‘ਮਾਰਕ ਕਾਰਨੀ’ ਦਾ ਜੀ-7 ਲਈ ‘ਮੋਦੀ ਨੂੰ ਸੱਦਾ’ ‘ਭਾਰਤ-ਕੈਨੇਡਾ ਵਿਚਾਲੇ ਸਬੰਧ ਸੁਧਾਰਨ ਦਾ ਮੌਕਾ’
Sunday, Jun 08, 2025 - 07:08 AM (IST)

ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਇਤਿਹਾਸਕ ਤੌਰ ’ਤੇ ਕਾਫੀ ਚੰਗੇ ਰਹੇ ਹਨ ਅਤੇ ਕੈਨੇਡਾ ਭਾਰਤੀਆਂ ਦੀ ਪਸੰਦ ਦਾ ਦੇਸ਼ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕੈਨੇਡਾ ’ਚ 28.75 ਲੱਖ ਭਾਰਤੀ ਰਹਿੰਦੇ ਹਨ ਅਤੇ 2023 ’ਚ ਕੈਨੇਡਾ ਨੇ ਰਿਕਾਰਡ 2.78 ਲੱਖ ਭਾਰਤੀ ਸਟੂਡੈਂਟਸ ਨੂੰ ਸਟੱਡੀ ਵੀਜ਼ਾ ਜਾਰੀ ਕੀਤੇ ਸਨ।
18 ਜੂਨ, 2023 ਨੂੰ ਬ੍ਰਿਟਿਸ਼ ਕੋਲੰਬੀਆ ’ਚ ਖਾਲਿਸਤਾਨੀ ਅੱਤਵਾਦੀ ਹਰਪ੍ਰੀਤ ਸਿੰਘ ਨਿੱਝਰ ਦੀ ਹੋਈ ਹੱਤਿਆ ਦੇ 2 ਮਹੀਨਿਆਂ ਬਾਅਦ 18 ਸਤੰਬਰ ਨੂੰ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਕੈਨੇਡਾ ਦੀ ਸੰਸਦ ’ਚ ਖੜ੍ਹੇ ਹੋ ਕੇ ਬਿਨਾਂ ਪ੍ਰਮਾਣ ਦੇ ਇਸ ਹੱਤਿਆ ਦਾ ਦੋਸ਼ ਭਾਰਤ ’ਤੇ ਲਗਾ ਦਿੱਤਾ। ਇਸ ਤੋਂ ਬਾਅਦ ਹੀ ਕੈਨੇਡਾ ਅਤੇ ਭਾਰਤ ਦੇ ਸਬੰਧਾਂ ’ਚ ਖਟਾਸ ਆਉਣੀ ਸ਼ੁਰੂ ਹੋ ਗਈ।
ਜਸਟਿਸ ਟਰੂਡੋ ਦੇ ਇਸ ਦੋਸ਼ ਦੇ ਬਾਅਦ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਦੇ ਵੀਜ਼ਾ ’ਤੇ ਰੋਕ ਲਗਾ ਦਿੱਤੀ ਅਤੇ ਕੈਨੇਡਾ ਦੇ ਦੂਤ ਘਰ ’ਚ ਕਰਮਚਾਰੀਆਂ ਦੀ ਿਗਣਤੀ ਘਟਾਉਣ ਦਾ ਹੁਕਮ ਦੇ ਿਦੱਤਾ। ਇਸ ਦੇ ਜਵਾਬ ’ਚ ਕੈਨੇਡਾ ਨੇ ਵੀ ਭਾਰਤ ਦੇ ਰਾਜਦੂਤ ਸੰਜੇ ਵਰਮਾ ਸਮੇਤ 6 ਅਧਿਕਾਰੀਆਂ ਨੂੰ ਕੈਨੇਡਾ ਛੱਡਣ ਦੇ ਹੁਕਮ ਦੇ ਿਦੱਤੇ।
