‘ਮਾਰਕ ਕਾਰਨੀ ਬਣੇ-ਕੈਨੇਡੀਅਨ ਪ੍ਰਧਾਨ ਮੰਤਰੀ’, ‘ਭਾਰਤ ਨਾਲ ਰਿਸ਼ਤਿਆਂ ’ਤੋਂ ਬਰਫ਼ ਪਿਘਲਣ ਦੀ ਉਮੀਦ’
Sunday, Mar 16, 2025 - 05:25 AM (IST)

ਮਹਿੰਗਾਈ ’ਤੇ ਕਾਬੂ ਪਾਉਣ ਦੇ ਵਾਅਦੇ ਨਾਲ ‘ਜਸਟਿਨ ਟਰੂਡੋ’ 2015 ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ, ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਸੌਖੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਪੈਦਾ ਹੋਈ ਰਿਹਾਇਸ਼ ਦੀ ਸਮੱਸਿਆ, ਜੀਵਨ ਲਈ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿਚ ਵਾਧਾ ਅਤੇ ਬੇਰੁਜ਼ਗਾਰੀ ਆਦਿ ਕਾਰਨ ਆਮ ਸਥਾਨਕ ਲੋਕਾਂ ਦੀ ਉਨ੍ਹਾਂ ਨਾਲ ਨਾਰਾਜ਼ਗੀ ਵਧ ਗਈ।
‘ਜਸਟਿਨ ਟਰੂਡੋ’ ਦੇ ਰਾਜ ਦੌਰਾਨ ਹੀ ਕੈਨੇਡਾ ’ਚ ਭਾਰਤ ਵਿਰੋਧੀ ਕੱਟੜਵਾਦੀ ਤਾਕਤਾਂ ਮਜ਼ਬੂਤ ਹੋਈਆਂ ਅਤੇ ਖਾਲਿਸਤਾਨੀ ਅੱਤਵਾਦੀ ਨਿੱਜਰ ਦੀ ਹੱਤਿਆ ਦੇ ਮਾਮਲੇ ’ਚ ‘ਜਸਟਿਨ ਟਰੂਡੋ’ ਵਲੋਂ ਬਿਨਾਂ ਕਿਸੇ ਸਬੂਤ ਦੇ ਇਸ ’ਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਾਉਣ ਪਿੱਛੋਂ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਸਿਖਰ ’ਤੇ ਪੁੱਜ ਗਿਆ।
