‘ਗੱਲ-ਗੱਲ ’ਤੇ ਕੱਢ ਰਹੇ ਚਾਕੂ, ਛੁਰੀਆਂ, ਬੰਦੂਕਾਂ’ ‘ਲੋਕਾਂ ’ਚ ਆ ਰਹੀ ਇੰਨੀ ਹਿੰਸਾ ਦੀ ਭਾਵਨਾ’
Sunday, Mar 30, 2025 - 06:31 AM (IST)

ਅੱਜ ਜਿੱਥੇ ਇਕ ਪਾਸੇ ਦੁਨੀਆ ਦੇ ਕਈ ਹਿੱਸਿਆਂ ’ਚ ਯੁੱਧ ਛਿੜਿਆ ਹੋਇਆ ਹੈ ਅਤੇ ‘ਤੀਜਾ ਵਿਸ਼ਵ ਯੁੱਧ’ ਦਸਤਕ ਦੇ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਦੁਨੀਆ ਭਰ ’ਚ ਲੋਕ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਸੜਕਾਂ ’ਤੇ ਉਤਰ ਰਹੇ ਹਨ ਅਤੇ ਚਾਕੂ-ਛੁਰੀਆਂ ਅਤੇ ਬੰਦੂਕਾਂ ਦੀ ਇਕ-ਦੂਜੇ ਵਿਰੁੱਧ ਬੇਰਹਿਮੀ ਨਾਲ ਵਰਤੋਂ ਕਰ ਰਹੇ ਹਨ। ਇਸੇ ਸਾਲ ਸਾਹਮਣੇ ਆਈਆਂ ਅਜਿਹੀਆਂ ਘਟਨਾਵਾਂ ਹੇਠਾਂ ਦਰਜ ਹਨ :
* 1 ਜਨਵਰੀ ਨੂੰ ‘ਸੇਟਿੰਜ਼ੇ’ (ਮੋਂਟੇਨੇਗ੍ਰੋ) ’ਚ ‘ਏਕੋ ਮਾਰਟੀਨੋਵਿਕ’ ਨਾਂ ਦੇ ਸਿਰਫਿਰੇ ਨੇ ਇਕ ਹੀ ਦਿਨ ’ਚ 5 ਥਾਂ ਗੋਲੀਬਾਰੀ ਕਰ ਕੇ 13 ਲੋਕਾਂ ਨੂੰ ਮਾਰ ਦਿੱਤਾ।
* 12 ਜਨਵਰੀ ਨੂੰ ‘ਪੈਨਸਿਲਵੇਨੀਆ’ (ਅਮਰੀਕਾ) ਦੀ ‘ਬੀਵਰ ਕਾਊਂਟੀ’ ’ਚ ਇਕ ਨੌਜਵਾਨ ਨੇ ਆਪਣੇ ਮਾਤਾ-ਪਿਤਾ ਅਤੇ ਛੋਟੇ ਭਰਾ ਨੂੰ ਗੋਲੀ ਮਾਰ ਦਿੱਤੀ।
* 16 ਜਨਵਰੀ ਨੂੰ ‘ਗਾਇਮਾਂਜੀਅਮ’ (ਸਲੋਵਾਕੀਆ) ’ਚ ‘ਸੈਮੂਅਲ ਸਤ੍ਰਾਸਕੋ’ ਨਾਂ ਦੇ 18 ਸਾਲਾ ਜਨੂੰਨੀ ਵਿਦਿਆਰਥੀ ਨੇ ਇਕ ਹਾਈ ਸਕੂਲ ’ਚ ਚਾਕੂਬਾਜ਼ੀ ਕਰ ਕੇ ਇਕ ਅਧਿਆਪਕ ਅਤੇ ਆਪਣੇ ਜਮਾਤੀ ਸਮੇਤ 2 ਲੋਕਾਂ ਦੀ ਹੱਤਿਆ ਅਤੇ 1 ਹੋਰ ਨੂੰ ਜ਼ਖਮੀ ਕਰ ਦਿੱਤਾ।
* 22 ਜਨਵਰੀ ਨੂੰ ‘ਏਸ਼ਫਾਨਬਰਗ’ (ਜਰਮਨੀ) ’ਚ ‘ਇਨਾਮੁੱਲਾ’ ਨਾਂ ਦੇ ਅਫਗਾਨ ਨਾਗਰਿਕ ਨੇ ਅੰਨ੍ਹੇਵਾਹ ਚਾਕੂਬਾਜ਼ੀ ਕਰ ਕੇ 2 ਲੋਕਾਂ ਨੂੰ ਮਾਰ ਦਿੱਤਾ।
* 4 ਫਰਵਰੀ ਨੂੰ ‘ਔਰੇਬ੍ਰੋ’ (ਸਵੀਡਨ) ’ਚ ‘ਰਿਕਾਰਡ ਐਂਡਰਸਨ’ ਨਾਂ ਦੇ ਵਿਅਕਤੀ ਨੇ ਇਕ ਸਕੂਲ ’ਚ ਗੋਲੀਬਾਰੀ ਕਰ ਕੇ 12 ਲੋਕਾਂ ਦੀ ਜਾਨ ਲੈ ਲਈ।
