ਪਹਿਲਗਾਮ ਅੱਤਵਾਦੀ ਹਮਲਾ : ਪਾਕਿਸਤਾਨ ’ਤੇ ਹਜ਼ਾਰ ਜ਼ਖ਼ਮ ਕਰਨ ਦੀ ਸਹੁੰ
Wednesday, Apr 30, 2025 - 06:27 PM (IST)

16 ਅਪ੍ਰੈਲ 2025: 24 ਸਾਲਾ ਹਿਮਾਂਸ਼ੀ ਬਹੁਤ ਉਤਸ਼ਾਹਿਤ ਅਤੇ ਖੁਸ਼ ਸੀ ਅਤੇ ਉਹ 26 ਸਾਲਾ ਲੈਫਟੀਨੈਂਟ ਨਰਵਾਲ ਨਾਲ ਇਕ ਖੁਸ਼ਹਾਲ ਵਿਆਹੁਤਾ ਜੀਵਨ ਜਿਊਣ ਦਾ ਸੁਪਨਾ ਦੇਖ ਰਹੀ ਸੀ। 22 ਅਪ੍ਰੈਲ, 2025 ਨੂੰ ਹਿਮਾਂਸ਼ੀ ਵਿਧਵਾ ਹੋ ਗਈ। ਉਸ ਦੇ ਸੁਹਾਗ ਦੀਆਂ ਚੂੜੀਆਂ ਅਜੇ ਵੀ ਉਸ ਦੇ ਹੱਥਾਂ ’ਚ ਹਨ ਅਤੇ ਉਸ ਦੇ ਮੱਥੇ ਦਾ ਸੰਧੂਰ ਯਾਦ ਦਿਵਾਉਂਦਾ ਹੈ ਕਿ ਨਰਵਾਲ ਦਾ ਕਤਲ ਉਨ੍ਹਾਂ ਦੇ ਹਨੀਮੂਨ ਦੌਰਾਨ ਹੋਇਆ ਸੀ। ਨਰਵਾਲ ਉਨ੍ਹਾਂ 26 ਮਰਦ ਸੈਲਾਨੀਆਂ ਵਿਚੋਂ ਇਕ ਸੀ, ਜੋ ਪਹਿਲਗਾਮ ਦੀ ਖੂਬਸੂਰਤ ਵੈਲੀ ਬੈਸਰਨ ਵਿਚ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਮਨਾ ਰਹੇ ਸਨ, ਜਿਨ੍ਹਾਂ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ।
ਇਸ ਘਿਨੌਣੇ ਅੱਤਵਾਦੀ ਹਮਲੇ ਬਾਰੇ ਲਿਖਣ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਇਨ੍ਹਾਂ ਲੋਕਾਂ ਦਾ ਇਹ ਸਫ਼ਰ ਖੂਬਸੂਰਤ ਯਾਦਾਂ ਨਾਲ ਸ਼ੁਰੂ ਹੋਇਆ ਸੀ ਅਤੇ ਖੂਨ ਅਤੇ ਹੰਝੂਆਂ ਨਾਲ ਖਤਮ ਹੋਇਆ। ਪੂਰਾ ਦੇਸ਼ ਇਸ ਘਟਨਾ ਤੋਂ ਦੁਖੀ ਅਤੇ ਸੋਗ ਮਨਾ ਰਿਹਾ ਹੈ ਅਤੇ ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਵਿਚ ਗੁੱਸਾ ਹੈ ਅਤੇ ਜਨਤਾ ਇਸ ਦਾ ਬਦਲਾ ਲੈਣ ਦੀ ਮੰਗ ਕਰ ਰਹੀ ਹੈ। ਯੋਜਨਾ ਅਨੁਸਾਰ, ਲਸ਼ਕਰ-ਏ-ਤੋਇਬਾ ਦੇ ਸੰਗਠਨ ਟੀ.ਆਰ.ਐੱਫ. ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ। ਹਾਲਾਂਕਿ ਬਾਅਦ ਵਿਚ ਉਹ ਇਸ ਤੋਂ ਮੁੱਕਰ ਗਿਆ, ਜਿਸ ’ਤੇ ਵਿਸ਼ਵਾਸ ਨਹੀਂ ਹੁੰਦਾ।
