਦੇ ਖਰੀਦਦਾਰਾਂ ਵਿਚ ਕਈ ਸਰਕਾਰੀ ਵਿਭਾਗ ਅਤੇ ਉੱਘੇ ਲੋਕ ਸ਼ਾਮਲ ਹਨ।
ਵਿਦੇਸ਼ਾਂ ਦੀ ਗੱਲ ਕਰੀਏ ਤਾਂ ਬ੍ਰਾਜ਼ੀਲ ਵਿਚ ਜੇਲ੍ਹ ਦੇ ਅੰਦਰ ਇਕ ਬਿਊਟੀ ਸੈਲੂਨ ਸ਼ੁਰੂ ਕੀਤਾ ਗਿਆ ਸੀ ਜਿਸ ਵਿਚ ਮਹਿਲਾ ਕੈਦੀਆਂ ਨੂੰ ਵਾਲ ਕੱਟਣ ਅਤੇ ਨਹੁੰ ਸਜਾਉਣ ਦੀ ਸਿਖਲਾਈ ਦਿੱਤੀ ਗਈ ਸੀ। ਇਸ ਨਾਲ ਕੈਦੀਆਂ ਨੂੰ ਨਾ ਸਿਰਫ਼ ਮਹੀਨਾਵਾਰ ਆਮਦਨ ਮਿਲਦੀ ਹੈ ਸਗੋਂ ਜੇਲ੍ਹ ਤੋਂ ਰਿਹਾਅ ਹੋਣ ’ਤੇ ਉਨ੍ਹਾਂ ਨੂੰ ਇਕ ਸਰਟੀਫਿਕੇਟ ਵੀ ਮਿਲਦਾ ਹੈ। ਅਮਰੀਕਾ ਦੇ ਕੈਲੀਫੋਰਨੀਆ ਵਿਚ ਸਥਿਤ ‘ਦਿ ਲਾਸਟ ਮਾਈਲ’ ਪ੍ਰੋਗਰਾਮ ਤਹਿਤ, ਮਹਿਲਾ ਕੈਦੀਆਂ ਨੂੰ ਕੋਡਿੰਗ ਅਤੇ ਡਿਜੀਟਲ ਹੁਨਰਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਤਕਨਾਲੋਜੀ-ਅਾਧਾਰਿਤ ਕਰੀਅਰ ਬਣਾ ਸਕਣ।
ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਜੇਲ੍ਹਾਂ ਵਿਚ ਬੰਦ ਔਰਤਾਂ ਵੀ ਸਾਡੇ ਸਮਾਜ ਦਾ ਇਕ ਪਰਛਾਵਾਂ ਹਨ। ਸਜ਼ਾ ਤੋਂ ਪਹਿਲਾਂ ਉਨ੍ਹਾਂ ਨੂੰ ਸਤਿਕਾਰ, ਹਮਦਰਦੀ ਅਤੇ ਸਭ ਤੋਂ ਮਹੱਤਵਪੂਰਨ ਆਰਥਿਕ ਸਸ਼ਕਤੀਕਰਨ ਦੀ ਲੋੜ ਹੈ। ਹੁਨਰ ਉਨ੍ਹਾਂ ਨੂੰ ਆਪਣੇ ਆਪ ਨੂੰ ਮੁੜ ਸੁਰਜੀਤ ਕਰਨ ਦਾ ਮੌਕਾ ਦਿੰਦਾ ਹੈ। ਸਰਕਾਰ, ਜੇਲ੍ਹ ਪ੍ਰਸ਼ਾਸਨ ਅਤੇ ਸਮਾਜਿਕ ਸੰਗਠਨਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਜੇਲ੍ਹ ਇਕ ਅਜਿਹਾ ਪਲੇਟਫਾਰਮ ਬਣੇ ਜਿੱਥੇ ਮਹਿਲਾ ਕੈਦੀ ਨਾ ਸਿਰਫ਼ ਆਪਣਾ ਸਮਾਂ ਬਿਤਾਉਣ, ਸਗੋਂ ਆਪਣੇ ਭਵਿੱਖ ਨੂੰ ਆਕਾਰ ਦੇਣ ਲਈ ਵੀ ਤਿਆਰੀ ਕਰਨ।
(ਲੇਖਕ ਓਰੇਨ ਇੰਟਰਨੈਸ਼ਨਲ ਦੇ ਐੱਮ. ਡੀ. ਅਤੇ ਨੈਸ਼ਨਲ ਸਕਿੱਲ ਡਿਵੈੱਲਪਮੈਂਟ ਕਾਰਪੋਰੇਸ਼ਨ (ਐੱਨ. ਐੱਸ. ਡੀ. ਸੀ.) ਦੇ ਸਿਖਲਾਈ ਭਾਈਵਾਲ ਹਨ।) ਦਿਨੇਸ਼ ਸੂਦ