‘ਜਸਟਿਨ ਟਰੂਡੋ’ ਦੀਆਂ ਨੀਤੀਆਂ ਕਾਰਨ ਉਨ੍ਹਾਂ ਦੀ ਆਪਣੀ ‘ਲਿਬਰਲ ਪਾਰਟੀ’ ’ਚ ਵੀ ਉਨ੍ਹਾਂ ਵਿਰੁੱਧ ਗੁੱਸਾ ਵਧ ਗਿਆ ਅਤੇ ਪਾਰਟੀ ਦੇ 20 ਨਾਰਾਜ਼ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਅਹੁਦਾ ਛੱਡਣ ਲਈ 28 ਅਕਤੂਬਰ, 2024 ਤੱਕ ਦਾ ਅਲਟੀਮੇਟਮ ਦਿੱਤਾ ਸੀ।
ਸੰਸਦ ਮੈਂਬਰਾਂ ਦਾ ਇਹ ਵੀ ਦੋਸ਼ ਸੀ ਕਿ ਭਾਰਤ ਵਿਰੁੱਧ ਦੋਸ਼ ਲਾ ਕੇ ‘ਜਸਟਿਨ ਟਰੂਡੋ’ ਆਪਣੀ ਸਰਕਾਰ ਦੀ ਨਾਕਾਮੀ ਲੁਕੋਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤਰ੍ਹਾਂ ਦੇ ਹਾਲਾਤ ’ਚ ਅਖੀਰ ‘ਜਸਟਿਨ ਟਰੂਡੋ’ ਨੇ 6 ਜਨਵਰੀ, 2025 ਨੂੰ ਅਸਤੀਫਾ ਦੇ ਦਿੱਤਾ।
ਇਸ ਪਿੱਛੋਂ ਕੈਨੇਡਾ ’ਚ 24 ਮਾਰਚ, 2025 ਤੱਕ ਸੰਸਦ ਮੁਲਤਵੀ ਕਰ ਦਿੱਤੀ ਗਈ। ਉਸ ਤੋਂ ਪਹਿਲਾਂ ‘ਲਿਬਰਲ ਪਾਰਟੀ’ ਨੇ ਆਪਣਾ ਆਗੂ ਅਤੇ ਪ੍ਰਧਾਨ ਮੰਤਰੀ ਚੁਣਨ ਲਈ ਫੈਸਲਾ ਕਰਨਾ ਸੀ ਅਤੇ 10 ਮਾਰਚ ਨੂੰ ਪਈਆਂ ਵੋਟਾਂ ’ਚ ਪਾਰਟੀ ਨੇ 86 ਫੀਸਦੀ ਵੋਟਾਂ ਦੇ ਬਹੁਮਤ ਨਾਲ ‘ਮਾਰਕ ਕਾਰਨੀ’ ਨੂੰ ਨਵਾਂ ਪ੍ਰਧਾਨ ਮੰਤਰੀ ਚੁਣ ਿਲਆ ਅਤੇ ਉਨ੍ਹਾਂ ਨੇ 14 ਮਾਰਚ ਨੂੰ ਸਹੁੰ ਚੁੱਕ ਲਈ।
ਬਿਨਾਂ ਕਿਸੇ ਸਿਆਸੀ ਪਿਛੋਕੜ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਵਾਲੇ ਉਹ ਕੈਨੇਡਾ ਦੇ ਇਤਿਹਾਸ ’ਚ ਪਹਿਲੇ ਵਿਅਕਤੀ ਹਨ। ਉਨ੍ਹਾਂ ਨੇ ਕੋਈ ਚੋਣ ਨਹੀਂ ਲੜੀ ਹੈ ਅਤੇ ਉਹ ਸੰਸਦ ਦੇ ਮੈਂਬਰ ਵੀ ਨਹੀਂ ਹਨ। ਉਹ ਇਸ ਸਾਲ ਅਕਤੂਬਰ ’ਚ ਹੋਣ ਵਾਲੀਆਂ ਆਮ ਚੋਣਾਂ ਤੱਕ ਸੱਤਾ ’ਚ ਬਣੇ ਰਹਿਣਗੇ।