ਬਿਨਾਂ ਸ਼ੱਕ ਇਸ ਘਟਨਾ ਦਾ ਬਦਲਾ ਵੀ ਲਿਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਭਾਰਤ ਹਰ ਅੱਤਵਾਦੀ ਅਤੇ ਉਨ੍ਹਾਂ ਦੀ ਹਮਾਇਤ ਕਰਨ ਵਾਲਿਆਂ ਦੀ ਪਛਾਣ ਕਰੇਗਾ, ਉਨ੍ਹਾਂ ਨੂੰ ਲੱਭ ਲਵੇਗਾ ਅਤੇ ਉਨ੍ਹਾਂ ਦੀ ਕਲਪਨਾ ਤੋਂ ਪਰ੍ਹੇ ਸਜ਼ਾ ਦੇਵੇਗਾ ਅਤੇ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ’ਚੋਂ ਉਨ੍ਹਾਂ ਨੂੰ ਲੱਭ ਲਵਾਂਗੇ।
ਭਾਰਤ ਸਰਕਾਰ ਨੇ ਫੌਜੀ ਕਾਰਵਾਈ ਤੋਂ ਇਲਾਵਾ ਸਜ਼ਾ ਦੇਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਭਾਰਤ ਸਰਕਾਰ ਨੇ 64 ਸਾਲ ਪੁਰਾਣੇ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰ ਦਿੱਤਾ ਹੈ, ਅਟਾਰੀ ਸਰਹੱਦ ਬੰਦ ਕਰ ਦਿੱਤੀ ਹੈ, ਪਾਕਿਸਤਾਨੀ ਵੀਜ਼ਾ ਧਾਰਕਾਂ ਨੂੰ ਵਾਪਸ ਭੇਜ ਦਿੱਤਾ, ਪਾਕਿਸਤਾਨੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ ਅਤੇ ਇਸਲਾਮਾਬਾਦ ਵਿਚ ਆਪਣੇ ਦੂਤਾਵਾਸ ਦੇ ਸਟਾਫ ਨੂੰ ਘਟਾ ਦਿੱਤਾ ਹੈ।
ਇਸ ਸੰਬੰਧ ਵਿਚ ਇਕ ਸਫਲ ਫੌਜੀ ਕਾਰਵਾਈ ਪੀੜਤਾਂ ਨੂੰ ਕੁਝ ਨਿਆਂ ਪ੍ਰਦਾਨ ਕਰ ਸਕਦੀ ਹੈ ਅਤੇ ਲੋਕਾਂ ਦਾ ਸਰਕਾਰ ਦੀ ਅਜਿਹਾ ਕਰਨ ਦੀ ਯੋਗਤਾ ਵਿਚ ਵਿਸ਼ਵਾਸ ਵਧਾਏਗੀ ਅਤੇ ਲੋਕਾਂ ਦੀ ਬਦਲਾ ਲੈਣ ਦੀ ਇੱਛਾ ਨੂੰ ਸੰਤੁਸ਼ਟ ਕਰੇਗੀ। ਪਰ ਫਿਰ ਵੀ ਅਸੀਂ ਇਕ ਅੱਤਵਾਦੀ ਦੇਸ਼ ਦੇ ਪਰਛਾਵੇਂ ਹੇਠ ਰਹਾਂਗੇ, ਕਿਉਂਕਿ ਅਸੀਂ 1980 ਅਤੇ 1990 ਦੇ ਦਹਾਕੇ ਤੋਂ ਅਜਿਹੀਆਂ ਘਟਨਾਵਾਂ ਦੇ ਗਵਾਹ ਰਹੇ ਹਾਂ, ਜਿੱਥੇ ਪਹਿਲਾਂ ਪਾਕਿਸਤਾਨ ਦੀ ਆਈ.ਐੱਸ.ਆਈ. ਵਲੋਂ ਇਸਲਾਮੀ ਅੱਤਵਾਦੀ ਸਮੂਹ ਬਣਾਏ ਜਾਂਦੇ ਹਨ, ਹਥਿਆਰ ਦਿੱਤੇ ਜਾਂਦੇ ਹਨ ਅਤੇ ਫਿਰ ਭਾਰਤ ਵਿਚ ਮਾਸੂਮ ਲੋਕਾਂ ਨੂੰ ਮਾਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ।