* 10 ਫਰਵਰੀ ਨੂੰ ‘ਬਾਇਰਨ’ (ਅਮਰੀਕਾ) ’ਚ ਇਕ ਔਰਤ ਨੇ ਆਪਣੀਆਂ 3 ਧੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਚੌਥੀ ਨੂੰ ਜ਼ਖਮੀ ਕਰ ਕੇ ਖੁਦ ਹੀ ਪੁਲਸ ਨੂੰ ਆਪਣੀ ਕਰਤੂਤ ਬਾਰੇ ਸੂਚਿਤ ਕਰ ਦਿੱਤਾ। ਪੁਲਸ ਦੇ ਆਉਣ ਤੋਂ ਪਹਿਲਾਂ ਹੀ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਪੁਲਸ ਨੇ ਜ਼ਖਮੀ ਹਾਲਤ ’ਚ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
* 10 ਫਰਵਰੀ ਨੂੰ ਹੀ ‘ਦਾਇਜਾਨ’ (ਦੱਖਣੀ ਕੋਰੀਆ) ’ਚ ਇਕ ਪ੍ਰਾਇਮਰੀ ਸਕੂਲ ’ਚ ‘ਮਯੋਂਗ ਜਾਇਵਾਨ’ ਨਾਂ ਦੀ ਇਕ ਅਧਿਆਪਿਕਾ ਨੇ ਕਲਾਸ ਰੂਮ ’ਚ ਚਾਕੂ ਨਾਲ ਵਾਰ ਕਰ ਕੇ 8 ਸਾਲਾ ‘ਕਿਮ ਹਾ-ਨਿਊਲ’ ਨਾਂ ਦੀ ਇਕ ਆਪਣੀ ਹੀ ਵਿਦਿਆਰਥਣ ਦੀ ਜਾਨ ਲੈ ਲਈ।
* 16 ਫਰਵਰੀ ਨੂੰ ‘ਵਿਲਾਚ’ ਸ਼ਹਿਰ (ਦੱਖਣੀ ਆਸਟ੍ਰੀਆ) ’ਚ ਇਕ 23 ਸਾਲਾ ਵਿਅਕਤੀ ਨੇ ਅਚਾਨਕ 6 ਰਾਹਗੀਰਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਇਕ 14 ਸਾਲਾ ਅੱਲ੍ਹੜ ਦੀ ਮੌਤ ਅਤੇ 5 ਹੋਰ ਜ਼ਖਮੀ ਹੋ ਗਏ।
* 21 ਫਰਵਰੀ ਨੂੰ ‘ਇੰਡੀਆਨਾ’ (ਅਮਰੀਕਾ) ’ਚ ਇਕ ਵਿਅਕਤੀ ਨੇ ਇਕ ਸ਼ੈਲਟਰ ਹੋਮ ’ਚ ਗੋਲੀਬਾਰੀ ਕਰ ਕੇ ਤਿੰਨ ਬੱਚਿਆਂ ਸਮੇਤ 5 ਲੋਕਾਂ ਦੀ ਜਾਨ ਲੈ ਲਈ ਅਤੇ ਬਾਅਦ ’ਚ ਖੁਦ ਨੂੰ ਵੀ ਗੋਲੀ ਮਾਰ ਲਈ।
* 21 ਫਰਵਰੀ ਨੂੰ ਹੀ ‘ਬਰਲਿਨ’ (ਜਰਮਨੀ) ’ਚ ਖੁਦ ਨੂੰ ਯਹੂਦੀਆਂ ਦਾ ਦੁਸ਼ਮਣ ਦੱਸਣ ਵਾਲੇ ‘ਵਾਸਿਮ ਐੱਮ.’ ਨਾਂ ਦੇ ਇਕ ਵਿਅਕਤੀ ਨੇ ਉੱਥੋਂ ਦੇ ‘ਹੋਲੋਕਾਸਟ ਿਮਊਜ਼ੀਅਮ’ ’ਚ ਇਕ 30 ਸਾਲਾ ਵਿਅਕਤੀ ’ਤੇ ਚਾਕੂ ਨਾਲ ਤਾਬੜਤੋੜ ਵਾਰ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੁਲਸ ਵਲੋਂ ਗ੍ਰਿਫਤਾਰ ਕਰ ਲਏ ਜਾਣ ’ਤੇ ਉਸ ਨੇ ਕਿਹਾ ਕਿ ਉਹ ਯਹੂਦੀਆਂ ਨੂੰ ਖਤਮ ਕਰ ਦੇਣਾ ਚਾਹੁੰਦਾ ਹੈ।