ਭਾਰਤ ਨੇ ਸਖਤ ਰੁਖ਼ ਅਪਣਾਉਂਦੇ ਹੋਏ ਅਕਤੂਬਰ 2023 ਨੂੰ ਭਾਰਤ ਸਥਿਤ ਕੈਨੇਡੀਅਨ ਦੂਤ ਘਰ ਦੇ 41 ਕਰਮਚਾਰੀਆਂ ਨੂੰ ਦੇਸ਼ ’ਚੋਂ ਕੱਢਣ ਦੇ ਹੁਕਮ ਦੇ ਦਿੱਤੇ। ਇਸ ਨਾਲ ਭਾਰਤ ’ਚ ਕੈਨੇਡਾ ਦੇ ਚੰਡੀਗੜ੍ਹ, ਮੁੰਬਈ, ਬੈਂਗਲੁਰੂ ਸਥਿਤ ਦੂਤ ਘਰਾਂ ਨੂੰ ਬੰਦ ਕਰਨਾ ਪਿਆ ਅਤੇ ਵੀਜ਼ਾ ਪ੍ਰੋਸੈਸਿੰਗ ਲਈ ਸਟਾਫ ਘੱਟ ਹੋਣ ਨਾਲ ਭਾਰਤੀਆਂ ਨੂੰ ਕੈਨੇਡੀਅਨ ਵੀਜ਼ਾ ਮਿਲਣ ’ਚ ਦੇਰੀ ਹੋਣ ਲੱਗੀ। ਕੈਨੇਡਾ ’ਚ ਵਸਣ ਵਾਲੇ ਭਾਰਤੀ ਨਾਗਰਿਕ ਵੀ ਇਸ ਦੌਰਾਨ ਆਪਣੇ ਘਰਾਂ ’ਚ ਖੁਸ਼ੀ ਜਾਂ ਗਮ ਦੇ ਮਾਹੌਲ ’ਚ ਭਾਰਤ ਨਹੀਂ ਆ ਸਕੇ।
ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ’ਚ ਆਈ ਇਸ ਖਟਾਸ ਦਾ ਅਸਰ ਭਾਰਤ ਤੋਂ ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਸਟੂਡੈਂਟਸ ’ਤੇ ਵੀ ਪਿਆ। 2023 ’ਚ ਕੈਨੇਡਾ ਨੇ ਭਾਰਤੀਆਂ ਨੂੰ 2.78 ਲੱਖ ਵੀਜ਼ਾ ਜਾਰੀ ਕੀਤੇ ਸਨ। ਜੋ 2024 ’ਚ ਘਟ ਕੇ 1.21 ਲੱਖ ਰਹਿ ਗਏ। ਜਦਕਿ ਇਸ ਸਾਲ ਸਿਰਫ 96,015 ਸਟੂਡੈਂਟਸ ਨੂੰ ਹੀ ਵੀਜ਼ਾ ਜਾਰੀ ਕੀਤੇ ਗਏ ਹਨ।
ਹਾਲਾਂਕਿ ਪਿਛਲੇ ਸਾਲ ਜੂਨ ’ਚ ਇਟਲੀ ’ਚ ਪ੍ਰਧਾਨ ਮੰਤਰੀ ‘ਨਰਿੰਦਰ ਮੋਦੀ’ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ‘ਜਸਟਿਨ ਟਰੂਡੋ’ ਦੇ ਵਿਚਾਲੇ ਸੰਖੇਪ ਮੁਲਾਕਾਤ ਹੋਈ ਪਰ ਦੋਹਾਂ ਦੇਸ਼ਾਂ ਦੇ ਖਰਾਬ ਹੋਏ ਸਬੰਧਾਂ ਨੂੰ ਪਟੜੀ ’ਤੇ ਿਲਆਉਣ ਲਈ ਕੋਈ ਚਰਚਾ ਨਹੀਂ ਹੋਈ।
‘ਲਿਬਰਲ ਪਾਰਟੀ’ ’ਚ ਆਪਣੇ ਵਿਰੁੱਧ ਵਧ ਰਹੇ ਅਸੰਤੋਸ਼ ਅਤੇ ਨੀਤੀਆਂ ਦੇ ਕਾਰਨ ‘ਜਸਟਿਨ ਟਰੂਡੋ’ ਨੂੰ ਇਸ ਸਾਲ 6 ਜਨਵਰੀ ਨੂੰ ਪਾਰਟੀ ਤੋਂ ਅਸਤੀਫਾ ਦੇਣਾ ਿਪਆ ਅਤੇ 14 ਮਾਰਚ ਨੂੰ ‘ਮਾਰਕ ਕਾਰਨੀ’ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਸਹੁੰ ਚੁੱਕੀ। ‘ਮਾਰਕ ਕਾਰਨੀ’ ਦੀ ਅਗਵਾਈ ’ਚ ਹੀ ਲਿਬਰਲ ਪਾਰਟੀ 28 ਅਪ੍ਰੈਲ ਨੂੰ ਚੋਣਾਂ ’ਚ ਉਤਰੀ ਅਤੇ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ।
ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਹੀ ਭਾਰਤ ਅਤੇ ਕੈਨੇਡਾ ਦੇ ਸਬੰਧਾਂ ’ਚ ਸੁਧਾਰ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ, ਕੈਨੇਡਾ ਇਸ ਸਾਲ ਜੀ-7 ਦਾ ਮੇਜ਼ਬਾਨ ਦੇਸ਼ ਹੈ ਅਤੇ ‘ਮਾਰਕ ਕਾਰਨੀ’ ਨੇ ਇਸ ਮੌਕੇ ਦਾ ਲਾਭ ਉਠਾਉਂਦੇ ਹੋਏ ਖੁਦ ਪ੍ਰਧਾਨ ਮੰਤਰੀ ‘ਨਰਿੰਦਰ ਮੋਦੀ’ ਨੂੰ 15 ਤੋਂ 16 ਜੂਨ ਤੱਕ ਕੈਨੇਡਾ ’ਚ ਹੋਣ ਵਾਲੀ ਜੀ-7 ਸਮਿਟ ’ਚ ਹੋਣ ਦਾ ਸੱਦਾ ਦਿੱਤਾ ਹੈ।
ਉਸ ਸੱਦੇ ਤੋਂ ਬਾਅਦ ਪ੍ਰਧਾਨ ਮੰਤਰੀ ‘ਨਰਿੰਦਰ ਮੋਦੀ’ ਨੇ ਕਿਹਾ ਕਿ ‘‘ਕੈਨੇਡਾ ਦੇ ਪ੍ਰਧਾਨ ਮੰਤਰੀ ‘ਮਾਰਕ ਕਾਰਨੀ’ ਦੇ ਨਾਲ ਫੋਨ ’ਤੇ ਗੱਲ ਕਰ ਕੇ ਅਤਿਅੰਤ ਖੁਸ਼ੀ ਹੋਈ। ਮੈਂ ਉਨ੍ਹਾਂ ਨੂੰ ਹਾਲ ਹੀ ’ਚ ਮਿਲੀ ਚੋਣਾਂ ’ਚ ਜਿੱਤ ’ਤੇ ਵਧਾਈ ਦਿੱਤੀ ਅਤੇ ਇਸ ਮਹੀਨੇ ’ਚ ‘ਕਨਾਨਸਕਿਸ’ (ਅਲਬਰਟਾ) ’ਚ ਹੋਣ ਵਾਲੇ ਜੀ-7 ਸਿਖਰ ਸੰਮੇਲਨ ਲਈ ਸੱਦੇ ਲਈ ਧੰਨਵਾਦ ਵੀ ਕੀਤਾ।
ਇਕ ਜੀਵੰਤ ਲੋਕਤੰਤਰ ਹੋਣ ਦੇ ਨਾਤੇ, ਭਾਰਤ ਅਤੇ ਕੈਨੇਡਾ ਵਿਚਾਲੇ ਡੂੰਘੇ ਆਪਸੀ ਸਬੰਧ ਹਨ। ਹੁਣ ਦੋਵੇਂ ਆਪਸੀ ਸਨਮਾਨ ਅਤੇ ਸਾਂਝੇ ਹਿੱਤਾਂ ਦੇ ਆਧਾਰ ’ਤੇ ਫਿਰ ਤੋਂ ਨਵੀਂ ਊਰਜਾ ਦੇ ਨਾਲ ਮਿਲ ਕੇ ਕੰਮ ਕਰਨਗੇ। ਸਿਖਰ ਸੰਮੇਲਨ ’ਚ ਹੁਣ ਇਸ ਮੁਲਾਕਾਤ ਦੀ ਉਡੀਕ ਹੈ।’’
ਲਿਹਾਜ਼ਾ ਭਾਰਤ ਨੂੰ ਹੁਣ ਇਸ ਮੌਕੇ ਨੂੰ ਕੈਨੇਡਾ ਦੇ ਨਾਲ ਸਬੰਧਾਂ ’ਚ ਸੁਧਾਰ ਲਈ ਵਰਤਣਾ ਚਾਹੀਦਾ ਹੈ। ਕੈਨੇਡਾ ਭਾਰਤ ਦਾ ਪੁਰਾਣਾ ਦੋਸਤ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਦੇ ਵਿਚਾਲੇ ਵਪਾਰਕ ਅਤੇ ਸੱਭਿਆਚਾਰਕ ਸਬੰਧਾਂ ਦਾ ਲੰਬਾ ਇਤਿਹਾਸ ਵੀ ਰਿਹਾ ਹੈ।
ਅਜਿਹੇ ’ਚ ‘ਮਾਰਕ ਕਾਰਨੀ’ ਦੇ ਇਸ ਕਦਮ ਨਾਲ ਦੋਵਾਂ ਦੇ ਰਿਸ਼ਤਿਆਂ ’ਤੇ ਜੰਮੀ ਬਰਫ ਜ਼ਰੂਰ ਪਿਘਲੇਗੀ ਅਤੇ ਇਸੇ ’ਚ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਨਾਗਰਿਕਾਂ ਦਾ ਭਲਾ ਹੈ।
–ਵਿਜੇ ਕੁਮਾਰ