ਦੁਨੀਆ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰ ਰਹੀ ਹੈ। ਭਾਰਤ ਨੇ ਇਨ੍ਹਾਂ ਘਟਨਾਵਾਂ ’ਤੇ ਸੋਚ-ਸਮਝ ਕੇ ਪ੍ਰਤੀਕਿਰਿਆ ਜਾਰੀ ਰੱਖੀ ਅਤੇ ਕਾਰਵਾਈ ਕੀਤੀ ਤਾਂ ਜੋ ਕੋਈ ਵੱਡੀ ਜੰਗ ਨਾ ਹੋਵੇ। ਇਕ ਵਾਰ ਜਦੋਂ ਤਣਾਅ ਘੱਟ ਜਾਂਦਾ ਹੈ ਤਾਂ ਹਰ ਕੋਈ ਆਪਣੀ ਆਮ ਜ਼ਿੰਦਗੀ ਵਿਚ ਵਾਪਸ ਆ ਜਾਂਦਾ ਹੈ ਅਤੇ ਫਿਰ ਅਜਿਹੀ ਘਟਨਾ ਦੁਹਰਾਈ ਜਾਂਦੀ ਹੈ। ਬਿਨਾਂ ਸ਼ੱਕ ਇਹ ਹਮਲਾ ਪਾਕਿਸਤਾਨ ਦੀ ਸੱਤਾਧਾਰੀ ਤਿਕੜੀ- ਪਾਕਿਸਤਾਨ ਪ੍ਰਸ਼ਾਸਨ, ਫੌਜ ਅਤੇ ਆਈ.ਐੱਸ.ਆਈ. ਦੀ ਮਿਲੀਭੁਗਤ ਨੂੰ ਦਰਸਾਉਂਦਾ ਹੈ।
ਭਾਰਤ ਅਕਸਰ ਇਹ ਭੁੱਲ ਜਾਂਦਾ ਹੈ ਕਿ ਉਸਦੇ ਗੁਆਂਢੀ ਦੀ ਫੌਜੀ ਮਾਨਸਿਕਤਾ ਹੈ ਜਿੱਥੇ ਉਹ ਭਾਰਤ ਨੂੰ ਸਿਰਫ਼ ਇਕ ਫੌਜੀ ਸਮੱਸਿਆ ਨਹੀਂ ਸਗੋਂ ਇਕ ਵਿਚਾਰਧਾਰਕ ਸਮੱਸਿਆ ਵਜੋਂ ਦੇਖਦਾ ਹੈ ਅਤੇ 1947 ਤੋਂ ਭਾਰਤ ਵਿਰੋਧੀ ਕਾਰਵਾਈਆਂ ਕਰ ਰਿਹਾ ਹੈ। ਉਨ੍ਹਾਂ ਲਈ ਕਸ਼ਮੀਰ ਮੁੱਖ ਮੁੱਦਾ ਬਣਿਆ ਹੋਇਆ ਹੈ ਅਤੇ ਇਸ ਲਈ ਮਰਹੂਮ ਜ਼ੁਲਫਿਕਾਰ ਅਲੀ ਭੁੱਟੋ ਨੇ ਕਿਹਾ ਸੀ ਕਿ ਪਾਕਿਸਤਾਨ ਭਾਰਤ ਨੂੰ ਹਜ਼ਾਰਾਂ ਜ਼ਖ਼ਮ ਦੇਵੇਗਾ।
ਪਹਿਲਗਾਮ ਦੀ ਘਟਨਾ ਦਰਸਾਉਂਦੀ ਹੈ ਕਿ ਕਸ਼ਮੀਰ ਵਿਚ ਆਮ ਸਥਿਤੀ ਬਹਾਲ ਕਰਨ ਦੇ ਰਾਹ ਵਿਚ ਪਾਕਿਸਤਾਨ ਸਭ ਤੋਂ ਵੱਡਾ ਦੁਸ਼ਮਣ ਹੈ। ਰੱਖਿਆ ਰਣਨੀਤੀਕਾਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਇਹ ਹਮਲਾ ਅਜਿਹੇ ਸਮੇਂ ਕੀਤਾ ਹੈ ਜਦੋਂ ਆਪਣੀਆਂ ਘਰੇਲੂ ਅਸਫਲਤਾਵਾਂ ਕਾਰਨ ਇਸ ਦੀ ਹੋਂਦ ਖ਼ਤਰੇ ਵਿਚ ਹੈ ਅਤੇ ਵਿਸ਼ਵ ਭਾਈਚਾਰੇ ਦਾ ਧਿਆਨ ਉਨ੍ਹਾਂ ਵੱਲ ਜਾ ਰਿਹਾ ਹੈ। ਉਹ ਚਾਹੁੰਦਾ ਹੈ ਕਿ ਅਮਰੀਕਾ ਅਤੇ ਚੀਨ ਇਸ ਮੁੱਦੇ ਵਿਚ ਸ਼ਾਮਲ ਹੋਣ।
ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਮੰਨਿਆ ਹੈ ਕਿ ਅਸੀਂ ਤਿੰਨ ਦਹਾਕਿਆਂ ਤੋਂ ਅੱਤਵਾਦੀ ਸੰਗਠਨਾਂ ਦੀ ਹਮਾਇਤ, ਸਿਖਲਾਈ ਅਤੇ ਫੰਡਿੰਗ ਕਰ ਰਹੇ ਹਾਂ। ਭਾਰਤ ਨੂੰ ਭਾਵਨਾਤਮਕ ਤੌਰ ’ਤੇ ਕਾਰਵਾਈ ਨਹੀਂ ਕਰਨੀ ਚਾਹੀਦੀ, ਸਗੋਂ ਪਾਕਿਸਤਾਨ ਦੀ ਉਸ ਰਗ ਨੂੰ ਦਬਾਉਣ ਦੀ ਲੋੜ ਹੈ ਜਿਸ ਨਾਲ ਉਸ ਨੂੰ ਸਭ ਤੋਂ ਵੱਧ ਕਸ਼ਟ ਹੋਵੇ ਅਤੇ ਇਸ ਲਈ ਉਸ ਨੂੰ ਈਰਾਨ, ਅਫਗਾਨਿਸਤਾਨ ਅਤੇ ਚੀਨ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਅਮਰੀਕੀ ਰਾਸ਼ਟਰਪਤੀ ਟਰੰਪ ਦੇ ਚੀਨ ਨਾਲ ਟਕਰਾਅ ਕਾਰਨ, ਚੀਨ ਭਾਰਤ ਨਾਲ ਸੁਹਿਰਦ ਸਬੰਧ ਬਹਾਲ ਕਰਨਾ ਚਾਹੁੰਦਾ ਹੈ ਪਰ ਕੀ ਉਹ ਪਾਕਿਸਤਾਨ ਨੂੰ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਕਰੇਗਾ? ਅਤੇ ਜੇ ਨਹੀਂ ਤਾਂ ਅਸੀਂ ਜਾਣਦੇ ਹਾਂ ਕਿ ਚੀਨ ਆਪਣੇ ਦੋਸਤ ਨੂੰ ਨਹੀਂ ਛੱਡੇਗਾ। ਇਸ ਸਥਿਤੀ ਵਿਚ ਭਾਰਤ ਅੱਤਵਾਦੀ ਸੰਗਠਨਾਂ ਦੇ ਰਹਿਮੋ-ਕਰਮ ’ਤੇ ਹੋਵੇਗਾ, ਜੋ ਆਪਣੀ ਇੱਛਾ ਅਨੁਸਾਰ ਆਪਣੇ ਅਗਲੇ ਹਮਲੇ ਦੀ ਜਗ੍ਹਾ ਅਤੇ ਸਮਾਂ ਚੁਣਨਗੇ। ਸਾਡੇ ਆਗੂਆਂ ਨੂੰ ਕਿਸੇ ਭਰਮ ਵਿਚ ਨਹੀਂ ਰਹਿਣਾ ਚਾਹੀਦਾ ਕਿ ਕੁਝ ਫਿਦਾਇਨਾਂ ਦੀ ਮੌਤ ਨਾਲ ਪਾਕਿਸਤਾਨ ਅਤੇ ਉਨ੍ਹਾਂ ਦੇ ਆਕਾਵਾਂ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਜਿਹਾਦੀ ਆਪਣੇ ਕਾਰਿਆਂ ਤੋਂ ਬਾਜ਼ ਆ ਜਾਣਗੇ।