* 23 ਫਰਵਰੀ ਨੂੰ ‘ਮੁਲਹਾਊਸ’ (ਫਰਾਂਸ) ’ਚ ‘ਕਾਂਗੋ’ ਦੀ ਹਮਾਇਤ ’ਚ ਇਕ ਵਿਖਾਵੇ ਦੌਰਾਨ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਕੇ ਇਕ ਵਿਅਕਤੀ ਦੀ ਹੱਤਿਆ ਅਤੇ 3 ਲੋਕਾਂ ਨੂੰ ਜ਼ਖਮੀ ਕਰ ਦਿੱਤਾ।
* 23 ਫਰਵਰੀ ਨੂੰ ਹੀ ‘ਇਲੀਨਾਇ’ (ਅਮਰੀਕਾ) ਦੇ ‘ਬਲੂਮਿੰਗਟਨ’ ’ਚ ਇਕ ਵਿਅਕਤੀ ਨੇ ਆਪਣੀ ਗਰਲਫ੍ਰੈਂਡ ਦੇ ਘਰ ਦਾਖਲ ਹੋ ਕੇ ਉਸ ਨੂੰ ਅਤੇ ਉਸ ਦੇ ਬੇਟੇ ਅਤੇ ਬੁਆਏਫ੍ਰੈਂਡ ਨੂੰ ਗੋਲੀ ਨਾਲ ਉਡਾ ਦਿੱਤਾ।
* 8 ਮਾਰਚ ਨੂੰ ‘ਜਾਰਜੀਆ’ (ਅਮਰੀਕਾ) ’ਚ ਇਕ ਵਿਅਕਤੀ ਆਪਣੀ ਨਾਰਾਜ਼ ਪਤਨੀ ਦੇ ਪੇਕੇ ਪੁੱਜਾ ਅਤੇ ਗੋਲੀ ਮਾਰ ਕੇ ਆਪਣੀ ਪਤਨੀ ਅਤੇ ਸਹੁਰੇ ਦੋਵਾਂ ਦੀ ਜਾਨ ਲੈ ਲਈ।
* 26 ਮਾਰਚ ਨੂੰ ‘ਫਲੋਰੀਡਾ’ (ਅਮਰੀਕਾ) ਦੇ ‘ਪੇਮਬ੍ਰੋਕ ਪਾਰਕ’ ’ਚ ਇਕ ਵਿਅਕਤੀ ਨੇ ਇਕ ਅਪਾਰਟਮੈਂਟ ’ਚ ਗੋਲੀਬਾਰੀ ਕਰ ਕੇ 1 ਔਰਤ, 3 ਦੁੱਧ ਪੀਂਦੇ ਬੱਚਿਆਂ ਅਤੇ 10 ਸਾਲਾ ਲੜਕੀ ਸਮੇਤ 5 ਲੋਕਾਂ ਦੀ ਹੱਤਿਆ ਕਰ ਦਿੱਤੀ।
* ਅਤੇ ਹੁਣ 27 ਮਾਰਚ ਨੂੰ ‘ਐਮਸਟਰਡਮ’ (ਨੀਦਰਲੈਂਡਜ਼) ਦੇ ‘ਡੈਮ ਸਕੁਆਇਰ’ ’ਚ ਇਕ ਵਿਅਕਤੀ ਨੇ ਚਾਕੂ ਮਾਰ ਕੇ 5 ਲੋਕਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ।
ਇਹ ਗੱਲ ਸਮਝ ਤੋਂ ਬਾਹਰ ਹੈ ਕਿ ਆਖਰ ਲੋਕ ਇੰਨੇ ਹਿੰਸਕ ਕਿਉਂ ਹੁੰਦੇ ਜਾ ਰਹੇ ਹਨ।ਯਕੀਨਨ ਹੀ ਇਹ ਲੋਕਾਂ ’ਚ ਵਧ ਰਹੀ ਅਸਹਿਣਸ਼ੀਲਤਾ ਅਤੇ ਤੰਗ ਸੋਚ ਦਾ ਹੀ ਨਤੀਜਾ ਹੈ। ਅੱਜ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਦਿਖਾਈ ਜਾਣ ਵਾਲੀ ਹਿੰਸਕ ਸਮੱਗਰੀ ਦਾ ਵੀ ਲੋਕਾਂ ਦੇ ਮਨ ’ਤੇ ਉਲਟ ਪ੍ਰਭਾਵ ਪੈ ਰਿਹਾ ਹੈ ਜਿਸ ਲਈ ਸਮਾਜ ’ਚ ਸਕਾਰਾਤਮਕ ਵਿਚਾਰਧਾਰਾ ਨੂੰ ਵਧਾਉਣ ਦੀ ਲੋੜ ਹੈ।
–ਵਿਜੇ ਕੁਮਾਰ