ਸਾਲ 2008 ’ਚ ਕੈਨੇਡਾ ਨੂੰ ਵਿੱਤੀ ਸੰਕਟ ’ਚੋਂ ਕੱਢਣ ਵਾਲੇ ‘ਮਾਰਕ ਕਾਰਨੀ’ ਇਕ ਅਰਥਸ਼ਾਸਤਰੀ ਹਨ। ਉਹ ‘ਬੈਂਕ ਆਫ ਕੈਨੇਡਾ’ ਅਤੇ ‘ਬੈਂਕ ਆਫ ਇੰਗਲੈਂਡ’ ਦੋਵਾਂ ਦੇ ਗਵਰਨਰ ਰਹਿ ਚੁੱਕੇ ਹਨ। ਉਹ ‘ਸੰਯੁਕਤ ਰਾਸ਼ਟਰ’ ਲਈ ਵੀ ਕੰਮ ਕਰ ਚੁੱਕੇ ਹਨ। ‘ਮਾਰਕ ਕਾਰਨੀ’ ਨੂੰ ਵਿਸ਼ਵ ਪ੍ਰਸਿੱਧ ਰਸਾਲੇ ‘ਰੀਡਰਜ਼ ਡਾਈਜੈਸਟ’ ਨੇ 2011 ’ਚ ‘ਸਭ ਤੋਂ ਵੱਧ ਭਰੋਸੇਮੰਦ ਕੈਨੇਡੀਅਨ’ ਦਾ ਖਿਤਾਬ ਵੀ ਦਿੱਤਾ ਸੀ।
‘ਮਾਰਕ ਕਾਰਨੀ’ ਦੀ ਨਿਯੁਕਤੀ ਅਜਿਹੇ ਚੁਣੌਤੀਪੂਰਨ ਸਮੇਂ ’ਚ ਹੋਈ ਹੈ ਜਦੋਂ ਕੈਨੇਡਾ ਅਮਰੀਕੀ ਰਾਸ਼ਟਰਪਤੀ ‘ਡੋਨਾਲਡ ਟਰੰਪ’ ਨਾਲ ‘ਟੈਰਿਫ ਯੁੱਧ’ ’ਚ ਉਲਝਿਆ ਹੋਇਆ ਹੈ। ਨਾਜਾਇਜ਼ ਟੈਰਿਫ ਲਈ ‘ਡੋਨਾਲਡ ਟਰੰਪ’ ਦੀ ਨੁਕਤਾਚੀਨੀ ਕਰਦੇ ਹੋਏ ‘ਮਾਰਕ ਕਾਰਨੀ’ ਨੇ ਕਿਹਾ ਹੈ ਕਿ :
‘‘ਅਮਰੀਕਾ ਕਿਸੇ ਗਲਤਫਹਿਮੀ ’ਚ ਨਾ ਰਹੇ ਕਿਉਂਕਿ ਕੈਨੇਡਾ ਵਪਾਰ ਯੁੱਧ ’ਚ ਵੀ ਉਸੇ ਤਰ੍ਹਾਂ ਜਿੱਤੇਗਾ ਜਿਵੇਂ ਉਹ ਹਾਕੀ ’ਚ ਜਿੱਤਦਾ ਹੈ। ਅਮਰੀਕੀ ਸਾਡੇ ਸਰੋਤ, ਸਾਡਾ ਪਾਣੀ, ਸਾਡੀ ਜ਼ਮੀਨ ਅਤੇ ਸਾਡਾ ਦੇਸ਼ ਹੜੱਪਣਾ ਚਾਹੁੰਦੇ ਹਨ।’’
ਜਿੱਥੋਂ ਤੱਕ ‘ਮਾਰਕ ਕਾਰਨੀ’ ਦੀ ਅਗਵਾਈ ’ਚ ਭਾਰਤ ਨਾਲ ਕੈਨੇਡਾ ਦੇ ਰਿਸ਼ਤਿਆਂ ਦਾ ਸਬੰਧ ਹੈ, ਭਾਰਤ 5 ਮਹੀਨਿਆਂ ਪਿੱਛੋਂ ਕੈਨੇਡਾ ’ਚ ਆਪਣਾ ਹਾਈ ਕਮਿਸ਼ਨਰ ਨਿਯੁਕਤ ਕਰ ਰਿਹਾ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ‘ਸਕਿਓਰਿਟੀ ਇੰਟੈਲੀਜੈਂਸ ਸਰਵਿਸ’ ਦੇ ਚੀਫ ‘ਡੈਨੀਅਲ ਰੋਜਰਸ’ ਅਗਲੇ ਹਫਤੇ ਭਾਰਤ ਆ ਰਹੇ ਹਨ। ਉਹ ਇੱਥੇ ‘ਸਕਿਓਰਿਟੀ ਸੈਕ੍ਰੇਟੇਰੀਏਟ’ ਦੀ ਮੀਟਿੰਗ ’ਚ ਹਿੱਸਾ ਲੈਣ ਤੋਂ ਇਲਾਵਾ 17 ਤੋਂ 19 ਮਾਰਚ ਤੱਕ ਹੋਣ ਵਾਲੇ ‘ਰਾਏਸਿਨਾ ਡਾਇਲਾਗ’ ’ਚ ਵੀ ਸ਼ਾਮਲ ਹੋਣਗੇ।