ਭਾਰਤ ਨੂੰ ਆਪਣੀ ਸੂਝ-ਬੂਝ, ਫੌਜੀ ਖੁਫੀਆ ਜਾਣਕਾਰੀ ਅਤੇ ਸੰਜਮ ਦੀ ਵਰਤੋਂ ਕਰ ਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉੱਭਰ ਰਹੀ ਭਾਰਤ-ਪਾਕਿ ਸਥਿਤੀ ’ਤੇ ਉਸ ਦਾ ਕੰਟਰੋਲ ਹੋਵੇ ਅਤੇ ਪਾਕਿਸਤਾਨ ਨੂੰ ਉਸ ਦੇ ਅਪਰਾਧਿਕ ਵਤੀਰੇ ਦੀ ਭਾਰੀ ਕੀਮਤ ਚੁਕਾਉਣ ਲਈ ਮਜਬੂਰ ਕਰੇ। ਇਕ ਹੱਲ ਇਹ ਹੈ ਕਿ ਭਾਰਤ ਇਜ਼ਰਾਈਲੀ ਰੱਖਿਆ ਬਲਾਂ ਦੀ ਰਣਨੀਤੀ ਅਪਣਾਵੇ, ਜੋ ਆਪਣੇ ਵਿਰੋਧੀਆਂ ਨੂੰ ਗੁਣਾਤਮਕ ਅਤੇ ਗਿਣਾਤਮਕ ਤੌਰ ’ਤੇ ਉਨ੍ਹਾਂ ਨੂੰ ਪਹੁੰਚਾਏ ਗਏ ਨੁਕਸਾਨ ਤੋਂ ਕਿਤੇ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ।
ਕਿਸੇ ਵੀ ਰਣਨੀਤੀ ਦੀ ਸਫਲਤਾ ਲਈ, ਭਾਵੇਂ ਇਹ ਇਕ ਸੰਪੂਰਨ ਜੰਗ ਹੋਵੇ ਜਾਂ ਸੀਮਤ ਜੰਗ, ਰਾਸ਼ਟਰੀ ਇੱਛਾ ਸ਼ਕਤੀ, ਤਿਆਰੀ ਅਤੇ ਸਟੀਕਤਾ ਫੌਜੀ ਤਾਕਤ ਦੀ ਵਰਤੋਂ ਦੀ ਤਿਆਰੀ ਨਾਲੋਂ ਵਧੇਰੇ ਜ਼ਰੂਰੀ ਹਨ। ਇਕ ਪਾਸੇ ਪਾਕਿਸਤਾਨ ਨੂੰ ਸਪੱਸ਼ਟ ਸੁਨੇਹਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਦੂਜੇ ਪਾਸੇ ਅਸਿੱਧੇ ਤੌਰ ’ਤੇ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ। ਮੁੱਖ ਅੱਤਵਾਦੀ ਆਗੂ ਅਤੇ ਉਨ੍ਹਾਂ ਦਾ ਬੁਨਿਆਦੀ ਢਾਂਚਾ ਪਾਕਿਸਤਾਨ ਵਿਚ ਸੁਰੱਖਿਅਤ ਨਹੀਂ ਰਹਿਣੇ ਚਾਹੀਦੇ ਅਤੇ ਇਨ੍ਹਾਂ ਲੋਕਾਂ ਨੂੰ ਇਹ ਅਹਿਸਾਸ ਵੀ ਕਰਵਾਇਆ ਜਾਵੇ।
ਭਾਰਤ ਨੂੰ ਅੱਤਵਾਦੀਆਂ ਦੀਆਂ ਸੰਚਾਰ ਅਤੇ ਸੰਚਾਲਨ ਸਮਰੱਥਾਵਾਂ ਨੂੰ ਵਿਗਾੜਨ ਲਈ ਸਾਈਬਰ ਯੁੱਧ ਰਣਨੀਤੀਆਂ ਵੀ ਅਪਣਾਉਣੀਆਂ ਚਾਹੀਦੀਆਂ ਹਨ। ਅੱਤਵਾਦ ਵਿਰੋਧੀ ਕਾਰਵਾਈ ਦੀ ਸਫਲਤਾ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਟੀ.ਆਰ.ਐੱਫ. ਦੀਆਂ ਸਮਰੱਥਾਵਾਂ ਨੂੰ ਖਤਮ ਕਰਨ ਅਤੇ ਉਨ੍ਹਾਂ ਨੂੰ ਹਮਲਾ ਕਰਨ ਦੇ ਮੌਕਿਆਂ ਤੋਂ ਵਾਂਝਾ ਕਰਨ ’ਚ ਹੈ। ਭਾਰਤ ਨੂੰ ਉਨ੍ਹਾਂ ਦੇ ਠਿਕਾਣਿਆਂ ਨੂੰ ਤਬਾਹ ਕਰਨ ਅਤੇ ਉਨ੍ਹਾਂ ਨੂੰ ਫੌਜੀ ਉਪਕਰਣਾਂ ਅਤੇ ਮਨੁੱਖੀ ਸਰੋਤਾਂ ਤੱਕ ਪਹੁੰਚ ਤੋਂ ਵਾਂਝਾ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ।
ਇਸ ਦੇ ਲਈ ਨਿਗਰਾਨੀ ਰੱਖੀ ਜਾਵੇ, ਆਪਣੇ ਬਦਲਾਂ ’ਤੇ ਵਿਚਾਰ ਕੀਤਾ ਜਾਵੇ ਅਤੇ ਫਿਰ ਕਾਰਵਾਈ ਕੀਤੀ ਜਾਵੇ। ਉਮੀਦ ਹੈ ਕਿ ਸਰਕਾਰ ਜੋ ਵੀ ਕਦਮ ਚੁੱਕੇਗੀ ਉਹ ਸਮਝਦਾਰੀ ਨਾਲ ਅਤੇ ਭਾਰਤ ਦੇ ਹਿੱਤ ਵਿਚ ਹੋਵੇਗਾ। ਬਿਨਾਂ ਸ਼ੱਕ ਇਹ ਜ਼ੀਰੋ-ਸਮ, ਸ਼ਕਤੀ ਦਾ ਪ੍ਰਦਰਸ਼ਨ, ਜੰਗ ਦੀਆਂ ਗੱਲਾਂ, ਇਕ ਦੂਜੇ ਨੂੰ ਪਛਾੜਨ ਦੀ ਇੱਛਾ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਸ਼ਮੀਰ ਮੁੱਦਾ ਹੱਲ ਨਹੀਂ ਹੋ ਜਾਂਦਾ।
ਭਾਰਤ ਦੀ ਇਸ ਕਾਰਵਾਈ ਨਾਲ ਪਾਕਿਸਤਾਨ ਦੀ ਫੌਜੀ ਲੀਡਰਸ਼ਿਪ ਨੂੰ ਸਪੱਸ਼ਟ ਸੁਨੇਹਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਪਣੇ ਅਪਰਾਧਿਕ ਵਤੀਰੇ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਮੋਦੀ ਜਾਣਦੇ ਹਨ ਕਿ ਇਸ ਖੇਡ ਵਿਚ ਸਫਲਤਾ ਸਿਰਫ਼ ਅੱਗੇ ਰਹਿ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਸਿਰਫ਼ ਉਹੀ ਦੇਸ਼ ਸਫਲ ਹੁੰਦਾ ਹੈ ਜੋ ਖਤਰਿਆਂ ਦੀ ਪਛਾਣ ਕਰਦਾ ਹੈ ਅਤੇ ਉਨ੍ਹਾਂ ਖਤਰਿਆਂ ਨੂੰ ਆਪਣੇ ਵਿਰੋਧੀਆਂ ਲਈ ਖ਼ਤਰੇ ਵਿਚ ਬਦਲ ਦਿੰਦਾ ਹੈ। ਹੁਣ ਕਿਸੇ ਨੂੰ ਇਹ ਕਹਿਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿ ਭਾਰਤ ’ਤੇ ਹਜ਼ਾਰ ਜ਼ਖ਼ਮ ਲੱਗਣਗੇ।
ਪੂਨਮ ਆਈ. ਕੌਸ਼ਿਸ਼