ਅਜੇ ਕੁਝ ਹੀ ਦਿਨ ਪਹਿਲਾਂ ਇਕ ਬਿਆਨ ’ਚ ‘ਮਾਰਕ ਕਾਰਨੀ’ ਨੇ ਕਿਹਾ ਸੀ ਕਿ ‘‘ਭਾਰਤ ਨਾਲ ਰਿਸ਼ਤੇ ਫਿਰ ਤੋਂ ਮਜ਼ਬੂਤ ਕਰਨੇ ਚਾਹੀਦੇ ਹਨ। ਕੈਨੇਡਾ ਇਕੋ-ਜਿਹੀ ਵਿਚਾਰਧਾਰਾ ਵਾਲੇ ਦੇਸ਼ਾਂ ਨਾਲ ਆਪਣੇ ਵਪਾਰਕ ਸੰਬੰਧਾਂ ’ਚ ਵਿਭਿੰਨਤਾ ਲਿਆਉਣਾ ਚਾਹੁੰਦਾ ਹੈ ਅਤੇ ਭਾਰਤ ਨਾਲ ਸਬੰਧਾਂ ਨੂੰ ਫਿਰ ਤੋਂ ਸੁਧਾਰਨ ਦੇ ਕਈ ਮੌਕੇ ਹਨ।’’
ਕੁਲ ਮਿਲਾ ਕੇ ‘ਜਸਟਿਨ ਟਰੂਡੋ’ ਦੇ ਅਸਤੀਫੇ ਨੂੰ ਭਾਰਤ ਲਈ ਇਕ ਚੰਗਾ ਸੰਕੇਤ ਸਮਝਿਆ ਜਾ ਰਿਹਾ ਹੈ ਅਤੇ ‘ਮਾਰਕ ਕਾਰਨੀ’ ਦੇ ਪ੍ਰਧਾਨ ਮੰਤਰੀ ਬਣਨ ਨਾਲ ਭਾਰਤ ਅਤੇ ਕੈਨੇਡਾ ਦੇ ਆਪਸੀ ਸਬੰਧਾਂ ’ਚ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਆਈ ਕੁੜੱਤਣ ਦੂਰ ਹੋਣ ਦੀ ਚੰਗੀ ਸੰਭਾਵਨਾ ਬਣੀ ਹੈ।
ਹਾਲਾਂਕਿ ‘ਮਾਰਕ ਕਾਰਨੀ’ ਦੇ ਸਾਹਮਣੇ ਕਈ ਚੁਣੌਤੀਆਂ ਵੀ ਹਨ ਕਿਉਂਕਿ ਜਿਸ ਤਰੀਕੇ ਨਾਲ ‘ਜਸਟਿਨ ਟਰੂਡੋ’ ਨੇ ਕੈਨੇਡਾ ’ਚ ਭਾਰਤ ਵਿਰੋਧੀ ਮਾਨਸਿਕਤਾ ਕਾਇਮ ਕੀਤੀ ਹੈ, ਉਸ ਦੇ ਖਾਤਮੇ ’ਚ ਯਕੀਨਨ ਕੁਝ ਸਮਾਂ ਲੱਗ ਸਕਦਾ ਹੈ, ਪਰ ਉਮੀਦ ਕਰਨੀ ਚਾਹੀਦੀ ਹੈ ਕਿ ‘ਮਾਰਕ ਕਾਰਨੀ’ ਭਾਰਤ ਨਾਲ ਰਿਸ਼ਤਿਆਂ ਨੂੰ ਪੁਰਾਣੇ ਪੱਧਰ ’ਤੇ ਲਿਆਉਣ ’ਚ ਸਫਲ ਹੋਣਗੇ।
–ਵਿਜੇ ਕੁਮਾਰ